ਕੋਰੋਨਾਵਾਇਰਸ: ਕੀ ਵੱਧਦਾ ਪ੍ਰਦੂਸ਼ਣ ਕੋਵਿਡ-19 ਦੇ ਮਾਮਲਿਆਂ ਵਿੱਚ ਵਾਧਾ ਕਰ ਸਕਦਾ ਹੈ

ਪਿਛਲੇ ਕੁਝ ਹਫ਼ਤਿਆਂ ਵਿੱਚ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋਈ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਛਲੇ ਕੁਝ ਹਫ਼ਤਿਆਂ ਵਿੱਚ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋਈ ਹੈ
    • ਲੇਖਕ, ਵਿਕਾਸ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ

ਭਾਰਤ 'ਚ ਖ਼ਤਰਨਾਕ ਪ੍ਰਦੂਸ਼ਣ ਦਾ ਪੱਧਰ ਮੁੜ ਵਾਪਸ ਆ ਗਿਆ ਹੈ। ਪਿਛਲੇ ਦੋ ਹਫ਼ਤਿਆਂ 'ਚ ਰਾਜਧਾਨੀ ਦਿੱਲੀ ਅਤੇ ਹੋਰ ਉੱਤਰੀ ਭਾਰਤ ਦੇ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ 'ਚ ਤੇਜ਼ੀ ਨਾਲ ਗਿਰਾਵਟ ਦਰਜ ਕੀਤੀ ਗਈ ਹੈ।

ਕੋਰੋਨਾਵਾਇਰਸ ਖਿਲਾਫ਼ ਚੱਲ ਰਹੀ ਭਾਰਤ ਦੀ ਲੜਾਈ ਲਈ ਇਹ ਮਾੜੀ ਖ਼ਬਰ ਹੈ ਕਿਉਂਕਿ ਦੁਨੀਆਂ ਭਰ 'ਚ ਹੋਏ ਕਈ ਅਧਿਐਨਾਂ ਨੇ ਸਪਸ਼ੱਟ ਤੌਰ 'ਤੇ ਕਿਹਾ ਹੈ ਕਿ ਹਵਾ ਪ੍ਰਦੂਸ਼ਣ ਕੋਵਿਡ-19 ਦੇ ਮਾਮਲਿਆਂ ਨੂੰ ਵਧਾਉਣ ਦਾ ਇੱਕ ਪ੍ਰਮੁੱਖ ਕਾਰਨ ਬਣ ਸਕਦਾ ਹੈ ਅਤੇ ਇਸ ਨਾਲ ਮੌਤ ਦਰ 'ਚ ਵੀ ਵਾਧਾ ਹੋ ਸਕਦਾ ਹੈ।

ਹਾਰਵਰਡ ਯੂਨੀਵਰਸਿਟੀ ਵਲੋਂ ਕਰਵਾਏ ਗਏ ਅਧਿਐਨ 'ਚ ਕਿਹਾ ਗਿਆ ਹੈ ਕਿ ਪੀਐੱਮ 2.5 'ਚ ਪ੍ਰਤੀ ਕਿਊਬਿਕ ਮੀਟਰ 'ਚ ਸਿਰਫ਼ 1 ਮਾਈਕਰੋਗ੍ਰਾਮ ਦਾ ਵਾਧਾ ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ 'ਚ 8% ਦਾ ਵਾਧਾ ਕਰ ਸਕਦਾ ਹੈ।

ਯੂਕੇ ਦੀ ਕੈਮਬ੍ਰਿਜ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਕੀਤੇ ਗਏ ਇੱਕ ਹੋਰ ਅਧਿਐਨ 'ਚ ਵੀ ਕੋਵਿਡ-19 ਦੀ ਲਾਗ ਅਤੇ ਲੰਬੇ ਸਮੇਂ ਤੱਕ ਰਹਿਣ ਵਾਲੇ ਹਵਾ ਪ੍ਰਦੂਸ਼ਣ ਨਾਲ ਸਬੰਧ ਜੋੜਿਆ ਗਿਆ ਹੈ, ਜਿਸ 'ਚ ਨਾਈਟਰੋਜਨ ਆਕਸਾਈਡ ਅਤੇ ਗੱਡੀਆਂ ਤੋਂ ਪੈਦਾ ਧੂੰਏ ਜਾਂ ਜੀਵਾਸ਼ੂ ਬਾਲਣਾਂ (ਫੋਸਿਲ ਫਿਊਲਜ਼) ਨੂੰ ਜਲਾਉਣ ਤੋਂ ਪੈਦਾ ਹੋਇਆ ਧੂੰਆਂ ਸ਼ਾਮਲ ਹੁੰਦਾ ਹੈ।

