Farmers Protest: ਸ਼ਾਹੀਨ ਬਾਗ਼ ਤੋਂ ਕਿਸਾਨ ਅੰਦੋਲਨ ਤੱਕ, ਨਾਅਰੇ ਲਾਉਂਦੀਆਂ ਔਰਤਾਂ ਕਿਵੇਂ ਹਰ ਅੰਦੋਲਨ ਦੀ ਤਾਕਤ ਬਣਦੀਆਂ ਹਨ

women

ਤਸਵੀਰ ਸਰੋਤ, CHINKI SINHA/BBC

ਤਸਵੀਰ ਕੈਪਸ਼ਨ, ਔਰਤਾਂ, ਨਾ ਸਿਰਫ਼ ਆਪਣੇ ਭਾਈਚਾਰੇ ਲਈ ਬਲਕਿ ਸਾਰਿਆਂ ਦੇ ਹੱਕਾਂ ਲਈ ਸੜਕ 'ਤੇ ਜੰਗ ਲੜ ਰਹੀਆਂ ਹਨ
    • ਲੇਖਕ, ਕਮਲੇਸ਼
    • ਰੋਲ, ਬੀਬੀਸੀ ਪੱਤਰਕਾਰ

ਸਮਾਜ ਵਿੱਚ ਜਦੋਂ ਪਹਿਲੀ ਵਾਰ ਕਿਸੇ ਔਰਤ ਨੇ ਆਪਣੇ ਹੱਕਾਂ ਲਈ ਘਰੋਂ ਬਾਹਰ ਪੈਰ ਰੱਖਿਆ ਹੋਵੇਗਾ ਤਾਂ ਸ਼ਾਇਦ ਹੀ ਕਿਸੇ ਨੇ ਆਸ ਕੀਤੀ ਹੋਵੇਗੀ ਕਿ ਇੱਕ ਦਿਨ ਔਰਤਾਂ ਵੱਡੀ ਗਿਣਤੀ ਵਿੱਚ ਵੀ ਸੜਕਾਂ 'ਤੇ ਆ ਸਕਦੀਆ ਹਨ।

ਪਰ ਉਹ ਸਮਾਂ ਆਇਆ ਅਤੇ ਔਰਤਾਂ, ਨਾ ਸਿਰਫ਼ ਆਪਣੇ ਭਾਈਚਾਰੇ ਲਈ ਬਲਕਿ ਸਾਰਿਆਂ ਦੇ ਹੱਕਾਂ ਲਈ ਸੜਕ 'ਤੇ ਜੰਗ ਲੜ ਰਹੀਆਂ ਹਨ।

ਭਾਵੇਂ ਸ਼ਾਹੀਨ ਬਾਗ਼ ਦੀਆਂ ਦਾਦੀਆਂ ਹੋਣ ਜਾਂ ਪੁਲਿਸ ਨਾਲ ਭਿੜਦੀਆਂ ਕਾਲਜ ਦੀਆਂ ਵਿਦਿਆਰਥਣਾਂ ਜਾਂ ਫ਼ਿਰ ਖੇਤੀ ਕਾਨੂੰਨਾਂ ਵਿਰੁੱਧ ਪਿੰਡ-ਪਿੰਡ ਤੋਂ ਕੌਮੀ ਰਾਜਧਾਨੀ ਦਾ ਸਫ਼ਰ ਕਰਨ ਵਾਲੀਆਂ ਔਰਤਾਂ।

ਇਹ ਵੀ ਪੜ੍ਹੋ

ਔਰਤਾਂ ਹੁਣ ਸਭ ਕੁਝ ਹੁੰਦਿਆਂ ਚੁੱਪ ਚਪੀਤੇ ਨਹੀਂ ਦੇਖਦੀਆਂ, ਉਹ ਬਦਲਾਅ ਦਾ ਹਿੱਸਾ ਬਣਦੀਆਂ ਹਨ। ਉਹ ਕਦੀ ਸ਼ਾਂਤ ਪ੍ਰਦਰਸ਼ਨਕਾਰੀ ਹੁੰਦੀਆਂ ਹਨ ਤਾਂ ਕਦੀ ਸਰਕਾਰ ਨਾਲ ਟੱਕਰ ਲੈਂਦੀਆਂ ਹਨ, ਕਦੀ ਉਹ ਪੁਲਿਸ ਦੇ ਡੰਡਿਆਂ ਦਾ ਮੁਕਾਬਲਾ ਕਰਦੀਆਂ ਮਜ਼ਬੂਤ ਔਰਤਾਂ ਹੁੰਦੀਆਂ ਹਨ।

ਔਰਤਾਂ ਦੀ ਇਹ ਤਾਕਤ ਹੁਣ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਪਛਾਣ ਬਣਾ ਰਹੀ ਹੈ। ਉਹ ਬਾਹਰ ਆ ਰਹੀਆਂ ਹਨ, ਖੁੱਲ੍ਹ ਕੇ ਗੱਲ ਕਰ ਰਹੀਆਂ ਹਨ ਅਤੇ ਕੋਈ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਪਾ ਰਿਹਾ ਹੈ।

