ਔਰਤਾਂ ਨੂੰ ‘ਜਿਣਸੀ ਗੁਲਾਮ’ ਰੱਖਣ ਵਾਲੇ ਅਮਰੀਕੀ ‘ਬਾਬੇ’ ਨੂੰ 120 ਸਾਲ ਦੀ ਸਜ਼ਾ ਕਿਉਂ ਹੋਈ

ਤਸਵੀਰ ਸਰੋਤ, KEITH RANIERE CONVERSATIONS/ YOUTUBE
ਹਾਲ ਹੀ ਵਿੱਚ ਅਮਰੀਕਾ ਦੇ ਨੈਕਸੀਅਮ ਸੰਪ੍ਰਦਾਇ ਦੇ ਮੁਖੀ ਕੀਥ ਰੈਨੀਰ ਨੂੰ 120 ਸਾਲਾਂ ਦੀ ਕੈਦ ਸੁਣਾਈ ਗਈ ਹੈ।
ਕੀਥ ਰੈਨੀਰ ਨੂੰ ਪਿਛਲੇ ਸਾਲ ਧੋਖਾਧੜੀ, ਸੈਕਸ ਤਸਕਰੀ, ਬੱਚਿਆਂ ਦੀ ਫਾਹਸ਼ ਸਮਗੱਰੀ ਰੱਖਣ ਸਮੇਤ ਹੋਰ ਜੁਰਮਾਂ ਵਿੱਚ ਮੁਜਰਮ ਐਲਾਨਿਆ ਗਿਆ ਸੀ।
ਬਾਹੈਸੀਅਤ ਸੰਪ੍ਰਦਾਇ ਮੁਖੀ ਉਹ ਗੁਲਾਮ ਬਣਾਉਣ ਲਈ ਔਰਤਾਂ ਦੀ ਭਰਤੀ ਕਰਦਾ ਸੀ ਅਤੇ ਇਨ੍ਹਾਂ ਨੂੰ ਆਪਣੇ ਨਾਲ ਜਿਣਸੀ ਸੰਬੰਧ ਬਣਾਉਣ ਲਈ ਮਜ਼ਬੂਰ ਕਰਦਾ ਸੀ।
ਅਜਿਹੇ ਵਿੱਚ ਸਵਾਲ ਇਹ ਹੈ ਕਿ ਇਨ੍ਹਾਂ ਡੇਰਿਆਂ ਵਿੱਚ ਅਜਿਹਾ ਕੀ ਹੈ ਜੋ ਲੋਕਾਂ ਨੂੰ ਮਜਬੂਰ ਕਰ ਦਿੰਦਾ ਹੈ?
ਸਰਕਾਰੀ ਪੱਖ ਦਾ ਕਹਿਣਾ ਸੀ ਸੀ ਕਿ ਕੀਥ (60) ਨੂੰ ਸੰਪ੍ਰਦਾਇ ਦੇ ਪੀੜਤਾਂ ਨੂੰ ਪਹੁੰਚਾਏ "ਅਥਾਹ ਨੁਕਸਾਨ" ਲਈ ਆਪਣੀ ਰਹਿੰਦੀ ਜ਼ਿੰਦਗੀ ਕੈਦ ਵਿੱਚ ਕੱਟਣੀ ਚਾਹੀਦੀ ਸੀ।
ਇਹ ਵੀ ਪੜ੍ਹੋ:
ਮੰਗਲਵਾਰ ਨੂੰ ਬਰੂਕਲਿਨ ਦੇ ਜ਼ਿਲ੍ਹਾ ਜੱਜ ਨਿਕੋਲਸ ਗਰਾਉਫਿਸ ਨੇ ਸਜ਼ਾ ਦੇ ਨਾਲ-ਨਾਲ ਕੀਥ ਨੂੰ 17.5 ਲੱਖ ਦਾ ਜ਼ੁਰਮਾਨਾ ਵੀ ਕੀਤਾ ਹੈ।
ਪਿਛਲੇ ਸਾਲ ਕੀਥ ਨੇ ਮਾਮਲੇ ਵਿੱਚ ਆਪਣਾ ਬਚਾਅ ਨਹੀਂ ਕੀਤਾ ਸੀ ਅਤੇ ਉਹ ਇਸ ਸੰਪ੍ਰਦਾਇ ਦੇ ਇੱਕ ਮੈਂਬਰ ਵਜੋਂ ਹੀ ਇਸ ਵਿੱਚ ਮੁਲਜ਼ਮ ਬਣਾਇਆ ਗਿਆ ਸੀ। ਜਦਕਿ ਬਾਕੀਆਂ ਨੇ ਸਰਕਾਰੀ ਗਵਾਹ ਬਣਨਾ ਸਵੀਕਾਰ ਕਰ ਲਿਆ ਸੀ।
ਕੀਥ ਦੇ ਵਕੀਲ ਸਾਰੀ ਸੁਣਵਾਈ ਦੌਰਾਨ ਹੀ ਆਪਣੇ ਕਲਾਈਂਟ ਦੀ ਬੇਕਸੂਰੀ ਸਾਬਤ ਕਰਦੇ ਰਹੇ। ਉਨ੍ਹਾਂ ਨੇ ਕੀਥ ਨੂੰ ਸਜ਼ਾ ਦਿੱਤੇ ਜਾਣ ਲਈ 'ਮੀਡੀਆ ਕੈਂਪੇਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਵਿੱਚ ਉਹ ਗਵਾਹ ਸ਼ਾਮਲ ਸਨ ਜਿਨ੍ਹਾਂ ਨੂੰ ਝੂਠੀਆਂ ਗਵਾਹੀਆਂ ਦੇਣ ਲਈ ਪ੍ਰੇਰਿਤ ਕੀਤਾ ਗਿਆ ਸੀ'।
ਨੈਕਸੀਅਮ (Nxivm ਲਿਖਿਆ ਜਾਂਦਾ ਹੈ) ਸੰਪ੍ਰਦਾਇ ਖ਼ਿਲਾਫ਼ ਅਮਰੀਕੀ ਜਾਂਚ ਏਜੰਸੀਆਂ ਨੇ ਸਾਲ 2017 ਵਿੱਚ ਨਿਊ-ਯਾਰਕ ਟਾਈਮਜ਼ ਵੱਲੋਂ ਇੱਕ ਪੜਤਾਲੀਆ ਰਿਪੋਰਟ ਛਾਪੇ ਜਾਣ ਮਗਰੋਂ ਛਾਣਬੀਣ ਸ਼ੁਰੂ ਕੀਤੀ ਸੀ।

ਤਸਵੀਰ ਸਰੋਤ, Reuters
ਕੀ ਸੀ ਨੈਕਸੀਅਮ ਸੰਪ੍ਰਦਾਇ ਅਤੇ ਕੀ ਕਰਦਾ ਸੀ ਬਾਬਾ ਕੀਥ ਰੈਨੀਰ