ਇਹ ਵੀ ਪੜ੍ਹੋ:

ਅਧਿਐਨ ਦੇ ਸਹਿ-ਲੇਖਕਾਂ 'ਚੋਂ ਇੱਕ ਮਾਰਕੋ ਟਰੈਵਾਗਲੀਓ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ, "ਅਜਿਹੇ ਪ੍ਰਦੂਸ਼ਿਤ ਤੱਤ ਵੀ ਲਗਾਤਾਰ ਭੜਕਾਊ ਪ੍ਰਤੀਕ੍ਰਿਆ ਪੈਦਾ ਕਰ ਸਕਦੇ ਹਨ ਅਤੇ ਵਾਇਰਸ ਨਾਲ ਲਾਗ ਦੇ ਖ਼ਤਰੇ ਨੂੰ ਵਧਾ ਸਕਦੇ ਹਨ ਜੋ ਕਿ ਸਾਹ ਲੈਣ 'ਤੇ ਅਸਰ ਪਾਉਂਦਾ ਹੈ।

ਰਾਜਧਾਨੀ ਦਿੱਲੀ ਨੂੰ ਪ੍ਰਦੂਸ਼ਣ ਤੋਂ ਕਿੰਨਾ ਖ਼ਤਰਾ

ਹਾਲ ਹੀ ਦੇ ਕੁੱਝ ਹਫ਼ਤਿਆਂ 'ਚ ਦੇਸ ਦੀ ਰਾਜਧਾਨੀ ਦਿੱਲੀ 'ਚ 2.5 ਪੀਐੱਮ ਦਾ ਪੱਧਰ ਔਸਤਨ ਪ੍ਰਤੀ ਕਿਊਬਿਕ ਮੀਟਰ 180-300 ਮਾਈਕਰੋਗ੍ਰਾਮ ਦਰਜ ਕੀਤਾ ਗਿਆ ਹੈ, ਜੋ ਕਿ ਵਿਸ਼ਵ ਸਿਹਤ ਸੰਗਠਨ ਦੀ ਸੁਰੱਖਿਆ ਹੱਦ ਤੋਂ 12 ਗੁਣਾ ਵੱਧ ਹੈ।

ਇਹ ਇੱਕ ਬਹੁਤ ਹੀ ਨਿਰਾਸ਼ਾਜਨਕ ਸਥਿਤੀ ਹੈ। ਦਿੱਲੀ ਵਾਸੀ ਲਗਭਗ ਸਾਰਾ ਹੀ ਸਾਲ ਸਾਫ਼ ਹਵਾ ਲੈਣ ਦੇ ਯੋਗ ਸਨ ਕਿਉਂਕਿ ਸਖ਼ਤ ਲੌਕਡਾਊਨ ਦੇ ਚੱਲਦਿਆਂ ਸਨਅਤਾਂ ਅਤੇ ਆਵਾਜਾਈ 'ਤੇ ਠੱਲ ਪਈ ਹੋਈ ਸੀ।

ਭਾਰਤ 'ਚ ਕੋਵਿਡ-19 ਦੀ ਲਾਗ ਜਾਂ ਰਿਕਵਰੀ ਦਰ 'ਤੇ ਹਵਾ ਪ੍ਰਦੂਸ਼ਣ ਦੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਅਜੇ ਤੱਕ ਕੋਈ ਵੀ ਅਧਿਐਨ ਨਹੀਂ ਹੋਇਆ ਹੈ।

