ਕੋਰੋਨਾਵਾਇਰਸ: ਆਈਸੀਐੱਮਆਰ ਦੇ ਅਧਿਐਨ ਮੁਤਾਬਕ ਘੋੜਿਆਂ ਦੇ ਐਂਟੀਬਾਡੀਜ਼ ਬੰਦਿਆਂ ਦਾ ਕੋਰੋਨਾ ਠੀਕ ਕਰਨ ਲਈ ਵਰਤੇ ਜਾ ਸਕਦੇ- ਪ੍ਰੈੱਸ ਰਿਵੀਊ

ਆਈਸੀਐੱਮਆਰ ਦੇ ਇੱਕ ਅਧਿਐਨ ਮੁਤਾਬਕ ਘੋੜਿਆਂ ਦੇ ਐਂਟੀਬਾਡੀਜ਼ ਨਾਲ ਭਰਭੂਰ ਪਲਾਜ਼ਮਾ ਦੀ ਵਰਤੋਂ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਲਈ ਕੀਤੀ ਜਾ ਸਕਦੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਰਿਸਰਚ ਸਕੁਏਰ ਵਿੱਚ ਛਪੇ ਮੈਡੀਕਲ ਖੋਜ ਵਿੱਚ ਭਾਰਤ ਦੀ ਸਿਰਮੌਰ ਸੰਸਥਾ ਇੰਡੀਅਨ ਕਾਊਂਸਲ ਫਾਰ ਮੈਡੀਕਲ ਰਿਸਰਚ ਦੇ ਅਧਿਐਨ ਦੇ ਨੀਤਿਜਿਆਂ ਤੋਂ ਬਾਅਦ ਸੰਸਥਾ ਨੇ ਸਰਕਾਰ ਤੋਂ ਘੋੜਿਆਂ ਦਾ ਪਲਾਜ਼ਮਾ ਮਨੁੱਖਾਂ ਉੱਪਰ ਵਰਤ ਕੇ ਦੇਖਣ ਲਈ ਕਲੀਨੀਕਲ ਟਰਾਇਲ ਸ਼ੁਰੂ ਕਰਨ ਦੀ ਮਨਜ਼ੂਰੀ ਮੰਗੀ ਹੈ।

ਅਧਿਐਨ ਦੇ ਮਕਸਦ ਨਾਲ ਹੈਦਰਾਬਾਦ ਸਥਿਤ ਈ ਬਾਇਔਲੋਜੀਕਲਸ ਲਿਮਟਿਡ ਵਿੱਤ ਚਾਰ ਤੋਂ 10 ਸਾਲ ਦੀ ਉਮਰ ਦੇ 10 ਤੰਦਰੁਸ ਘੋੜਿਆਂ ਨੂੰ ਸਾਰਸ-ਕੋਵ-19 ਦੀ ਲਾਗ ਲਾਈ ਗਈ (ਚਮੜੀ ਦੇ ਅੰਦਰ)। 21 ਦਿਨਾਂ ਬਾਅਦ ਉਨ੍ਹਾਂ ਦੇ ਪਲਾਜ਼ਮਾ ਸੈਂਪਲਾਂ ਦੀ ਜਾਂਚ ਕੀਤੀ ਗਈ।

ਇਹ ਵੀ ਪੜ੍ਹੋ:

ਪਲਾਜ਼ਮੇ ਵਿੱਚ ਕੋਵਿਡ-19 ਲਈ ਖ਼ਾਸ ਉੱਚ-ਗੁਣਵੱਤਾ ਦੇ ਐਂਟੀਬਾਡੀਜ਼ਸ ਸਨ ਜੋ ਕਿ ਵਾਇਰਸ ਨੂੰ ਮਾਰ ਸਕਦੇ ਸਨ। ਅਧਿਐਨ ਦੇ ਨਤੀਜੇ ਘੋੜਿਆਂ ਉੱਪਰ ਕੀਤੇ ਹੋਰ ਪ੍ਰੀਖਣਾਂ ਦੇ ਨਾਲ ਮੇਲ ਖਾਂਦੇ ਹਨ।

