'ਅਭਿਨੰਦਨ ਨੂੰ ਪਾਕਿਸਤਾਨ ਨੇ ਭਾਰਤੀ ਹਮਲੇ ਦੇ ਡਰ ਕਾਰਨ ਛੱਡਿਆ' ਇਸ ਬਿਆਨ ਉੱਤੇ ਭਾਰਤ-ਪਾਕ ਵਿਚ ਚੱਲ ਰਹੀ ਬਹਿਸ ਦਾ ਹਰ ਪਹਿਲੂ

abhinandan

ਤਸਵੀਰ ਸਰੋਤ, iSpr

ਬੁੱਧਵਾਰ ਨੂੰ ਪਾਕਿਸਤਾਨ ਦੀ ਸੰਸਦ ਵਿਚ ਵਿਰੋਧੀ ਧਿਰ ਪਾਕਿਸਤਾਨ ਮੁਸਲਿਮ ਲੀਗ-ਐਨ (ਪੀ.ਐੱਮ.ਐੱਲ.ਐੱਨ.) ਦੇ ਆਗੂ ਅਤੇ ਸੰਸਦ ਮੈਂਬਰ ਅਯਾਜ਼ ਸਾਦਿਕ ਦਾ ਪਾਕਿਸਤਾਨੀ ਸੰਸਦ ਵਿਚ ਦਿੱਤਾ ਗਿਆ ਇਕ ਬਿਆਨ ਭਾਰਤੀ ਮੀਡੀਆ ਵਿਚ ਸਨਸਨੀ ਦੀ ਤਰ੍ਹਾਂ ਫੈਲ ਗਿਆ।

ਸਾਦਿਕ ਨੇ ਬੁੱਧਵਾਰ ਨੂੰ ਰਾਸ਼ਟਰੀ ਅਸੈਂਬਲੀ ਵਿੱਚ ਦਾਅਵਾ ਕੀਤਾ ਸੀ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇੱਕ ਮੀਟਿੰਗ ਵਿੱਚ ਕਿਹਾ ਸੀ ਕਿ ਜੇ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਭਾਰਤ ਰਾਤ 9 ਵਜੇ ਤੱਕ ਹਮਲਾ ਕਰ ਦੇਵੇਗਾ।

ਅਯਾਜ਼ ਸਾਦਿਕ ਨੇ ਬੁੱਧਵਾਰ ਨੂੰ ਸੰਸਦ ਵਿਚ ਆਪਣੇ ਭਾਸ਼ਣ ਵਿਚ ਕਿਹਾ, "ਮੈਨੂੰ ਯਾਦ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਸਾਹਬ ਇਕ ਮੀਟਿੰਗ ਵਿਚ ਸਨ ਜਿਸ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਮੀਟਿੰਗ ਵਿੱਚ ਸੈਨਾ ਦੇ ਮੁਖੀ ਵੀ ਸੀ। ਉਨ੍ਹਾਂ ਦੀਆਂ ਲੱਤਾਂ ਕੰਬ ਰਹੀਆਂ ਸਨ ਅਤੇ ਉਨ੍ਹਾਂ ਦੇ ਮੱਥੇ 'ਤੇ ਪਸੀਨਾ ਆ ਰਿਹਾ ਸੀ।' '

ਇਹ ਵੀ ਪੜ੍ਹੋ

ਉਨ੍ਹਾਂ ਅੱਗੇ ਕਿਹਾ, "ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਨੇ ਸਾਨੂੰ ਕਿਹਾ ਕਿ ਖ਼ੁਦਾ ਦੀ ਖ਼ਾਤਰ, ਅਭਿਨੰਦਨ ਨੂੰ ਵਾਪਸ ਜਾਣ ਦਿਓ ਨਹੀਂ ਤਾਂ ਹਿੰਦੁਸਤਾਨ ਰਾਤ ਨੌਂ ਵਜੇ ਪਾਕਿਸਤਾਨ 'ਤੇ ਹਮਲਾ ਕਰ ਦੇਵੇਗਾ। ਹਿੰਦੁਸਤਾਨ ਨੇ ਕੋਈ ਹਮਲਾ ਨਹੀਂ ਕਰਨਾ ਸੀ ਅਤੇ ਇਨ੍ਹਾਂ ਨੇ ਅਭਿਨੰਦਨ ਦੇ ਮਾਮਲੇ 'ਚ ਗੋਢੇ ਟੇਕ ਦਿੱਤੇ। ਇਸ ਲਈ ਅਜਿਹੀਆਂ ਗੱਲਾਂ ਨਾ ਕਰੋ ਜੋ ਸਾਨੂੰ ਇਹ ਸਭ ਦੱਸਣ ਲਈ ਮਜਬੂਰ ਕਰ ਦੇਣ।''

