ਪੱਛਮੀ ਦੇਸ ਮੁਸਲਮਾਨ ਤੇ ਪੈਗੰਬਰ ਦੇ ਰਿਸ਼ਤੇ ਨੂੰ ਨਹੀਂ ਸਮਝ ਸਕਦੇ - ਇਮਰਾਨ ਖ਼ਾਨ

ਤਸਵੀਰ ਸਰੋਤ, Reuters
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੀ ਇੱਕ ਹੱਦ ਹੁੰਦੀ ਹੈ ਅਤੇ ਇਸ ਦਾ ਅਰਥ ਇਹ ਬਿਲਕੁਲ ਨਹੀਂ ਕਿ ਦੂਜਿਆਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਜਾਵੇ।
ਇਮਰਾਨ ਖ਼ਾਨ ਨੇ ਕਿਹਾ, ''ਇਸਲਾਮ ਨੂੰ ਮੰਨਣ ਵਾਲਿਆਂ 'ਚ ਪੈਗੰਬਰ ਮੁਹੰਮਦ ਨੂੰ ਲੈ ਕੇ ਜੋ ਭਾਵਨਾਵਾਂ ਹਨ ਉਸ ਬਾਰੇ ਪੱਛਮੀ ਦੇਸ਼ਾਂ ਦੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈ।''
ਉਨ੍ਹਾਂ ਨੇ ਇਸ ਨੂੰ ਮੁਸਲਿਮ ਦੇਸ਼ਾਂ ਦੇ ਆਗੂਆਂ ਦੀ ਨਾਕਾਮੀ ਦੱਸਿਆ ਅਤੇ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਦੁਨੀਆ ਭਰ ਵਿੱਚ ਇਸਲਾਮ ਦੇ ਵਿਰੋਧ (ਇਸਲਾਮੋਫੋਬਿਆ) ਦੇ ਮੁੱਦੇ ਉੱਤੇ ਚਰਚਾ ਕਰਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ ਕਿ ਲੋੜ ਪੈਣ ਉੱਤੇ ਉਹ ਕੌਮਾਂਤਰੀ ਪੱਧਰ ਉੱਤੇ ਇਸ ਮੁੱਦੇ ਨੂੰ ਚੁੱਕਣਗੇ।
ਇਮਰਾਨ ਖ਼ਾਨ ਸ਼ੁੱਕਰਵਾਰ 30 ਅਕਤੂਬਰ ਨੂੰ ਇਸਲਾਮਾਬਾਦ ਵਿੱਚ ਈਦ-ਉਲ-ਮਿਲਾਦ ਦੇ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਬੋਲ ਰਹੇ ਸਨ।
ਫਰਾਂਸ ਅਤੇ ਮੁਸਲਮਾਨ ਦੇਸ਼ਾਂ ਵਿਚਾਲੇ ਚੱਲ ਰਹੇ ਤਣਾਅ ਨੂੰ ਲੈ ਕੇ ਉਨ੍ਹਾਂ ਨੇ ਕਿਹਾ, ''ਮੈਂ ਇਸਲਾਮਿਕ ਦੇਸ਼ਾਂ ਦੇ ਸਮੂਹ ਵਿੱਚ ਸਾਰਿਆਂ ਨੂੰ ਕਿਹਾ ਹੈ ਕਿ ਪੱਛਮ ਵਿੱਚ ਇਸਲਾਮੋਫੋਬਿਆ ਵੱਧ ਰਿਹਾ ਹੈ ਅਤੇ ਇਸ ਸਮੱਸਿਆ ਦੇ ਹੱਲ ਲਈ ਸਾਰੇ ਸੁਮਲਮਾਨ ਮੁਲਕਾਂ ਨੂੰ ਇਕੱਠੇ ਹੋਣ ਅਤੇ ਇਸ ਬਾਰੇ ਚਰਚਾ ਛੇੜਣ ਦੀ ਲੋੜ ਹੈ।''
