You’re viewing a text-only version of this website that uses less data. View the main version of the website including all images and videos.
ਕੋਰੋਨਾ ਲੌਕਡਾਉਨ ’ਚ ਭਾਰਤ ’ਚ ਗਰੀਬੀ ਰੇਖਾ ਥੱਲੇ ਰਹਿਣ ਵਾਲਿਆਂ ਦੀ ਗਿਣਤੀ 33% ਵਧੀ -ਵਿਸ਼ਵ ਬੈਂਕ - ਅਹਿਮ ਖ਼ਬਰਾਂ
ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇੱਕ ਵੀਡੀਓ ਲਈ ਤੰਜ ਕੱਸਿਆ ਹੈ ਤਾਂ ਸ਼ਾਂਤੀ ਲਈ ਨੋਬਲ ਪੁਰਸਕਾਰ ਸੰਯੁਕਤ ਰਾਸ਼ਟਰ ਦੇ ਇੱਕ ਪ੍ਰੋਗਰਾਮ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਵਿਸ਼ਵ ਬੈਂਕ ਨੇ ਭਾਰਤ ਦੇ ਵਿੱਤੀ ਹਾਲਾਤ ’ਤੇ ਚਿੰਤਾ ਜ਼ਾਹਿਰ ਕੀਤੀ ਹੈ।
1. ਭਾਰਤ ’ਚ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਲੋਕਾਂ ਦੀ ਗਿਣਤੀ 33% ਵਧੀ-ਵਿਸ਼ਵ ਬੈਂਕ
ਵਿਸ਼ਵ ਬੈਂਕ ਦੇ ਦੱਖਣੀ ਏਸ਼ੀਆ ਲਈ ਚੀਫ ਐਕਨੋਮਿਸਟ ਹੈਂਸ ਟਰਿਮਰ ਨੇ ਕਿਹਾ ਹੈ ਕਿ ਕੋਰੋਨਵਾਇਰਸ ਲੌਕਡਾਊਨ ਕਾਰਨ ਭਾਰਤ ਵਿੱਚ ਗਰੀਬੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਗਿਣਤੀ ਵਿੱਚ 33% ਦਾ ਵਾਧਾ ਹੋਇਆ ਹੈ।
ਇਸ ਮਗਰੋਂ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਪ੍ਰਧਾਨਗੀ ਵਾਲੀ ਮੋਨੀਟਰੀ ਪੌਲਿਸੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਲ 2021 ਲਈ ਜੀਡੀਪੀ ਵਿੱਚ 9.5 ਫੀਸਦੀ ਦੀ ਗਿਰਾਵਟ ਦੀ ਸੰਭਾਵਨਾ ਹੈ।
ਆਰਬੀਆਈ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਸਿਤੰਬਰ ਵਿੱਚ ਮਹਿੰਗਾਈ ਦੀ ਦਰ ਵਧੀ ਰਹੇਗੀ ਪਰ ਤੀਜੀ ਤੇ ਚੌਥੀ ਗੇੜ ਵਿੱਚ ਇਸ ਦੇ ਹੌਲੀ ਹੋਣ ਦੀ ਸੰਭਾਵਨਾ ਹੈ।