ਅਯਾਜ਼ ਸਾਦਿਕ ਦੇ ਭਾਸ਼ਣ ਦਾ ਇਹ ਵੀਡੀਓ ਭਾਰਤੀ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਿਹਾ ਹੈ। ਸਰਦਾਰ ਅਯਾਜ਼ ਸਾਦਿਕ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਵੀ ਰਹਿ ਚੁੱਕੇ ਹਨ।

abhinandan

ਤਸਵੀਰ ਸਰੋਤ, MARAT ABULKHATIN

ਤਸਵੀਰ ਕੈਪਸ਼ਨ, ਸਰਦਾਰ ਅਯਾਜ਼ ਸਾਦਿਕ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ

ਅਯਾਜ਼ ਸਾਦਿਕ ਦੇ ਭਾਸ਼ਣ ਨੂੰ ਭਾਜਪਾ ਨੇ ਲਿਆ ਹੱਥੋ-ਹੱਥ

ਭਾਜਪਾ ਮੁਖੀ ਜੇਪੀ ਨੱਡਾ ਨੇ ਵੀ ਇਸ ਵੀਡੀਓ ਨੂੰ ਟਵੀਟ ਕਰਦਿਆਂ ਲਿਖਿਆ, "ਕਾਂਗਰਸ ਦੇ ਰਾਜ ਕੁਮਾਰ ਨੂੰ ਭਾਰਤ ਦੀ ਕਿਸੇ ਵੀ ਚੀਜ਼ ਉੱਤੇ ਭਰੋਸਾ ਨਹੀਂ ਹੈ। ਉਹ ਚਾਹੇ ਸਾਡੀ ਫੌਜ ਹੋਵੇ, ਸਰਕਾਰ ਹੋਵੇ ਜਾਂ ਸਾਡੇ ਨਾਗਰਿਕ ਹੋਣ। ਹੁਣ ਉਨ੍ਹਾਂ ਨੂੰ ਆਪਣੇ ਸਭ ਤੋਂ ਭਰੋਸੇਮੰਦ ਦੇਸ਼ ਪਾਕਿਸਤਾਨ ਨੂੰ ਸੁਣਨਾ ਚਾਹੀਦਾ ਹੈ। ਉਮੀਦ ਹੈ, ਉਨ੍ਹਾਂ ਦੀਆਂ ਅੱਖਾਂ ਖੁੱਲ੍ਹਣਗੀਆਂ ... ''

Skip X post, 1
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 1

ਭਾਜਪਾ ਨੇ ਇਸ ਨੂੰ ਪੋਸਟ ਕਰਦਿਆਂ ਸਿੱਧੇ ਤੌਰ 'ਤੇ ਕਾਂਗਰਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜੇਪੀ ਨੱਡਾ ਦੇ ਇਸ ਟਵੀਟ ਨੂੰ ਭਾਜਪਾ ਦੇ ਬੁਲਾਰੇ ਸੰਬਿਤ ਪਾਤਰ ਨੇ ਵੀ ਰੀਟਵੀਟ ਕੀਤਾ ਹੈ।

ਬੁੱਧਵਾਰ ਰਾਤ ਨੂੰ ਸਾਦਿਕ ਦੇ ਬਿਆਨ ਨੂੰ ਭਾਰਤ ਦੇ ਕਈ ਨਿਊਜ਼ ਚੈਨਲਾਂ ਦੇ ਪ੍ਰਾਈਮ ਟਾਈਮ ਸ਼ੋਅ ਵਿੱਚ ਬਹੁਤ ਗੰਭੀਰਤਾਂ ਨਾਲ ਸਥਾਨ ਦਿੱਤਾ ਗਿਆ। ਸਾਦਿਕ ਦੇ ਬਿਆਨ ਨੂੰ ਪਾਕਿਸਤਾਨ ਦੇ ਨਿਊਜ਼ ਚੈਨਲਾਂ ਵਿਚ ਵੀ ਜਗ੍ਹਾ ਮਿਲੀ ਅਤੇ ਉਸ ਨੂੰ ਪੁੱਛਿਆ ਗਿਆ ਕਿ ਉਸਨੇ ਅਜਿਹਾ ਕਿਉਂ ਕਿਹਾ?

ਬੁੱਧਵਾਰ ਨੂੰ ਪਾਕਿਸਤਾਨੀ ਨਿਊਜ਼ ਚੈਨਲ ਦੁਨੀਆ ਨਿਊਜ਼ ਦੇ ਪ੍ਰੋਗਰਾਮ 'ਨੁਕਤਾ-ਏ-ਨਜ਼ਰ' ਅਯਾਜ਼ ਸਾਦਿਕ ਨੇ ਕਿਹਾ, "ਮੈਂ ਕੋਈ ਨਿੱਜੀ ਹਮਲਾ ਨਹੀਂ ਕਰਨਾ ਚਾਹੁੰਦਾ ਪਰ ਜੇਕਰ ਸੱਤਾ ਵਿਚ ਆਉਣ ਵਾਲੇ ਲੋਕ ਸਾਨੂੰ 'ਚੋਰ' ਅਤੇ 'ਮੋਦੀ ਦਾ ਦੋਸਤ' ਕਹਿਣਗੇ, ਫਿਰ ਉਨ੍ਹਾਂ ਨੂੰ ਜਵਾਬ ਦੇਣਾ ਹੋਵੇਗਾ। ਇਨ੍ਹਾਂ ਲੋਕਾਂ ਵਿਚ ਗੰਭੀਰਤਾ ਵਰਗੀ ਕੋਈ ਚੀਜ਼ ਨਹੀਂ ਹੈ।"