ਵੀਡੀਓ ਕੈਪਸ਼ਨ, ਕਿਸਾਨ ਅੰਦੋਲਨ: ਪੰਜਾਬ ਦੇ ਸਾਬਕਾ ਖਿਡਾਰੀ ਕੱਲ ਦੇਣਗੇ ਐਵਾਰਡ ਵਾਪਸ

ਨਾਗਰਿਕਤਾ ਕਾਨੂੰਨ ਅਤੇ ਖ਼ੇਤੀ ਕਾਨੂੰਨ ਦੇ ਵਿਰੁੱਧ ਹੋ ਰਹੇ ਮੁਜ਼ਾਹਰਿਆਂ ਵਿੱਚ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਸੀ।

ਇਨਾਂ ਮੁੱਦਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ ਜਾਂ ਨਹੀਂ, ਇਸ ਬਾਰੇ ਵੱਖੋ-ਵੱਖਰੀ ਰਾਇ ਹੋ ਸਕਦੀ ਹੈ ਪਰ ਇਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਔਰਤਾਂ ਤੋਂ ਤਾਕਤ ਮਿਲੀ, ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਹੈ।

ਪਰ ਵਿਰੋਧ ਪ੍ਰਦਰਸ਼ਨਾਂ ਤੋਂ ਇਲਾਵਾ ਇਹ ਤਾਕਤ ਕਿਥੋਂ ਤੱਕ ਜਾਂਦੀ ਹੈ? ਔਰਤਾਂ ਦੀ ਇਹ ਦ੍ਰਿੜਤਾ ਅਤੇ ਹੌਸਲਾ ਕੀ ਸਮਾਜ ਵਿੱਚ ਆਏ ਕਿਸੇ ਬਦਲਾਅ ਦਾ ਸੰਕੇਤ ਹੈ ਅਤੇ ਇਹ ਪਰਿਵਰਤਨ ਕਿੰਨੀ ਦੂਰ ਜਾ ਸਕਦਾ ਹੈ?

ਔਰਤਾਂ ਦੀ ਇੱਕ ਪੜ੍ਹੀ ਲਿਖੀ ਪੀੜ੍ਹੀ

ਵਿਰੋਧ ਪ੍ਰਦਰਸ਼ਨਾਂ ਵਿੱਚ ਔਰਤਾਂ ਦੀ ਵੱਧ ਰਹੀ ਹਿੱਸੇਦਾਰੀ ਬਾਰੇ ਸੀਨੀਅਰ ਪੱਤਰਕਾਰ ਗੀਤਾ ਸ਼੍ਰੀ ਕਹਿੰਦੇ ਹਨ, "ਔਰਤਾਂ ਆਪਣੇ ਆਲੇ ਦੁਆਲੇ ਦੇ ਸਮਾਜ ਸੰਬੰਧੀ ਮੁੱਦਿਆਂ ਬਾਰੇ ਜ਼ਿਆਦਾ ਜਾਗਰੂਕ ਅਤੇ ਸੁਚੇਤ ਹੋਈਆਂ ਹਨ।”

women

ਤਸਵੀਰ ਸਰੋਤ, NURPHOTO

ਤਸਵੀਰ ਕੈਪਸ਼ਨ, ਔਰਤਾਂ ਹੁਣ ਸਭ ਕੁਝ ਹੁੰਦਿਆਂ ਚੁੱਪ ਚਪੀਤੇ ਨਹੀਂ ਦੇਖਦੀਆਂ, ਉਹ ਬਦਲਾਅ ਦਾ ਹਿੱਸਾ ਬਣਦੀਆਂ ਹਨ

“ਹੁਣ ਉਨ੍ਹਾਂ ਨੂੰ ਲੱਗਣ ਲੱਗਿਆ ਹੈ ਕਿ ਉਨ੍ਹਾਂ ਦਾ ਦਾਇਰਾ ਸਿਰਫ਼ ਘਰ ਤੱਕ ਨਹੀਂ ਹੈ, ਉਨ੍ਹਾਂ ਦੀ ਦੁਨੀਆਂ ਵੱਡੀ ਹੈ। ਹੁਣ ਉਹ ਚੇਤੰਨ ਵਿਵੇਕਸ਼ੀਲ ਔਰਤ ਹੈ ਜੋ ਆਪਣੇ ਸਮੁੱਚੇ ਸਮਾਜ ਬਾਰੇ ਆਪਣੀ ਰਾਇ ਰੱਖਦੀ ਹੈ।"

ਗੀਤਾ ਸ਼੍ਰੀ ਕਹਿੰਦੇ ਹਨ ਕਿ ਔਰਤਾਂ ਦੀ ਇੱਕ ਮੁਕੰਮਲ ਪੀੜ੍ਹੀ ਪੜ੍ਹ-ਲਿਖ ਕੇ ਤਿਆਰ ਹੋ ਗਈ ਹੈ ਅਤੇ ਉਸ ਪੀੜ੍ਹੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਹ ਇਨਾਂ ਬਦਲਾਵਾਂ ਦੇ ਨਾਲ ਪੈਦਾ ਹੋਈ ਹੈ, ਜੋ ਚੁੱਪ ਚਾਪ ਸਭ ਕੁਝ ਨਹੀਂ ਮੰਨਦੇ। ਇਨ੍ਹਾਂ ਪੜ੍ਹੀਆਂ ਲਿਖੀਆਂ ਔਰਤਾਂ ਦੀ ਸੰਗਤ ਵਿੱਚ ਪੁਰਾਣੀ ਪੀੜ੍ਹੀ ਵੀ ਬਦਲ ਰਹੀ ਹੈ।

