ਬੱਚਿਆਂ ਨੂੰ ਕੋਡਿੰਗ ਸਿਖਾਉਣ ਦੇ ਵਿਗਿਆਪਨਾਂ ’ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਹਰਸ਼ਲ ਅਕੁਰਡੇ
- ਰੋਲ, ਬੀਬੀਸੀ ਮਰਾਠੀ
ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਸਕੂਲੀ ਬੱਚਿਆਂ ਲਈ ਕੋਡਿੰਗ ਕੋਰਸਾਂ ਦੇ ਵਿਗਿਆਪਨ ਨਜ਼ਰ ਆ ਰਹੇ ਹਨ। ਵਾਈਟ ਹੈਟ ਨਾਮ ਦੀ ਕੰਪਨੀ ਦੇ ਇੰਨਾਂ ਇਸ਼ਤਿਹਾਰਾਂ ਵਿੱਚ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਕੋਡਿੰਗ ਦੇ ਫ਼ਾਇਦਿਆਂ ਬਾਰੇ ਦਾਅਵੇ ਕੀਤੇ ਗਏ ਹਨ।
ਇਸ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਛੇਵੀਂ ਕਲਾਸ ਅਤੇ ਉਸ ਤੋਂ ਅਗਲੀਆਂ ਕਲਾਸਾਂ ਦੇ ਬੱਚਿਆਂ ਲਈ ਕੋਡਿੰਗ ਸਿੱਖਣਾ ਲਾਜ਼ਮੀ ਕਰ ਦਿੱਤਾ ਹੈ।
ਇਹ ਵਿਗਿਆਪਨ ਮਾਪਿਆਂ ਵਿੱਚ ਭਰਮ ਭੁਲੇਖੇ ਪੈਦਾ ਕਰ ਰਹੇ ਹਨ, ਇਸ ਲਈ ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੂੰ ਇਸ ਸੰਬੰਧੀ ਪੁੱਛਿਆ ਗਿਆ। ਉਨ੍ਹਾਂ ਨੇ ਵੀ ਇਸ ਵਿਗਿਆਪਨ ਦਾ ਨੋਟਿਸ ਲਿਆ ਹੈ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਦਾਅਵਿਆਂ ਵਿੱਚ ਨਾ ਫ਼ਸਣ।
ਇਹ ਵੀ ਪੜ੍ਹੋ
ਇਸ ਤੋਂ ਵਿਵਾਦ ਪੈਦਾ ਹੋਣ ਤੋਂ ਬਾਅਦ 'ਕੋਡਿੰਗ ਨੂੰ ਲਾਜ਼ਮੀ' ਦੱਸਣ ਵਾਲੇ ਵਿਗਿਆਪਨ 'ਤੇ ਰੋਕ ਲਗਾ ਦਿੱਤੀ ਗਈ ਪਰ ਇਸ ਬਾਰੇ ਕਈ ਪ੍ਰਸ਼ਨ ਖੜੇ ਹੋ ਗਏ ਹਨ।
ਜਿਵੇਂ ਕਿ ਕੋਡਿੰਗ ਕੀ ਹੈ? ਕੀ ਮਹਿਜ਼ ਛੇ ਸਾਲ ਦੇ ਬੱਚੇ ਨੂੰ ਕੋਡਿੰਗ ਸਿਖਾਉਣਾ ਗ਼ਲਤ ਹੈ? ਕੀ ਇਸ ਨਾਲ ਇੰਨੀ ਛੋਟੀ ਉਮਰ ਦੇ ਬੱਚਿਆਂ 'ਤੇ ਕੋਡਿੰਗ ਵਰਗੇ ਮੁਸ਼ਕਿਲ ਵਿਸ਼ੇ ਨੂੰ ਸਿੱਖਣ ਦਾ ਵੱਧ ਦਬਾਅ ਨਹੀਂ ਪਵੇਗਾ?... ਇਹ ਤੇ ਕਈ ਹੋਰ ਸਵਾਲ ਪੁੱਛੇ ਜਾ ਰਹੇ ਹਨ।

ਤਸਵੀਰ ਸਰੋਤ, Getty Images
ਕੀ ਹੈ ਕੋਡਿੰਗ
ਜਦੋਂ ਅਸੀਂ ਕੰਪਿਊਟਰ ਦੀ ਵਰਤੋਂ ਕਰਦੇ ਹਾਂ ਤਾਂ ਸਿਰਫ਼ ਉਸ ਦੇ ਬਾਹਰੀ ਪ੍ਰੋਸੈਸ ਤੋਂ ਹੀ ਪਰਚਿਤ ਹੁੰਦੇ ਹਾਂ, ਪਰ ਪ੍ਰੋਸੈਸਿੰਗ ਦੇ ਪਿੱਛੇ ਇੱਕ ਸਿਸਟਮ ਕੰਮ ਕਰਦਾ ਹੈ ਜਿਸਨੂੰ ਕੋਡਿੰਗ ਕਿਹਾ ਜਾਂਦਾ ਹੈ। ਅਸੀਂ ਇਸ ਨੂੰ ਬਾਹਰੀ ਤੌਰ 'ਤੇ ਨਹੀਂ ਦੇਖ ਸਕਦੇ।