ਪਰ ਦੇਸ ਦੇ ਡਾਕਟਰਾਂ ਅਤੇ ਮਹਾਂਮਾਰੀ ਵਿਗਿਆਨੀਆਂ ਨੇ ਪਹਿਲਾਂ ਹੀ ਇਹ ਚੇਤਾਵਨੀ ਦੇ ਦਿੱਤੀ ਹੈ ਕਿ ਜ਼ਹਿਰੀਲੀ ਹਵਾ ਕੋਵਿਡ-19 ਵਿਰੁੱਧ ਭਾਰਤ ਦੀ ਜੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਨਵੀਂ ਦਿੱਲੀ, ਹਵਾ ਪ੍ਰਦੂਸ਼ਣ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਗਲੇ ਕੁਝ ਹਫ਼ਤਿਆਂ ਵਿੱਚ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਹੋਰ ਖ਼ਰਾਬ ਹੋਣ ਦਾ ਖਦਸ਼ਾ ਹੈ

ਭਾਰਤ ਇਸ ਸਮੇਂ ਦੁਨੀਆਂ ਦਾ ਦੂਜਾ ਸਭ ਤੋਂ ਵੱਧ ਕੋਵਿਡ-19 ਮਾਮਲਿਆਂ ਵਾਲਾ ਦੇਸ ਹੈ।

ਇਸ ਤੋਂ ਇਲਾਵਾ ਭਾਰਤ 'ਚ ਮਹਾਂਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੇ ਕਾਰਨ ਦੁਨੀਆਂ ਦਾ ਤੀਜਾ ਸਭ ਤੋਂ ਵੱਧ ਮੌਤਾਂ (114,000 ਤੋਂ ਵੀ ਵੱਧ) ਵਾਲਾ ਦੇਸ ਹੈ।

ਹਾਲਾਂਕਿ ਪ੍ਰਤੀ ਮਿਲੀਅਨ (10 ਲੱਖ) ਆਬਾਦੀ ਦੇ ਅਧਾਰ 'ਤੇ ਮੌਤ ਦਰ ਘੱਟ ਹੈ। ਪਰ ਮਾਹਰਾਂ ਦਾ ਕਹਿਣਾ ਹੈ ਕਿ ਖ਼ਰਾਬ ਹਵਾ ਸੰਭਵਾਤ ਤੌਰ 'ਤੇ ਇਨ੍ਹਾਂ ਮਾਮਲਿਆਂ ਨੂੰ ਵਧਾਏਗੀ।

ਦਿੱਲੀ ਕੋਵਿਡ-19 ਨਾਲ ਸਭ ਤੋਂ ਵੱਧ ਪ੍ਰਭਾਵਿਤ ਸ਼ਹਿਰਾਂ 'ਚੋਂ ਇੱਕ ਹੈ ਅਤੇ ਹੁਣ ਸ਼ਾਇਦ ਉਸ ਨੂੰ ਇਸ ਦਾ ਵੀ ਖਮਿਆਜ਼ਾ ਭੁਗਤਣਾ ਪਵੇਗਾ, ਕਿਉਂਕਿ ਇੱਥੋਂ ਦੇ ਲੋਕ ਪਿਛਲੇ ਕਈ ਸਾਲਾਂ ਤੋਂ ਹਵਾ ਪ੍ਰਦੂਸ਼ਣ ਦੇ ਖ਼ਤਰਨਾਕ ਪੱਧਰ ਦਾ ਸਾਹਮਣਾ ਕਰ ਰਹੇ ਹਨ।

ਕੀ ਠੰਢ ਵਿੱਚ ਵਧਣਗੇ ਕੋਰੋਨਾ ਦੇ ਮਾਮਲੇ

ਹਾਰਵਰਡ ਯੂਨੀਵਰਸਿਟੀ ਦੇ ਜੀਵ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਅਤੇ ਅਧਿਐਨ ਦੇ ਪ੍ਰਮੁੱਖ ਵਿਗਿਆਨੀ ਡਾ. ਫਰਾਂਚੈਸਕਾ ਡੋਮੀਨੀਕੀ ਨੇ ਬੀਬੀਸੀ ਨੂੰ ਦੱਸਿਆ, " ਇਸ ਵਾਰ ਦੀ ਠੰਢ ਦੇ ਮੌਸਮ 'ਚ ਦਿੱਲੀ ਦੀ ਸਥਿਤੀ ਬਹੁਤ ਹੀ ਗੰਭੀਰ ਹੋ ਸਕਦੀ ਹੈ।"

