ਮਦੀਹਾ ਗੌਹਰ ਦੀ ਮੌਤ ਨਾਲ "ਭਾਰਤ-ਪਾਕ ਨੂੰ ਜੋੜਨ ਵਾਲੀ ਕੜੀ ਟੁੱਟੀ"

ਤਸਵੀਰ ਸਰੋਤ, Kewal Dhaliwal
- ਲੇਖਕ, ਸਰਬਜੀਤ ਸਿੰਘ ਧਾਲੀਵਾਲ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨ ਅਤੇ ਪੰਜਾਬੀ ਜਗਤ ਦੀ ਨਾਮਵਰ ਰੰਗਮੰਚ ਸ਼ਖ਼ਸੀਅਤ ਮਦੀਹਾ ਗੌਹਰ ਹੁਣ ਨਹੀਂ ਰਹੇ। "ਅਜੋਕਾ ਥੀਏਟਰ ਗਰੁੱਪ" ਦੀ ਬਾਨੀ ਮਦੀਹਾ ਦੀ ਪਾਕਿਸਤਾਨ, ਲਾਹੌਰ ਵਿੱਚ ਮੌਤ ਹੋ ਚੁੱਕੀ ਹੈ।
ਮਦੀਹਾ ਪਾਕਿਸਤਾਨ ਦੇ ਨਾਲ - ਨਾਲ ਭਾਰਤ ਵਿੱਚ ਵੀ ਬਹੁਤ ਹਰਮਨ ਪਿਆਰੀ ਰੰਗ-ਮੰਚ ਨਿਰਦੇਸ਼ਕ ਸਨ।
ਮਦੀਹਾ ਦੇ ਤੁਰ ਜਾਣ ਤੋਂ ਬਾਅਦ ਬੀਬੀਸੀ ਪੰਜਾਬੀ ਨੇ ਪੰਜਾਬੀ ਰੰਗ ਮੰਚ ਨਾਲ ਜੁੜੇ ਲੋਕਾਂ ਅਤੇ ਮਦੀਹਾ ਦੇ ਦੋਸਤਾਂ ਨਾਲ ਗੱਲਬਾਤ ਕੀਤੀ।
ਸੰਗੀਤ ਨਾਟਕ ਅਕਾਦਮੀ ਪੁਰਸਕਾਰ ਜੇਤੂ ਨੀਲਮ ਮਾਨ ਸਿੰਘ ਚੌਧਰੀ ਦਾ ਕਹਿਣ ਹੈ, "ਮਦੀਹਾ ਭਾਰਤ ਅਤੇ ਪਾਕਿਸਤਾਨ ਵਿਚਾਲੇ ਇੱਕ ਕੜੀ ਸੀ ਜੋ ਉਸ ਦੇ ਤੁਰ ਜਾਣ ਨਾਲ ਟੁੱਟ ਗਈ ਹੈ।''
ਉਨ੍ਹਾਂ ਦੱਸਿਆ, "ਉਹ ਮੇਰੀ ਬਹੁਤ ਚੰਗੀ ਦੋਸਤ ਸੀ ਅਤੇ ਇੱਕ ਸਫਲ ਨਾਟਕਕਾਰ ਸੀ। ਉਨ੍ਹਾਂ ਦਾ ਚਲੇ ਜਾਣਾ ਮੇਰੇ ਲਈ ਬਹੁਤ ਹੀ ਦੁਖਦਾਇਕ ਹੈ। ਉਨ੍ਹਾਂ ਮੈਨੂੰ ਦੱਸਿਆ ਸੀ ਕਿ ਪਿਛਲੇ ਸਮੇਂ ਤੋਂ ਉਨ੍ਹਾਂ ਦੀ ਤਬੀਅਤ ਠੀਕ ਨਹੀਂ ਸੀ ਅਤੇ ਪੀੜਾ ਵਿੱਚ ਸਨ ਪਰ ਇਸ ਦੇ ਬਾਵਜੂਦ ਉਹ ਬਹਾਦਰੀ ਨਾਲ ਬਿਮਾਰੀ ਦਾ ਸਾਹਮਣਾ ਕਰ ਰਹੇ ਸਨ ਅਤੇ ਸਟੇਜ ਨਾਲ ਜੁੜੇ ਹੋਏ ਸਨ।

ਤਸਵੀਰ ਸਰੋਤ, Kewal Dhaliwal