ਕੋਡਿੰਗ ਨੂੰ ਅਸੀਂ ਪ੍ਰੋਗਰਾਮਿੰਗ ਵੀ ਕਹਿੰਦੇ ਹਾਂ ਜਾਂ ਸੌਖੀ ਭਾਸ਼ਾ ਵਿੱਚ ਕੰਪਿਊਟਰ ਦੀ ਭਾਸ਼ਾ ਵੀ ਕਹਿ ਸਕਦੇ ਹਾਂ। ਜੋ ਕੁਝ ਵੀ ਅਸੀਂ ਕੰਪਿਊਟਰ 'ਤੇ ਕਰਦੇ ਹਾਂ ਉਹ ਸਭ ਕੋਡਿੰਗ ਜ਼ਰੀਏ ਹੀ ਹੁੰਦਾ ਹੈ।
ਕੋਡਿੰਗ ਦਾ ਇਸਤੇਮਾਲ ਕਰਕੇ ਕੋਈ ਵੈਬਸਾਈਟ, ਗ਼ੇਮ ਜਾਂ ਫ਼ਿਰ ਐਪ ਤਿਆਰ ਕਰ ਸਕਦੇ ਹਾਂ। ਕੋਡਿੰਗ ਦਾ ਇਸਤੇਮਾਲ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਵਿੱਚ ਵੀ ਕੀਤਾ ਜਾ ਸਕਦਾ ਹੈ।
ਕੋਡਿੰਗ ਦੀਆਂ ਕਈ ਭਾਸ਼ਵਾਂ ਹਨ ਜਿਵੇਂ ਕਿ C, C++, ਜਾਵਾ, ਐਚਟੀਐਮਐਲ,ਪਾਈਥਨ ਆਦਿ। ਇੰਨਾਂ ਵਿੱਚੋਂ ਕੁਝ ਭਾਸ਼ਾਵਾਂ ਦਾ ਇਸਤੇਮਾਲ ਵੈਬਸਾਈਟ ਅਤੇ ਐਂਡਰਾਇਡ ਐਪ ਡਿਜ਼ਾਈਨ ਕਰਨ ਲਈ ਵੀ ਕੀਤਾ ਜਾਂਦਾ ਹੈ।
ਜੇ ਸਾਡੇ ਕੋਲ ਇੰਨਾਂ ਭਾਸ਼ਾਵਾਂ ਦੀ ਜਾਣਕਾਰੀ ਹੈ ਤਾਂ ਅਸੀਂ ਇੱਕ ਐਪ ਜਾਂ ਗ਼ੇਮ ਡਿਜ਼ਾਈਨ ਕਰਨ ਦੀ ਪ੍ਰਕ੍ਰਿਆ ਸਮਝ ਸਕਦੇ ਹਾਂ।

ਤਸਵੀਰ ਸਰੋਤ, Thinkstock
ਕੰਪਨੀ ਦਾ ਦਾਅਵਾ ਅਤੇ ਮਾਪਿਆਂ ਵਿੱਚ ਪੈਦਾ ਹੋਇਆ ਭੁਲੇਖਾ
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਬੱਚਿਆਂ ਨੂੰ ਜੇ ਘੱਟ ਉਮਰ ਵਿੱਚ ਕੋਡਿੰਗ ਸਿਖਾਈ ਜਾਵੇ ਤਾਂ ਉਨ੍ਹਾਂ ਦਾ ਮਾਨਸਿਕ ਵਿਕਾਸ ਤੇਜ਼ ਹੋਵੇਗਾ। ਉਨ੍ਹਾਂ ਦੀ ਇਕਾਗਰਤਾ ਵੀ ਵਧੇਗੀ। ਕੋਡਿੰਗ ਭਵਿੱਖ ਵਿੱਚ ਸੁਨਿਹਰੀ ਮੌਕੇ ਮੁਹੱਈਆ ਕਰਵਾਉਣ ਦੀ ਕੁੰਜੀ ਹੈ। ਬੱਚਿਆਂ ਨੂੰ ਇਸ ਕੋਰਸ ਦੀ ਮਦਦ ਨਾਲ ਸਫ਼ਲ ਉੱਦਮੀ ਅਤੇ ਵਪਾਰੀ ਬਣਾ ਸਕਦੇ ਹਾਂ।
ਵਿਗਿਆਪਨ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਵਿੱਖ ਵਿੱਚ 60 ਤੋਂ 80 ਫ਼ੀਸਦੀ ਨੌਕਰੀਆਂ ਖ਼ਤਮ ਹੋਣ ਵਾਲੀਆਂ ਹਨ ਇਸ ਲਈ ਬੱਚਿਆਂ ਨੂੰ ਕੋਡਿੰਗ ਸਿੱਖਾ ਕੇ ਉਨ੍ਹਾਂ ਨੂੰ ਤੇਜ਼ ਬਣਾਉਣਾ ਚਾਹੀਦਾ ਹੈ।