ਸਰਦੀਆਂ 'ਚ ਖਾਸ ਤੌਰ 'ਤੇ ਨਵੰਬਰ ਤੋਂ ਫਰਵਰੀ ਮਹੀਨੇ ਹਵਾ ਦਾ ਪੱਧਰ ਡਿੱਗ ਸਕਦਾ ਹੈ ਕਿਉਂਕਿ ਇਸ ਦੌਰਾਨ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ, ਵਾਹਨਾਂ ਅਤੇ ਉਦਯੋਗਾਂ ਤੋਂ ਨਿਕਲਦਾ ਪ੍ਰਦੂਸ਼ਣ, ਤਿਓਹਾਰਾਂ 'ਚ ਚੱਲਣ ਵਾਲੀ ਅਤਿਸ਼ਬਾਜ਼ੀ ਅਤੇ ਹਵਾ ਦੀ ਘੱਟ ਰਫ਼ਤਾਰ ਹਵਾ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।

ਇਸ ਲਈ ਹੀ ਡਾਕਟਰਾਂ ਵੱਲੋਂ ਇਸ ਪੂਰੀ ਸਥਿਤੀ ਨੂੰ 'ਜ਼ਹਿਰੀਲੀ ਗੈਸਾਂ ਦਾ ਘਾਤਕ ਕਾਕਟੇਲ' ਦਾ ਨਾਂਅ ਦਿੱਤਾ ਗਿਆ ਹੈ।

ਪ੍ਰਦੂਸ਼ਣ. ਕੋਰੋਨਾਵਾਇਰਸ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜਕਰਤਾਵਾਂ ਮੁਤਾਬਕ ਕੋਵਿਡ-19 ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਇਲਾਕਿਆਂ 'ਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਸਮੇਂ ਦੀ ਪਹਿਲੀ ਮੰਗ ਹੈ

ਹਾਰਵਰਡ ਦੇ ਅਧਿਐਨ ਨੇ ਪੂਰੇ ਅਮਰੀਕਾ 'ਚ 3 ਹਜ਼ਾਰ ਤੋਂ ਵੱਧ ਕਾਉਂਟੀਆ ਦਾ ਸਰਵੇਖਣ ਕੀਤਾ ਪਰ ਨਤੀਜੇ ਦਿੱਲੀ ਲਈ ਖ਼ਤਰਨਾਕ ਹਨ।

ਕਿਉਂਕਿ ਹੁਣ ਤੱਕ ਹਵਾ ਪ੍ਰਦੂਸ਼ਣ ਨੂੰ ਲੈ ਕੇ ਜੋ ਇਸ ਦਾ ਰਿਕਾਰਡ ਰਿਹਾ ਹੈ, ਉਸ ਦੇ ਕਾਰਨ ਹੀ ਇਹ ਸਥਿਤੀ ਚਿੰਤਾਜਨਕ ਹੈ। ਦਿੱਲੀ ਲਗਾਤਾਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ 'ਚੋਂ ਇੱਕ ਰਹਿ ਰਿਹਾ ਹੈ।

ਡਾ. ਡੋਮੀਨਿਕੀ ਨੇ ਕਿਹਾ, "ਬਹੁਤ ਸਾਰੇ ਗੁੰਝਲਦਾਰ ਕਾਰਕਾਂ ਜਿਵੇਂ ਕਿ ਆਬਾਦੀ ਦੀ ਘਣਤਾ ਅਤੇ ਸਮਾਜਿਕ-ਆਰਥਿਕ ਪਰਿਵਰਤਨ ਨੂੰ ਧਿਆਨ 'ਚ ਰੱਖਦਿਆਂ ਹੀ ਇਹ ਅਧਿਐਨ ਇਸ ਨਤੀਜੇ 'ਤੇ ਪਹੁੰਚਿਆ ਹੈ।"

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਖੋਜਕਰਤਾਵਾਂ ਨੇ ਇਹ ਸਿੱਟਾ ਕੱਢਿਆ ਹੈ ਕਿ ਕੋਵਿਡ-19 ਨਾਲ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਇਲਾਕਿਆਂ 'ਚ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨਾ ਸਮੇਂ ਦੀ ਪਹਿਲੀ ਮੰਗ ਹੈ।