"ਮਦੀਹਾ ਦੇ ਇਰਾਦੇ ਕਾਫ਼ੀ ਬੁਲੰਦ ਸਨ ਪਰ ਰਾਜਨੀਤਿਕ ਮਾਹੌਲ ਠੀਕ ਨਾ ਹੋਣ ਕਾਰਨ ਕੁਝ ਜ਼ਿਆਦਾ ਹੋ ਨਹੀਂ ਸਕਿਆ।"
ਉਹ ਜਰਨੈਲ ਲੇਡੀ
ਨਾਟਕਕਾਰ ਜਤਿੰਦਰ ਬਰਾੜ ਦੱਸਦੇ ਹਨ, "ਉਹ ਜਰਨੈਲ ਲੇਡੀ ਸੀ ਕਿਉਂਕਿ ਉਹ ਹਕੂਮਤ ਦੇ ਖ਼ਿਲਾਫ਼ ਖੁੱਲ੍ਹ ਕੇ ਆਵਾਜ਼ ਚੁੱਕਦੀ ਸੀ ਉਸ ਦਾ ਤੁਰ ਜਾਣਾ ਪੂਰੇ ਥੀਏਟਰ ਜਗਤ ਲਈ ਬਹੁਤ ਵੱਡਾ ਘਾਟਾ ਹੈ ਜੋ ਸ਼ਾਇਦ ਪੂਰਾ ਨਾ ਹੋਵੇ।"
ਅੰਮ੍ਰਿਤਸਰ ਤੋਂ ਬੀਬੀਸੀ ਪੰਜਾਬੀ ਨਾਲ ਫ਼ੋਨ ਉੱਤੇ ਗੱਲਬਾਤ ਕਰਦਿਆਂ ਜਤਿੰਦਰ ਬਰਾੜ ਨੇ ਦੱਸਿਆ ਕਿ ਮਦੀਹਾ ਦਾ ਨਾਟਕ "ਏਕ ਥੀ ਨਾਨੀ" ਵਿੱਚ ਉਸ ਨੇ ਭਾਰਤ ਤੋਂ ਜੌਹਰਾ ਸਹਿਗਲ ਅਤੇ ਪਾਕਿਸਤਾਨ ਤੋ ਅਜ਼ਰਾ ਬੱਟ ਨੂੰ ਭੈਣਾਂ ਦੇ ਰੂਪ ਵਿਚ ਇਕੱਠੇ ਮੰਚ ਉੱਤੇ ਪੇਸ਼ ਕੀਤਾ ਸੀ।
ਜਤਿੰਦਰ ਬਰਾੜ ਨੇ ਦੱਸਿਆ ਕਿ ਮਦੀਹਾ ਵਾਂਗ ਉਸ ਦੇ ਨਾਟਕਾਂ ਦੇ ਵਿਸ਼ੇ ਵੀ ਦਲੇਰ ਸਨ। ਉਨ੍ਹਾਂ ਦੱਸਿਆ ਕਿ ਮਦੀਹਾ ਹਕੂਮਤ ਦੀ ਪ੍ਰਵਾਹ ਨਹੀਂ ਕਰਦੀ ਸੀ। ਮੁੰਬਈ ਉੱਤੇ ਹੋਏ ਕੱਟੜਪੰਥੀ ਹਮਲੇ ਤੋਂ ਬਾਅਦ ਉਸ ਨੇ ਖੁੱਲ੍ਹੇ ਕੇ ਇਸ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਸੀ।
ਉਨ੍ਹਾਂ ਆਖਿਆ ਕਿ "ਬੁੱਲ੍ਹਾ" ਨਾਟਕ ਉੱਤੇ ਕਾਫ਼ੀ ਕਿੰਤੂ ਪ੍ਰੰਤੂ ਹੋਏ ਪਰ ਉਹ ਕਿਸੇ ਤੋਂ ਡਰਦੀ ਨਹੀਂ ਸੀ।"
'ਵੱਡਾ ਕਾਰਕੁਨ ਸਾਡੋ ਕੋਲੋਂ ਖੁੱਸ ਗਿਆ ਹੈ'
"ਬਹੁਤ ਵੱਡਾ ਨਾਮ, ਬਹੁਤ ਵੱਡਾ ਕੰਮ ਅਤੇ ਮਨੁੱਖੀ ਹੱਕਾਂ ਬਾਰੇ ਜੂਝਣ ਵਾਲੀ ਔਰਤ ਸੀ ਮਦੀਹਾ ਗੌਹਰ। ਮਨੁੱਖੀ ਹੱਕਾਂ ਲਈ ਲੜਾਈ ਲੜਨ ਵਾਲਾ ਵੱਡਾ ਕਾਰਕੁਨ ਸਾਡੇ ਕੋਲੋਂ ਖੁੱਸ ਗਿਆ ਹੈ ਅਤੇ ਇਸ ਦਾ ਬਹੁਤ ਹੀ ਅਫ਼ਸੋਸ ਹੈ।"