ਹੈਂਸਰ ਟਰਿਮਰ ਨੇ ਕਿਹਾ, “ਅਸੀਂ ਵੇਖਿਆ ਹੈ ਕਿ ਕਈ ਲੋਕਾਂ ਦੀ ਨੌਕਰੀ ਇਸ ਲੌਕਡਾਊੁਨ ਵਿੱਚ ਗਈ ਹੈ। ਨਾਨ ਪਰਫੋਰਮਿੰਗ ਲੌਨ ਵਿੱਚ ਵੀ ਇਜਾਫਾ ਹੋਇਆ ਹੈ। ਸਾਨੂੰ ਇਹ ਸਮਝਣਾ ਪਵੇਗਾ ਕਿ ਇਸ ਸਭ ਛੇਤੀ ਸਹੀ ਹੋਣ ਵਾਲਾ ਨਹੀਂ ਹੈ। ਸਭ ਤੋਂ ਬੁਰੀ ਮਾਰ ਇਨਫੌਰਮਲ ਸੈਕਟਰ ਨੂੰ ਪਈ ਹੈ ਕਿਉਂਕਿ ਉਨ੍ਹਾਂ ਨੂੰ ਕਿਸੇ ਤਰੀਕੇ ਦੀ ਵਿੱਤੀ ਮਦਦ ਨਹੀਂ ਹੈ।”
2. ਪੀਐੱਮ ਦੇ ਨਾਲ ਰਹਿੰਦੇ ਲੋਕ ਉਨ੍ਹਾਂ ਦੀ ਗਲਤੀ ਦੱਸਣ ਦੀ ਹਿੰਮਤ ਨਹੀਂ ਰੱਖਦੇ-ਰਾਹੁਲ ਗਾਂਧੀ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੱਕ ਵੀਡੀਓ ਸ਼ੇਅਰ ਕਰਕੇ ਉਨ੍ਹਾਂ 'ਤੇ ਤੰਜ ਕੱਸਿਆ ਹੈ।
ਰਾਹੁਲ ਗਾਂਧੀ ਨੇ ਲਿਖਿਆ ਹੈ ਕਿ ਭਾਰਤ ਲਈ ਅਸਲੀ ਖ਼ਤਰਾ ਇਹ ਨਹੀਂ ਹੈ ਕਿ ਪ੍ਰਧਾਨ ਮੰਤਰੀ ਸਮਝਦੇ ਨਹੀਂ ਹਨ। ਇਹ ਇੱਕ ਤੱਥ ਹੈ ਕਿ ਉਨ੍ਹਾਂ ਦੇ ਆਲੇ-ਦੁਆਲੇ ਲੋਕਾਂ ਵਿੱਚ ਹਿੰਮਤ ਨਹੀਂ ਹੈ ਕਿ ਉਨ੍ਹਾਂ ਨੂੰ ਦੱਸ ਸਕਣ ਕਿ ਉਹ ਗਲਤ ਹਨ।
ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਕਹਿ ਰਹੇ ਹਨ ਕਿ ਤੱਟੀ ਇਲਾਕਿਆਂ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਜਿਹੀਆਂ ਵਿੰਡ ਮਿਲਜ਼ ਚਲਾਈਆਂ ਜਾਣੀਆਂ ਚਾਹੀਦੀਆਂ ਹਨ ਜੋ ਹਵਾ ਤੋਂ ਪਾਣੀ ਬਣਾ ਸਕਣ।
ਪ੍ਰਧਾਨ ਮੰਤਰੀ ਡੈਨਮਾਰਕ ਦੀ ਪਵਨ ਉਰਜਾ ਕੰਪਨੀ ਵੈਸਤਾਸ ਦੇ ਸੀਏਓ ਹੈਨਰਿਕ ਐਂਡਰਸਨ ਦੇ ਨਾਲ ਗੱਲਬਾਤ ਕਰ ਰਹੇ ਸਨ। ਇਹ ਵੀਡੀਓ ਕਲਿੱਪ ਉਸੇ ਈਵੈਂਟ ਤੋਂ ਲਈ ਗਈ ਹੈ।