''ਇਸਲਾਮਫੋਬਿਆ ਦੇ ਕਾਰਨ ਸਭ ਤੋਂ ਵੱਧ ਉਹ ਲੋਕ ਪ੍ਰਭਾਵਿਤ ਹੁੰਦੇ ਹਨ ਜੋ ਕਿਸੇ ਮੁਲਕ ਵਿੱਚ ਮੁਸਲਮਾਨ ਘੱਟ ਗਿਣਤੀ ਆਬਾਦੀ ਦਾ ਹਿੱਸਾ ਹਨ।''

ਇਮਰਾਨ ਖ਼ਾਨ ਨੇ ਕਿਹਾ, ''ਪੱਛਮੀ ਦੇਸ਼ ਇਸਲਾਮ, ਪੈਗੰਬਰ ਅਤੇ ਮੁਸਲਮਾਨਾਂ ਦੇ ਰਿਸ਼ਤੇ ਨੂੰ ਨਹੀਂ ਸਮਝ ਸਕਦੇ। ਉਨ੍ਹਾਂ ਦੇ ਕੋਲ ਉਹ ਕਿਤਾਬਾਂ ਨਹੀਂ ਹਨ ਜੋ ਸਾਡੇ ਕੋਲ ਹਨ, ਇਸ ਲਈ ਉਹ ਇਸ ਨੂੰ ਸਮਝ ਨਹੀਂ ਸਕਦੇ।''
ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ ਮੰਨਦੇ ਹਨ ਕਿ ਮੁਸਲਮਾਨ ਪ੍ਰਗਟਾਵੇ ਦੀ ਆਜ਼ਾਦੀ ਦੇ ਖਿਲਾਫ਼ ਹਨ ਅਤੇ ਤੰਗ ਸੋਚ ਵਾਲੇ ਹਨ। ਇਸ ਦੇ ਵਿਰੋਧ ਵਿੱਚ ਕੈਂਪੇਨ ਚਲਾਈਆਂ ਗਈਆਂ ਹਨ।
ਉਨ੍ਹਾਂ ਕਿਹਾ, ''ਇੱਕ ਛੋਟਾ ਤਬਕਾ ਹੈ ਜੋ ਇਸਲਾਮ ਦੇ ਵਿਰੋਧ 'ਚ ਹੈ ਅਤੇ ਇਸ ਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਣਾ ਚਾਹੁੰਦਾ ਹੈ। ਸਾਨੂੰ ਦੁਨੀਆਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਇਹ ਮੁਸਲਮਾਨਾਂ ਦੇ ਲਈ ਪਰੇਸ਼ਾਨ ਕਰਨ ਵਾਲਾ ਹੈ।''
ਬੀਬੀਸੀ ਪੰਜਾਬੀ ਦੀ ਵੈੱਬਸਾਈਟ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਉਨ੍ਹਾਂ ਕਿਹਾ ਸ਼ਾਰਲੀ ਏਬਦੋ ਵਰਗੀ ਘਟਨਾ ਮਗਰ ਕੁਝ ਅਜਿਹੇ ਹੀ ਲੋਕ ਹਨ ਜੋ ਮੁਸਲਮਾਨਾਂ ਨੂੰ ਮਾੜਾ ਦਿਖਾਉਣਾ ਚਾਹੁੰਦੇ ਹਨ।
ਇਮਰਾਨ ਨੇ ਕਿਹਾ ਕਿ ਉਹ ਦੇਸ਼ ਵਿੱਚ 9ਵੀਂ ਤੋਂ 12ਵੀਂ ਤੱਕ ਦੀ ਜਮਾਤ ਦੇ ਵਿਦਿਆਰਥੀਆਂ ਦੇ ਸਲੇਬਸ ਵਿੱਚ ਇਸਲਾਮ ਦੇ ਪੈਗੰਬਰਾਂ ਬਾਰੇ ਜਾਣਕਾਰੀ ਸ਼ਾਮਿਲ ਕਰਨ ਲਈ ਕਾਨੂੰਨ ਲੈ ਕੇ ਆਉਣਗੇ, ਤਾਂ ਜੋ ਵਿਦਿਆਰਥੀਆਂ ਨੂੰ ਵੀ ਇਸਲਾਮ ਬਾਰੇ ਜਾਣਕਾਰੀ ਮਿਲੇ।