ਇਸ ਸੰਪ੍ਰਦਾਇ ਦਾ ਮੁੱਢ ਅਮਰੀਕਾ ਦੇ ਨਿਊਯਾਰਕ ਅਲਬਾਨੀ ਵਿੱਚ ਸਾਲ 1998 ਵਿੱਚ ਬੰਨ੍ਹਿਆ ਗਿਆ ਸੀ। ਇਹ ਸੰਪ੍ਰਦਾਇ ਆਪਣੇ-ਆਪ ਨੂੰ 'ਮਨੁੱਖਤਾਵਾਦੀ ਸਿਧਾਂਤਾਂ 'ਤੇ ਚੱਲਣ ਵਾਲਾ ਸੰਪ੍ਰਦਾਇ' ਕਹਿੰਦਾ ਸੀ ਜੋ 'ਲੋਕਾਂ ਨੂੰ ਸਮਰੱਥ ਬਣਾਉਣਾ ਲੋਚਦਾ ਸੀ'।
ਸੰਸਥਾ ਦੀ ਟੈਗਲਾਈਨ ਸੀ ਕਿ ਇੱਕ 'ਬਿਹਤਰ ਦੁਨੀਆਂ ਦੀ ਸਿਰਜਣਾ ਲਈ ਕੰਮ ਕਰ ਰਹੇ ਹਾਂ'। ਸੰਸਥਾ ਦਾ ਦਾਅਵਾ ਹੈ ਕਿ ਇਸ ਨੇ 16000 ਲੋਕਾਂ ਨਾਲ ਮਿਲ ਕੇ ਕੰਮ ਕਰਦਿਆਂ ਸੰਸਥਾ ਦੇ ਪੂਰੇ ਅਮਰੀਕਾ, ਕੈਨੇਡਾ, ਮੈਕਸੀਕੋ ਅਤੇ ਕੇਂਦਰੀ ਅਮਰੀਕਾ ਵਿੱਚ ਡੇਰੇ ਸਨ।
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਜਦਕਿ ਅਸਲੀਅਤ ਵਿੱਚ ਕੀਥ ਰੈਨੀਰ ਇਸ ਦਾ ਮੁਖੀ ਸੀ ਅਤੇ ਡੇਰੇ ਦੀਆਂ ਭਗਤਣੀਆਂ ਨੂੰ ਇੱਕ ਗੁਲਾਮ-ਮਾਲਕ ਪ੍ਰਣਾਲੀ ਤਹਿਤ ਕੰਟਰੋਲ ਕਰਦਾ ਸੀ।
ਕੀਥ ਦੇ ਜਨਮ ਦਿਨ ਨੂੰ ਵੈਨਗਾਰਡ-ਹਫ਼ਤੇ ਵਜੋਂ ਮਨਾਇਆ ਜਾਂਦਾ। ਇਨ੍ਹਾਂ ਸਮਾਗਮਾਂ ਦੌਰਾਨ ਕੁਝ ਔਰਤਾਂ ਦੇ ਪੇਡੂਆਂ ਉੱਪਰ ਕੀਥ ਦੇ ਸੰਖੇਪ ਦਸਖ਼ਤ ਵੀ ਖੁਣੇ ਜਾਂਦੇ ਸਨ।
ਡੇਰੇ ਦੀ ਇੱਕ ਸਾਬਕਾ ਭਗਤਣੀ ਨੇ ਆਪਣੀ ਗਵਾਹੀ ਵਿੱਚ ਕਿਹਾ ਕਿ ਅਠਾਰ੍ਹਵੇਂ ਜਨਮ ਦਿਨ ਤੋਂ ਪਹਿਲਾਂ ਉਸ ਨੂੰ ਕਈ ਮਹੀਨਿਆਂ ਤੱਕ ਕੀਥ ਦੁਆਰਾ ਉਸ ਦਾ ਕੁਆਰ ਭੰਗ ਕਰਨ ਲਈ ਤਿਆਰ ਕੀਤਾ ਗਿਆ।
ਡੇਨੀਅਲਾ ਵਜੋਂ ਜਾਣੀ ਜਾਂਦੀ ਇਸ ਭਗਤਣੀ ਨੇ ਅਦਾਲਤ ਨੂੰ ਦੱਸਿਆ ਕਿ ਕੀਥ ਨੇ ਉਸ ਨੂੰ ਅਤੇ ਉਸ ਦੀਆਂ ਨਾਬਾਲਗ ਭੈਣਾਂ ਨੂੰ ਗਰਭਵਤੀ ਕੀਤਾ ਅਤੇ ਫਿਰ ਜਬਰਨ ਗਰਭਪਾਤ ਕਰਵਾਉਣ ਨੂੰ ਕਿਹਾ ਅਤੇ ਕਈ ਮੌਕਿਆਂ 'ਤੇ ਜਿਣਸੀ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਗਿਆ।
ਕੀਥ ਦੇ ਡੇਰੇ ਦੇ ਚੇਲਿਆਂ ਵਿੱਚ ਹਾਲੀਵੁੱਡ ਦੀਆਂ ਕਈ ਅਦਾਕਾਰ ਅਤੇ ਮੈਕਸੀਕੋ ਦੇ ਇੱਕ ਸਾਬਕਾ ਰਾਸ਼ਟਰਪਤੀ ਦਾ ਪੁੱਤਰ ਵੀ ਸ਼ਾਮਲ ਸਨ। ਕੀਥ ਦੇ ਕਈ ਚੇਲਿਆਂ ਨੇ ਉਸ ਦੇ ਖ਼ਿਲਾਫ਼ ਅਦਾਲਤ ਵਿੱਚ ਗਵਾਹੀ ਵੀ ਦਿੱਤੀ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਛਪਣ ਤੋਂ ਬਾਅਦ ਕੀਥ ਰੈਨੀਰ ਦੇ ਅਮਰੀਕਾ ਤੋਂ ਭੱਜਣ ਮਗਰੋਂ ਐੱਫ਼ਬੀਆਈ ਨੇ 2018 ਵਿੱਚ ਮੈਕਸੀਕੋ ਤੋਂ ਗ੍ਰਿਫ਼ਤਾਰ ਕੀਤਾ ਸੀ।
ਹੇਠਾਂ ਪੜ੍ਹੋ ਕਿ ਕਿਵੇਂ ਅਮਰੀਕਾ ਅਤੇ ਦੁਨੀਆਂ ਭਰ ਵਿੱਚ ਲੋਕ ਅਜਿਹੇ ਡੇਰਿਆਂ ਦੇ ਮੱਕੜ ਜਾਲ ਵਿੱਚ ਫਸੇ ਅਤੇ ਫਿਰ ਨਿਕਲੇ। ਕੀ ਰਹੇ ਉਨ੍ਹਾਂ ਦੇ ਤਜ਼ਰਬੇ ਅਤੇ ਬਾਹਰ ਆ ਕੇ ਉਹ ਮੁੜ ਸਮਾਜ ਦਾ ਹਿੱਸਾ ਕਿਵੇਂ ਬਣੇ?