ਇਸ ਤੋਂ ਇਲਾਵਾ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਆਪਣੀ ਨਵੀਂ ਸਿਖਿਆ ਨੀਤੀ ਵਿੱਚ ਛੇਵੀਂ ਕਲਾਸ ਅਤੇ ਉਸ ਤੋਂ ਅਗਲੀਆਂ ਜਮਾਤਾਂ ਵਿੱਚ ਕੋਡਿੰਗ ਸਿੱਖਣਾ ਲਾਜ਼ਮੀ ਕਰ ਦਿੱਤਾ ਹੈ।
ਵਰਿੰਦਰ ਸਹਿਵਾਗ, ਸ਼ਿਖਰ ਧਵਨ, ਮਾਧੁਰੀ ਦੀਕਸ਼ਿਤ ਅਤੇ ਸੋਨੂੰ ਸੂਦ ਵਰਗੇ ਕਈ ਸੈਲੀਬ੍ਰਿਟੀ ਇਸ ਵਿਗਿਆਪਨ ਵਿੱਚ ਆਪਣੇ ਬੱਚਿਆਂ ਨਾਲ ਦਿਖਾਈ ਦਿੰਦੇ ਹਨ ਪਰ ਇਸ ਵਿਗਿਆਪਨ ਨੂੰ ਲੈ ਕੇ ਇਲਜ਼ਾਮ ਲਗਾਏ ਗਏ ਹਨ ਕਿ ਇਸ ਵਿੱਚ ਇਤਰਾਜ਼ਯੋਗ ਚੀਜ਼ਾਂ ਦਿਖਾਈਆਂ ਗਈਆਂ ਹਨ।
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਕੰਪਨੀ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਵੀ ਇਲਜ਼ਾਮ ਲਾਇਆ ਗਿਆ ਹੈ।
ਪਰ ਇਸ ਨਾਲ ਲੋਕਾਂ ਵਿੱਚ ਭਰਮ ਦੀ ਸਥਿਤੀ ਬਣੀ ਹੋਈ ਹੈ। ਇੰਨੀਂ ਘੱਟ ਉਮਰ ਵਿੱਚ ਕੋਡਿੰਗ ਦੀ ਪੜ੍ਹਾਈ ਕਿੰਨੀ ਜਾਇਜ਼ ਹੈ ਇਸ ਗੱਲ 'ਤੇ ਬਹਿਸ ਸ਼ੁਰੂ ਹੋ ਗਈ ਹੈ।
ਲੋਕ ਪ੍ਰਸ਼ਨ ਖੜੇ ਕਰ ਰਹੇ ਹਨ ਕਿ ਇਸ ਨੂੰ ਲਾਜ਼ਮੀ ਕਿਵੇਂ ਕੀਤਾ ਗਿਆ। ਮਾਮਲੇ ਨੂੰ ਵਧਦਾ ਦੇਖ ਕੇ ਮਹਾਂਰਾਸ਼ਟਰ ਦੇ ਸਿੱਖਿਆ ਮੰਤਰੀ ਨੇ ਦਖ਼ਲ ਦਿੱਤਾ।

ਤਸਵੀਰ ਸਰੋਤ, Getty Images
ਸਿਖਿਆ ਵਿਭਾਗ ਨੇ ਸਪਸ਼ਟ ਕੀਤਾ ਕੋਡਿੰਗ ਲਾਜ਼ਮੀ ਨਹੀਂ ਹੈ
ਕੋਰੋਨਾ ਦੇ ਚਲਦਿਆਂ ਛੇ ਮਹੀਨਿਆਂ ਤੋਂ ਸਕੂਲ ਬੰਦ ਹਨ। ਇਸ ਦੌਰਾਨ ਕਈ ਸਕੂਲਾਂ ਨੇ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਹਨ। ਮਾਪਿਆਂ ਨੂੰ ਇਸ ਗੱਲ ਨੂੰ ਲੈ ਕੇ ਭਰਮ ਹੈ ਕਿ ਕਿਤੇ ਕੋਡਿੰਗ 'ਆਨਲਾਈਨ ਐਜੂਕੇਸ਼ਨ' ਦਾ ਹਿੱਸਾ ਤਾਂ ਨਹੀਂ।
ਇਸੇ ਦੇ ਚਲਦਿਆਂ ਵਿਗਿਆਪਨ ਕਰਕੇ ਭਰਮ ਦੀ ਸਥਿਤੀ ਪੈਦਾ ਹੋ ਗਈ ਹੈ। ਇੱਕ ਟਵੀਟਰ ਯੂਜਰ ਰੀਮਾ ਕਥਾਲੇ ਟਵੀਟ ਕਰਕੇ ਪੁੱਛਦੀ ਹੈ, “ਫ਼ੇਸਬੁੱਕ 'ਤੇ ਹਰ ਰੋਜ਼ ਵਿਗਿਆਪਨ ਦਿਖਾਈ ਦੇ ਰਿਹਾ ਹੈ। ਅੱਜ ਉਹ ਇੱਕ ਕਦਮ ਹੋਰ ਅੱਗੇ ਵੱਧ ਗਏ।”