ਕੈਮਬ੍ਰਿਜ ਅਧਿਐਨ 'ਤੇ ਕੰਮ ਕਰਨ ਵਾਲੇ ਯੀਜਾਓ ਯੂ ਨੇ ਕਿਹਾ, " ਇਸ ਸਰਦੀਆਂ ਦਿੱਲੀ ਨੂੰ ਆਪਣੀ ਸਖ਼ਤ ਸੁਰੱਖਿਆ ਦੀ ਜ਼ਰੂਰਤ ਹੈ।"

"ਗੰਭੀਰ ਮਾਮਲਿਆਂ 'ਚ ਸਿਹਤ ਪ੍ਰਣਾਲੀ ਵੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਇਹ ਵੀ ਸੰਭਾਵਨਾ ਹੈ ਕਿ ਮੌਤ ਦਰ 'ਚ ਵੀ ਵਾਧਾ ਹੋ ਸਕਦਾ ਹੈ।"

ਕੋਰੋਨਾਵਾਇਰਸ
ਕੋਰੋਨਾਵਾਇਰਸ

ਸਟੈਨਫੋਰਡ ਯੂਨੀਵਰਸਿਟੀ 'ਚ ਹਵਾ ਪ੍ਰਦੂਸ਼ਣ ਅਤੇ ਸਿਹਤ ਖੋਜ ਵਿਭਾਗ ਦੀ ਡਾਇਰੈਕਟਰ ਮੈਰੀ ਪਰੂਨੀਕੀ ਨੇ ਕਿਹਾ, "ਅਮਰੀਕਾ 'ਚ ਗਰੀਬ ਤਬਕੇ ਨੂੰ ਦੂਜੇ ਲੋਕਾਂ ਨਾਲੋਂ ਵਧੇਰੇ ਖ਼ਤਰਾ ਹੈ।"

ਭਾਰਤ ਲਈ ਵੀ ਇਹੀ ਸੱਚਾਈ ਹੈ। ਦਿੱਲੀ 'ਚ ਗਰੀਬ ਭਾਈਚਾਰੇ ਦੇ ਲੋਕ ਜਿਸ ਇਲਾਕੇ 'ਚ ਰਹਿੰਦੇ ਹਨ, ਉਹ ਉਦਯੋਗਿਕ ਇਕਾਈਆਂ, ਨਿਰਮਾਣ ਸਥਾਨ ਅਤੇ ਰੁਝੇਵਿਆਂ ਵਾਲੇ ਮੋਟਰ ਮਾਰਗਾਂ ਨੇੜੇ ਸਥਿਤ ਹਨ ਅਤੇ ਇਹ ਪ੍ਰਦੂਸ਼ਣ ਦਾ ਮੁੱਖ ਸਰੋਤ ਹਨ।

ਕੋਰੋਨਾਵਾਇਰਸ, ਕੋਵਿਡ-19

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤਿਉਹਾਰਾਂ ਦੇ ਮੌਸਮ ਤੋਂ ਪਹਿਲਾਂ ਬਾਜ਼ਾਰਾਂ ਵਿੱਚ ਭੀੜ ਹੋ ਰਹੀ ਅਤੇ ਮਾਹਰ ਚਿੰਤਤ ਹਨ ਕਿ ਇਸ ਨਾਲ ਕੋਵਿਡ ਦੇ ਮਾਮਲੇ ਵੱਧ ਸਕਦੇ ਹਨ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਮੰਨਿਆ ਹੈ ਕਿ ਪ੍ਰਦੂਸ਼ਣ ਦੇ ਪੱਧਰ ਨੂੰ ਤੁਰੰਤ ਕੰਟਰੋਲ ਕਰਨ ਦੀ ਲੋੜ ਹੈ, ਨਹੀਂ ਤਾਂ ਰਾਜਧਾਨੀ ਨੂੰ ਇੱਕੋ ਹੀ ਸਮੇਂ ਦੋ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝਨਾ ਪਵੇਗਾ।

ਤਾਮਿਲਨਾਡੂ ਦੇ ਇਸਾਈ ਮੈਡੀਕਲ ਕਾਲਜ ਦੇ ਪਲਮਨਰੀ ਮੈਡੀਸਨ ਵਿਭਾਗ ਦੇ ਮੁੱਖੀ ਡਾ. ਡੀਜੇ ਕ੍ਰਿਸਟੋਫਰ ਦਾ ਕਹਿਣਾ ਹੈ, "ਇਹ ਇੱਕ ਭਿਆਨਕ ਦ੍ਰਿਸ਼ ਹੈ।"