ਚੇਤਾਵਨੀ: ਹੇਠ ਦਿੱਤੀ ਗਈ ਜਾਣਕਾਰੀ ਤੁਹਾਡੇ ਲਈ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ।


ਤਸਵੀਰ ਸਰੋਤ, Renee Linnell
ਜਾਰਜ ਰਾਇਟ, ਬੀਬੀਸੀ ਨਿਊਜ਼ ਦੀ ਕਲਮ ਤੋਂ -
ਅਜਿਹੇ ਸੰਪ੍ਰਦਾਇ ਦਾ ਹਿੱਸਾ ਰਹੀ ਰੇਨੇ ਲਿਨੈਲ ਨੇ ਕਿਹਾ, ''ਮੈਂ ਇੱਕ ਡਾਂਸਰ ਸੀ, ਪਰ ਇੱਕ ਮੈਡੀਟੇਸ਼ਨ ਸੈਮੀਨਾਰ ਨੇ ਮੇਰੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ।''
''ਬਾਹਰ ਤੋਂ ਦੇਖਣ 'ਤੇ ਇਹ ਜ਼ਿੰਦਗੀ ਬਿਲਕੁਲ ਸੰਪੂਰਨ ਦਿਖਾਈ ਦਿੰਦੀ ਸੀ।''
''ਮੈਂ ਫ਼ਲੋਰਿਡਾ ਵਿੱਚ ਵੱਡੀ ਹੋਈ। ਬਾਹਮਾਜ਼ ਵਿੱਚ ਮੈਂ ਹਮੇਸ਼ਾ ਅੰਦਰੋਂ ਖਾਲੀ ਅਤੇ ਉਦਾਸ ਮਹਿਸੂਸ ਕਰਿਆ ਕਰਦੀ। ਮੈਂਨੂੰ ਲੱਗਦਾ ਸੀ ਕਿ ਮੈਂ ਇੱਥੇ ਫਿੱਟ ਨਹੀਂ ਬੈਠਦੀ ਹਾਂ।''
''ਜਦੋਂ ਮੈਂ 15 ਸਾਲ ਦੀ ਸੀ ਤਾਂ ਮੇਰੇ ਪਰਿਵਾਰ ਦੇ ਜ਼ਿਆਦਾ ਮੈਂਬਰ ਮਰ ਚੁੱਕੇ ਸਨ ਤੇ ਫਿਰ ਮੇਰੇ ਪਿਤਾ ਦੀ ਵੀ ਮੌਤ ਹੋ ਗਈ। ਮੈਂ ਹਮੇਸ਼ਾ ਇਸ ਗੱਲ ਦਾ ਜਵਾਬ ਲੱਭਦੀ ਰਹਿੰਦੀ ਸੀ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ ਅਤੇ ਅਸੀਂ ਇੱਥੇ ਕਿਉਂ ਹਾਂ?''
''ਜਦੋਂ ਮੈਂ 33 ਸਾਲਾਂ ਦੀ ਸੀ ਤਾਂ ਮੈਂ ਇੱਕ ਤਾਂਤਰਿਕ ਬੋਧੀ ਮੈਡੀਟੇਸ਼ਨ ਸੈਮੀਨਾਰ 'ਤੇ ਪਹੁੰਚੀ ਅਤੇ ਮੈਂ ਬੈਠ ਕੇ ਧਿਆਨ ਲਗਾਉਣ ਦੀ ਕੋਸ਼ਿਸ਼ ਕੀਤੀ।''
''ਮੈਨੂੰ ਲੱਗਾ ਕਿ ਉੱਥੇ ਕੋਈ ਬਜ਼ੁਰਗ ਮਹਿਲਾ ਹੋਵੇਗੀ, ਜਿਸਦੇ ਵਾਲ ਚਿੱਟੇ ਹੋਣਗੇ, ਉਸਨੇ ਚਿੱਟੇ ਕਪੜੇ ਪਾਏ ਹੋਣਗੇ ਅਤੇ ਧੀਮਾ ਸੰਗੀਤ ਚੱਲ ਰਿਹਾ ਹੋਵੇਗਾ।''
''ਪਰ ਉੱਥੇ ਇੱਕ ਨੌਜਵਾਨ ਮਹਿਲਾ ਸੀ ਅਤੇ ਉਸ ਨੇ ਮਹਿੰਗੇ ਬਿਜ਼ਨਸ ਸੂਟ ਦੇ ਨਾਲ ਹੀਲ ਵਾਲੇ ਸੈਂਡਲ ਪਾਏ ਹੋਏ ਸਨ।''
''ਉਸਨੇ ਟੈਕਨੋ ਸੰਗੀਤ ਲਗਾਇਆ ਅਤੇ ਕਿਹਾ 'ਆਓ ਅਸੀਂ ਧਿਆਨ ਲਗਾਈਏ''।
ਵੀਡੀਓ: ਰਾਮ ਰਹੀਮ ਦੀ ਪੈਰੋਲ ਤੋਂ ਕਿਨ ਨੂੰ ਡਰ ਸੀ?
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
'ਮੈਨੂੰ ਘਰ ਵਾਂਗ ਮਹਿਸੂਸ ਹੋਇਆ'
''ਮੈਂ ਧਿਆਨ ਲਗਾਉਣ ਲਈ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਮੈਨੂੰ ਇੱਕ ਸ਼ਾਨਦਾਰ ਤਜਰਬਾ ਹੋਇਆ।''
''ਸਭ ਕੁਝ ਚਿੱਟਾ ਹੋ ਗਿਆ ਅਤੇ ਬਹੁਤ ਸ਼ਾਂਤੀ ਸੀ। ਮੈਨੂੰ ਮਹਿਸੂਸ ਹੋਇਆ ਕਿ ਇਹ ਉਹੀ ਅਨੁਭਵ ਹੈ, ਜਿਸਦੀ ਮੈਂ ਪੂਰੀ ਜ਼ਿੰਦਗੀ ਭਾਲ ਕਰਦੀ ਰਹੀ।''
''ਮੈਂ ਸੋਚਿਆ, ਮੈਨੂੰ ਨਹੀਂ ਪਰਵਾਹ ਕਿ ਇਹ ਔਰਤ ਕੌਣ ਹੈ ਅਤੇ ਮੈਨੂੰ ਨਹੀਂ ਪਰਵਾਹ ਇਹ ਕੀ ਕਹਿੰਦੀ ਹੈ, ਪਰ ਮੈਨੂੰ ਘਰ ਵਾਂਗ ਮਹਿਸੂਸ ਹੋ ਰਿਹਾ ਹੈ।"