ਉਹ ਦਾਅਵਾ ਕਰ ਰਹੇ ਹਨ ਕਿ ਕੋਡਿੰਗ ਛੇਵੀਂ ਅਤੇ ਇਸ ਤੋਂ ਵੱਡੀਆਂ ਜਮਾਤਾਂ ਦੇ ਬੱਚਿਆਂ ਲਈ ਲਾਜ਼ਮੀ ਕਰ ਦਿੱਤਾ ਗਿਆ ਹੈ? ਇਹ ਕਦੋਂ ਹੋਇਆ? ਕਿਸ ਨੇ ਲਾਜ਼ਮੀ ਕੀਤਾ? ਜਾਂ ਤਾਂ ਮੈਂ ਇਸ ਬਾਰੇ ਕੁਝ ਨਹੀਂ ਜਾਣਦੀ ਜਾਂ ਫ਼ਿਰ ਇਹ ਵਿਗਿਆਪਨ ਗ਼ਲਤ ਹੈ। ਉਹ ਮਾਪਿਆਂ ਨੂੰ ਕਿਉਂ ਗੁੰਮਰਾਹ ਕਰ ਰਹੇ ਹਨ? "
ਸੂਚਨਾ ਅਤੇ ਤਕਨੀਕ ਮੰਤਰੀ ਸਤੇਜ ਪਾਟਿਲ ਨੇ ਰੀਮਾ ਕਥਾਲੇ ਦੀ ਇਸ ਪੋਸਟ 'ਤੇ ਧਿਆਨ ਦਿੱਤਾ ਅਤੇ ਉਨ੍ਹਾਂ ਨੇ ਰੀਟਵੀਟ ਕਰਕੇ ਸਿੱਖਿਆ ਮੰਤਰੀ ਵਰਸ਼ਾ ਗਾਇਕਵਾੜ ਨੂੰ ਟੈਗ ਕਰਕੇ ਸਪਸ਼ਟੀਕਰਨ ਦੇਣ ਦੀ ਬੇਨਤੀ ਕੀਤੀ।
ਵਰਸ਼ਾ ਗਾਇਕਵਾੜ ਨੇ ਸਾਫ਼ ਕਹਿ ਦਿੱਤਾ ਕਿ, "ਨਵੀਂ ਸਿੱਖਿਆ ਨੀਤੀ ਮੁਤਾਬਿਕ ਰਾਸ਼ਟਰੀ ਅਤੇ ਸੂਬਾ ਪੱਧਰ 'ਤੇ ਕਦੀ ਵੀ ਪਾਠਕ੍ਰਮ ਤੈਅ ਨਹੀਂ ਹੋਇਆ ਹੈ। ਇਸ ਲਈ ਰਾਜ ਸਰਕਾਰ ਜਾਂ ਮਹਾਂਰਾਸ਼ਟਰ ਸਟੇਟ ਕਾਉਂਸਲ ਫ਼ਾਰ ਐਜੁਕੇਸ਼ਨ ਰਿਸਰਚ ਐਂਡ ਟ੍ਰੇਨਿੰਗ ਨੇ ਹਾਲੇ ਤੱਕ ਕੋਈ ਅਜਿਹਾ ਫ਼ੈਸਲਾ ਨਹੀਂ ਲਿਆ ਹੈ।"
ਉਨ੍ਹਾਂ ਨੇ ਮਾਤਾ ਪਿਤਾ ਨੂੰ ਅਜਿਹੇ ਵਿਗਿਆਪਨਾਂ ਦੇ ਝਾਂਸੇ ਵਿੱਚ ਨਾ ਆਉਣ ਦੀ ਅਪੀਲ ਕੀਤੀ।
ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਨਵੀਂ ਸਿੱਖਿਆ ਨੀਤੀ ਵਿੱਚ ਮਹਿਜ਼ ਜ਼ਿਕਰ
ਇਸ ਸਾਲ ਤਿਆਰ ਹੋਈ ਨਵੀਂ ਸਿੱਖਿਆ ਨੀਤੀ ਵਿੱਚ ਸਿਰਫ਼ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਕੋਡਿੰਗ ਸਕੂਲੀ ਪੱਧਰ 'ਤੇ ਪੜ੍ਹਾਈ ਜਾ ਸਕਦੀ ਹੈ।
ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਅਨੀਤਾ ਕਰਵਾਲ ਨੇ ਕਿਹਾ ਹੈ ਕਿ ਇਸ ਗੱਲ ਦਾ ਧਿਆਨ ਰੱਖਦੇ ਹੋਏ ਕਿ ਇੱਕ ਕੁਸ਼ਲ ਵਰਕਰ ਦੇ ਤੌਰ 'ਤੇ ਕੋਡਿੰਗ 21ਵੀਂ ਸਦੀ ਦੀ ਇਹ ਜ਼ਰੂਰਤ ਹੈ , ਛੇਵੀਂ ਜਮਾਤ ਤੋਂ ਬੱਚਿਆਂ ਨੂੰ ਇਹ ਪੜ੍ਹਾਈ ਜਾ ਸਕਦੀ ਹੈ।
ਪਰ ਮਾਪਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਸਿੱਖਿਆ ਨੀਤੀ ਵਿੱਚ ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਕੋਡਿੰਗ ਲਾਜ਼ਮੀ ਹੈ।

ਤਸਵੀਰ ਸਰੋਤ, Ani
ਇਹ ਸਿਰਫ਼ ਮਾਰਕੀਟਿੰਗ ਹੈ