ਮੋਦੀ ਦੀ ਇਸ ਗੱਲ 'ਤੇ ਹੈਨਰਿਕ ਹੱਸਦੇ ਹੋਏ ਕਹਿੰਦੇ ਹਨ, "ਜੇ ਤੁਸੀਂ ਕਦੇ ਡੈਨਮਾਰਕ ਆਏ ਤਾਂ ਮੈਨੂੰ ਜ਼ਰੂਰ ਮਿਲਣਾ, ਤੁਸੀਂ ਸਾਡੇ ਇੰਜੀਨੀਅਰਜ਼ ਲਈ ਆਈਡੀਆ ਜਨਰੇਟਰ ਹੋ ਸਕਦੇ ਹੋ।"
ਰਾਹੁਲ ਗਾਂਧੀ ਦੇ ਟਵੀਟ ਦਾ ਜਵਾਬ ਦਿੰਦਿਆਂ ਸਮ੍ਰਿਤੀ ਇਰਾਨੀ ਨੇ ਕਿਹਾ ਕਿ ਅਜਿਹਾ ਲਗਦਾ ਕਿ ਕਾਂਗਰਸ ਲਈ ਜੋ ਅਸਲੀ ਖ਼ਤਰਾ ਹੈ ਉਸ ਬਾਰੇ ਕਿਸੇ ਦੀ ਹਿੰਮਤ ਨਹੀਂ ਹੈ ਕਿ ਯੁਵਰਾਜ (ਰਾਹੁਲ ਗਾਂਧੀ) ਨੂੰ ਦੱਸ ਸਕੇ।
ਹਵਾ ਤੋਂ ਵਿੰਡ ਟਰਬਾਈਨ ਜ਼ਰੀਏ ਪਾਣੀ ਕੱਢਣ ਦਾ ਵਿਚਾਰ ਨਵਾਂ ਨਹੀਂ ਹੈ।
ਸਾਲ 2012 ਵਿੱਚ ਫਰਾਂਸ ਦੀ ਇੱਕ ਕੰਪਨੀ ਨੇ ਟਰਬਾਈਨ ਜ਼ਰੀਏ ਪਾਣੀ ਕੱਢਣ ਦਾ ਦਾਅਵਾ ਕੀਤਾ ਸੀ। ਹਾਲਾਂਕਿ ਔਲੋਏ ਵਾਟਰ ਨਾਂ ਦੀ ਇਹ ਕੰਪਨੀ ਬੰਦ ਹੋ ਗਈ ਸੀ।
3. ਯੂਐੱਨ ਵਰਲਡ ਫੂਡ ਪ੍ਰੋਗਰਾਮ ਨੂੰ ਮਿਲਿਆ ਸ਼ਾਂਤੀ ਦਾ ਨੋਬਲ ਪੁਰਸਕਾਰ
ਸਾਲ 2020 ਲਈ ਸ਼ਾਂਤੀ ਦਾ ਨੋਬਲ ਪੁਰਸਕਾਰ ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐਫ਼ਪੀ) ਨੂੰ ਦਿੱਤਾ ਗਿਆ ਹੈ। ਇਸ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ।
ਦੁਨੀਆਂ ਭਰ ਦੀ ਭੁੱਖਮਰੀ ਨਾਲ ਲੜਨ ਲਈ ਇਸ ਸੰਸਥਾ ਨੂੰ ਸ਼ਾਂਤੀ ਪੁਰਸਕਾਰ ਦਿੱਤਾ ਗਿਆ ਹੈ।
ਨੋਬਲ ਕਮੇਟੀ ਨੇ ਕਿਹਾ, "ਭੁੱਖ ਨੂੰ ਜੰਗ ਅਤੇ ਸੰਘਰਸ਼ ਦੇ ਹਥਿਆਰ ਵਜੋਂ ਵਰਤਣ ਤੋਂ ਰੋਕਣ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਵਿੱਚ ਵਰਲਡ ਫੂਡ ਪ੍ਰੋਗਰਾਮ ਨੇ ਮੋਹਰੀ ਭੂਮਿਕਾ ਨਿਭਾਈ ਹੈ।"
ਇਸ ਪੁਰਸਕਾਰ ਦੀ ਇਨਾਮੀ ਰਾਸ਼ੀ 11 ਲੱਖ ਡਾਲਰ ਹੈ।
ਇਹ ਵੀ ਪੜ੍ਹੋ:
ਵਰਲਡ ਫੂਡ ਪ੍ਰੋਗਰਾਮ ਦੇ ਬੁਲਾਰੇ ਨੇ ਇਸ ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਇਹ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।