ਸਾਦਿਕ ਨੇ ਦੁਨੀਆ ਨਿਊਜ਼ ਦੇ ਪ੍ਰੋਗਰਾਮ ਵਿਚ ਕਿਹਾ, "ਇਹ ਸੰਸਦ ਦੇ ਨਿਯਮਾਂ ਨੂੰ ਵੀ ਨਹੀਂ ਜਾਣਦੇ। ਅਸੀਂ ਕਸ਼ਮੀਰ ਦੇ ਮਾਮਲੇ ਵਿਚ ਹਰ ਮੁਸ਼ਕਲ ਸਮੇਂ ਵਿਚ ਇਸ ਸਰਕਾਰ ਦਾ ਸਮਰਥਨ ਕੀਤਾ ਹੈ। ਚਾਹੇ ਅਭਿਨੰਦਨ ਦੀ ਗੱਲ ਹੀ ਕਿਉਂ ਨਾ ਹੋਵੇ, ਪਰ ਇਸ ਸਰਕਾਰ ਨੂੰ ਵੀ ਵਿਰੋਧੀ ਧਿਰ ਦਾ ਸਤਿਕਾਰ ਕਰਨਾ ਚਾਹੀਦਾ ਹੈ।"

ਇਮਰਾਨ ਖ਼ਾਨ

ਤਸਵੀਰ ਸਰੋਤ, ANADOLU AGENCY

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ

ਪਾਕਿਸਤਾਨ ਸਰਕਾਰ ਦਾ ਪੱਖ

ਪਾਕਿਸਤਾਨ ਦੀ ਸਰਕਾਰੀ ਨਿਊਜ਼ ਏਜੰਸੀ ਐਸੋਸੀਏਟਡ ਪ੍ਰੈਸ ਆਫ਼ ਪਾਕਿਸਤਾਨ ਦੇ ਅਨੁਸਾਰ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸਾਦਿਕ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ।

ਕੁਰੈਸ਼ੀ ਨੇ ਕਿਹਾ, "ਮੈਨੂੰ ਅਫ਼ਸੋਸ ਹੈ ਕਿ ਜ਼ਿੰਮੇਵਾਰ ਲੋਕ ਗੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ। ਮੈਨੂੰ ਉਮੀਦ ਨਹੀਂ ਸੀ ਕਿ ਪਾਕਿਸਤਾਨੀ ਨੈਸ਼ਨਲ ਅਸੈਂਬਲੀ ਦੇ ਸਾਬਕਾ ਸਪੀਕਰ ਇਹ ਕਹਿਣਗੇ ਕਿ ਪਾਕਿਸਤਾਨ ਨੇ ਦਬਾਅ ਹੇਠ ਅਭਿਨੰਦਨ ਨੂੰ ਛੱਡਿਆ ਸੀ।''

"ਖੁਫੀਆ ਜਾਣਕਾਰੀ ਦੇ ਅਧਾਰ 'ਤੇ, ਸਰਕਾਰ ਨੇ ਸਾਰੇ ਸੰਸਦੀ ਨੇਤਾਵਾਂ ਨੂੰ ਵਿਸ਼ਵਾਸ ਵਿੱਚ ਲਿਆ ਪਰ ਮੀਟਿੰਗ ਵਿੱਚ ਅਭਿਨੰਦਨ 'ਤੇ ਕੋਈ ਚਰਚਾ ਨਹੀਂ ਹੋਈ ਸੀ। ਰਾਜਨੀਤਿਕ ਫਾਇਦਿਆਂ ਲਈ ਇਹ ਬਹੁਤ ਗੈਰ ਜ਼ਿੰਮੇਵਾਰਾਨਾ ਬਿਆਨ ਹੈ। ਇਹ ਹੈਰਾਨੀ ਵਾਲੀ ਗੱਲ ਹੈ।''

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਕੌਮਾਂਤਰੀ ਅਦਾਲਤ ਰਾਹੀਂ ਕੁਲਭੂਸ਼ਣ ਮਾਮਲੇ ਵਿੱਚ ਭਾਰਤ ਕੋਈ ਫਾਇਦਾ ਉਠਾਏ।

ਕੁਰੈਸ਼ੀ ਨੇ ਕਿਹਾ ਕਿ ਵਿਰੋਧੀ ਧਿਰ ਕੁਲਭੂਸ਼ਣ ਅਤੇ ਅਭਿਨੰਦਨ ਮਾਮਲੇ ਵਿੱਚ ਪਾਕਿਸਤਾਨ ਨੂੰ ਗੁੰਮਰਾਹ ਕਰ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਇਹ ਗੱਲਾਂ ਰਾਸ਼ਟਰੀ ਅਸੈਂਬਲੀ ਵਿੱਚ ਪੀਐਮਐਲ-ਐਨ ਦੇ ਨੇਤਾ ਦੇ ਬਿਆਨ ਦੇ ਜਵਾਬ ਵਿੱਚ ਕਹੀਆਂ।