''ਕੁਝ ਸਮਾਂ ਲੱਗਿਆ ਪਰ ਹੁਣ ਮੈਨੂੰ ਅਹਿਸਾਸ ਹੈ ਕਿ ਇਹ ਕਿਸੇ ਜ਼ਹਿਰੀਲੇ ਰਿਸ਼ਤੇ ਵਰਗਾ ਸੀ।''
''ਜਦੋਂ ਤੁਸੀਂ ਪਹਿਲੀ ਡੇਟ 'ਤੇ ਜਾਂਦੇ ਹੋ ਅਤੇ ਤੁਹਾਡੇ 'ਤੇ ਕੋਈ ਹਮਲਾ ਕਰਦਾ ਹੈ ਤਾਂ ਤੁਸੀਂ ਦੂਸਰੀ ਡੇਟ 'ਤੇ ਨਹੀਂ ਜਾਂਦੇ। ਪਰ ਉਹ ਰੋਮਾਂਸ ਨਾਲ ਸ਼ੁਰੂਆਤ ਕਰਦੇ ਹਨ, ਤੁਹਾਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ, ਉਨ੍ਹਾਂ ਨੇ ਵੀ ਇਸ ਤਰ੍ਹਾਂ ਹੀ ਕੀਤਾ।''
''ਇਸ ਤੋਂ ਬਾਅਦ ਤੁਹਾਨੂੰ ਬਹੁਤ ਸਾਰੇ ਕੰਮ ਦਿੱਤੇ ਜਾਂਦੇ ਹਨ। ਇਹ ਕੰਮ ਇੰਨੇ ਜ਼ਿਆਦਾ ਹੁੰਦੇ ਹਨ ਕਿ ਤੁਹਾਡਾ ਪੂਰਾ ਸਮਾਂ ਸਮੂਹ ਵਿੱਚ ਹੀ ਲੰਘ ਜਾਂਦਾ ਹੈ। ਤੁਸੀਂ ਆਪਣੇ ਦੋਸਤ-ਮਿੱਤਰ, ਪਰਿਵਾਰ ਵਾਲੇ ਅਤੇ ਚਹੇਤੇ ਕੰਮਾਂ ਤੋਂ ਦੂਰ ਹੋ ਜਾਂਦੇ ਹੋ।''
''ਮੈਨੂੰ ਅਹਿਸਾਸ ਵੀ ਨਹੀਂ ਹੋਇਆ ਅਤੇ ਮੇਰਾ ਸਹਾਇਤਾ ਢਾਂਚਾ ਖ਼ਤਮ ਹੁੰਦਾ ਗਿਆ ਅਤੇ ਸਮੂਹ ਦੀ ਸੋਚ ਨੇ ਸਾਰੀ ਜਗ੍ਹਾ ਘੇਰ ਲਈ।''
''ਉਹ ਕਿਹਾ ਕਰਦੇ ਸੀ ਕਿ ਤੁਸੀਂ ਆਪਣੇ ਇੱਕ ਬਿਹਤਰ ਜਾਗਰੂਕ ਅੰਕ (ਐਨਲਾਇਟਨਡ ਵਰਜ਼ਨ) ਵਿੱਚ ਵਿਕਸਿਤ ਹੋ ਰਹੇ ਹੋ। ਤੁਹਾਡੇ ਪੁਰਾਣੇ ਵਜੂਦ ਵਿਚੋਂ ਹੁਣ ਕੁਝ ਵੀ ਲਾਗੂ ਨਹੀਂ ਹੁੰਦਾ।''
ਇਹ ਵੀ ਪੜ੍ਹੋ:
''ਉਹ ਆਖਦੇ ਸਨ ਕਿ ਇਹ ਸਭ ਇੱਕ ਸ਼ਰਾਬੀ ਵਾਂਗ ਹੈ। ਜਦੋਂ ਇੱਕ ਸ਼ਰਾਬੀ ਨਸ਼ਾ ਛੱਡ ਦਿੰਦਾ ਹੈ ਤਾਂ ਉਹ ਆਪਣੇ ਪੁਰਾਣੇ ਸ਼ਰਾਬ ਪੀਣ ਵਾਲੇ ਸਾਥੀਆਂ ਨਾਲ ਉਨ੍ਹਾਂ ਹੀ ਪੁਰਾਣੀਆਂ ਪੀਣ ਵਾਲੀਆਂ ਥਾਵਾਂ 'ਤੇ ਘੁੰਮਣ ਨਹੀਂ ਜਾ ਸਕਦਾ।''
''ਜਿੰਨਾਂ ਪੈਸਾ ਅਸੀਂ ਕਮਾਇਆ ਕਰਦੇ, ਉਸ ਤੋਂ ਜ਼ਿਆਦਾ ਅਸੀਂ ਦੇ ਦਿੰਦੇ ਸੀ। ਇਸ 'ਤੇ ਵੀ ਦਲੀਲ ਦਿੰਦਿਆਂ ਉਹ ਕਹਿੰਦੇ ਕਿ ਸਭ ਕੁਝ ਊਰਜਾ ਹੈ ਅਤੇ ਇਸ ਵਿੱਚ ਪੈਸਾ ਵੀ ਸ਼ਾਮਲ ਹੈ।''
''ਜਿੰਨੇ ਜ਼ਿਆਦਾ ਪੈਸੇ ਤੁਸੀਂ ਕਮਾਓਗੇ ਅਤੇ ਆਪਣੇ ਅਧਿਆਪਕਾਂ ਨੂੰ ਦਿਓਗੇ, ਉਨੀ ਹੀ ਵੱਧ ਸ਼ਕਤੀ ਤੁਹਾਨੂੰ ਪ੍ਰਾਪਤ ਹੋਵੇਗੀ।''
''ਇਹ ਇੱਕ ਤਰ੍ਹਾਂ ਦਾ ਸ਼ੋਸ਼ਣ ਸੀ, ਮੇਰੀ ਪੂਰੀ ਜ਼ਿੰਦਗੀ ਉਨ੍ਹਾਂ ਦੀ ਹੋ ਚੁੱਕੀ ਸੀ। ਫਿਰ ਮੇਰੇ ਗੁਰੂ ਨੇ ਮੈਨੂੰ ਸਾਥੀ ਦੇ ਤੌਰ 'ਤੇ ਭਰਮਾਇਆ, ਜਿਵੇਂ ਇੱਕ ਅਧਿਆਤਮਕ ਅਧਿਆਪਕ ਆਪਣੇ ਵਿਦਿਆਰਥੀ ਨੂੰ ਆਪਣਾ ਪ੍ਰੇਮੀ ਮੰਨਣ ਲੱਗਦਾ ਹੈ।''
''ਉਨ੍ਹਾਂ ਨੇ ਹੌਲੀ ਹੌਲੀ ਪਰ ਸਪਸ਼ਟ ਤੌਰ 'ਤੇ ਮੇਰੀ ਆਲੋਚਨਾ ਕਰਨੀ ਸ਼ੁਰੂ ਕੀਤੀ। ਮੈਂ ਜੋ ਵੀ ਕਰਦੀ, ਉਹ ਕਦੇ ਵੀ ਕਾਫ਼ੀ ਨਹੀਂ ਹੁੰਦਾ।''
ਅਧਿਆਪਕ ਕਿਹਾ ਕਰਦੇ, "ਤੁਹਾਡੀ ਹੋਮੈ ਇੰਨੀ ਵੱਡੀ ਹੈ ਕਿ ਤੁਸੀਂ ਬਦਲਣਾ ਨਹੀਂ ਚਾਹੁੰਦੇ।"