ਉਨ੍ਹਾਂ ਅਨੁਸਾਰ ਦੁਨੀਆਂ ਦੇ 88 ਦੇਸਾਂ ਵਿੱਚ ਉਹ ਹਰ ਸਾਲ 70 ਲੱਖ ਲੋਕਾਂ ਦੀ ਮਦਦ ਕਰਦੇ ਹਨ।
ਪਿਛਲੇ ਸਾਲ ਸ਼ਾਂਤੀ ਲਈ ਨੋਬਲ ਪੁਰਸਕਾਰ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੇ ਅਹਿਮਦ ਨੂੰ ਦਿੱਤਾ ਗਿਆ ਸੀ।
3. ਭੀਮਾ ਕੋਰੇਗਾਂਵ ਮਾਮਲਾ: ਆਦਿਵਾਸੀ ਹੱਕਾਂ ਦੇ ਕਾਰਕੁਨ ਦੀ ਯੂਏਪੀਏ ਤਹਿਤ ਗ੍ਰਿਫ਼ਤਾਰੀ
ਉਘੇ ਸਮਾਜ ਸੇਵੀ ਫਾਦਰ ਸਟੇਨ ਸਵਾਮੀ ਨੂੰ ਰਾਂਚੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੌਮੀ ਜਾਂਚ ਏਜੰਸੀ ਦੀ ਮੁੰਬਈ ਤੋਂ ਆਈ ਟੀਮ ਨੇ ਵੀਰਵਾਰ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਕੀਤੀ।
ਉਨ੍ਹਾਂ ਨੂੰ ਬਗਾਈਚਾ ਸਥਿਤ ਉਨ੍ਹਾਂ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਜਿੱਥੇ 83 ਸਾਲਾ ਸਵਾਮੀ ਇੱਕਲੇ ਰਹਿੰਦੇ ਹਨ।
ਉਨ੍ਹਾਂ ਉੱਪਰ ਭੀਮਾ ਕੋਰੇਗਾਂਵ ਮਾਮਲੇ ਵਿੱਚ ਸ਼ਾਮਲ ਹੋਣ ਦਾ ਇਲਜ਼ਾਮ ਹੈ। ਐੱਨਆਈਏ ਨੇ ਉਨ੍ਹਾਂ ਉੱਪਰ ਭਾਰਤੀ ਦੰਡਾਵਲੀ ਤੋਂ ਇਲਾਵਾ ਅੱਤਵਾਦ ਵਿਰੋਧੀ ਕਾਨੂੰਨ (ਯੂਏਪੀਏ) ਦੀਆਂ ਧਾਰਾਵਾਂ ਵੀ ਲਾਈਆਂ ਹਨ।
ਕੇਂਦਰ ਦੀ ਮੌਜੂਦਾ ਨਰਿੰਦਰ ਮੋਦੀ ਸਰਕਾਰ ਨੇ 1967 ਵਿੱਚ ਬਣੇ ਇਸ ਕਾਨੂੰਨ ਵਿੱਚ ਸੋਧ ਕੀਤੀ ਸੀ।
ਆਦਿਵਾਸੀਆਂ ਦੇ ਹੱਕਾਂ ਬਾਰੇ ਖੁੱਲ੍ਹ ਕੇ ਬੋਲਣ ਵਾਲੇ ਸਟੇਨ ਸਵਾਮੀ ਦੀ ਗ੍ਰਿਫ਼ਤਾਰੀ ਨੂੰ ਜਨਤਕ ਨਹੀਂ ਕੀਤਾ ਹੈ ਪਰ ਬੀਬੀਸੀ ਕੋਲ ਉਹ ਮੀਮੋ ਹੈ ਜਿਸ ਵਿੱਚ ਏਜੰਸੀ ਦੇ ਇੰਸਪੈਕਟਰ ਅਜੇ ਕੁਮਾਰ ਕਦਮ ਨੇ ਇਸ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਇਸ ਮੀਮੋ ਦੀ ਇੱਕ ਕਾਪੀ ਸਵਾਮੀ ਨੂੰ ਵੀ ਦਿੱਤੀ ਗਈ ਹੈ।