ਉਥੇ ਹੀ,ਇਸ ਬਾਰੇ ਅਖਿਲ ਭਾਰਤੀ ਪ੍ਰਗਤੀਸ਼ੀਲ ਵੂਮੈਨ ਐਸੋਸੀਏਸ਼ਨ ਦੇ ਮੁੱਖ ਸਕੱਤਰ ਕਵਿਤਾ ਕ੍ਰਿਸ਼ਨਨ ਦਾ ਕਹਿਣਾ ਹੈ ਕਿ ਔਰਤਾਂ ਦੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸੇਦਾਰੀ ਹਮੇਸ਼ਾ ਰਹੀ ਹੈ ਪਰ ਇਸ ਦੌਰ ਵਿੱਚ ਉਹ ਜ਼ਿਆਦਾ ਨਜ਼ਰ ਆਉਣ ਲੱਗੀ ਹੈ।

ਇਹ ਵੀ ਪੜ੍ਹੋ

ਉਨ੍ਹਾਂ ਅਨੁਸਾਰ ਹੁਣ ਉਨ੍ਹਾਂ ਨੂੰ ਮੀਡੀਆ ਅਤੇ ਸੋਸ਼ਲ ਮੀਡੀਆ ਜ਼ਿਆਦਾ ਤਵੱਜੋਂ ਦਿੰਦਾ ਹੈ ਅਤੇ ਉਨ੍ਹਾਂ ਦੀ ਅਗਵਾਈ ਵੀ ਵੱਧ ਸਪੱਸ਼ਟ ਨਜ਼ਰ ਆਉਂਦੀ ਹੈ।

ਉਹ ਕਹਿੰਦੇ ਹਨ, "ਔਰਤਾਂ ਅੱਜ ਮੁਸ਼ਕਿਲ ਦੌਰ ਵਿੱਚ ਲੜ ਰਹੀਆਂ ਹਨ। ਉਨ੍ਹਾਂ ਨੂੰ ਧਮਕੀਆਂ ਮਿਲਦੀਆਂ ਹਨ, ਗ੍ਰਿਫ਼ਤਾਰੀਆਂ ਦਾ ਡਰ ਵੀ ਹੁੰਦਾ ਹੈ ਪਰ ਫ਼ਿਰ ਵੀ ਉਹ ਬਹੁਤ ਬਹਾਦਰੀ ਨਾਲ ਅੱਗੇ ਆ ਰਹੀਆਂ ਹਨ।"

women

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਔਰਤਾਂ ਦੀ ਇਹ ਤਾਕਤ ਹੁਣ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਵੀ ਆਪਣੀ ਪਛਾਣ ਬਣਾ ਰਹੀ ਹੈ

ਨਿਰਭਿਆ ਮਾਮਲੇ ਤੋਂ ਲੈ ਕੇ ਕਿਸਾਨ ਅੰਦੋਲਨ ਤੱਕ

ਔਰਤਾਂ ਵਿੱਚ ਇਹ ਜਾਗਰੂਕਤਾ ਅਤੇ ਹਿੰਮਤ ਪਹਿਲਾਂ ਵੀ ਕਈ ਮੌਕਿਆਂ 'ਤੇ ਨਜ਼ਰ ਆਈ ਹੈ। ਦਸੰਬਰ 2012 ਵਿੱਚ ਨਿਰਭਿਆ ਮਾਮਲੇ ਤੋਂ ਬਾਅਦ ਇੰਡੀਆ ਗੇਟ 'ਤੇ ਆਪਣੇ ਹੌਂਸਲੇ ਅਤੇ ਦ੍ਰਿੜਤਾ ਨਾਲ ਔਰਤਾਂ ਨੇ ਸਰਕਾਰ ਨੂੰ ਜਿਨਸੀ ਹਿੰਸਾ ਦੇ ਵਿਰੁੱਧ ਸਖ਼ਤ ਕਾਨੂੰਨ ਬਣਾਉਣ ਲਈ ਮਜ਼ਬੂਰ ਕੀਤਾ।

ਮਹਾਂਰਾਸ਼ਟਰ ਵਿੱਚ ਮਾਰਚ 2018 ਵਿੱਚ ਮੁੰਬਈ ਤੱਕ ਕਿਸਾਨਾਂ ਨੇ ਇੱਕ ਲੰਬੀ ਰੈਲੀ ਕੱਢੀ। ਇਸ ਵਿੱਚ ਕਿਸਾਨ ਔਰਤਾਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਜ਼ਖ਼ਮੀ ਹੋਏ ਨੰਗੇ ਪੈਰਾਂ ਦੀਆਂ ਤਸਵੀਰਾਂ ਅੱਜ ਵੀ ਇੰਟਰਨੈੱਟ 'ਤੇ ਮਿਲ ਜਾਂਦੀਆਂ ਹਨ।

