ਆਸਾਰਾਮ ਨੂੰ ਜੇਲ੍ਹ ਪਹੁੰਚਾਉਣ ਵਾਲਾ ਅਫ਼ਸਰ

- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ, ਚੰਡੀਗੜ੍ਹ
ਜੋਧਪੁਰ ਦੀ ਅਦਾਲਤ ਵੱਲੋਂ ਆਸਾਰਾਮ ਨੂੰ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਜਿਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਸ ਮਾਮਲੇ ਨੂੰ ਦਰਜ ਕਰਨ ਦੇ ਹੁਕਮ 2013 ਵਿੱਚ ਉਸ ਸਮੇਂ ਦੇ ਦਿੱਲੀ ਦੇ ਜੁਆਇੰਟ ਕਮਿਸ਼ਨਰ ਤੇਜਿੰਦਰ ਲੂਥਰਾ ਨੇ ਦਿੱਤੇ ਸਨ।
ਅਧਿਕਾਰ ਖ਼ੇਤਰ ਦਾ ਹਵਾਲਾ ਦੇ ਕੇ ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਤਾਂ ਅਕਸਰ ਤੁਸੀਂ ਸੁਣੀਆਂ ਹੋਣਗੀਆਂ ਪਰ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਆਸਾਰਾਮ ਦੇ ਕੇਸ 'ਚ ਤੇਜਿੰਦਰ ਲੂਥਰਾ ਨੇ ਅਜਿਹਾ ਕੋਈ ਹਵਾਲਾ ਨਹੀਂ ਦਿੱਤਾ ਸੀ।
ਇਸ ਮਾਮਲੇ ਵਿੱਚ ਐਫਆਈਆਰ ਦਿੱਲੀ ਵਿੱਚ ਦਰਜ ਹੋਈ ਸੀ ਜਦਕਿ ਘਟਨਾ ਜੋਧਪੁਰ ਦੀ ਸੀ।
16 ਸਾਲ ਦੀ ਲੜਕੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਆਸਾਰਾਮ ਨੇ ਜੋਧਪੁਰ ਨੇੜੇ ਉਸ ਨੂੰ ਆਪਣੇ ਆਸ਼ਰਮ 'ਚ ਬੁਲਾਇਆ ਅਤੇ 15 ਅਗਸਤ, 2015 ਦੀ ਰਾਤ ਨੂੰ ਉਸ ਨਾਲ ਬਲਾਤਕਾਰ ਕੀਤਾ।
ਐਫਆਈਆਰ ਕਿਸੇ ਵੀ ਵਿਅਕਤੀ ਦੇ ਖ਼ਿਲਾਫ਼ ਕਾਨੂੰਨੀ ਤੌਰ ਉੱਤੇ ਕੀਤੀ ਜਾਣ ਵਾਲੀ ਕਾਰਵਾਈ ਵਿੱਚ ਪਹਿਲਾ ਕਦਮ ਹੁੰਦਾ ਹੈ।

ਤਸਵੀਰ ਸਰੋਤ, Getty Images
ਇਸ ਮੁੱਦੇ ਉੱਤੇ ਬੀਬੀਸੀ ਪੰਜਾਬੀ ਨੇ ਤੇਜਿੰਦਰ ਸਿੰਘ ਲੂਥਰਾ ਨਾਲ ਗੱਲਬਾਤ ਕੀਤੀ ਜੋ ਇਸ ਸਮੇਂ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਹਨ।
ਅਗਸਤ 2013 ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋਏ ਤਜਿੰਦਰ ਲੂਥਰਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ''ਆਸਾਰਾਮ ਦਾ ਦਿੱਲੀ ਵਿੱਚ ਸਮਾਗਮ ਸੀ ਅਤੇ ਇਸ ਦੌਰਾਨ ਹੀ ਇੱਕ ਲੜਕੀ ਪੁਲਿਸ ਸਟੇਸ਼ਨ ਵਿੱਚ ਆਈ।''
''ਲੜਕੀ ਨੇ ਜਦੋਂ ਆਪਣੇ ਨਾਲ ਹੋਏ ਬਲਾਤਕਾਰ ਸਬੰਧੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਉਸ ਨਾਲ ਆਏ ਉਸ ਦੇ ਪਿਤਾ ਇੱਕ ਵਾਰ ਤਾਂ ਹੈਰਾਨ ਹੋ ਗਏ''
''ਇਸ ਤੋਂ ਬਾਅਦ ਜਦੋਂ ਲੜਕੀ ਦੇ ਪਿਤਾ ਘਟਨਾ ਦੀ ਪੜਤਾਲ ਕਰਨ ਲਈ ਆਸਾਰਾਮ ਕੋਲ ਗਏ ਤਾਂ ਉਸ ਦੇ ਸ਼ਰਧਾਲੂਆਂ ਨੇ ਨਾ ਸਿਰਫ਼ ਉਸ ਨੂੰ ਕੁੱਟਿਆ ਬਲਕਿ ਉਸ ਨੂੰ ਧੱਕੇ ਮਾਰ ਕੇ ਪੰਡਾਲ ਵਿੱਚੋਂ ਬਾਹਰ ਸੁੱਟ ਦਿੱਤਾ।''