"ਮੈਂ ਸਪਸ਼ਟ ਕਰਦੀ ਕਿ ਮੈਂ ਬਦਲਨਾ ਚਾਹੁੰਦੀ ਹਾਂ ਅਤੇ ਜਾਗਰੁਕ (ਐਨਲਾਇਟਨ) ਹੋਣਾ ਚਾਹੁੰਦੀ ਹਾਂ। ਇਸ ਗੱਲ ਨੂੰ ਬਿਨ੍ਹਾਂ ਸਮਝੇ ਕਿ ਅਸਲ ਵਿੱਚ ਐਨਲਾਇਟਨਮੈਂਟ ਦਾ ਮਤਲਬ ਹੈ ਕੀ।''
''ਸ਼ਾਮਲ ਹੋਣ ਤੋਂ ਤਕਰੀਬਨ ਸੱਤ ਸਾਲਾਂ ਬਾਅਦ, ਮੈਂ ਖੁਦ ਨੂੰ ਮਹਿਸੂਸ ਕਰਨ ਦੀ ਇਜਾਜ਼ਤ ਦਿੱਤੀ। ਪਹਿਲਾਂ ਤਾਂ ਬਹੁਤ ਮੁਸ਼ਕਿਲ ਸੀ। ਮੈਂ ਨਿਊਯਾਰਕ ਛੱਡ ਦਿੱਤਾ ਅਤੇ ਕੋਲੋਰਾਡੋ ਚਲੀ ਗਈ। ਮੈਂਨੂੰ ਲੱਗਾ ਕਿ ਕਿਸੇ ਸ਼ਾਂਤ ਜਗ੍ਹਾ 'ਤੇ ਜਾ ਕੇ ਮੈਂ ਠੀਕ ਮਹਿਸੂਸ ਕਰਾਂਗੀ।''
''ਪਰ ਮੇਰੀ ਹਾਲਤ ਹੋਰ ਖਰਾਬ ਹੁੰਦੀ ਗਈ, ਮੈਂ ਘਰ ਤੋਂ ਬਾਹਰ ਵੀ ਨਹੀਂ ਜਾ ਸਕਦੀ ਸੀ। ਮੇਰਾ ਖੁਦਕੁਸ਼ੀ ਕਰਨ ਦਾ ਮੰਨ ਕਰਦਾ ਸੀ, ਬਹੁਤ ਘੱਟ ਖਾਣਾ ਖਾਇਆ ਕਰਦੀ ਅਤੇ ਛੇ ਮਹੀਨੇ ਸਾਰਾ ਦਿਨ ਸੁੱਤੀ ਰਹਿੰਦੀ।''
''ਇਸ ਤੋਂ ਬਾਅਦ ਖੁਸ਼ੀ ਫਿਰ ਮੇਰੀ ਜ਼ਿੰਦਗੀ ਵਿੱਚ ਵਾਪਸ ਆਉਣ ਲੱਗੀ। ਮੈਨੂੰ ਪੰਜ ਸਾਲ ਲੱਗੇ, ਅਤੇ ਫਿਰ ਮਹਿਸੂਸ ਹੋਇਆ ਕਿ ਹੁਣ ਮੇਰੀ ਜ਼ਿੰਦਗੀ ਬਿਹਤਰ ਹੋ ਰਹੀ ਹੈ।''

ਤਸਵੀਰ ਸਰੋਤ, Sarah Lionheart
ਸਾਰਾਹ ਗੁਰੂ ਦੀ ਭਾਲ 'ਚ ਭਾਰਤ ਆਈ ਸੀ
ਸਾਰਾਹ ਲਾਇਨਹਾਰਟ ਨੇ ਕਿਹਾ, ''ਮੈਨੂੰ ਭਾਰਤ ਵਿੱਚ ਇੱਕ ਗੁਰੂ ਵਲੋਂ ਕੈਦ ਕਰਕੇ ਰੱਖਿਆ ਗਿਆ ਸੀ।''
''ਮੈਂ ਰੂਹਾਨੀਅਤ ਅਤੇ ਚੇਤਨਾ (ਕਾਨਸ਼ੀਅਸਨੈੱਸ ਐਂਡ ਸਪੀਰੀਚੁਐਲਿਟੀ) ਵਿੱਚ ਪੀਐਚ.ਡੀ. ਕਰ ਰਹੀ ਸੀ। ਮੈਂ ਇੱਕ ਗੱਲਬਾਤ ਦੇ ਪ੍ਰੋਗਰਾਮ ਵਿੱਚ ਗਈ ਜਿੱਥੇ ਇੱਕ ਹਿੰਦੂ ਸਾਧੂ ਚੇਤਨਾ ਅਤੇ ਮਨ ਬਾਰੇ ਬਹੁਤ ਹੀ ਵਧੀਆ ਭਾਸ਼ਣ ਦੇ ਰਿਹਾ ਸੀ ਅਤੇ ਮੈਂ ਉਨ੍ਹਾਂ ਹੇਠ ਸਿਖਲਾਈ ਲੈਣ ਲੱਗੀ।''
''ਫਿਰ ਉਨ੍ਹਾਂ ਨੇ ਕਿਹਾ ਮੈਂ ਇਸ ਤੋਂ ਵੱਧ ਤੁਹਾਨੂੰ ਹੋਰ ਕੁਝ ਨਹੀਂ ਸਿਖਾ ਸਕਦਾ, ਤੁਹਾਨੂੰ ਭਾਰਤ ਵਿਚ ਮੇਰੇ ਗੁਰੂ ਕੋਲ ਜਾਣਾ ਹੋਵੇਗਾ, ਉਹ ਅਧਿਆਤਮਕ ਤੌਰ 'ਤੇ ਪੂਰੀ ਤਰ੍ਹਾਂ ਜਾਗਰੂਕ ਹਨ। ਤੁਹਾਡੇ ਕੋਲ ਇਹ ਇੱਕ ਮੌਕਾ ਹੈ।"
''ਮੈਂ ਕਮਜ਼ੋਰ ਪੈ ਗਈ ਕਿਉਂਕਿ ਮੇਰਾ ਬਚਪਨ ਇਸ ਤਰ੍ਹਾਂ ਦਾ ਰਿਹਾ ਹੈ, ਮੈਨੂੰ ਹਮੇਸ਼ਾ ਤੋਂ ਹੀ ਪਰਿਵਾਰ ਦੀ ਕਮੀ ਮਹਿਸੂਸ ਹੋਈ ਹੈ। ਮੈਂ ਭਾਵਨਾਤਮਕ ਤੌਰ 'ਤੇ ਹੋ ਰਹੇ ਦਰਦ ਤੋਂ ਛੁੱਟਕਾਰਾ ਚਾਹੁੰਦੀ ਸੀ।''
''ਭਾਰਤ ਦੇ ਉਸ ਆਸ਼ਰਮ ਵਿੱਚ ਇੱਕ ਦਿਨ ਖਾਣਾ ਖਾਣ ਤੋਂ ਬਾਅਦ ਮੈਂ ਬੇਹੋਸ਼ ਹੋ ਗਈ। ਉਸ ਤੋਂ ਬਾਅਦ ਮੈਂ ਇੱਕ ਕਮਰੇ ਵਿੱਚ ਸੀ ਤੇ ਉਹ ਮੇਰੇ ਉੱਤੇ ਸੀ। ਤਿੰਨ ਮਹੀਨਿਆਂ ਤੱਕ ਮੈਂ ਉਸ ਕਮਰੇ ਵਿੱਚੋਂ ਬਾਹਰ ਹੀ ਨਹੀਂ ਨਿਕਲੀ।''
''ਉਹ ਮੇਰੇ ਉੱਤੇ ਹੁੰਦਾ, ਮੈਂ ਬਿਲਕੁਲ ਫ੍ਰੀਜ਼ ਹੋ ਜਾਂਦੀ, ਬਾਅਦ 'ਚ ਬੈਠ ਕੇ ਸੋਚਦੀ ਕਿ ਮੈਂ ਇਸ ਲਈ ਇੱਥੇ ਨਹੀਂ ਆਈ ਸੀ। ਮੈਂ ਸੋਚਿਆ ਕਰਦੀ ਕਿ ਉਸ ਨੂੰ ਮੇਰੇ ਲਈ ਕੁਝ ਚੰਗਾ ਕਰਨਾ ਚਾਹੀਦਾ ਹੈ।"