ਅਧਿਐਨ ਦਰਸਾਉਂਦਾ ਹੈ ਕਿ ਇਹ ਸੁਰੱਖਿਅਤ ਹੈ ਅਤੇ ਇਸ ਨੂੰ ਘੱਟ ਕੀਮਤ 'ਤੇ ਤਿਆਰ ਕੀਤਾ ਜਾ ਸਕਦਾ ਹੈ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

ਹਾਥਰਸ: ਮੁਲਜਮਾਂ ਨੇ ਖ਼ੁਦ ਨੂੰ ਬੇਸਕਸੂਰ ਦੱਸਿਆ

ਅਲਾਹਾਬਾਦ ਹਾਈ ਕੋਰਟ ਨੇ ਅਖਿਲ ਭਾਰਤੀ ਵਾਲਮੀਕੀ ਮਹਾਂਪੰਚਾਇਤ ਦੇ ਜਨਰਲ ਸਕੱਤਰ ਸੁਰੇਂਦਰ ਕੁਮਾਰ ਦੀ ਅਰਜੀ ਕਿ ਹਾਥਰਸ ਪੀੜਤ ਦੇ ਪਰਿਵਾਰ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਗਿਆ ਹੈ ਖ਼ਾਰਜ ਕਰ ਦਿੱਤੀ ਹੈ।

ਦਿ ਇੰਡੀਅਨ ਐੱਕਸਪੈੱਸ ਦੀ ਖ਼ਬਰ ਮੁਤਾਬਕ ਅਦਾਲਤ ਨੇ ਕਿਹਾ ਕਿ ਮਾਮਲੇ 'ਤੇ ਸੁਪਰੀਮ ਕੋਰਟ ਪਹਿਲਾਂ ਹੀ ਵਿਚਾਰ ਕਰ ਰਹੀ ਹੈ। ਪਟੀਸ਼ਨਰ ਨੇ ਮੰਗ ਕੀਤੀ ਸੀ ਕਿ ਪੀੜਤ ਪਰਿਵਾਰ ਨੂੰ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ।

ਦੂਜੇ ਪਾਸੇ ਇੱਕ ਹੋਰ ਖ਼ਬਰ ਮੁਤਾਬਕ ਬੁੱਧਵਾਰ ਨੂੰ ਮਾਮਲੇ ਵਿੱਚ ਫੜੇ ਗਏ ਚਾਰ ਮੁਲਜ਼ਮਾਂ ਵਿੱਚ ਮੁੱਖ ਸੰਦੀਪ ਨੇ ਹਾਥਰਸ ਪੁਲਿਸ ਸੁਪਰੀਟੈਂਡੈਂਟ ਨੂੰ ਇੱਕ ਪੱਤਰ ਲਿੱਖ ਕੇ ਆਪਣੇ ਬੇਕਸੂਰ ਹੋਣ ਦਾ ਦਾਅਵਾ ਕੀਤਾ ਹੈ।

ਉਸ ਨੇ ਕਿਹਾ ਹੈ ਕਿ ਉਹ ਤਾਂ 19 ਸਾਲਾ ਮਰਹੂਮ ਕੁੜੀ ਦਾ ਮਿੱਤਰ ਸੀ ਅਤੇ ਕੁੜੀ ਦੀ ਕੁੱਟਮਾਰ ਕੁੜੀ ਦੇ ਭਰਾ ਵੱਲੋਂ ਕੀਤੀ ਗਈ ਸੀ।

ਚਿੱਠੀ ਵਿੱਚ ਸੰਦੀਪ ਨੇ ਪੀੜਤਾ ਦੀ ਮੌਤ ਨੂੰ ਕੁੜੀ ਦੇ ਪਰਿਵਾਰ ਵੱਲੋਂ ਅਣਖ ਲਈ ਕੀਤਾ ਕਤਲ ਦੱਸਿਆ ਹੈ।

ਇਹ ਵੀ ਪੜ੍ਹੋ:

ਸੁਪਰੀਮ ਕੋਰਟ ਨੇ ਤਬਲੀਗ਼ ਮਾਮਲੇ 'ਤੇ ਕੇਂਦਰ ਨੂੰ ਝਾੜਿਆ

ਤਬਲੀਗ਼ੀ ਜਮਾਤ ਦੇ ਪ੍ਰੋਗਰਾਮ ਨੂੰ ਮੀਡੀਆ ਵੱਲੋਂ ਫਿਰਕੂ ਰੰਗਣ ਦਿੰਦਿਆਂ ਭਾਰਤ ਵਿੱਚ ਕੋਰੋਨਾਵਾਇਰਸ ਫੈਲਣ ਦੀ ਮੁੱਖ ਵਜ੍ਹਾ ਵਜੋਂ ਪੇਸ਼ ਕੀਤੇ ਜਾਣ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕਰੜੇ ਹੱਥੀਂ ਲਿਆ ਹੈ।