ਯੂ-ਟਿਊਬ ਅਤੇ ਫ਼ੇਸਬੁੱਕ ਵਰਗੇ ਸੋਸ਼ਲ ਮੀਡੀਆ ਸਾਧਨਾ 'ਤੇ ਕੋਡਿੰਗ ਨਾਲ ਸੰਬੰਧਿਤ ਵਿਗਿਆਪਨਾਂ ਨੂੰ ਖ਼ੂਬ ਦਿਖਾਇਆ ਗਿਆ। ਇਸੇ ਲਈ ਇਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਪ੍ਰਾਈਵੇਟ ਟਿਊਸ਼ਨ ਦੀ ਇਸ ਤਰ੍ਹਾਂ ਮਾਰਕੀਟਿੰਗ 'ਤੇ ਵੀ ਸਵਾਲ ਖੜੇ ਕੀਤੇ ਗਏ ਹਨ।
ਬਾਲ ਮਨੋਵਿਗਿਆਨੀ ਡਾਕਟਰ ਭੂਸ਼ਣ ਸ਼ੁਕਲ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਇਹ ਚਤੁਰ ਮਾਰਕੀਟਿੰਗ ਵਿਗਿਆਪਨਾਂ ਰਾਹੀਂ ਦਿਲ ਲਭਾਉਣੀਆਂ ਗੱਲਾਂ ਦੀ ਸਹਾਇਤਾ ਨਾਲ ਫ਼ਾਲਤੂ ਚੀਜ਼ਾਂ ਵੇਚਣ ਅਤੇ ਉਨ੍ਹਾਂ ਵਿੱਚ ਲੋਕਾਂ ਨੂੰ ਫ਼ਸਾਉਣ ਦਾ ਮਾਮਲਾ ਹੈ।"
ਪੂਣੇ ਵਿੱਚ ਕ੍ਰਿਏਟਿਵ ਪੇਰੈਂਟਸ ਐਸੋਸੀਏਸ਼ਨ ਚਲਾਉਣ ਵਾਲੀ ਚੇਤਨ ਇਰਾਂਡੇ ਨੇ ਕਿਹਾ, "ਸਾਡੇ ਸਮਾਜ ਵਿੱਚ ਇੱਕ ਆਮ ਧਾਰਣਾ ਹੈ ਕਿ ਜੇ ਬੱਚੇ ਛੋਟੀ ਉਮਰ ਵਿੱਚ ਕੋਡਿੰਗ ਸਿੱਖਣਾ ਸ਼ੁਰੂ ਕਰ ਦੇਣਗੇ ਤਾਂ ਅੱਗੇ ਜਾ ਕੇ ਉਹ ਵੱਡੇ ਪ੍ਰੋਗਰਾਮਰ ਬਣਨਗੇ ਅਤੇ ਫ਼ਿਰ ਬਹੁਤ ਸਾਰੇ ਪੈਸੇ ਕਮਾਉਣਗੇ। ਕੋਡਿੰਗ ਕਲਾਸ ਚਲਾਉਣ ਵਾਲਿਆਂ ਨੇ ਜਾਣ ਬੁੱਝ ਕੇ ਇਸ ਧਾਰਣਾ ਨੂੰ ਹਵਾ ਦਿੱਤੀ ਹੈ।"
ਬੀਬੀਸੀ ਨੇ ਵਾਈਟ ਹੈਟ ਜੂਨੀਅਰ ਕੰਪਨੀ ਨਾਲ ਇਸ ਮਾਮਲੇ ਵਿੱਚ ਉਨ੍ਹਾਂ ਦਾ ਪੱਖ ਜਾਣਨ ਲਈ ਸੰਪਰਕ ਕੀਤਾ।
ਵਾਈਟ ਹੈਟ ਕੰਪਨੀ ਦੇ ਮੀਡੀਆ ਪ੍ਰਤੀਨਿਧੀ ਸੁਰੇਸ਼ ਥਾਪਾ ਨੇ ਕਿਹਾ, "ਅਸੀਂ ਉਹ ਵਿਗਿਆਪਨ ਵਾਪਸ ਲੈ ਲਿਆ ਹੈ ਇਸ ਕਰਕੇ ਇਸ ਬਾਰੇ ਗੱਲ ਕਰਨਾ ਸਹੀ ਨਹੀਂ ਹੋਵੇਗਾ।"
ਪਰ ਸੁਰੇਸ਼ ਥਾਪਾ ਕਹਿੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੋਡਿੰਗ ਬਹੁਤ ਅਹਿਮ ਹੋਣ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ, "ਹਾਲਾਂਕਿ ਹਾਲੇ ਕੋਡਿੰਗ ਇੱਕ ਲਾਜ਼ਮੀ ਵਿਸ਼ਾ ਨਹੀਂ ਹੈ। ਪਰ ਇਹ ਆਉਣ ਵਾਲੇ ਸਮੇਂ ਵਿੱਚ ਨਿਸ਼ਚਿਤ ਤੌਰ 'ਤੇ ਪਾਠਕ੍ਰਮ ਵਿੱਚ ਸ਼ਾਮਿਲ ਹੋਵੇਗਾ। ਦੁਨੀਆਂ ਭਰ ਵਿੱਚ ਬੱਚਿਆਂ ਨੂੰ ਘੱਟ ਤੋਂ ਘੱਟ ਉਮਰ ਵਿੱਚ ਕੋਡਿੰਗ ਸਿਖਾਈ ਜਾ ਰਹੀ ਹੈ। ਅਸੀਂ ਭਵਿੱਖ ਨੂੰ ਦੇਖਦੇ ਹੋਏ ਲੋਕਾਂ ਵਿੱਚ ਇਸ ਬਾਰੇ ਜਾਗਰੂਕਤਾ ਫ਼ੈਲਾਅ ਰਹੇ ਹਾਂ।"