ਇਸ ਤੋਂ ਬਾਅਦ 2018 ਵਿੱਚ ਕਰਜ਼ਾ ਮੁਆਫ਼ੀ ਦੀ ਮੰਗ ਲੈ ਕੇ ਦੇਸ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਔਰਤਾਂ ਵਿਰੋਧ ਪ੍ਰਦਰਸ਼ਨ ਕਰਨ ਲਈ ਦਿੱਲੀ ਆਈਆਂ ਸਨ।

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਔਰਤਾਂ ਦੀ ਇਸ ਤਾਕਤ ਵਿੱਚ ਉਮਰ ਦੀ ਕੋਈ ਹੱਦ ਨਹੀਂ ਹੈ। ਨੌਜਵਾਨ, ਅੱਧਖੜ੍ਹ ਅਤੇ ਬਜ਼ੁਰਗ ਹਰ ਉਮਰ ਦੀਆਂ ਔਰਤਾਂ ਦੇ ਬੁਲੰਦ ਹੌਸਲੇ ਨਜ਼ਰ ਆਉਂਦੇ ਹਨ।

ਸਬਰੀਮਾਲਾ ਮੰਦਿਰ ਹੋਵੇ ਜਾਂ ਹਾਜੀ ਅਲੀ ਦਰਗ਼ਾਹ, ਜਿਥੇ ਔਰਤਾਂ ਦੇ ਦਾਖ਼ਲੇ ਨੂੰ ਲੈ ਕੇ ਲੜਾਈ ਚੱਲੀ। ਇਥੇ ਹੱਕ ਦੀ ਮੰਗ ਵਿੱਚ ਕਈ ਔਰਤਾਂ, ਹਿੰਸਕ ਪ੍ਰਦਰਸ਼ਨਕਾਰੀਆਂ ਦੇ ਸਾਹਮਣੇ ਆਪਣੀ ਜਾਨ ਖ਼ਤਰੇ ਵਿੱਚ ਪਾ ਕੇ ਮੰਦਰ ਪਹੁੰਚੀਆਂ।

women

ਤਸਵੀਰ ਸਰੋਤ, NURPHOTO

ਤਸਵੀਰ ਕੈਪਸ਼ਨ, ਔਰਤਾਂ ਬਾਹਰ ਆ ਰਹੀਆਂ ਹਨ, ਖੁੱਲ੍ਹ ਕੇ ਗੱਲ ਕਰ ਰਹੀਆਂ ਹਨ ਅਤੇ ਕੋਈ ਉਨ੍ਹਾਂ ਨੂੰ ਨਜ਼ਰਅੰਦਾਜ ਨਹੀਂ ਕਰ ਪਾ ਰਿਹਾ ਹੈ

ਨੌਜਵਾਨ ਕੁੜੀਆਂ ਦੀ ਹਿੱਸੇਦਾਰੀ

23 ਸਾਲਾਂ ਦੇ ਸਮਾਜਿਕ ਕਾਰਕੁਨ ਨੇਹਾ ਭਾਰਤੀ ਕਈ ਮੁਜ਼ਾਹਰਿਆਂ ਵਿੱਚ ਸ਼ਾਮਿਲ ਹੁੰਦੇ ਰਹੇ ਹਨ। ਉਹ ਦੱਸਦੇ ਹਨ ਕਿ ਉਹ ਅੰਨਾ ਅੰਦੋਲਨ ਤੋਂ ਲੈ ਕੇ ਹੁਣ ਤੱਕ ਦੇ ਕਈ ਪ੍ਰਦਰਸ਼ਨਾਂ ਵਿੱਚ ਆਪਣੇ ਦੋਸਤਾਂ ਨਾਲ ਜਾਂਦੇ ਰਹੇ ਹਨ।

ਪੜ੍ਹਾਈ ਅਤੇ ਕੈਰੀਅਰ 'ਤੇ ਫ਼ੋਕਸ ਕਰਨ ਵਾਲੀਆਂ ਨੌਜਵਾਨ ਲੜਕੀਆਂ ਦੇ ਇਸ ਸਭ ਵਿੱਚ ਹਿੱਸਾ ਲੈਣ ਬਾਰੇ ਨੇਹਾ ਕਹਿੰਦੇ ਹਨ, "ਪੜ੍ਹਾਈ ਅਤੇ ਕੈਰੀਅਰ ਆਪਣੀ ਜਗ੍ਹਾ ਪਰ ਜਦੋਂ ਤੁਸੀਂ ਕਿਸੇ ਮੁੱਦੇ ਨਾਲ ਵੱਡੀ ਗਿਣਤੀ ਲੋਕਾਂ ਨੂੰ ਪ੍ਰਭਾਵਿਤ ਹੁੰਦੇ ਹੋਏ ਦੇਖਦੇ ਹੋ, ਤਾਂ ਤੁਸੀਂ ਚੁੱਪ ਨਹੀਂ ਰਹਿ ਸਕਦੇ। ਸਾਨੂੰ ਲੱਗਦਾ ਹੈ ਕਿ ਸਾਨੂੰ ਇਸ ਦਾ ਹਿੱਸਾ ਹੋਣਾ ਚਾਹੀਦਾ ਹੈ। ਉਥੇ ਹੀ ਬਜ਼ੁਰਗ ਔਰਤਾਂ ਜਿਹੜੀਆਂ ਦਿਨ ਰਾਤ ਵਿਰੋਧ ਪ੍ਰਦਰਸ਼ਨਾਂ ਵਿੱਚ ਡਟੀਆਂ ਰਹਿੰਦੀਆਂ ਹਨ ਸਾਡੀ ਪ੍ਰੇਰਣਾ ਬਣਦੀਆਂ ਹਨ।"