ਵੱਧ ਖ਼ਤਰਾ ਕਿਸ ਨੂੰ

ਪੀਐੱਮ 2.5 ਕਣ ਫੇਫੜਿਆਂ 'ਚ ਦਾਖਲ ਹੋ ਸਕਦੇ ਹਨ ਅਤੇ ਖੂਨ ਦੇ ਪ੍ਰਵਾਹ 'ਚ ਲੰਘਣ ਤੋਂ ਪਹਿਲਾਂ ਹੀ ਜਲਣ ਅਤੇ ਨੁਕਸਾਨ ਦਾ ਕਾਰਨ ਬਣਦੇ ਹਨ ਅਤੇ ਇਹ ਸਥਿਤੀ ਗੰਭੀਰ ਸਿਹਤ ਸਮੱਸਿਆਵਾਂ ਨੂੰ ਪੈਦਾ ਕਰਦੀ ਹੈ।

ਅਧਿਐਨਾਂ ਨੇ ਸਪਸ਼ੱਟ ਤੌਰ 'ਤੇ ਪੇਸ਼ ਕੀਤਾ ਹੈ ਕਿ ਪ੍ਰਦੂਸ਼ਣ ਦੇ ਉੱਚ ਪੱਧਰ ਦੇ ਸੰਪਰਕ 'ਚ ਆਉਣ ਨਾਲ ਉਨ੍ਹਾਂ ਮਰੀਜ਼ਾਂ ਦੀ ਸਥਿਤੀ ਵਿਗੜ ਜਾਂਦੀ ਹੈ ਜੋ ਕਿ ਪਹਿਲਾਂ ਹੀ ਸ਼ੂਗਰ, ਹਾਈਪਰਟੈਂਸ਼ਨ, ਕੋਰੋਨਰੀ ਬਿਮਾਰੀ ਅਤੇ ਦਮੇ ਦਾ ਸ਼ਿਕਾਰ ਹੁੰਦੇ ਹਨ। ਇਸ ਦੇ ਨਾਲ ਹੀ ਇਹ ਪ੍ਰਤੀਰੋਧਕ ਸ਼ਕਤੀ ਨੂੰ ਵੀ ਕਮਜ਼ੋਰ ਕਰਦਾ ਹੈ।

ਡਾ. ਕ੍ਰਿਸਟੋਫਰ ਨੇ ਕਿਹਾ, "ਫੇਫੜੇ ਸਰੀਰ ਦਾ ਪ੍ਰਵੇਸ਼ ਦੁਆਰ ਹੁੰਦੇ ਹਨ ਅਤੇ ਇਸ ਨੂੰ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋਣ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਦੇ ਨਾਲ ਹੀ ਲੋਕ ਕੋਵਿਡ-19 ਦੇ ਵਧੇਰੇ ਸ਼ਿਕਾਰ ਹੋ ਸਕਦੇ ਹਨ। ਇਹ ਇਸ ਤਰ੍ਹਾਂ ਦੀ ਸਥਿਤੀ ਹੋਵੇਗੀ ਜਿਵੇਂ ਕਿ ਕਮਜ਼ੋਰ ਜਵਾਨਾਂ ਦੇ ਸਹਾਰੇ ਲੜਾਈ ਲੜਨਾ।"