ਤੁਸੀਂ ਇਹ ਵੀ ਪੜ੍ਹ ਸਕਦੇ ਹੋ

ਤਸਵੀਰ ਸਰੋਤ, Getty Images
ਘੱਟ ਉਮਰ ਵਿੱਚ ਬੱਚਿਆਂ 'ਤੇ ਕੋਡਿੰਗ ਦਾ ਦਬਾਅ
ਭੂਸ਼ਣ ਸ਼ੁਕਲ ਕਹਿੰਦੇ ਹਨ, "ਜਿਨ੍ਹਾਂ ਬੱਚਿਆਂ ਨੂੰ ਆਪਣੀ ਖ਼ੁਦ ਦੀ ਸਾਫ਼ ਸਫ਼ਾਈ ਲਈ ਮਾਂ ਦੀ ਮਦਦ ਦੀ ਲੋੜ ਪੈਂਦੀ ਹੈ ਉਹ ਕੋਡਿੰਗ ਕਿਵੇਂ ਸਮਝ ਸਕਣਗੇ? ਇਹ ਸੰਭਵ ਹੈ ਉਨ੍ਹਾਂ 'ਤੇ ਨਾਕਾਰਤਮਕ ਅਸਰ ਪਵੇ। ਕੰਪਨੀ ਦਾ ਦਾਅਵਾ ਹੈ ਕਿ ਕੋਡਿੰਗ ਮਾਨਸਿਕ ਵਿਕਾਸ ਨੂੰ ਵਧਾਉਂਦੀ ਹੈ। ਪਰ ਕੋਡਿੰਗ ਤਾਂ ਹਾਲ ਹੀ ਵਿੱਚ ਆਈ ਹੈ। ਮੈਨੂੰ ਨਹੀਂ ਲੱਗਦਾ ਕਿ ਇਸਦੀ ਮਨੁੱਖੀ ਜਾਂ ਫ਼ਿਰ ਬੌਧਿਕ ਵਿਕਾਸ ਵਿੱਚ ਕੋਈ ਭੂਮਿਕਾ ਹੈ।"
ਡਾਕਟਰ ਸਮੀਰ ਦਲਵਈ ਵੀ ਇਸ ਗੱਲ ਨਾਲ ਸਹਿਮਤ ਲੱਗਦੇ ਹਨ। ਉਹ ਮੁੰਬਈ ਦੇ ਨਿਊ ਹੌਰਿਜ਼ਨ ਚਾਈਲਡ ਡਿਵੈਲਪਮੈਂਟ ਸੈਂਟਰ ਵਿੱਚ ਬਾਲ ਰੋਗਾਂ ਦੇ ਮਾਹਰ ਹਨ।
ਉਹ ਕਹਿੰਦੇ ਹਨ, "ਬੱਚੇ ਪਹਿਲਾਂ ਹੀ ਕਈ ਤਰ੍ਹਾਂ ਦੀ ਤਕਨੀਕ ਦੀ ਮਾਰ ਵਿੱਚ ਘਿਰੇ ਹੋਏ ਹਨ। ਕੋਡਿੰਗ ਕੋਰਸ ਨਾਲ ਇਹ ਹੋਰ ਵਧੇਗਾ। ਕੋਈ ਨਿਵੇਸ਼ਕ ਤੁਹਾਡੇ ਦਰਵਾਜ਼ੇ 'ਤੇ ਸੱਤ ਸਾਲ ਦੇ ਬੱਚੇ ਵਲੋਂ ਕੋਡਿੰਗ ਸਿੱਖਣ ਤੋਂ ਬਾਅਦ ਤਿਆਰ ਕੀਤੀ ਗਈ ਐਪ ਨੂੰ ਖਰੀਦਣ ਨਹੀਂ ਆ ਰਿਹਾ ਹੈ। ਕੋਡਿੰਗ ਸਿੱਖਣ ਲਈ ਦਬਾ ਪਾਉਣ ਦੀ ਬਜਾਇ ਉਨ੍ਹਾਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਦਿਓ।"
ਇਸ ਕੋਰਸ ਦੀ ਫ਼ੀਸ ਨੂੰ ਲੈ ਕੇ ਵੀ ਪ੍ਰਸ਼ਨ ਖੜੇ ਹੋਏ ਹਨ।
ਚੇਤਨ ਇਰਾਂਡੇ ਕਹਿੰਦੇ ਹਨ, "ਜੇ ਕੁਝ ਹਜ਼ਾਰ ਰੁਪਏ ਫ਼ੀਸ ਦੇਣ ਤੋਂ ਬਾਅਦ ਬੱਚਾ ਕਲਾਸ ਤੋਂ ਮਨਾ ਕਰਦਾ ਹੈ ਤਾਂ ਮਾ-ਬਾਪ ਨੂੰ ਅਫ਼ਸੋਸ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੂੰ ਕੁਝ ਹਜ਼ਾਰ ਰੁਪਿਆਂ ਲਈ ਬੱਚਿਆਂ 'ਤੇ ਦਬਾਅ ਨਹੀਂ ਪਾਉਣਾ ਚਾਹੀਦਾ।