ਇਹ ਵੀ ਪੜ੍ਹੋ:
ਇਸੇ ਕਾਨਫਰੰਸ ਵਿੱਚ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਦੇ ਪ੍ਰਧਾਨ ਮੰਤਰੀ ਰਜਾ ਫਾਰੂਕ ਹੈਦਰ ਵੀ ਮੌਜੂਦ ਸਨ।
ਉਨ੍ਹਾਂ ਨੇ ਸਾਰੇ ਤਰ੍ਹਾਂ ਦੇ ਫਰਾਂਸਿਸੀ ਸਮਾਨ ਦੇ ਬਾਇਕਾਟ ਦੀ ਅਪੀਲ ਕੀਤੀ।
ਪਾਕਿਸਤਾਨ, ਭਾਰਤ ਸਣੇ ਕਈ ਮੁਲਕਾਂ 'ਚ ਮੁਜ਼ਾਹਰੇ
ਪਾਕਿਸਤਾਨ
ਇਸਲਾਮ ਉੱਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕਰੋਂ ਦੇ ਬਿਆਨ ਨੂੰ ਲੈ ਕੇ ਸ਼ੁੱਕਰਵਾਰ (30 ਅਕਤੂਬਰ) ਨੂੰ ਪਾਕਿਸਤਾਨ ਵਿੱਚ ਕਈ ਥਾਵਾਂ ਉੱਤੇ ਮੁਜ਼ਾਹਰੇ ਹੋਏ।

ਤਸਵੀਰ ਸਰੋਤ, EPA
ਪਾਕਿਸਤਾਨ ਦੇ ਇਸਲਾਮਾਬਾਦ 'ਚ ਮੌਜੂਦ ਫਰਾਂਸਿਸੀ ਸਫਾਰਤਖਾਨੇ ਦੇ ਸਾਹਮਣੇ ਵੀ ਵਿਰੋਧ ਪ੍ਰਦਰਸ਼ਨ ਹੋਏ ਅਤੇ ਫਰਾਂਸ ਦੀਆਂ ਵਸਤਾਂ ਦੇ ਬਾਇਕਾਟ ਦੀ ਅਪੀਲ ਕੀਤੀ ਗਈ।
ਇੱਥੇ ਲੋਕਾਂ ਦੀ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਦੇ ਗੋਲ ਛੱਡਣੇ ਪਏ।
ਕਰਾਚੀ ਵਿੱਚ ਵੀ ਕਰੀਬ 10 ਹਜਾਰ ਲੋਕਾਂ ਨੇ ਜੁੰਮੇ ਦੀ ਨਮਾਜ਼ ਤੋਂ ਬਾਅਦ ਫਰਾਂਸਿਸੀ ਰਾਸ਼ਟਰਪਤੀ ਦੇ ਵਿਰੋਧ ਵਿੱਚ ਨਾਅਰੇ ਲਗਾਏ।
ਭਾਰਤ
ਵੀਰਵਾਰ (29 ਅਕਤੂਬਰ) ਨੂੰ ਮੱਧ ਪ੍ਰਦੇਸ਼ ਦੇ ਭੋਪਾਲ ਦੇ ਇਕਬਾਲ ਮੈਦਾਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨਾਂ ਨੇ ਫਰਾਂਸ ਦਾ ਵਿਰੋਧ ਕੀਤਾ ਅਤੇ ਫਰਾਂਸਿਸੀ ਝੰਡਾ ਵੀ ਸਾੜਿਆ ਗਿਆ।
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਸ਼ੁਰੈਹ ਨਿਆਜ਼ੀ ਮੁਤਾਬਕ ਇਸ ਮੌਕੇ 'ਤੇ ਮੌਜੂਦ ਕਾਂਗਰਸੀ ਵਿਧਾਇਕ ਆਰਿਫ਼ ਮਸੂਦ ਨੇ ਭਾਰਤ ਸਰਕਾਰ ਤੋਂ ਆਪਣਾ ਰਾਜਦੂਤ ਵਾਪਸ ਬੁਲਾਉਣ ਦੀ ਮੰਗ ਕੀਤੀ।