ਇਹ ਅੰਮ੍ਰਿਤਸਰ ਦੇ ਨਾਟਕਕਾਰ ਜਗਦੀਸ਼ ਸਚਦੇਵਾ ਦੇ ਪਹਿਲੇ ਸ਼ਬਦ ਸਨ ਜਦੋਂ ਉਨ੍ਹਾਂ ਨਾਲ ਬੀਬੀਸੀ ਪੰਜਾਬੀ ਨੇ ਗੱਲਬਾਤ ਕੀਤੀ।
ਉਨ੍ਹਾਂ ਦੱਸਿਆ, "ਅੰਮ੍ਰਿਤਸਰ ਦੇ ਵਿਰਸਾ ਵਿਹਾਰ ਵਿੱਚ ਮੇਰੀ ਮੁਲਾਕਾਤ ਅੱਠ ਮਹੀਨੇ ਪਹਿਲਾਂ ਹੋਈ ਸੀ। ਪਹਿਲੀ ਨਜ਼ਰ ਵਿੱਚ ਉਹ ਥੋੜ੍ਹਾ ਕਮਜ਼ੋਰ ਲੱਗ ਰਹੀ ਸੀ ਪਰ ਉਸ ਦੀ ਇੱਛਾ ਸ਼ਕਤੀ ਇੰਨੀ ਜ਼ਿਆਦਾ ਮਜ਼ਬੂਤ ਸੀ, ਕਿ ਉਨ੍ਹਾਂ ਦੇ ਚਿਹਰੇ ਤੋਂ ਪਤਾ ਨਹੀਂ ਲੱਗਦਾ ਸੀ ਕਿ ਉਹ ਕਿਸੇ ਬਿਮਾਰੀ ਨਾਲ ਜੂਝ ਰਹੇ ਹਨ।''
''ਬਿਮਾਰੀ ਦੇ ਬਾਵਜੂਦ ਉਹ ਮਨੁੱਖੀ ਹੱਕਾਂ ਦੀ ਆਵਾਜ਼ ਲਗਾਤਾਰ ਬੁਲੰਦ ਕਰਦੀ ਰਹੀ।"

ਤਸਵੀਰ ਸਰੋਤ, JATINDER BRAR
ਉਨ੍ਹਾਂ ਦੱਸਿਆ ਕਿ ਮਦੀਹਾ ਨੇ ਆਪਣੇ ਨਾਟਕਾਂ ਰਾਹੀਂ ਪਾਕਿਸਤਾਨ ਦੀਆਂ ਔਰਤਾਂ ਦੇ ਤਲਾਕ ਦਾ ਮੁੱਦਾ ਅਤੇ ਬੁਰਕਾ ਪ੍ਰਥਾ ਦੇ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ।
ਨਾਟਕਕਾਰ ਜਗਦੀਸ਼ ਸਚਦੇਵਾ ਮੁਤਾਬਕ "ਉਹ ਜਦੋਂ ਵੀ ਭਾਰਤ ਆਉਂਦੀ ਤਾਂ ਅੰਮ੍ਰਿਤਸਰ ਜ਼ਰੂਰ ਰੁਕਦੀ ਅਤੇ ਮੁਲਾਕਾਤਾਂ ਹੁੰਦੀਆਂ।''
ਉਨ੍ਹਾਂ ਨੇ ਮਦੀਹਾਂ ਦੇ ਨਾਟਕ "ਬੁੱਲ੍ਹਾ" ਨੂੰ ਪੰਜਾਬੀ ਦਾ ਵੱਡਾ ਕਲਾਸਿਕ ਦੱਸਿਆ ਹੈ।
ਉਨ੍ਹਾਂ ਕਿਹਾ,"ਇਸ ਨਾਟਕ ਉੱਤੇ ਕਾਫ਼ੀ ਵਿਵਾਦ ਵੀ ਹੋਏ ਪਰ ਮੇਰੇ ਮੁਤਾਬਕ "ਬੁੱਲ੍ਹਾ" ਦੀ ਸਕਰਿਪਟ ਦੀ ਥਾਂ ਜੇਕਰ ਪੇਸ਼ਕਾਰੀ ਦੀ ਗੱਲ ਕੀਤੀ ਜਾਵੇ ਤਾਂ ਉਹ ਬਾ ਕਮਾਲ ਸੀ।''
'ਉਹ ਫਿਰ ਤੋਂ ਜਨਮ ਲੈਣ'