ਉਹ ਕਹਿੰਦੇ ਹਨ, "ਸਾਡੇ ਲਈ ਸਭ ਕੁਝ ਸੌਖਾ ਨਹੀਂ ਹੁੰਦਾ। ਜਿਵੇਂ, ਕੁਝ ਕੁੜੀਆਂ ਦੇ ਪਰਿਵਾਰ ਦੇ ਲੋਕ ਵਿਰੋਧ ਪ੍ਰਦਰਸ਼ਨਾਂ ਦੇ ਨਾਮ ਤੋਂ ਡਰ ਜਾਂਦੇ ਹਨ। ਇਸ ਕਰਕੇ ਇੱਕ ਲੜਕੀ ਨੂੰ ਕਈ ਦਿਨਾਂ ਤੱਕ ਘਰ ਵਿੱਚ ਹੀ ਰਹਿਣਾ ਪਿਆ ਸੀ। ਪਰ, ਇਸ ਤੋਂ ਵੀ ਵੱਡੀ ਸਮੱਸਿਆ ਹੁੰਦੀ ਹੈ, ਸਾਨੂੰ ਮਿਲਣ ਵਾਲੀਆਂ ਧਮਕੀਆਂ। ਮੈਨੂੰ ਕਈ ਵਾਰ ਬਲਾਤਕਰ ਅਤੇ ਅਗਵਾਹ ਕਰਨ ਦੀ ਧਮਕੀ ਮਿਲ ਚੁੱਕੀ ਹੈ। ਹਾਲਾਂਕਿ, ਇਸਤੋਂ ਬਾਅਦ ਵੀ ਅਸੀਂ ਰੁਕੇ ਨਹੀਂ ਹਾਂ।"

ਵੀਡੀਓ ਕੈਪਸ਼ਨ, Farmers Protest: ‘ਕੈਨੇਡਾ ਮਨੁੱਖੀ ਅਧਿਕਾਰਾਂ ਦਾ ਚੈਂਪੀਅਨ, PM ਨੇ ਸਹੀ ਆਵਾਜ਼ ਚੁੱਕੀ’

ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਕਹਿੰਦੇ ਹਨ, "ਵਿਰੋਧ ਪ੍ਰਦਰਸ਼ਨਾਂ ਵਿੱਚ ਆਉਣ ਵਾਲੀਆਂ ਕਾਲਜ ਜਾਂ ਯੂਨੀਵਰਸਿਟੀਆਂ ਦੀਆਂ ਲੜਕੀਆਂ ਅੱਜ ਜਿਸ ਤਰ੍ਹਾਂ ਹਮਲਾਵਾਰ ਹਨ, ਜਿਵੇਂ ਪਹਿਲਾਂ ਬਹੁਤ ਘੱਟ ਦੇਖੀਆਂ ਗਈਆਂ ਸਨ। ਇਨ੍ਹਾਂ ਨੌਜਵਾਨ ਲੜਕੀਆਂ ਵਿੱਚ ਬਹੁਤ ਤਾਕਤ ਹੈ ਅਤੇ ਉਹ ਹੀ ਬਦਲਾਅ ਦੀ ਹਨੇਰੀ ਝੁਲਾ ਸਕਦੀਆਂ ਹਨ। ਉਨ੍ਹਾਂ ਵਿੱਚ ਇਛਾਵਾਂ ਹਨ ਅਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕੁਝ ਵੀ ਕਰ ਸਕਦੀਆਂ ਹਨ।"

ਉਹ ਕਹਿੰਦੇ ਹਨ ਕਿ ਔਰਤਾਂ ਨੇ ਆਜ਼ਾਦੀ ਅੰਦੋਲਨ ਵਿੱਚ ਵੀ ਹਿੱਸਾ ਲਿਆ ਸੀ।

ਉਨ੍ਹਾਂ ਬਿਨਾਂ ਅੰਗਰੇਜ਼ਾਂ ਨੂੰ ਬਾਹਰ ਕਰਨਾ ਨਾਮੁਮਕਿਨ ਮੰਨਿਆ ਗਿਆ। ਪਰ ਆਜ਼ਾਦੀ ਤੋਂ ਬਾਅਦ ਉਨਾਂ ਨੂੰ ਰਾਜਨੀਤਿਕ ਅਤੇ ਸਮਾਜਿਕ ਤੌਰ 'ਤੇ ਉਹ ਨਹੀਂ ਮਿਲਿਆ ਜਿਸ ਦੀਆਂ ਉਹ ਹੱਕਦਾਰ ਸਨ। ਪਰ ਉਹ ਉਨ੍ਹਾਂ ਦੇ ਤਿਆਰ ਹੋਣ ਦਾ ਸਮਾਂ ਸੀ।