"ਇਹ ਸਾਫ਼ ਤੌਰ 'ਤੇ ਸਾਡੀ ਜਿੱਤ ਸੀ"

ਪਾਕਿਸਤਾਨੀ ਫੌਜ ਦੇ ਮੁੱਖ ਬੁਲਾਰੇ ਮੇਜਰ ਜਨਰਲ ਬਾਬਰ ਇਫ਼ਤੀਖ਼ਾਰ ਨੇ ਕਿਹਾ ਕਿ ਬੀਤੇ ਦਿਨ ਦਿੱਤਾ ਬਿਆਨ ਰਾਸ਼ਟਰੀ ਸੁਰੱਖਿਆ ਨੂੰ ਲੈ ਕੇ ਦੇਸ਼ ਦੇ ਇਤਿਹਾਸ ਨੂੰ ਬਦਲਣ ਦੀ ਇੱਕ ਕੋਸ਼ਿਸ਼ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਆਈਐੱਸਪੀਆਰ ਦੇ ਡੀਜੀ ਨੇ ਕਿਹਾ ਕਿ ਉਨ੍ਹਾਂ ਦੀ ਪ੍ਰੈਸ ਕਾਨਫਰੰਸ ਦਾ ਏਜੰਡਾ ਸਿਰਫ਼ ਤੱਥਾ ਦੇ ਸੱਚ ਨੂੰ ਸਾਹਮਣੇ ਲਿਆਉਣਾ ਹੈ।

ਉਨ੍ਹਾਂ ਕਿਹਾ, "26 ਫਰਵਰੀ ਨੂੰ ਭਾਰਤ ਨੇ ਸਾਰੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਨਾ ਕਰਦੇ ਹੋਏ ਪਾਕਿਸਤਾਨ ਖ਼ਿਲਾਫ਼ ਹੱਲਾ ਬੋਲ ਦਿੱਤਾ ਸੀ। ਇਸ ਦੀ ਜਵਾਬੀ ਕਾਰਵਾਈ ਦੌਰਾਨ ਭਾਰਤ ਨੂੰ ਹਾਰ ਦਾ ਮੂੰਹ ਵੇਖਣਾ ਪਿਆ।"

"ਹਫੜਾ-ਦਫੜੀ 'ਚ ਦੁਸ਼ਮਣ ਦੇਸ਼ ਦੀ ਫੌਜ ਖ਼ਾਲੀ ਜੰਗਲਾਂ 'ਚ ਹੀ ਬਾਰੂਦ ਸੁੱਟ ਗਈ। ਪਾਕਿਸਤਾਨ ਦੀ ਫੌਜ ਨੇ ਭਾਰਤੀ ਫੌਜ ਨੂੰ ਸਬਕ ਸਿਖਾਉਣ ਦਾ ਸੋਚਿਆ।"

ਉਨ੍ਹਾਂ ਕਿਹਾ, "ਪਾਕਿਸਤਾਨੀ ਫੌਜ ਨੇ ਦਿਨ-ਦਿਹਾੜੇ ਦੁਸ਼ਮਣ ਨੂੰ ਜਵਾਬ ਦਿੱਤਾ। ਅਸੀਂ ਦੁਸ਼ਮਣ ਦੇ ਦੋ ਜਹਾਜ਼ਾਂ ਨੂੰ ਮਾਰ ਡਿਗਾਇਆ ਅਤੇ ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ 'ਚ ਵੀ ਸਫ਼ਲਤਾ ਹਾਸਲ ਕੀਤੀ। ਦੁਸ਼ਮਣ ਇੰਨ੍ਹਾਂ ਡਰ ਗਿਆ ਕਿ ਉਨ੍ਹਾਂ ਨੇ ਆਪਣਾ ਇੱਕ ਜਹਾਜ਼ ਹੀ ਉਡਾ ਦਿੱਤਾ।"

ਬਾਬਰ ਇਫ਼ਤੀਖ਼ਾਰ ਨੇ ਕਿਹਾ ਕਿ ਸਾਫ਼ ਤੌਰ 'ਤੇ ਇਹ ਸਾਡੀ ਜਿੱਤ ਸੀ। ਪਾਕਿਸਤਾਨ ਦੀ ਜਿੱਤ ਨੂੰ ਨਾ ਸਿਰਫ਼ ਸਾਰੀ ਦੁਨੀਆ ਨੇ ਮੰਨਿਆ ਬਲਕਿ ਭਾਰਤੀ ਨੇਤਾਵਾਂ ਨੇ ਵੀ ਰਫ਼ਾਲ ਦੀ ਨਾਮੌਜੂਦਗੀ ਨੂੰ ਆਪਣੀ ਅਸਫ਼ਲਤਾ ਦਾ ਕਾਰਨ ਦੱਸਿਆ।