ਸੰਗੀਤ ਨਾਟਕ ਅਕੈਡਮੀ ਦੇ ਸਾਬਕਾ ਚੇਅਰਮੈਨ ਅਤੇ ਹਰਿਆਣੇ ਦੇ ਸੱਭਿਆਚਾਰ ਵਿਭਾਗ ਦੇ ਵਧੀਕ ਡਾਇਰੈਕਟਰ ਕਮਲ ਤਿਵਾੜੀ ਨੇ ਮਦੀਹਾ ਗੌਹਰ ਨੂੰ ਯਾਦ ਕਰਦਿਆਂ ਆਖਿਆ ਕਿ ਉਨ੍ਹਾਂ ਵਰਗੀਆਂ ਬਹੁਤ ਘੱਟ ਸ਼ਖ਼ਸੀਅਤਾਂ ਹੁੰਦੀਆਂ ਹਨ ਅਤੇ ਉਹ ਚਾਹੁੰਦੇ ਹਨ ਕਿ ਉਹ ਫਿਰ ਤੋਂ ਜਨਮ ਲੈਣ।

ਤਸਵੀਰ ਸਰੋਤ, Kewal Dhaliwal
ਮਦੀਹਾ ਗੌਹਰ ਨਾਲ ਆਪਣੀਆਂ ਯਾਦਾਂ ਸਾਂਝੀਆਂ ਕਰਦਿਆਂ ਕਮਲ ਤਿਵਾੜੀ ਨੇ ਆਖਿਆ, "ਉਨ੍ਹਾਂ ਨਾਲ ਮੇਰੀ ਪਹਿਲੀ ਮੁਲਾਕਾਤ ਨੀਲਮ ਮਾਨ ਸਿੰਘ ਦੇ ਘਰ ਹੋਈ ਸੀ।"
"ਇਸ ਮੁਲਾਕਾਤ ਨੇ ਮੇਰੇ ਉੱਤੇ ਅਜਿਹਾ ਅਸਰ ਛੱਡਿਆ ਕਿ ਜਦੋਂ ਵੀ ਉਹ ਚੰਡੀਗੜ੍ਹ ਆਉਂਦੇ ਮੈਂ ਉਨ੍ਹਾਂ ਨੂੰ ਉਚੇਚੇ ਤੌਰ 'ਤੇ ਮਿਲਦਾ ਸੀ।"
ਕਮਲ ਤਿਵਾੜੀ ਮੁਤਾਬਕ "ਅਜਿਹੇ ਲੋਕ ਬਹੁਤ ਘੱਟ ਪੈਦਾ ਹੁੰਦੇ ਹਨ ਜੋ ਆਰਟ ਨੂੰ ਸਰਹੱਦ ਤੋਂ ਉੱਪਰ ਮੰਨਦੇ ਹੋਣ, ਕਿਉਂਕਿ ਕਲਾ ਦੁਨੀਆਂ ਨੂੰ ਤੋੜਦੀ ਨਹੀਂ ਬਲਕਿ ਜੋੜਦੀ ਹੈ, ਇਹ ਵੀਜ਼ਨ ਸੀ ਮਦੀਹਾ ਗੌਹਰ ਦਾ।"
ਉਨ੍ਹਾਂ ਆਖਿਆ ਕਿ ਮਦੀਹਾ ਗੌਹਰ ਵਰਗੀਆਂ ਹੋਰ ਸ਼ਖ਼ਸੀਅਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਦੁਨੀਆਂ ਨੂੰ ਸੱਚ ਦਿਖਾਇਆ ਜਾ ਸਕੇ।
ਉਨ੍ਹਾਂ ਨੇ ਉਚੇਚੇ ਤੌਰ 'ਤੇ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਹੋਏ "ਬੁੱਲ੍ਹਾ" ਨਾਟਕ ਦਾ ਜ਼ਿਕਰ ਕਰਦਿਆਂ ਕਿਹਾ, "ਪੇਸ਼ਕਾਰੀ ਨੂੰ ਦੇਖ ਕੇ ਉੱਥੇ ਕੋਈ ਵੀ ਅਜਿਹਾ ਸ਼ਖ਼ਸ ਨਹੀਂ ਸੀ ਜਿਸ ਦੀਆਂ ਅੱਖਾਂ ਨਾ ਭਰੀਆਂ ਹੋਣ।"