ਇਸ ਘਟਨਾ ਤੋਂ ਬਾਅਦ ਮੱਧ ਪ੍ਰਦੇਸ਼ ਦੀ ਸਰਕਾਰ ਹਰਕਤ 'ਚ ਆਈ ਅਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਇਸ ਮਾਮਲੇ 'ਚ 188 IPC ਤਹਿਤ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਕਿਸੇ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਬੰਗਲਾਦੇਸ਼
ਸ਼ੁੱਕਰਵਾਰ (30 ਅਕਤੂਬਰ) ਨੂੰ ਬੰਗਲਾਦੇਸ਼ ਵਿੱਚ ਫਰਾਂਸ ਵਿਰੋਧੀ ਪ੍ਰਦਰਸ਼ਨ ਹੋਏ ਜਿਸ 'ਚ ਸੈਕੜੇ ਲੋਕ ਸ਼ਾਮਿਲ ਹੋਏ।

ਤਸਵੀਰ ਸਰੋਤ, EPA
ਰਾਜਧਾਨੀ ਢਾਕਾ ਦੀ ਬੈਤੁਲ ਮੁਕਰੱਮ ਮਸਜਿਦ ਦੇ ਸਾਹਮਣੇ ਬੰਗਲਾਦੇਸ਼ ਦੇ ਸੈਂਕੜੇ ਆਮ ਲੋਕਾਂ ਸਣੇ ਕਈ ਸਿਆਸੀ ਪਾਰਟੀਆਂ ਦੇ ਲੋਕ ਵੀ ਸ਼ਾਮਿਲ ਹੋਏ। ਲੋਕਾਂ ਦੇ ਹੱਥਾਂ ਵਿੱਚ ਜਿਹੜੇ ਪੋਸਟਰ ਸਨ, ਉਨ੍ਹਾਂ ਉੱਤੇ ਇਮੈਨੁਅਲ ਮੈਕਰੋਂ ਬਾਰੇ ਲਿਖਿਆ ਸੀ ਕਿ ਉਹ ''ਸ਼ਾਂਤੀ ਦੇ ਦੁਸ਼ਮਣ'' ਹਨ।
ਖ਼ਬਰ ਏਜੰਸੀ ਏਐੱਫ਼ਪੀ ਮੁਤਾਬਕ ਪੁਲਿਸ ਨੇ ਕਿਹਾ ਕਿ ਢਾਕਾ ਵਿੱਚ ਹੋਏ ਵਿਰੋਧ ਪ੍ਰਦਰਸ਼ਨ 'ਚ 12 ਹਜ਼ਾਰ ਲੋਕ ਸ਼ਾਮਿਲ ਹੋਏ। ਹਾਲਾਂਕਿ ਪ੍ਰਬੰਧਕਾਂ ਦਾ ਦਾਅਵਾ ਹੈ ਕਿ 40 ਹਜ਼ਾਰ ਲੋਕਾਂ ਨੇ ਮੁਜ਼ਾਹਰਿਆਂ 'ਚ ਸ਼ਿਰਕਤ ਕੀਤੀ।
ਫ਼ਲਸਤੀਨ
ਫ਼ਲਸਤੀਨ 'ਚ ਫਰਾਂਸਿਸੀ ਰਾਸ਼ਟਰਪਤੀ ਦਾ ਵਿਰੋਧ ਕਰ ਰਹੇ ਫ਼ਲਸਤੀਨੀਆਂ ਅਤੇ ਇਸਰਾਇਲੀ ਬਾਰਡਰ ਪੁਲਿਸ ਵਿਚਾਲੇ ਝੜਪ ਦੀ ਖ਼ਬਰ ਹੈ।
ਫ਼ਲਸਤੀਨ ਦੀ ਅਲ ਅਕਸਾ ਮਸਜਿਦ ਦੇ ਸਾਹਮਣੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਿਰੋਧ ਪ੍ਰਦਰਸ਼ਨ 'ਚ ਸ਼ਾਮਿਲ ਹੋਏ। ਉਧਰ ਗਜ਼ਾ 'ਚ ਮੈਕਰੋਂ ਦਾ ਪੁਤਲਾ ਸਾੜਿਆ ਗਿਆ।

ਤਸਵੀਰ ਸਰੋਤ, EPA