ਸਵਾਮੀ ਦੇ ਸਹਿਯੋਗੀ ਪੀਟਰ ਮਾਰਟਿਨ ਨੇ ਬੀਬੀਸੀ ਕੋਲ ਇਸ ਦੀ ਪੁਸ਼ਟੀ ਕੀਤੀ ਹੈ।
ਉਨ੍ਹਾਂ ਨੇ ਕਿਹਾ, "ਐੱਨਆਈਏ ਦੇ ਅਧਿਕਾਰੀਆਂ ਨੇ ਸਾਨੂੰ ਉਨ੍ਹਾਂ ਦੇ ਕੱਪੜੇ ਅਤੇ ਸਮਾਨ ਲਿਆਉਣ ਦੇ ਹੁਕਮ ਦਿੱਤੇ ਹਨ। ਸਾਨੂੰ ਇਹ ਸਾਰਾ ਸਮਾਨ ਰਾਤ ਵਿੱਚ ਹੀ ਪਹੁੰਚਾਉਣ ਦੀ ਸਲਾਹ ਦਿੱਤੀ ਗਈ ਹੈ।"
ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ
"ਹਾਲੇ ਇਹ ਨਹੀਂ ਦੱਸਿਆ ਗਿਆ ਕਿ ਐੱਨਆਈਏ ਦੀ ਟੀਮ ਉਨ੍ਹਾਂ ਨੂੰ ਰਾਂਚੀ ਕੋਰਟ ਵਿੱਚ ਪੇਸ਼ ਕਰੇਗੀ ਜਾਂ ਉਹ ਸਿੱਧੇ ਮੁੰਬਈ ਲੈ ਕੇ ਜਾਣਗੇ। ਅਸੀਂ ਫਿਕਰਮੰਦ ਹਾਂ ਕਿਉਂਕਿ ਫਾਰਦਰ ਸਟੇਨ ਸਵਾਮੀ ਕਾਫ਼ੀ ਉਮਰਦਰਾਜ਼ ਹਨ ਅਤੇ ਬਿਮਾਰ ਵੀ ਰਹਿੰਦੇ ਹਨ।"
ਕਿਵੇਂ ਹੋਈ ਗ੍ਰਿਫ਼ਤਾਰੀ ਅਤੇ ਸਵਾਮੀ ਦਾ ਬਿਆਨ
ਝਾਰਖੰਡ ਜਨ-ਅਧਿਕਾਰ ਮਹਾਂਸਭਾ ਨਾਲ ਜੁੜੇ ਸਿਰਾਜ ਦੱਤਾ ਨੇ ਬੀਬੀਸੀ ਨੂੰ ਦੱਸਿਆ ਕਿ ਵੀਰਵਾਰ ਦੇਰ ਸ਼ਾਮ ਐੱਨਆਈਏ ਦੀ ਟੀਮ ਸਟੇਨ ਸਵਾਮੀ ਦੇ ਦਫ਼ਤਰ ਪਹੁੰਚੀ ਨੇ ਉਨ੍ਹਾਂ ਤੋਂ ਲਗਭਗ ਅੱਧੇ ਘੰਟੇ ਤੱਕ ਪੁੱਛਗਿੱਛ ਕੀਤੀ।
ਟੀਮ ਵਿੱਚ ਸ਼ਾਮਲ ਲੋਕਾਂ ਨੇ ਇਸ ਦੌਰਾਨ ਸਧਾਰਣ ਸ਼ਿਸ਼ਟਾਚਾਰ ਵੀ ਨਹੀਂ ਵਰਤਿਆ। ਉਨ੍ਹਾਂ ਲੋਕਾਂ ਨੇ ਗ੍ਰਿਫ਼ਤਾਰੀ ਜਾਂ ਸਰਚ ਵਰੰਟ ਵੀ ਨਹੀਂ ਦਿਖਾਇਆ।
ਭੀਮਾ ਕੋਰੇਗਾਂਵ ਹਿੰਸਾ ਬਾਰੇ ਪੜ੍ਹੋ:
ਗੱਲਬਾਤ ਦੌਰਾਨ ਅਤੇ ਬਾਅਦ ਦੀਆਂ ਕਾਰਵਾਈਆਂ ਬਾਰੇ ਪਾਰਦਰਸ਼ਤਾ ਨਹੀਂ ਵਰਤੀ ਗਈ। ਉਹ ਸਟੇਨ ਸਵਾਮੀ ਨੂੰ ਲੈ ਕੇ ਐੱਨਆਈਏ ਦੇ ਕੈਂਪ ਦਫ਼ਤਰ ਚਲੇ ਗਏ ਅਤੇ ਕਈ ਘੰਟਿਆਂ ਮਗਰੋਂ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਅਧਿਕਾਰਿਕ ਕਾਗਜ਼ ਉਨ੍ਹਾਂ ਨੂੰ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਸਟੇਨ ਸਵਾਮੀ ਨੇ ਦੋ ਦਿਨ ਪਹਿਲਾਂ ਹੀ ਇੱਕ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਐਨਆਈਏ ਉਨ੍ਹਾਂ ਉੱਪਰ ਝੂਠੇ ਇਲਜ਼ਾਮ ਲਾ ਰਹੀ ਹੈ।
ਕਦੋਂ ਅਤੇ ਕਿਉਂ ਹੋਈ ਸੀ ਕੋਰੇਗਾਂਵ 'ਚ ਹਿੰਸਾ
ਮਹਾਰਾਸ਼ਟਰ 'ਚ ਸਾਲ 2018 ਜਨਵਰੀ 'ਚ ਭੀਮਾ ਕੋਰੇਗਾਂਵ ਦੀ 200ਵੀਂ ਬਰਸੀ ਮੌਕੇ ਭੀਮਾ ਨਦੀ ਦੇ ਕੰਡੇ 'ਤੇ ਸਥਿਤ ਸਮਾਰਕ ਕੋਲ ਪੱਥਰਬਾਜ਼ੀ ਅਤੇ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ।
ਕਿਹਾ ਜਾਂਦਾ ਹੈ ਕਿ ਭੀਮਾ ਕੋਰੇਗਾਂਵ ਦੀ ਲੜਾਈ ਇੱਕ ਜਨਵਰੀ 1818 ਨੂੰ ਈਸਟ ਇੰਡੀਆ ਕੰਪਨੀ ਦੀ ਸੈਨਾ ਅਤੇ ਪੇਸ਼ਵਾਵਾਂ ਦੀ ਆਗਵਾਈ ਵਾਲੀ ਮਰਾਠਾ ਸੈਨਾ ਦੇ ਵਿਚਾਲੇ ਹੋਈ ਸੀ।
ਇਸ ਜੰਗ ਵਿੱਚ ਮਹਾਰ ਜਾਤੀ ਨੇ ਈਸਟ ਇੰਡੀਆਂ ਕੰਪਨੀ ਵੱਲੋਂ ਲੜਦਿਆਂ ਹੋਇਆਂ ਮਰਾਠਿਆਂ ਨੂੰ ਮਾਤ ਦਿੱਤੀ ਸੀ। ਮਹਾਰਾਸ਼ਟਰ 'ਚ ਮਹਾਰ ਜਾਤੀ ਨੂੰ ਲੋਕ ਅਛੂਤ ਸਮਝਦੇ ਹਨ।
ਹਿੰਸਾ ਦੇ ਬਾਅਦ ਬੀਬੀਸੀ ਪੱਤਰਕਾਰ ਮਯੂਰੇਸ਼ ਕੁੰਨੂਰ ਨਾਲ ਗੱਲ ਕਰਦਿਆਂ ਪੁਣੇ ਗ੍ਰਾਮੀਣ ਦੇ ਪੁਲਿਸ ਸੁਪਰੀਡੈਂਟ ਸੁਵੇਜ਼ ਹਕ ਨੇ ਬੀਬੀਸੀ ਨੂੰ ਦੱਸਿਆ, "ਦੋ ਗੁੱਟਾਂ ਵਿਚਾਲੇ ਝੜਪ ਹੋਈ ਸੀ ਅਤੇ ਉਦੋਂ ਪੱਥਰਬਾਜ਼ੀ ਸ਼ੁਰੂ ਹੋ ਗਈ ਸੀ।"
ਇਹ ਵੀ ਪੜ੍ਹੋ:
ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ
ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ 'ਤੇ ਕਿੰਨਾ ਦਰੁਸਤ?
ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?