"ਪਾਕਿਸਤਾਨ ਦੀ ਸਰਕਾਰ ਨੇ ਜੰਗੀ ਕੈਦੀ ਅਭਿਨੰਦਨ ਨੂੰ ਛੱਡਣ ਦਾ ਫੈਸਲਾ ਦੋਹਾਂ ਦੇਸ਼ਾਂ ਵਿਚਾਲੇ ਅਮਨ-ਸ਼ਾਂਤੀ ਨੂੰ ਬਣਾਏ ਰੱਖਣ ਲਈ ਲਿਆ। ਇਸ ਫੈਸਲੇ ਦੀ ਸ਼ਲਾਘਾ ਸਾਰੀ ਦੁਨੀਆ 'ਚ ਹੋਈ।"

ਉਨ੍ਹਾਂ ਕਿਹਾ ਕਿ ਅਜਿਹਾ ਬਿਆਨ ਮੰਦਭਾਗਾ ਹੈ ਜਿਸ ਨੂੰ ਪਾਕਿਸਤਾਨ ਦੇ ਲੋਕ ਕਦੇ ਵੀ ਸਵੀਕਾਰ ਨਹੀਂ ਕਰਨਗੇ।

'ਭਾਰਤੀ ਮੀਡੀਆ ਦੀ ਕਪਟੀ ਪੱਤਰਕਾਰੀ'

ਅਯਾਜ਼ ਸਾਦਿਕ ਦੇ ਸੰਸਦ ਵਿਚ ਦਿੱਤੇ ਬਿਆਨ ਤੋਂ ਬਾਅਦ ਕੇਂਦਰੀ ਮੰਤਰੀ ਫਵਾਦ ਚੌਧਰੀ ਦੇ ਸੰਸਦ ਵਿਚ ਦਿੱਤੇ ਬਿਆਨ ਦਾ ਵੀਡੀਓ ਵੀ ਭਾਰਤੀ ਮੀਡੀਆ ਵਿਚ ਵਾਇਰਲ ਜਿਸ ਵਿਚ ਉਹ ਪੁਲਵਾਮਾ ਵਾਰਦਾਤ ਨੂੰ ਇਮਰਾਨ ਸਰਕਾਰ ਦੀ ਵੱਡੀ ਉਪਲੱਬਧੀ ਦੱਸ ਰਹੇ ਹਨ।

Skip X post, 2
X ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of X post, 2

ਪਰ ਇਸ ਬਾਰੇ ਪਾਕਿਸਤਾਨ ਸਰਕਾਰ ਵਿੱਚ ਮੰਤਰੀ ਫ਼ਵਾਦ ਚੌਧਰੀ ਨਾਲ ਬੀਬੀਸੀ ਪੱਤਰਕਾਰ ਸ਼ੁਮਾਇਲਾ ਜ਼ਾਫਰੀ ਨੇ ਗੱਲਬਾਤ ਕੀਤੀ।

ਉਨ੍ਹਾਂ ਨੇ ਕਿਹਾ, "ਜੇ ਤੁਸੀਂ ਸਾਰੀ ਗੱਲ ਸੁਣੋਗੇ ਤਾਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਸਾਰੀ ਗੱਲਬਾਤ ਇਹ ਪੁਲਵਾਮਾ ਹਮਲੇ ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਕਰ ਰਿਹਾ ਹਾਂ।"

ਭਾਰਤੀ ਮੀਡੀਆ ਦੇ ਇੱਕ ਵਰਗ ਨੇ ਆਪਣੇ ਫਾਇਦੇ ਲਈ ਅਯਾਜ਼ ਸਾਦਿਕ ਦੇ ਬਿਆਨ ਦਾ ਵੀ ਇੱਕ ਟੁਕੜਾ ਚੁੱਕ ਲਿਆ ਅਤੇ ਉਸ ਨੂੰ ਵਾਇਰਲ ਕਰ ਦਿੱਤਾ।

ਫਵਾਦ ਚੌਧਰੀ ਨੇ ਕਿਹਾ ਕਿ ਇਹ ਸਭ ਭਾਰਤ ਦੀ ਕਪਟੀ ਅਤੇ ਬੇਈਮਾਨ ਪੱਤਰਕਾਰੀ ਦਾ ਨਮੂਨਾ ਹੈ।

ਉਨ੍ਹਾਂ ਕਿਹਾ, "ਅਸੀਂ ਅੱਤਵਾਦ ਦੇ ਵਿਰੁੱਧ ਹਾਂ। ਅਸੀਂ ਕਿਸੇ ਵੀ ਰੂਪ ਵਿੱਚ ਅੱਤਵਾਦ ਦੀ ਆਲੋਚਨਾ ਕਰਦੇ ਹਾਂ।''

ਪਾਕਿਸਤਾਨ ਦੀ ਹਾਕਮ ਧਿਰ ਪਾਰਟੀ ਦੇ ਅਲੀ ਮੁਹੰਮਦ ਖਾਨ ਨੇ ਕਿਹਾ ਕਿ ਭਾਰਤੀ ਵਿੰਗ ਦੇ ਕਮਾਂਡਰ ਅਭਿਨੰਦਨ ਨੂੰ ਛੱਡਣ ਲਈ ਹੋਈ ਬੈਠਕ ਵਿਚ ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ, ਪੀਪੀਪੀ ਦੇ ਸਹਿ-ਚੇਅਰਮੈਨ ਆਸਿਫ਼ ਅਲੀ ਜ਼ਰਦਾਰੀ ਅਤੇ ਜੇਯੂਆਈ-ਐਫ਼ ਦੇ ਆਗੂਆਂ ਤੋਂ ਵੀ ਸਹਿਮਤੀ ਲਈ ਗਈ ਸੀ।

ਉਨ੍ਹਾਂ ਕਿਹਾ ਕਿ ਅਭਿਨੰਦਨ ਨੂੰ 'ਸਕਾਰਾਤਮਕ ਪਹਿਲ' ਕਾਰਨ ਰਿਹਾਅ ਕੀਤਾ ਗਿਆ ਸੀ। ਬੁੱਧਵਾਰ ਨੂੰ ਸੰਸਦ ਵਿੱਚ ਪੀਐੱਮਐੱਲ-ਐੱਨ ਦੇ ਆਗੂ ਖਵਾਜਾ ਆਸਿਫ਼ ਨੇ ਕਿਹਾ ਕਿ ਇਮਰਾਨ ਖਾਨ ਦੀ ਸਰਕਾਰ ਭਾਰਤ ਨੂੰ ਖੁਸ਼ ਕਰਨ ਵਿੱਚ ਲੱਗੀ ਹੋਈ ਹੈ। ਫਰਵਰੀ 2019 ਵਿੱਚ ਭਾਰਤੀ ਵਿੰਗ ਕਮਾਂਡਰ ਅਭਿਨੰਦਨ ਵਰਤਮਾਨ ਨੂੰ ਪਾਕਿਸਤਾਨ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।

ਅਯਾਜ਼ ਸਾਦਿਕ ਦਾ ਇਹ ਬਿਆਨ ਵਾਇਰਲ ਹੋਣ ਤੋਂ ਬਾਅਦ ਵੀਰਵਾਰ ਨੂੰ ਪਾਕਿਸਤਾਨੀ ਫੌਜ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਜਵਾਬ ਦਿੱਤਾ।

ਉਨ੍ਹਾਂ ਕਿਹਾ, "ਪਾਕਿਸਤਾਨ ਨੇ ਇੱਕ ਜ਼ਿੰਮੇਦਾਰ ਦੇਸ ਦੇ ਤੌਰ ਤੇ ਅਮਨ ਨੂੰ ਇੱਕ ਹੋਰ ਮੌਕਾ ਦਿੰਦੇ ਹੋਏ ਵਿੰਗ ਕਮਾਂਡਰ ਅਭਿਨੰਦਨ ਨੂੰ ਰਿਹਾਅ ਕਰਨ ਦਾ ਫ਼ੈਸਲਾ ਕੀਤਾ ਸੀ।"

"ਇਸ ਨੂੰ ਪਾਕਿਸਤਾਨ ਦੇ ਸਮਝਦਾਰੀ ਵਾਲੇ ਕਦਮ ਤੋਂ ਇਲਾਵਾ ਕਿਸੇ ਹੋਰ ਨਾਲ ਜੋੜਨਾ ਬਹੁਤ ਹੀ ਅਫ਼ਸੋਸ ਵਾਲਾ ਹੈ। ਪਾਕਿਸਤਾਨ ਨੇ ਪਹਿਲਾਂ ਭਾਰਤ ਨੂੰ ਆਪਣੀ ਤਾਕਤ ਦਿਖਾਈ ਅਤੇ ਫਿਰ ਇਹ ਫੈਸਲਾ ਲਿਆ। ਅਸੀਂ ਉਨ੍ਹਾਂ ਨੂੰ ਅਜਿਹਾ ਜ਼ਖ਼ਮ ਦੇ ਦਿੱਤਾ ਜੋ ਅਜੇ ਵੀ ਦੁਖਦਾ ਹੈ। "

abhinandan

ਤਸਵੀਰ ਸਰੋਤ, HINDUSTAN TIMES

ਤਸਵੀਰ ਕੈਪਸ਼ਨ, ਸਦੀਕ ਦੇ ਬਿਆਨ ਨੂੰ ਭਾਰਤ ਦੇ ਕਈ ਨਿਊਜ਼ ਚੈਨਲਾਂ ਦੇ ਪ੍ਰਾਈਮ ਟਾਈਮ ਸ਼ੋਅ ਵਿੱਚ ਬਹੁਤ ਗੰਭੀਰਤਾਂ ਨਾਲ ਸਥਾਨ ਦਿੱਤਾ ਗਿਆ

'ਅਭਿਨੰਦਨ ਪਾਕਿਸਤਾਨ ਵਿਚ ਕੋਈ ਮਠਿਆਈ ਵੰਡਣ ਨਹੀਂ ਆਇਆ ਸੀ'