''ਫਿਰ ਉਹ ਮੇਰੇ 'ਤੇ ਚੰਗਾ ਵਿਵਹਾਰ ਨਾ ਕਰਨ ਦਾ ਦੋਸ਼ ਲਗਾਇਆ ਕਰਦਾ। ਉਹ ਕਿਹਾ ਕਰਦਾ ਕਿ ਇਹ ਮੇਰੇ ਕੈਥੋਲਿਕ ਪਾਲਣ ਪੋਸ਼ਨ ਕਾਰਨ ਹੈ ਕਿ ਮੈਨੂੰ ਇਹ ਸਭ ਪਸੰਦ ਨਹੀਂ ਆ ਰਿਹਾ।"
''ਮੈਨੂੰ ਅਹਿਸਾਸ ਹੋਇਆ ਕਿ ਜੇ ਮੈਂ ਇਸ ਬਾਰੇ ਕੁਝ ਨਹੀਂ ਕੀਤਾ ਤੇ ਜਾਂ ਤਾਂ ਮੈਂ ਪਾਗਲ ਹੋ ਜਾਵਾਂਗੀ ਜਾਂ ਫਿਰ ਮਰ ਜਾਵਾਂਗੀ।''


ਗੁਰੂ ਦੇ ਚੁੰਗਲ ਤੋਂ ਇਸ ਤਰ੍ਹਾਂ ਨਿਕਲੀ ਸਾਰਾਹ
''ਭੱਜਣ ਦੀ ਮੇਰੀ ਪਹਿਲੀ ਕੋਸ਼ਿਸ਼ ਅਸਫ਼ਲ ਰਹੀ ਅਤੇ ਮੇਰੇ ਲਈ ਚੀਜ਼ਾਂ ਹੋਰ ਖਰਾਬ ਹੋ ਗਈਆਂ।''
''ਫਿਰ ਮੈਂ ਦਿਖਾਵਾ ਕੀਤਾ। ਮੈਂ ਕਿਹਾ ਦੇਖੋ, ਤੁਸੀਂ ਚਾਹੁੰਦੇ ਹੋ ਕਿ ਇੰਗਲੈਂਡ ਤੋਂ ਇਕ ਸੰਨਿਆਸੀ ਆ ਜਾਵੇ ਅਤੇ ਤੁਹਾਡਾ ਦੂਜਾ ਪਸੰਦੀਦਾ, ਬੰਗਲੌਰ ਤੋਂ ਐਨ. ਵੀ. ਰਘੂਰਾਮ, ਅਤੇ ਅਸੀਂ ਸਾਰੇ ਜਸ਼ਨ ਮਨਾਈਏ ਕਿ ਮੈਂ ਤੁਹਾਡੀ ਸਾਥੀ ਹਾਂ ਅਤੇ ਇਹ ਕਿੰਨਾ ਵਧੀਆ ਹੈ।"
''ਉਸ ਨੇ ਮੇਰੇ 'ਤੇ ਵਿਸ਼ਵਾਸ ਕਰ ਲਿਆ।''
''ਆਖਿਰਕਾਰ ਉਹ ਦੋਵੇਂ ਆਏ ਅਤੇ ਮੈਂ ਅੰਗਰੇਜ਼ ਸਾਧੂ ਨੂੰ ਦੱਸਿਆ ਕਿ ਮੇਰਾ ਵਜ਼ਨ ਬਹੁਤ ਘੱਟ ਚੁੱਕਾ ਹੈ, ਮੈਂ ਬਹੁਤ ਬੀਮਾਰ ਹਾਂ, ਮੇਰਾ ਮਨ ਮੈਨੂੰ ਇੱਥੋਂ ਜਾਣ ਲਈ ਬੇਨਤੀ ਕਰ ਰਿਹਾ ਹੈ ਅਤੇ ਮੈਨੂੰ ਮਦਦ ਦੀ ਜ਼ਰੂਰਤ ਹੈ।"
''ਉਸ ਨੇ ਜਵਾਬ ਦਿੱਤਾ ਤੁਹਾਨੂੰ ਹਮੇਸ਼ਾ ਉਹੀ ਕਰਨਾ ਚਾਹੀਦਾ ਹੈ, ਜੋ ਤੁਹਾਨੂੰ ਗੁਰੂ ਕਰਨ ਲਈ ਕਹਿੰਦਾ ਹੈ।"
''ਅਗਲੀ ਵਾਰ ਮੈਂ ਬੰਗਲੌਰ ਤੋਂ ਆਏ ਸਾਧੂ ਦੇ ਨਾਲ ਗੱਲ ਕੀਤੀ, ਐਨਵੀ ਰਘੂਰਾਮ, ਜਿੰਨ੍ਹਾਂ ਨੂੰ ਮੈਂ ਪਹਿਲਾਂ ਕਦੇ ਨਹੀਂ ਮਿਲੀ ਸੀ।''
"ਜਦੋਂ ਮੈਂ ਉਨ੍ਹਾਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਪਹਿਲਾਂ ਵੀ ਹੋ ਚੁੱਕਿਆ ਹੈ, ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਗੁਰੂ ਸ਼ਾਇਦ ਇਹ ਸਭ ਬੰਦ ਕਰ ਚੁੱਕੇ ਹੋਣਗੇ। ਉਨ੍ਹਾਂ ਨੇ ਮੈਨੂੰ ਉੱਥੋਂ ਬਾਹਰ ਕੱਢਿਆ ਅਤੇ ਮੇਰਾ ਖਿਆਲ ਰੱਖਿਆ।"
''ਉਨ੍ਹਾਂ ਨੇ ਮੈਨੂੰ ਉਸ ਲੜਕੀ ਬਾਰੇ ਵੀ ਦੱਸਿਆ ਜਿਸ ਨਾਲ ਪਹਿਲਾਂ ਇਸ ਤਰ੍ਹਾਂ ਹੋ ਚੁੱਕਿਆ ਸੀ, ਉਸ ਦੀ ਉਮਰ ਵੀ ਮੇਰੇ ਜਿੰਨੀ ਹੀ ਸੀ।''
ਵੀਡੀਓ: ਓਸ਼ੋ ਦੀ ਸਾਬਕਾ ਸਕੱਤਰ ਸ਼ੀਲਾ ਨੇ ਉਨ੍ਹਾਂ ਬਾਰੇ ਬੀਬੀਸੀ ਨੂੰ ਜੋ ਦੱਸਿਆ
''ਉਹ ਪਾਗਲ ਹੋ ਗਈ ਸੀ ਅਤੇ ਉਸ ਨੂੰ ਦਿਮਾਗ ਦੇ ਹਸਪਤਾਲ ਵਿੱਚ ਰੱਖਣਾ ਪਿਆ। ਉਸਦਾ ਭਰਾ ਨੇ ਉਸ ਨੂੰ ਇਸ ਹਾਲਤ 'ਚ ਵੇਖ ਕੇ ਖੁਦਕੁਸ਼ੀ ਕਰ ਲਈ।''