ਮਾਹਰਾਂ ਦਾ ਕਹਿਣਾ ਹੈ ਕਿ ਪ੍ਰਦੂਸ਼ਿਤ ਕਣ ਕੋਰੋਨਾਵਾਇਰਸ ਦੇ ਫੈਲਾਅ 'ਚ ਵੀ ਮਦਦ ਕਰ ਸਕਦੇ ਹਨ।

ਪਰੀਨਿਕੀ ਦਾ ਕਹਿਣਾ ਹੈ, "ਹਵਾ ਪ੍ਰਦੂਸ਼ਣ ਨਾਲ ਜਿੱਥੇ ਪ੍ਰਤੀਰੋਧਕ ਸ਼ਕਤੀ ਪ੍ਰਭਾਵਿਤ ਹੁੰਦੀ ਹੈ, ਉਸ ਦੇ ਨਾਲ-ਨਾਲ ਹੀ ਹਵਾ ਪ੍ਰਦੂਸ਼ਣ 'ਚ ਪਾਏ ਜਾਣ ਵਾਲੇ ਨਾਈਟਰੋਜਨ ਡਾਈਆਕਸਾਈਡ ਅਤੇ ਪ੍ਰਦੂਸ਼ਿਤ ਕਣ ਕੋਰੋਨਾਵਾਇਰਸ ਦੇ ਫੈਲਾਅ 'ਚ ਅਹਿਮ ਭੂਮਿਕਾ ਨਿਭਾਊਂਦੇ ਹਨ।"

Ministry of Environment, on September 25, 2020 in New Delhi, India.

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਰਕੁਨ ਪ੍ਰਦੂਸ਼ਣ ਨੂੰ ਰੋਕਣ ਲਈ ਜ਼ਰੂਰੀ ਉਪਾਵਾਂ ਦੀ ਮੰਗ ਕਰ ਰਹੇ ਹਨ

"ਚੂਹਿਆਂ 'ਤੇ ਹੋਏ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਨਾਈਟਰੋਜਨ ਡਾਈਆਕਸਾਈਡ ਰਿਸੈਪਟਰਾਂ ਦੀ ਗਿਣਤੀ 'ਚ ਇਜ਼ਾਫਾ ਕਰਦਾ ਹੈ, ਜਿਸ ਨਾਲ ਕਿ ਵਾਇਰਸ 100 ਗੁਣਾ ਬਣਦਾ ਹੈ।"

ਇੱਕ ਜਨਤਕ ਸਿਹਤ ਪਹਿਲਕਦਮੀ, ਕਲੀਨ ਏਅਰ ਦੇ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਮਹਾਂਮਾਰੀ ਕਾਲ ਦੌਰਾਨ ਜ਼ਹਿਰੀਲੀ ਹਵਾ ਦੇ ਸੁਮੇਲ ਤੋਂ ਵੱਧ ਤੋਂ ਵੱਧ ਬਚਣ ਦੀ ਜ਼ਰੂਰਤ ਹੈ।

ਇੱਕ ਸਰਕਾਰੀ ਰਿਪੋਰਟ 'ਚ ਭਵਿੱਖਬਾਣੀ ਕੀਤੀ ਗਈ ਹੈ ਕਿ ਸਰਦੀਆ ਦੇ ਮੌਸਮ 'ਚ ਦਿੱਲੀ 'ਚ ਰੋਜ਼ਾਨਾ 15,000 ਮਾਮਲੇ ਆਉਣ ਦੀ ਸੰਭਾਵਨਾ ਹੈ ਅਤੇ ਇੰਨ੍ਹਾਂ ਦੀ ਸਥਿਤੀ ਗੰਭੀਰ ਹੋਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈ।

ਇਹ ਵੀ ਪੜ੍ਹੋ:

ਡਾ. ਕ੍ਰਿਸਟੋਫਰ ਨੇ ਕਿਹਾ, "ਇਹ ਸਥਿਤੀ ਬਹੁਤ ਗੰਭੀਰ ਹੈ। ਦਿੱਲੀ ਨੂੰ ਹਵਾ ਪ੍ਰਦੂਸ਼ਣ ਨੂੰ ਘਟਾਉਣ ਵੱਲ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਜੋ ਕੋਵਿਡ ਵਰਗੀ ਖ਼ਤਰਨਾਕ ਮਹਾਂਮਾਰੀ ਦੇ ਕਹਿਰ ਨੂੰ ਘਟਾਇਆ ਜਾ ਸਕੇ।"

"ਸਰਕਾਰ ਨੂੰ ਖਾਸ ਕਰਕੇ ਦਿੱਲੀ 'ਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਫੌਰੀ ਕਦਮ ਚੁੱਕਣ ਦੀ ਜ਼ਰੂਰਤ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਇਸ ਵਾਰ ਦੀਆਂ ਸਰਦੀਆਂ ਬਹੁਤ ਗੰਭੀਰ ਸਥਿਤੀ ਨੂੰ ਪੈਦਾ ਕਰਨਗੀਆਂ।"

ਇਹ ਵੀਡੀਓ ਵੀ ਦੇਖੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)