ਜੇ ਬੱਚਿਆਂ ਨੂੰ ਸਮਝਣ ਵਿੱਚ ਦਿੱਕਤ ਆ ਰਹੀ ਹੋਵੇ ਤਾਂ ਸੌਖਿਆਈ ਨਾਲ ਕੋਰਸ ਛੱਡਣ ਦੇਣਾ ਚਾਹੀਦਾ ਹੈ। ਹਾਲਾਂਕਿ ਵਾਈਟ ਹੈਟ ਦੇ ਸੁਰੇਸ਼ ਥਾਪਾ ਕਲਾਸ ਲਈ ਬੱਚਿਆਂ 'ਤੇ ਦਬਾਅ ਪਾਉਣ ਦੀ ਸੰਭਾਵਨਾਂ ਤੋਂ ਮੁਨਕਰ ਹੁੰਦੇ ਹਨ।
ਉਹ ਕਹਿੰਦੇ ਹਨ, "ਕੋਡਿੰਗ ਕਲਾਸ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਕੋਰਸ ਦੇ ਦੌਰਾਨ ਬੱਚੇ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਹਨ। ਉਨ੍ਹਾਂ ਦਾ ਧਿਆਨ ਸਿਰਫ਼ ਕਲਾਸ ਵਿੱਚ ਹੀ ਹੁੰਦਾ ਹੈ। ਇਸ ਨਾਲ ਇਕਾਗਰਤਾ ਵਧਾਉਣ ਵਿੱਚ ਮਦਦ ਮਿਲਦੀ ਹੈ। ਕਲਾਸ ਇੱਕ ਘੰਟੇ ਤੋਂ ਵੱਧ ਸਮੇਂ ਦੀ ਨਹੀਂ ਹੁੰਦੀ। ਇਸ ਲਈ ਬੱਚੇ ਮਜ਼ੇ ਨਾਲ ਸਿੱਖਦੇ ਹਨ।"
ਉਹ ਅੱਗੇ ਕਹਿੰਦੇ ਹਨ,"ਕੋਡਿੰਗ ਸਿੱਖਣ ਦਾ ਤਰੀਕਾ ਜਿਹੜੇ ਬੱਚੇ ਪਹਿਲੀ ਜਮਾਤ ਵਿੱਚ ਹਨ ਅਤੇ ਜਿਹੜੇ ਬੱਚੇ ਦਸਵੀਂ ਜਮਾਤ ਵਿੱਚ ਹਨ ਦੋਵਾਂ ਲਈ ਅਲੱਗ-ਅਲੱਗ ਹੁੰਦਾ ਹੈ। ਹਰ ਕਿਸੇ ਨੂੰ ਉਸਦੀ ਉਮਰ ਦੇ ਹਿਸਾਬ ਨਾਲ ਸਿਖਾਇਆ ਜਾਂਦਾ ਹੈ। ਅਸੀਂ ਕਿਸੇ ਬੱਚੇ 'ਤੇ ਉਸਦੀ ਕਲਾਸ ਵਿੱਚ ਦਬਾਅ ਨਹੀਂ ਪਾਉਂਦੇ।"

ਤਸਵੀਰ ਸਰੋਤ, Getty Images
ਬੱਚਿਆਂ ਨੂੰ ਕੋਡਿੰਗ ਸਿੱਖਣੀ ਚਾਹੀਦੀ ਹੈ ਜਾਂ ਨਹੀਂ?
ਹੁਣ ਪ੍ਰਸ਼ਨ ਉੱਠਦਾ ਹੈ ਕਿ ਕੀ ਬੱਚਿਆਂ ਨੂੰ ਕੋਡਿੰਗ ਸਿੱਖਣੀ ਚਾਹੀਦੀ ਹੈ?
ਚੇਤਨ ਇਸ ਗੱਲ ਦਾ ਜੁਆਬ ਦਿੰਦੇ ਹੋਏ ਕਹਿੰਦੇ ਹਨ, "ਉਨ੍ਹਾਂ ਨੂੰ ਜ਼ਰੂਰ ਸਿੱਖਣਾ ਚਾਹੀਦਾ ਹੈ ਪਰ ਜਿਸ ਤਰ੍ਹਾਂ ਕੋਡਿੰਗ ਸਿਖਾਈ ਜਾਂਦੀ ਹੈ ਉਹ ਤਰੀਕਾ ਅਲੱਗ ਹੋਣਾ ਚਾਹੀਦਾ ਹੈ। ਪ੍ਰੋਗਰਾਮਿੰਗ ਲੈਂਗੁਏਜ ਦੀ ਤਕਨੀਕ ਤੇਜ਼ੀ ਨਾਲ ਬਦਲ ਰਹੀ ਹੈ। ਇਹ ਸਮਝਣ ਦੀ ਲੋੜ ਹੈ ਕਿ ਕੀ ਸਾਡੇ ਬੱਚੇ ਦੀ ਸੱਚ ਵਿੱਚ ਇਸ ਵਿੱਚ ਰੁਚੀ ਹੈ ਕਿ ਨਹੀਂ।"
ਵਾਈਟ ਹੈਟ ਦਾ ਕਹਿਣਾ ਹੈ, "ਅਸੀਂ ਇਹ ਨਹੀਂ ਕਹਿ ਰਹੇ ਕਿ ਲੋਕਾਂ ਨੂੰ ਸਾਡੀ ਕਲਾਸ ਜੁਆਇਨ ਕਰਨੀ ਚਾਹੀਦੀ ਹੈ। ਜਿਨ੍ਹਾਂ ਨੂੰ ਇਸ ਵਿੱਚ ਦਿਲਚਸਪੀ ਹੈ ਉਹ ਹੁਣੇ ਇਹ ਸਿੱਖ ਸਕਦੇ ਹਨ।"

ਤਸਵੀਰ ਸਰੋਤ, Getty Images
ਬੱਚਿਆਂ ਦੀ ਦਿਲਚਸਪੀ ਕਿਵੇਂ ਪਤਾ ਕਰੀਏ?