''ਲੋਕ ਇਹ ਗੱਲ ਨਹੀਂ ਸਮਝਦੇ ਕਿ ਜਦੋਂ ਤੁਸੀਂ ਕਿਸੀ ਔਰਤ ਜਾਂ ਆਦਮੀ ਸਾਹਮਣੇ ਬੈਠਦੇ ਹੋ ਅਤੇ ਉਹ ਆਖਦੇ ਹਨ ਕਿ ਤੁਹਾਨੂੰ ਹੋਰ ਜ਼ਿਆਦਾ ਪਿਆਰ ਕਰਨ ਵਾਲਾ ਇਨਸਾਨ ਬਨਣਾ ਹੈ ਦਿਆਲੂ ਬਨਣਾ ਹੈ।"
"ਤੁਹਾਨੂੰ ਇਹ ਸਭ ਪ੍ਰਾਰਥਨਾਵਾਂ ਕਰਨੀਆਂ ਚਾਹੀਦੀਆਂ ਹਨ, ਹੋਰ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ, ਤੁਹਾਨੂੰ ਲੱਗੇਗਾ ਕਿ ਤੁਹਾਡਾ ਦਿਲ ਖੁੱਲ੍ਹ ਗਿਆ ਹੈ।''
''ਤੁਸੀਂ ਮਹਿਸੂਸ ਕਰਦੇ ਹੋ ਹਾਂ, ਮੈਂ ਇਸੀ ਤਰ੍ਹਾਂ ਦਾ ਸ਼ੁੱਧ ਇਨਸਾਨ ਬਣਨਾ ਚਾਹੁੰਦੀ ਹਾਂ, ਮੈਂ ਬਹੁਤ ਧੰਨਵਾਦੀ ਹਾਂ।"
''ਇਹ ਪਵਿੱਤਰ ਅਹਿਸਾਸ ਤੁਹਾਡੇ ਆਪਣੇ ਅੰਦਰੋਂ ਹੀ ਆਉਂਦਾ ਹੈ, ਅਤੇ ਤੁਹਾਨੂੰ ਲੱਗਦਾ ਹੈ ਕਿ ਇਹ ਸਭ ਤੁਹਾਡਾ ਗੁਰੂ ਕਰ ਰਿਹਾ ਹੈ।''
''ਜੇਕਰ ਤੁਸੀਂ ਭਾਵਾਤਮਕ ਤੌਰ 'ਤੇ ਸੁਰੱਖਿਅਤ ਰਹੇ ਹੋਵੋ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਅਹਿਸਾਸ ਸੱਚੇ ਨੇ, ਤਾਂ ਮੇਰਾ ਮੰਨਣਾ ਹੈ ਕਿ ਤੁਸੀਂ ਇੰਨੀ ਜਲਦੀ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਫੱਸਦੇ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, Jane Rickards
'ਮੈਨੂੰ ਲੱਗਿਆ ਉਹ ਰੱਬ ਹੈ'
ਜੇਨ ਰਿੱਕਰਡਸ ਨੇ ਆਪਣੀ ਕਹਾਣੀ ਦੱਸੀ ਤੇ ਕਿਹਾ, ''ਮੈਨੂੰ ਲੱਗਿਆ ਕਿ ਉਹ ਰੱਬ ਹੈ।''
''ਵੱਡੇ ਹੁੰਦਿਆਂ ਮੇਰੇ ਮਾਪੇ ਆਪਸ ਵਿੱਚ ਬਹੁਤ ਲੜਿਆ ਕਰਦੇ। ਇਸ ਲਈ ਮੇਰਾ ਬਚਪਨ ਇੰਨਾ ਸੁਰੱਖਿਅਤ ਨਹੀਂ ਸੀ। ਮੈਨੂੰ ਭੂਤ-ਪ੍ਰੇਤਾਂ ਤੋਂ ਬਹੁਤ ਡਰ ਲੱਗਦਾ ਸੀ ਕਿਉਂਕਿ ਮੈਨੂੰ ਮੇਰਾ ਵੱਡਾ ਭਰਾ ਅਤੇ ਭੈਣ ਕਹਿੰਦੇ ਸਨ ਕਿ ਉਨ੍ਹਾਂ ਨੇ ਭੂਤ ਦੇਖਿਆ ਹੈ।''
''ਬਾਅਦ 'ਚ ਮੈਂ ਲੰਡਨ ਵਿੱਚ 'ਅਧਿਆਤਮਕ ਮਾਮਲਿਆਂ' 'ਤੇ ਗੱਲ ਕਰਨ ਵਾਲੇ ਇੱਕ ਸ਼ਖਸ ਨੂੰ ਮਿਲੀ। ਉਹ ਇੱਕ ਅਮਰੀਕਨ-ਭਾਰਤੀ ਸੀ। ਜਦੋਂ ਮੈਂ ਪਹਿਲੀ ਵਾਰ ਮਿਲੀ ਤਾਂ ਬਹੁਤ ਹੈਰਾਨ ਹੋਈ, ਕਿਉਂਕਿ ਮੈਨੂੰ ਲੱਗਿਆ ਸੀ ਕਿ ਚਿੱਟੀ ਦਾੜ੍ਹੀ ਵਾਲਾ ਕੋਈ ਸੂਝਵਾਨ ਬਜ਼ੁਰਗ ਸਟੇਜ 'ਤੇ ਆਵੇਗਾ।"
''ਪਰ ਇਹ ਕੋਈ ਨੌਜਵਾਨ ਮੁੰਡਾ ਸੀ, ਅਮਰੀਕੀ, ਲੰਬੀ ਦਾੜ੍ਹੀ, ਹਿੱਪੀ-ਟਾਇਪ ਦਾ, ਅਤੇ ਉਸ ਦਾ ਸੰਦੇਸ਼ ਸ਼ਾਂਤੀ ਅਤੇ ਪਿਆਰ ਦਾ ਸੀ। ਇਹ ਸਭ ਬਹੁਤ ਵਧੀਆ ਸੀ।''
''ਮੈਂ ਪਹਿਲੀ ਵਾਰ ਉਸ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਦੇਖਿਆ ਅਤੇ ਮੈਂ ਮਹਿਸੂਸ ਕੀਤਾ ਕਿ ਮੈਂ ਉਸ ਦੀਆਂ ਪਿਆਰ ਨਾਲ ਭਰੀਆਂ ਅੱਖਾਂ ਕਾਰਨ ਪਿਘਲ ਰਹੀ ਹਾਂ।''