ਉਹ ਪਰਦੇ ਵਿੱਚ ਸਨ, ਸਿੱਖਿਆ ਅਤੇ ਹੋਰ ਅਧਿਕਾਰਾਂ ਲਈ ਸੰਘਰਸ਼ ਕਰ ਰਹੀਆਂ ਸਨ। ਪਰ 80 ਦੇ ਦਹਾਕੇ ਵਿੱਚ ਔਰਤਾਂ ਲਈ ਰਾਖਵੇਂਕਰਨ ਦੀ ਮੰਗ ਉੱਠੀ, ਭਾਵੇਂ ਕਿ ਉਸਦਾ ਕੁਝ ਹੋ ਨਹੀਂ ਸਕਿਆ ਅਤੇ ਹੁਣ ਤਾਂ ਅਸੀਂ ਇੱਕ ਵੱਖਰਾ ਹੀ ਮਾਹੌਲ ਦੇਖ ਰਹੇ ਹਾਂ।

women

ਤਸਵੀਰ ਸਰੋਤ, ANADOLU AGENCY

ਤਸਵੀਰ ਕੈਪਸ਼ਨ, ਨਾਗਰਿਕਤਾ ਕਾਨੂੰਨ ਅਤੇ ਖ਼ੇਤੀ ਕਾਨੂੰਨ ਦੇ ਵਿਰੁੱਧ ਹੋ ਰਹੇ ਮੁਜ਼ਾਹਰਿਆਂ ਵਿੱਚ ਔਰਤਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ

ਔਰਤਾਂ ਦੇ ਇਸ ਪ੍ਰਦਰਸ਼ਨ ਨਾਲ ਕੀ ਬਦਲੇਗਾ?

ਜਾਣਕਾਰ ਇਹ ਵੀ ਮੰਨਦੇ ਹਨ ਕਿ ਔਰਤਾਂ ਦਾ ਇਸ ਤਰ੍ਹਾਂ ਸੜਕਾਂ 'ਤੇ ਆ ਜਾਣਾ ਸਿਰਫ਼ ਵਿਰੋਧ ਪ੍ਰਦਰਸ਼ਨਾਂ ਤੱਕ ਸੀਮਤ ਨਹੀਂ ਹੈ। ਇਸ ਦੇ ਦੂਰ ਤੱਕ ਜਾਣ ਵਾਲੇ ਨਤੀਜੇ ਹਨ। ਇਸ ਨਾਲ ਨਾ ਸਿਰਫ਼ ਉਨ੍ਹਾਂ ਦੀ ਅੰਦਰੂਨੀ ਤਾਕਤ ਵਧਦੀ ਹੈ ਬਲਕਿ ਉਹ ਦੂਸਰੀਆਂ ਔਰਤਾਂ ਨੂੰ ਵੀ ਤਾਕਤ ਅਤੇ ਹੌਸਲਾ ਦੇ ਰਹੀਆ ਹਨ।

ਜਦੋਂ ਉਹ ਪੁਲਿਸ ਅਤੇ ਪ੍ਰਸ਼ਾਸਨ ਨੂੰ ਚਣੌਤੀ ਦੇ ਕੇ ਹਿੰਮਤ ਨਾਲ ਖੜੀਆਂ ਹੁੰਦੀਆਂ ਹਨ ਤਾਂ ਉਹ ਹੌਸਲਾ ਉਨ੍ਹਾਂ ਦੇ ਕਿਰਦਾਰ ਦਾ ਹਿੱਸਾ ਬਣ ਜਾਂਦਾ ਹੈ। ਉਨ੍ਹਾਂ ਨੂੰ ਟੈਲੀਵਿਜ਼ਨ 'ਤੇ ਦੇਖ ਰਹੀਆਂ ਬੱਚੀਆਂ ਅਤੇ ਔਰਤਾਂ, ਔਰਤ ਦੇ ਇੱਕ ਅਲੱਗ ਅਕਸ ਨੂੰ ਦੇਖ ਪਾਉਂਦੀਆਂ ਹਨ।

ਗੀਤਾ ਸ਼੍ਰੀ ਕਹਿੰਦੇ ਹਨ, "ਹੁਣ ਤੁਸੀਂ ਸੌਖਿਆਂ ਹੀ ਔਰਤਾਂ 'ਤੇ ਪਾਬੰਦੀਆਂ ਅਤੇ ਬੰਧਿਸ਼ਾਂ ਨਹੀਂ ਲਗਾ ਸਕਦੇ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਲੜਕੀਆਂ ਤਿਆਰ ਹੋ ਰਹੀਆਂ ਹਨ ਜਿਨ੍ਹਾਂ ਦੀ ਹਰ ਮੁੱਦੇ ਬਾਰੇ ਆਪਣੀ ਰਾਏ, ਸਮਝ ਹੈ ਅਤੇ ਆਪਣੀ ਚੋਣ ਹੈ। ਵਿਰੋਧ ਪ੍ਰਦਰਸ਼ਨਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਹੋਰ ਵਧੇਗੀ ਅਤੇ ਉਹ ਅਗਵਾਈ ਕਰਨਗੀਆਂ।"