ਤਸਵੀਰ ਸਰੋਤ, FB/ASARAMBAPUJI
ਤਜਿੰਦਰ ਲੂਥਰਾ ਨੇ ਅੱਗੇ ਦੱਸਿਆ, ''ਜੋਧਪੁਰ ਆਸ਼ਰਮ ਵਿੱਚ ਹੋਈ ਘਟਨਾ ਦੇ ਇੱਕ ਹਫ਼ਤੇ ਬਾਅਦ ਲੜਕੀ ਆਪਣੇ ਪਰਿਵਾਰ ਨਾਲ ਦਿੱਲੀ ਪੁਲਿਸ ਕੋਲ ਆਈ ਸੀ।''
''ਲੜਕੀ ਨੇ ਸਾਨੂੰ ਕਈ ਮਹੱਤਵਪੂਰਨ ਗੱਲਾਂ ਦੱਸੀਆਂ ਜਿਸ ਨਾਲ ਸਾਨੂੰ ਵਿਸ਼ਵਾਸ ਹੋ ਗਿਆ ਕਿ ਉਹ ਸੱਚ ਬੋਲ ਰਹੀ ਹੈ।"
''ਮੇਰਾ ਨੁਕਸਾਨ ਕਰ ਸਕਦਾ ਸੀ ਆਸਾਰਾਮ''
ਤਜਿੰਦਰ ਲੂਥਰਾ ਮੁਤਾਬਕ, "ਉਸ ਸਮੇਂ ਆਸਾਰਾਮ ਇੱਕ ਵੱਡਾ ਨਾਮ ਸੀ ਅਤੇ ਮੈਨੂੰ ਵੀ ਲੱਗਿਆ ਕਿ ਉਹ ਮੈਨੂੰ ਨੁਕਸਾਨ ਪਹੁੰਚ ਸਕਦਾ ਹੈ ਪਰ ਬਾਵਜੂਦ ਇਸ ਦੇ ਅਸੀਂ ਸਾਰੇ ਕਾਨੂੰਨੀ ਕਦਮ ਚੁੱਕੇ।"
''ਪੁਲਿਸ ਨੂੰ ਅਧਿਕਾਰ ਖੇਤਰ ਦਾ ਸਾਹਮਣਾ ਕਰਨਾ ਪੈਣਾ ਸੀ ਪਰ ਇਹ ਕੇਸ ਬਹੁਤ ਸੰਵੇਦਨਸ਼ੀਲ ਸੀ।''
ਉਹ ਅੱਗੇ ਕਹਿੰਦੇ ਹਨ, "ਕਾਨੂੰਨੀ ਤੌਰ ਉੱਤੇ ਅਸੀਂ ਜੋ ਕੀਤਾ ਉਹ ਸਹੀ ਸੀ।''
''ਕਾਨੂੰਨ ਅਨੁਸਾਰ, ਜੇਕਰ ਪੁਲਿਸ ਅਧਿਕਾਰੀ ਅੱਗੇ ਵੀ ਕਿਸੇ ਅਪਰਾਧ ਦਾ ਖ਼ੁਲਾਸਾ ਹੁੰਦਾ ਹੈ ਤਾਂ ਉਸ ਦੀ ਜ਼ੀਰੋ ਐਫਆਈਆਰ ਦਰਜ ਕਰਨੀ ਬਣਦੀ ਹੈ।"

ਤਸਵੀਰ ਸਰੋਤ, AFP
''ਐਫ.ਆਈ.ਆਰ ਦਰਜ ਕਰ ਕੇ ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਲੜਕੀ ਨੂੰ ਇਨਸਾਫ਼ ਲਈ ਇੱਧਰ-ਉੱਧਰ ਭਟਕਣਾ ਨਾ ਪਵੇ।''
''ਸੰਤੁਸ਼ਟ ਹਾਂ ਕਿ ਮੈਂ ਕੇਸ ਦੀ ਬੁਨਿਆਦ ਰੱਖੀ''
ਤੇਜਿੰਦਰ ਲੂਥਰਾ ਨੇ ਅੱਗੇ ਕਿਹਾ, ''ਸ਼ੁਰੂਆਤੀ ਜਾਂਚ ਕਰਨ ਤੋਂ ਬਾਅਦ ਬਕਾਇਦਾ ਦਸਤਾਵੇਜ਼ਾਂ ਵਾਲੀ ਫਾਈਲ ਤਿਆਰ ਕਰ ਕੇ ਅਸੀਂ ਮੁਲਜ਼ਮ ਨੂੰ ਭੇਜ ਕੇ ਇਸ ਨੂੰ ਜੋਧਪੁਰ ਪੁਲਿਸ ਦੇ ਹਵਾਲੇ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਅੰਜਾਮ ਤੱਕ ਪਹੁੰਚਿਆ।''
ਤਜਿੰਦਰ ਲੂਥਰਾ ਨੇ ਅੱਗੇ ਕਿਹਾ, '' ਮੈਂ ਸੰਤੁਸ਼ਟ ਹਾਂ ਕਿ ਜਿਸ ਕੇਸ ਵਿਚ ਆਸਾਰਾਮ ਨੂੰ ਉਮਰ ਕੈਦ ਹੋਈ ਹੈ ਉਸ ਦੀ ਬੁਨਿਆਦ ਮੇਰੇ ਵੱਲੋਂ ਰੱਖੀ ਗਈ ਸੀ।''