''ਛੇਤੀ ਹੀ ਮੇਰਾ ਦਿਮਾਗ ਉਸਦੇ ਕਾਬੂ ਵਿੱਚ ਸੀ, ਮੈਂ ਬਾਹਰ ਦੀ ਦੁਨੀਆਂ ਨਾਲ ਹਰ ਸੰਪਰਕ ਤੋੜ ਦਿੱਤਾ। ਮੈਂ ਉਸ ਨੂੰ ਪੈਸੇ ਦਿੱਤੇ ਅਤੇ ਬਹੁਤ ਛੇਤੀ ਹੀ ਕਹਿ ਦਿੱਤਾ ਕਿ ਮੈਂ ਉਸਦੀ ਪਤਨੀ ਹਾਂ।''
''ਫਿਰ ਸੈਕਸ ਦੀ ਸ਼ੁਰੂਆਤ ਹੋਈ, ਜੋ ਸਪਸ਼ਟ ਤੌਰ 'ਤੇ ਮੈਂ ਨਹੀਂ ਚਾਹੁੰਦੀ ਸੀ, ਪਰ ਮੈਨੂੰ ਕਰਨਾ ਪਿਆ, ਕਿਉਂਕਿ ਉਸ ਸਮੇਂ ਤੱਕ ਮੈਨੂੰ ਇਹ ਲੱਗਣ ਲੱਗਿਆ ਸੀ ਕਿ ਉਹ ਭਗਵਾਨ ਹੈ। ਮੇਰੇ ਦਿਮਾਗ਼ ਵਿੱਚ ਕੋਈ ਸ਼ੱਕ ਨਹੀਂ ਸੀ ਕਿ ਉਹ ਘੱਟੋ-ਘੱਟ ਈਸਾ ਮਸੀਹ ਜਾਂ ਬੁੱਧਾ ਸੀ।''
''ਫਿਰ ਮੈਂ ਬਹੁਤ ਬਿਮਾਰ ਰਹਿਣ ਲੱਗੀ। ਮੈਂ ਇੱਕ ਵਾਰ ਖੁਦ ਨੂੰ ਮਾਰਨ ਦੀ ਵੀ ਕੋਸ਼ਿਸ਼ ਕਰ ਚੁੱਕੀ ਸੀ। ਮੈਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਸਮੂਹ ਵਿੱਚ ਪਹਿਲਾਂ ਵੀ ਕਈ ਖੁਦਕੁਸ਼ੀਆਂ ਹੋ ਚੁੱਕੀਆਂ ਸਨ।''
ਇਹ ਵੀ ਪੜ੍ਹੋ:
'ਆਜ਼ਾਦੀ ਮੈਨੂੰ ਚੰਗੀ ਨਹੀਂ ਲੱਗੀ'
''ਉਹ ਹਮੇਸ਼ਾ ਕਿਸੇ ਨਾ ਕਿਸੇ ਸ਼ੈਤਾਨ ਦਾ ਇਲਾਜ ਕਰਨ ਲਈ ਸਾਨੂੰ ਤਕਲੀਫ਼ ਦਿੰਦਾ ਤਾਂ ਜੋ ਅਸੀਂ ਪ੍ਰਭਾਵਸ਼ਾਲੀ ਇਨਸਾਨ ਬਣ ਸਕੀਏ।''
''ਜ਼ਿਆਦਾਤਰ ਸਮਾਂ ਉਸ ਨੇ ਨਸ਼ੇ ਕੀਤੇ ਹੁੰਦੇ ਸਨ ਅਤੇ ਸਾਨੂੰ ਵੀ ਨਸ਼ਾ ਕਰਨਾ ਪੈਂਦਾ ਸੀ। ਮੈਂ ਜ਼ਿਆਦਾਤਰ ਡੋਪ ਲੈਂਦੀ ਸੀ ਅਤੇ ਆਦਮੀ ਐਲਐੱਸਡੀ ਲੈਂਦੇ ਸਨ। ਇੱਕ ਵਾਰ ਮੈਂ ਵੀ ਐਲਐੱਸਡੀ ਲਿੱਤਾ ਸੀ।''
''ਪਹਿਲਾਂ-ਪਹਿਲਾਂ ਤਾਂ ਮੈਨੂੰ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਮੇਰੇ ਇਲਾਜ 'ਤੇ ਪੈਸੇ ਖਰਚਣੇ ਪੈਂਦੇ ਸਨ।''
''ਮੈਂ ਭੱਜ ਗਈ ਅਤੇ ਪੂਰੀ ਸਰਦੀਆਂ ਬਾਹਰ ਰਹੀ। ਬਸੰਤ ਰੁਤ ਦੌਰਾਨ ਮੈਂ ਵਾਪਸ ਜਾਉਣ ਲਈ ਬੇਤਾਬ ਸੀ ਕਿਉਂਕਿ ਮੈਂਨੂੰ ਅਜੇ ਵੀ ਲੱਗਦਾ ਸੀ ਕਿ ਉਹ ਭਗਵਾਨ ਹੈ।''
''ਮੈਂ ਅਸਲ ਵਿੱਚ ਵੀ ਅਜਿਹਾ ਹੀ ਕੀਤਾ ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਕੋਲ ਬਾਹਰਲੀ ਦੁਨੀਆ ਦਾ ਕਾਫ਼ੀ ਤਜਰਬਾ ਹੈ ਅਤੇ ਮੈਂ ਜਾਣਾ ਚਾਹੁੰਦੀ ਹਾਂ।''
''ਜਾਣ ਤੋਂ ਬਾਅਦ ਤਿੰਨ ਦਿਨ ਬਹੁਤ ਵਧੀਆ ਸੀ, ਮੈਨੂੰ ਇੰਝ ਪ੍ਰਤੀਤ ਹੋ ਰਿਹਾ ਸੀ ਕਿ ਮੈਂ ਆਜ਼ਾਦ ਹਾਂ।''
''ਉਸ ਤੋਂ ਬਾਅਦ ਮੈਂ ਮਾਨਸਿਕ ਤੌਰ 'ਤੇ ਟੁੱਟਣ ਲੱਗੀ। ਕੁਝ ਮਹੀਨੇ ਤਾਂ ਮੈਂ ਆਪਣੇ ਘਰ ਦੇ ਦਰਵਾਜ਼ੇ ਤੋਂ ਵੀ ਬਾਹਰ ਨਹੀਂ ਜਾ ਸਕਦੀ ਸੀ। ਮੈਂ ਬਹੁਤ ਹੀ ਮਾੜੀ ਹਾਲਤ ਵਿੱਚ ਸੀ।''
''ਮੈਂ ਕਲੀਨਿਕਲ ਮਨੋਵਿਗਿਆਨ ਅਤੇ ਪੇਸ਼ੇਵਰ ਮਾਇੰਡ ਕੰਟ੍ਰੋਲ ਡੀ-ਪ੍ਰੋਗ੍ਰਾਮਿੰਗ ਕੀਤਾ ਜਿਸ ਨੇ ਮੇਰੀ ਕਾਫ਼ੀ ਮਦਦ ਕੀਤੀ।''
ਇਹ ਵੀ ਪੜ੍ਹੋ:
ਇਹ ਵੀਡੀਓ ਵੀ ਦੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3