ਵੀਡੀਓ ਕੈਪਸ਼ਨ, Farmers Protest: ਦਿੱਲੀ ਧਰਨਿਆਂ 'ਚ ਬੈਠੇ ਦੋ ਕਿਸਾਨਾਂ ਦੇ ਜਜ਼ਬੇ ਦੀ ਕਹਾਣੀ

ਉਹ ਕਹਿੰਦੇ ਹਨ, "ਪਹਿਲਾਂ ਔਰਤਾਂ ਨੂੰ ਲੈ ਕੇ ਸਮਾਜ ਵੱਡੇ ਸੁਪਨੇ ਨਹੀਂ ਦੇਖਦਾ ਸੀ। ਪਰ, ਹੁਣ ਉਨ੍ਹਾਂ ਬਾਰੇ ਸਮਾਜ, ਪਰਿਵਾਰ ਅਤੇ ਔਰਤਾਂ ਦੇ ਸੁਪਨੇ ਬਦਲੇ ਹਨ। ਲੜਕੀਆਂ ਦੀਆਂ ਉਮੀਦਾਂ ਵਧੀਆਂ ਹਨ ਅਤੇ ਮਾਤਾ ਪਿਤਾ ਵੀ ਧੀਆਂ ਨੂੰ ਅੱਗੇ ਵੱਧਦਾ ਦੇਖਣਾ ਚਾਹੁੰਦੇ ਹਨ। ਇਸ ਨੂੰ ਲੋਕਾਂ ਨੇ ਸਵੀਕਾਰ ਕਰ ਲਿਆ ਹੈ ਚਾਹੇ ਇਸ ਪਿੱਛੇ ਜਾਗਰੂਕਤਾ ਕਾਰਨ ਹੋਵੇ ਜਾਂ ਵਿੱਤੀ ਲੋੜ। ਇਹ ਹੀ ਸੋਚ ਹੁਣ ਹੋਰ ਮਜ਼ਬੂਤ ਹੁੰਦੀ ਜਾਵੇਗੀ।"

ਕਵਿਤਾ ਕ੍ਰਿਸ਼ਨਨ ਕਹਿੰਦੇ ਹਨ ਕਿ ਔਰਤਾਂ ਨੂੰ ਅੰਦੋਲਨ ਵਿੱਚ ਆਉਣ ਦੇ ਸਿਆਸੀ ਅਤੇ ਸਮਾਜਿਕ ਪ੍ਰਭਾਵ ਜ਼ਰੂਰ ਹਨ।

ਉਹ ਕਹਿੰਦੇ ਹਨ, ''ਬਿਨਾਂ ਸੰਘਰਸ਼ ਦੇ ਤਾਂ ਤੁਸੀਂ ਮਰਦ ਪ੍ਰਧਾਨਗੀ ਖ਼ਤਮ ਨਹੀਂ ਕਰ ਸਕਦੇ। ਜਦੋਂ ਅਸੀਂ ਲੜਦੀਆਂ ਹੋਈਆਂ ਔਰਤਾਂ ਨੂੰ ਦੇਖਦੇ ਹਾਂ ਤਾਂ ਇੱਕ ਤਾਕਤ ਮਿਲਦੀ ਹੈ ਅਤੇ ਜ਼ਿਆਦਾ ਲੜਨ ਦੀ ਇੱਛਾ ਹੁੰਦੀ ਹੈ। ਨਾਲ ਹੀ ਔਰਤਾਂ ਦੀ ਅਗਵਾਈ ਦਾ ਰਾਹ ਵੀ ਖੁੱਲ੍ਹਦਾ ਹੈ।''

women

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਔਰਤਾਂ ਦੀ ਇਹ ਦ੍ਰਿੜਤਾ ਅਤੇ ਹੌਸਲਾ ਕੀ ਸਮਾਜ ਵਿੱਚ ਆਏ ਕਿਸੇ ਬਦਲਾਅ ਦਾ ਸੰਕੇਤ ਹੈ ਅਤੇ ਇਹ ਪਰਿਵਰਤਨ ਕਿੰਨੀ ਦੂਰ ਜਾ ਸਕਦਾ ਹੈ?

ਕੀ ਔਰਤਾਂ ਦਾ ਇਸਤੇਮਾਲ ਹੁੰਦਾ ਹੈ?

ਔਰਤਾਂ ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਹੋਣ ਬਾਰੇ ਕਈ ਵਾਰ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਵਿਰੋਧ ਦਾ ਚਿਹਰਾ ਬਣਾਇਆ ਗਿਆ ਹੈ।

ਕਿਉਂਕਿ ਪੁਲਿਸ ਔਰਤਾਂ 'ਤੇ ਸਖ਼ਤ ਕਾਰਵਾਈ ਕਰਨ ਤੋਂ ਬਚਦੀ ਹੈ ਅਤੇ ਮੀਡੀਆ ਵੀ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦਿੰਦਾ ਹੈ।