ਭਾਵੇ ਕਿ ਇਸ ਸਾਰੇ ਵਿਵਾਦ ਤੋਂ ਬਾਅਦ ਹੁਣ ਅਯਾਜ਼ ਸਾਦਿਕ ਦਾ ਕਹਿਣਾ ਹੈ ਕਿ ਭਾਰਤੀ ਮੀਡੀਆ ਵਿਚ ਉਨ੍ਹਾਂ ਦੇ ਬਿਆਨ ਨੂੰ ਤੋੜ ਮਰੋੜ ਨੇ ਪੇਸ਼ ਕੀਤਾ ਗਿਆ।

ਉਨ੍ਹਾਂ ਕਿਹਾ , "ਭਾਰਤੀ ਮੀਡੀਆ ਵਿਚ ਮੇਰੇ ਬਿਆਨ ਬਾਰੇ ਜੋ ਕੁਝ ਕਿਹਾ ਜਾਂ ਹੋ ਰਿਹਾ ਹੈ, ਉਹ ਪੂਰੀ ਤਰ੍ਹਾਂ ਉਲਟ ਹੈ। ਅਭਿਨੰਦਨ ਪਾਕਿਸਤਾਨ ਵਿਚ ਕੋਈ ਮਠਿਆਈ ਵੰਡਣ ਨਹੀਂ ਆਇਆ ਸੀ।ਉਹ ਪਾਕਿਸਤਾਨ ਉੱਤੇ ਹਮਲਾ ਕਰਨ ਆਇਆ ਸੀ ਅਤੇ ਜਦੋਂ ਪਾਕਿਸਤਾਨ ਨੇ ਉਸਦਾ ਜਹਾਜ਼ ਸੁੱਟਿਆ ਸੀ ਤਾਂ ਪਾਕਿਸਤਾਨ ਦੀ ਫਤਹਿ ਹੋਈ ਸੀ।''

"ਇਸ ਤੋਂ ਬਾਅਦ ਇਮਰਾਨ ਖਾਨ ਦੇ ਸੰਸਦ ਮੈਂਬਰਾਂ ਦੀ ਬੈਠਕ ਬੁਲਾਈ ਸੀ ਅਤੇ ਉਹ ਆਪ ਨਹੀਂ ਆਏ। ਸ਼ਾਹ ਮਹਿਮੂਦ ਕੁਰੈਸ਼ੀ ਨੇ ਉਨ੍ਹਾਂ ਨੂੰ ਕਿਹਾ ਕਿ ਪਾਕਿਸਤਾਨ ਆਪਣੇ ਰਾਸ਼ਟਰੀ ਹਿੱਤ ਵਿਚ ਅਭਿਨੰਦਨ ਨੂੰ ਵਾਪਸ ਭੇਜਣਾ ਚਾਹੁੰਦਾ ਹੈ ਅਤੇ ਇਹ ਫੈਸਲਾ ਆਗੂਆਂ ਨੇ ਕੀਤਾ ਹੈ।''

ਸਾਦਿਕ ਦੇ ਮੁਤਾਬਕ, "ਇਮਰਾਨ ਖਾਨ ਨੇ ਕਿਸ ਦੇ ਦਬਾਅ ਹੇਠ ਇਹ ਫੈਸਲਾ ਲਿਆ ਅਤੇ ਉਨ੍ਹਾਂ ਦੀਆਂ ਕੀ ਮਜ਼ਬੂਰੀਆਂ ਸਨ, ਇਸ ਬਾਰੇ ਉਨ੍ਹਾਂ ਨੇ ਸਾਨੂੰ ਕੁਝ ਨਹੀਂ ਦੱਸਿਆ। ਅਸੀਂ ਅਭਿਨੰਦਨ ਨੂੰ ਵਾਪਸ ਭੇਜਣ ਦੇ ਫੈਸਲੇ ਨਾਲ ਸਹਿਮਤ ਨਹੀਂ ਸੀ, ਇਸ ਦੀ ਕੋਈ ਜਲਦੀ ਨਹੀਂ ਸੀ।''

''ਇੰਤਜਾਰ ਕੀਤਾ ਜਾ ਸਕਦਾ ਸੀ, ਭਾਵੇਂ ਲੀਡਰਸ਼ਿਪ ਨੇ ਇਹ ਫੈਸਲਾ ਰਾਸ਼ਟਰੀ ਹਿੱਤ ਦਾ ਹਵਾਲਾ ਦੇ ਕੇ ਲਿਆ ਸੀ ਪਰ ਇਸ ਫੈਸਲੇ ਵਿਚ ਉਨ੍ਹਾਂ ਦੀ ਕਮਜੋਰੀ ਨਜ਼ਰ ਆਈ।"

ਪਾਕਿਸਤਾਨ ਵਿਚ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ਼ ਵਿਰੋਧੀ ਧਿਰ ਦੀ ਘੇਰਾਬੰਦੀ ਲਗਾਤਾਰ ਵਧ ਰਹੀ ਹੈ।