ਮਾਪੇ ਆਪਣੇ ਬੱਚਿਆਂ ਦੇ ਕੈਰਿਅਰ ਨੂੰ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ। ਇਸ ਲਈ ਉਹ ਹਜ਼ਾਰਾਂ ਲੱਖਾਂ ਰੁਪਏ ਖ਼ਰਚ ਕਰਨ ਨੂੰ ਤਿਆਰ ਰਹਿੰਦੇ ਹਨ। ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਬੱਚੇ ਦਾ ਰੁਝਾਣ ਕਿਸੇ ਹੋਰ ਖੇਤਰ ਵਿੱਚ ਸੀ।
ਪੀਐਨਐਚ ਟੈਕਨਾਲੋਜੀ ਦੇ ਨਿਰਦੇਸ਼ਕ ਪ੍ਰਦੀਪ ਨਰਾਇਣਕਾਰ ਇੱਕ ਰਾਹ ਦੱਸਦੇ ਹਨ ਕਿ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਦੀ ਕੰਪਨੀ ਸਾਫ਼ਟਲਵੇਅਰ ਅਤੇ ਰੋਬੋਟਿਕਸ ਟ੍ਰੇਨਿੰਗ ਦੇ ਖੇਤਰ ਵਿੱਚ ਕੰਮ ਕਰਦੀ ਹੈ।
ਉਹ ਕਹਿੰਦੇ ਹਨ, "ਲੋਕ ਆਪਣੇ ਬੱਚਿਆਂ ਨੂੰ ਲਿਆਉਂਦੇ ਹਨ ਜੋ ਟੀਵੀ ਰੀਮੋਟ ਜਾਂ ਫ਼ਿਰ ਵਿਗੜ ਗਏ ਉਪਕਰਣਾਂ ਨੂੰ ਠੀਕ ਕਰਨ ਵਿੱਚ ਦਿਲਚਸਪੀ ਲੈਂਦੇ ਹਨ। ਪਰ ਉਨ੍ਹਾਂ ਬੱਚਿਆਂ ਦੀ ਅਸਲ ਵਿੱਚ ਕੋਡਿੰਗ ਵਿੱਚ ਦਿਲਚਸਪੀ ਨਹੀਂ ਹੁੰਦੀ। ਕਈ ਬੱਚੇ ਇਹ ਕੰਮ ਉਤਸੁਕਤਾਵਸ਼ ਵੀ ਕਰ ਸਕਦੇ ਹਨ।"
ਉਹ ਅੱਗੇ ਕਹਿੰਦੇ ਹਨ, "ਮਾਪਿਆਂ ਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਚਾਹੀਦਾ ਹੈ ਕਿ ਬੱਚਿਆਂ ਅੰਦਰ ਕਿਸੇ ਖ਼ਾਸ ਵਿਸ਼ੇ ਪ੍ਰਤੀ ਰੁਚੀ ਹੈ ਜਾਂ ਨਹੀਂ। ਅਮਰੀਕਾ ਦੀ ਸੰਸਥਾ ਐਮਆਈਟੀ ਬੁਨਿਅਦੀ ਕੋਰਸ ਕਰਵਾਉਂਦੀ ਹੈ। ਗੁਗਲ, ਮਾਈਕ੍ਰੋਸਾਫ਼ਟ, ਆਈਡੈਕਸ ਅਤੇ ਕੋਰਸੇਰਾ ਵਰਗੀ ਕੰਪਨੀਆਂ ਮੁਫ਼ਤ ਵਿੱਚ ਇਹ ਕੋਰਸ ਕਰਵਾਉਂਦੀਆਂ ਹਨ।”
“ਪਹਿਲਾਂ ਬੱਚਿਆਂ ਨੂੰ ਇਹ ਕੋਰਸ ਕਰਵਾਉਣੇ ਚਾਹੀਦੇ ਹਨ ਅਤੇ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਕਿੰਨੀ ਕਾਮਯਾਬੀ ਮਿਲਦੀ ਹੈ। ਅਸੀਂ ਮਾਹਰਾਂ ਤੋਂ ਵੀ ਇਸ ਬਾਰੇ ਰਾਇ ਲੈ ਸਕਦੇ ਹਾਂ ਬਜਾਇ ਇਸ ਦੇ ਕੇ ਵਿਗਿਆਪਨ ਦੇਖ ਕੇ ਮਹਿੰਗੇ ਕੋਰਸ ਦੇ ਝਾਂਸੇ ਵਿੱਚ ਫਸੋਂ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