ਕਵਿਤਾ ਕ੍ਰਿਸ਼ਨਨ ਇਸ ਗੱਲ ਤੋਂ ਸਪੱਸ਼ਟ ਇਨਕਾਰ ਕਰਦੇ ਹਨ।

ਉਹ ਕਹਿੰਦੇ ਹਨ, "ਇਸ ਤੋਂ ਉਨ੍ਹਾਂ ਲੋਕਾਂ ਦੀ ਸੋਚ ਦਾ ਪਤਾ ਲੱਗਦਾ ਹੈ ਕਿ ਉਹ ਔਰਤਾਂ ਬਾਰੇ ਕੀ ਸੋਚਦੇ ਹਨ। ਔਰਤਾਂ 'ਤੇ ਕਿੱਥੇ ਪੁਲਿਸ ਦੀ ਕਾਰਵਾਈ ਘੱਟ ਹੁੰਦੀ ਹੈ? ਇਥੇ ਔਰਤਾਂ ਵੀ ਡੰਡਿਆਂ ਦੀ ਮਾਰ ਬਰਾਬਰ ਹੀ ਖਾਂਦੀਆਂ ਹਨ ਅਤੇ ਗ੍ਰਿਫ਼ਤਾਰੀਆਂ ਝੱਲਦੀਆਂ ਹਨ।”

ਵੀਡੀਓ ਕੈਪਸ਼ਨ, ਅਪਾਹਜ ਪਿਤਾ ਦੀਆਂ ਦਿੱਲੀ ਧਰਨੇ 'ਚ ਗਏ ਪੁੱਤ ਤੋਂ ਕੀ ਆਸਾਂ

“ਇਨ੍ਹਾਂ ਔਰਤਾਂ ਨਾਲ ਤੁਸੀਂ ਗੱਲ ਕਰੋਂ ਤਾਂ ਤੁਹਾਨੂੰ ਪਤਾ ਲੱਗੇ ਕਿ ਉਹ ਮੁੱਦੇ ਨੂੰ ਸਮਝਦੀਆਂ ਹਨ ਜਾਂ ਨਹੀਂ। ਉਹ ਕੀ ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕਈ ਕਈ ਦਿਨਾਂ ਤੱਕ ਅੰਦੋਲਨ ਵਿੱਚ ਡਟੀਆਂ ਰਹਿਣਗੀਆਂ? ਇਹ ਉਨ੍ਹਾਂ ਦੀ ਆਪਣੀ ਸਮਝ ਅਤੇ ਪ੍ਰੇਰਣਾ ਹੈ।"

ਇਸ ਬਾਰੇ ਗੀਤਾ ਸ਼੍ਰੀ ਕਹਿੰਦੇ ਹਨ ਕਿ ਪਹਿਲਾਂ ਅਜਿਹਾ ਹੋਇਆ ਕਰਦਾ ਸੀ। ਸਿਆਸੀ ਦਲਾਂ ਨੇ ਅਜਿਹਾ ਕਈ ਵਾਰ ਕੀਤਾ ਹੈ। ਪਰ, ਇਹ ਵੀ ਨਹੀਂ ਹੈ ਕਿ ਉਨ੍ਹਾਂ ਔਰਤਾਂ ਨੂੰ ਪਤਾ ਨਹੀਂ ਸੀ ਹੁੰਦਾ ਕਿ ਉਹ ਕਿਉਂ ਆਈਆਂ ਹਨ। ਜੇ ਉਹ ਮੁੱਦੇ ਨਾਲ ਸਹਿਮਤ ਨਹੀਂ ਤਾਂ ਡੰਡੇ ਖਾਣ ਕਿਉਂ ਜਾਣਗੀਆਂ? ਇਹ ਇਸਤੇਮਾਲ ਦੀ ਗੱਲ ਨਹੀਂ ਹੈ। ਮਰਦ ਵੀ ਇਹ ਗੱਲ ਸਮਝਦੇ ਹਨ ਕਿ ਔਰਤਾਂ ਨੂੰ ਬਿਨਾਂ ਸ਼ਾਮਿਲ ਕੀਤੇ ਕੋਈ ਅੰਦੋਲਨ ਸਫ਼ਲ ਨਹੀਂ ਹੋ ਸਕਦਾ।

ਉਹ ਮੰਨਦੇ ਹਨ ਕਿ ਇਹ ਸਕਾਰਾਤਮਕ ਵੀ ਹੈ। ਭਾਵੇਂ ਉਹ ਕਿਸੇ ਵੀ ਕਾਰਨ ਬਾਹਰ ਨਿਕਲੀਆਂ ਹੋਣ ਪਰ ਜਦੋਂ ਉਹ ਨਿਕਲੀਆਂ ਤਾਂ ਉਨ੍ਹਾਂ ਦੀ ਤਾਕਤ ਦਾ ਵੀ ਤਾਂ ਪਤਾ ਲੱਗਿਆ। ਔਰਤਾਂ ਨੂੰ ਵੀ ਆਪਣੀ ਤਾਕਤ ਦਾ ਪਤਾ ਲੱਗ ਰਿਹਾ ਹੈ ਕਿ ਉਹ ਕੀ ਕਰ ਸਕਦੀਆ ਹਨ। ਉਹ ਸਿਰਫ਼ ਚੁੱਲ੍ਹੇ ਹੀ ਨਹੀਂ ਬਾਲ ਸਕਦੀਆਂ ਬਲਕਿ ਸਰਕਾਰ ਦੀ ਨੀਂਦ ਵੀ ਉਡਾ ਸਕਦੀਆਂ ਹਨ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)