ਪਾਕਿਸਤਾਨ ਦੀ ਸਿਆਸਤ ਵਿਚ ਕਦੇ ਕੱਟੜ ਵਿਰੋਧੀ ਰਹੇ ਪੀਪੀਪੀ ਅਤੇ ਪੀਐਮਐਲ-ਐਨ ਦੋਵੇਂ ਇਮਰਾਨ ਖਾਨ ਦੀ ਸਰਕਾਰ ਖਿਲਾਫ਼ ਇਕਜੁਟ ਹੋ ਗਏ ਹਨ।

ਦਾ ਨਿਊਜ਼ ਮੁਤਾਬਕ ਪੀਪੀਪੀ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰੀ ਜਨਵਰੀ 2021 ਵਿਚ ਡਿੱਗ ਜਾਵੇਗੀ। ਬਿਲਾਵਲ ਨੇ ਕਿਹਾ ਕਿ ਅਗਲੇ ਸਾਲ ਜਨਵਰੀ ਮਹੀਨੇ ਵਿਚ ਇਮਰਾਨ ਖਾਨ ਸੱਤਾ ਤੋਂ ਬਾਹਰ ਹੋ ਜਾਵੇਗਾ।

ਇਹ ਵੀ ਪੜ੍ਹੋ:

ਪੁਲਵਾਮਾ ਅਤੇ ਬਾਲਾਕੋਟ ਵਿਚ ਕੀ ਹੋਇਆ ਸੀ?

ਪੁਲਵਾਮਾ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਕਾਫਿਲੇ 'ਤੇ 14 ਫਰਵਰੀ 2019 ਨੂੰ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਮਾਰੇ ਗਏ ਸਨ। ਭਾਰਤ ਦਾ ਇਲਜ਼ਾਮ ਹੈ ਕਿ ਪਾਕਿਸਤਾਨ ਵਿੱਚ ਸਰਗਰਮ ਕੱਟੜਪੰਥੀ ਸੰਗਠਨ ਜੈਸ਼-ਏ-ਮੁਹੰਮਦ ਇਸ ਹਮਲੇ ਵਿੱਚ ਸ਼ਾਮਲ ਹੈ।

ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ 'ਤੇ ਸਰਜੀਕਲ ਸਟ੍ਰਾਈਕ ਦਾ ਦਾਅਵਾ ਕੀਤਾ ਸੀ। ਇਸ ਹਮਲੇ ਦੇ ਜਵਾਬ ਵਿਚ ਪਾਕਿਸਤਾਨ ਨੇ 27 ਫਰਵਰੀ ਨੂੰ ਭਾਰਤ 'ਤੇ ਹਵਾਈ ਕਾਰਵਾਈ ਕੀਤੀ ਸੀ।

ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਇਸ ਸਮੇਂ ਦੌਰਾਨ, ਵਿੰਗ ਕਮਾਂਡਰ ਅਭਿਨੰਦਨ ਨੇ ਮਿਗ -21 ਨਾਲ ਉਡਾਣ ਭਰੀ ਸੀ, ਪਰ ਉਨ੍ਹਾਂ ਦਾ ਜਹਾਜ਼ ਪਾਕਿਸਤਾਨੀ ਹਵਾਈ ਫੌਜ ਦੇ ਹਮਲੇ ਦੌਰਾਨ ਪਾਕਿਸਤਾਨੀ ਪ੍ਰਸ਼ਾਸਿਤ ਕਸ਼ਮੀਰ ਵਿੱਚ ਡਿੱਗ ਗਿਆ।

ਇਥੇ ਅਭਿਨੰਦਨ ਨੂੰ ਪਾਕਿਸਤਾਨੀ ਫੌਜ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਵਿੰਗ ਕਮਾਂਡਰ ਅਭਿਨੰਦਨ ਦੇ ਫੜੇ ਜਾਣ ਅਤੇ ਪਾਕਿਸਤਾਨੀ ਫੌਜ ਦੇ ਕਬਜ਼ੇ ਨੂੰ ਲੈ ਕੇ ਭਾਰਤ ਵਿਚ ਬਹੁਤ ਗੁੱਸਾ ਸੀ।

ਪਾਕਿਸਤਾਨੀ ਫੌਜ ਨੇ ਅਭਿਨੰਦਨ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਸੀ। ਇਸ ਵੀਡੀਓ ਵਿਚ ਅਭਿਨੰਦਨ ਜ਼ਖਮੀ ਵਿਖ ਰਹੇ ਸੀ ਅਤੇ ਉਨ੍ਹਾਂ ਦੇ ਚਿਹਰੇ 'ਤੇ ਲਹੂ ਫੈਲਿਆ ਹੋਇਆ ਸੀ।

ਬਾਅਦ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸੰਸਦ ਵਿੱਚ ਅਭਿਨੰਦਨ ਨੂੰ ਛੱਡੇ ਜਾਣ ਦਾ ਐਲਾਨ ਕੀਤਾ ਸੀ।

ਵੀਡੀਓ: ਏਸ਼ੀਆ 'ਚ ਕਿਵੇਂ ਵੱਧ ਰਹੀ ਹੈ ਬੁਲਿਟ ਮੋਟਰਸਾਈਕਲ ਦੀ ਵਿਕਰੀ

Skip YouTube post
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)