ਅਲ ਅਕਸਾ ਮਸਜਿਦ ਸਾਹਮਣੇ ਆਏ ਇੱਕ ਪ੍ਰਦਰਸ਼ਨਕਾਰੀ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ, ''ਫਰਾਂਸ ਵਿੱਚ ਹਿੰਸਾ ਦੀਆਂ ਜੋ ਘਟਨਾਵਾਂ ਹੋ ਰਹੀਆਂ ਹਨ ਅਸੀਂ ਉਸ ਦੇ ਲਈ ਫਰਾਂਸ ਦੇ ਰਾਸ਼ਟਰਪਤੀ ਨੂੰ ਜ਼ਿੰਮੇਦਾਰ ਠਹਿਰਾਉਂਦੇ ਹਾਂ। ਇਸਲਾਮ ਅਤੇ ਮੁਸਲਮਾਨਾਂ ਦੇ ਖਿਲਾਫ ਉਨ੍ਹਾਂ ਦੇ ਬਿਆਨ ਦੀ ਵਜ੍ਹਾ ਕਰਕੇ ਇਹ ਸਭ ਹੋ ਰਿਹਾ ਹੈ।''
ਹਮਾਸ ਦੇ ਇੱਕ ਅਧਿਕਾਰੀ ਨਾਸਿਮ ਯਾਸਿਮ ਆਖਦੇ ਹਨ, ''ਅਸੀਂ ਦੁਨੀਆਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਪੈਗੰਬਰ ਮੁਹੰਮਦ ਸਾਡੇ ਲਈ ਉਸ ਲਕੀਰ ਵਾਂਗ ਹਨ ਜਿਸ ਦੀ ਕੋਈ ਬੇਅਦਬੀ ਨਹੀਂ ਕਰ ਸਕਦਾ। ਜੋ ਬੇਅਦਬੀ ਕਰੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ।''
ਮਸਜਿਦ ਦੇ ਅਹਾਤੇ ਵਿੱਚ ਮੌਜੂਦ ਪ੍ਰਦਰਸ਼ਕਾਰੀਆਂ ਨੂੰ ਇਸਰਾਇਲੀ ਸੀਮਾ ਪੁਲਿਸ ਨੇ ਉੱਥੋਂ ਜਾਣ ਲਈ ਕਿਹਾ।
ਫਰਾਂਸ ਅਤੇ ਇਸਲਾਮ ਉੱਤੇ ਕਿਉਂ ਹੋ ਰਹੀ ਚਰਚਾ?
ਇਸੇ ਮਹੀਨੇ (ਅਕਤੂਬਰ) ਫਰਾਂਸ ਵਿੱਚ ਪੈਗੰਬਰ ਮੁਹੰਮਦ ਦੇ ਇੱਕ ਕਾਰਟੂਨ ਨੂੰ ਦਿਖਾਉਣ ਵਾਲੇ ਅਧਿਆਪਕ ਸੈਮੁਅਲ ਪੈਟੀ ਉੱਤੇ ਹਮਲਾ ਕਰ ਕੇ ਇੱਕ ਵਿਅਕਤੀ ਨੇ ਉਨ੍ਹਾਂ ਦਾ ਗਲਾ ਵੱਢ ਦਿੱਤਾ ਸੀ। ਇਸ ਤੋਂ ਬਾਅਦ ਫਰਾਂਸ ਵਿਚ ਵੱਡੇ ਪੱਧਰ ਉੱਤੇ ਵਿਰੋਧ ਪ੍ਰਦਰਸ਼ਨ ਹੋਏ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਪੈਗੰਬਰ ਮੁਹੰਮਦ ਦੇ ਵਿਵਾਦਤ ਕਾਰਟੂਨ ਦਿਖਾਉਣ ਦੇ ਅਧਿਆਪਕ ਦੇ ਫੈਸਲੇ ਦਾ ਬਚਾਅ ਕੀਤਾ ਅਤੇ ਕਿਹਾ ਕਿ ਮੁਸਲਮਾਨ ਕੱਟੜਪੰਥੀ ਸੰਗਠਨਾਂ ਦੇ ਖਿਲਾਫ਼ ਕਾਰਵਾਈ ਕਰਨਗੇ।

ਤਸਵੀਰ ਸਰੋਤ, Reuters
ਉਨ੍ਹਾਂ ਨੇ ਕਿਹਾ ਫਰਾਂਸ ਦੇ ਕਰੀਬ 60 ਲੱਖ ਮੁਸਲਮਾਨਾਂ ਦੇ ਇੱਕ ਘੱਟ ਗਿਣਤੀ ਤਬਕੇ ਨੂੰ ''ਕਾਊਂਟਰ ਸੁਸਾਇਟੀ'' ਪੈਦਾ ਹੋਣ ਦਾ ਖ਼ਤਰਾ ਹੈ। ਕਾਊਂਟਰ ਸੁਸਾਇਟੀ ਜਾਂ ਕਾਊਂਟਰ ਕਲਚਰ ਦਾ ਮਤਲਬ ਇੱਕ ਅਜਿਹਾ ਸਮਾਜ ਤਿਆਰ ਕਰਨਾ ਹੈ ਜੋ ਉਸ ਦੇਸ਼ ਦੇ ਸਮਾਜ ਦੀ ਮੂਲ ਸੰਸਕ੍ਰਿਤੀ ਤੋਂ ਵੱਖਰਾ ਹੁੰਦਾ ਹੈ।
ਇਮੈਨੁਅਲ ਮੈਕਰੋਂ ਦੇ ਇਸ ਫੈਸਲੇ ਤੋਂ ਕਈ ਮੁਸਲਮਾਨ ਬਹੁਗਿਣਤੀ ਦੇਸ਼ ਨਾਰਾਜ਼ ਹਨ।
ਸੋਮਵਾਰ (26 ਅਕਤੂਬਰ) ਨੂੰ ਪਾਕਿਸਤਾਨ ਅਤੇ ਈਰਾਨ ਦੀ ਸੰਸਦ ਨੇ ਇੱਕ ਮਤਾ ਪਾਸ ਕਰ ਕੇ ਮੈਕਰੋਂ ਦੀ ਆਲੋਚਨਾ ਕੀਤੀ। ਪਾਕਿਸਤਾਨ ਦੀ ਸੰਸਦ ਨੇ ਤਾਂ ਫਰਾਂਸ ਤੋਂ ਆਪਣਾ ਰਾਜਦੂਤ ਤੱਕ ਵਾਪਸ ਬੁਲਾਉਣ ਦੀ ਮੰਗ ਕੀਤੀ।
ਈਰਾਨ ਦੀ ਸੰਸਦ ਦਾ ਕਹਿਣਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਉੱਤੇ ਪੈਗੰਬਰ ਮੁਹੰਮਦ ਦੀ ਬੇਅਦਬੀ ਫਰਾਂਸਿਸੀ ਸਰਕਾਰ ਦੇ ਰੁਖ਼ ਉੱਤੇ ਸਵਾਲ ਚੁੱਕਦੀ ਹੈ।
ਕਈ ਦੇਸ਼ਾਂ ਨੇ ਫਰਾਂਸ ਦੇ ਬਣੇ ਸਮਾਨ ਦੇ ਬਾਇਕਾਟ ਦੀ ਵੀ ਅਪੀਲ ਕੀਤੀ।
ਤੁਰਕੀ ਦੇ ਰਾਸ਼ਟਰਪਤੀ ਅਰਦੋਆਨ ਨੇ ਕਿਹਾ, ''ਜੇ ਫਰਾਂਸ ਵਿੱਚ ਮੁਸਲਮਾਨਾਂ ਦਾ ਸ਼ੋਸ਼ਣ ਹੁੰਦਾ ਹੈ ਤਾਂ ਦੁਨੀਆਂ ਦੇ ਆਗੂ ਮੁਸਲਮਾਨਾਂ ਦੀ ਸੁਰੱਖਿਆ ਲਈ ਅੱਗੇ ਆਉਣ, ਫਰਾਂਸਿਸੀ ਲੇਬਲ ਵਾਲੇ ਉਤਪਾਦ ਨਾ ਖਰੀਦੋ।''
ਉਨ੍ਹਾਂ ਨੇ ਕਿਹਾ ਕਿ ਫਰਾਂਸ ਵਿੱਚ ਮੁਸਲਮਾਨਾਂ ਦੇ ਖਿਲਾਫ਼ ਅਜਿਹਾ ਹੀ ਅਭਿਆਨ ਚਲਾਇਆ ਜਾ ਰਿਹਾ ਹੈ, ਜਿਵੇਂ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਯਹੂਦੀਆਂ ਦੇ ਖਿਲਾਫ਼ ਚਲਾਇਆ ਗਿਆ ਸੀ।
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