ਦਿ ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਮੁਤਾਬਕ ਅਦਾਲਤ ਨੇ ਕੇਂਦਰ ਸਰਕਾਰ ਦੇ ਹਲਫ਼ੀਆ ਬਿਆਨ "ਟਾਲਮਟੋਲ ਕਰਨ ਵਾਲਾ" ਅਤੇ "ਵੇਰਵੇ ਰਹਿਤ" ਦਸਦਿਆਂ ਨੂੰ ਨਵਾਂ ਹਲਫ਼ੀਆ ਬਿਆਨ ਜਮ੍ਹਾਂ ਕਰਵਾਉਣ ਲਈ ਕਿਹਾ ਹੈ।

ਜਮਾਇਤੇ ਉਲੇਮਾਏ ਹਿੰਦ ਵੱਲੋ ਪਾਈ ਪਟੀਸ਼ਨ ਉੱਪਰ ਸੁਣਵਾਈ ਕਰਦਿਆਂ ਚੀਫ਼ ਜਸਟਿਸ ਬੋਬੜੇ ਦੀ ਅਗਵਾਈ ਵਾਲੇ ਬੈਂਚ ਕਿਹਾ, "ਹਾਲੀਆ ਸਮਿਆਂ ਦੌਰਾਨ ਬੋਲਣ ਦੀ ਅਜ਼ਾਦੀ ਦੀ ਹੀ ਸਭ ਤੋਂ ਵਧੇਰੇ ਦੁਰਵਰਤੋਂ ਹੋ ਰਹੀ ਹੈ।"

ਪਟੀਸ਼ਨ ਵਿੱਚ ਮੀਡੀਆ ਉੱਪਰ ਤਬਲੀਗ਼ੀ ਜਮਾਤ ਦੇ ਸਮਾਗਮ ਨੂੰ ਫਿਰਕੂ ਰੰਗਤ ਦੇਣ ਅਤੇ ਮੁਸਲਮਾਨਾਂ ਨੂੰ ਸ਼ੈਤਾਨ ਵਜੋਂ ਪੇਸ਼ ਕਰਨ ਦੇ ਇਲਜ਼ਾਮ ਲਾਏ ਗਏ ਸਨ।

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 5 ਗੁਣਾਂ ਵਾਧਾ

ਪੰਜਾਬ ਵਿੱਚ ਪਰਾਲੀ ਨੂੰ ਅੱਗ ਲਾਉਣ ਦੇ ਮਾਮਲਿਆਂ ਵਿੱਚ ਪਿਛਲੇ ਦੋ ਸਾਲਾਂ ਦੇ ਇਸੇ ਅਰਸੇ ਦੇ ਮੁਕਾਬਲੇ ਪੰਜ ਗੁਣਾਂ ਵਾਧਾ ਦਰਜ ਕੀਤਾ ਗਿਆ ਹੈ।

ਦਿ ਟ੍ਰਬਿਊਨ ਦੀ ਖ਼ਬਰ ਮੁਤਾਬਕ ਪੰਜਾਬ ਰਿਮੋਟ ਸੈਂਸਿੰਗ ਸੈਂਟਰ ਲੁਧਿਆਣਾ ਮੁਤਾਬਕ ਇਸ ਸਾਲ 21 ਸਤੰਬਰ ਤੋਂ ਲੈ ਕੇ 7 ਅਕਤੂਬਰ ਤੱਕ ਪਰਾਲੀ ਫੂਕਣ ਦੇ 1692 ਮਾਮਲੇ ਸਾਹਮਣੇ ਆਏ ਹਨ। ਜਦਕਿ ਸਾਲ 2018 ਅਤੇ 2019 ਦੇ ਇਸੇ ਅਰਸੇ ਦੌਰਾਨ ਇਹ ਸੰਖਿਆ ਕ੍ਰਮਵਾਰ 302 ਅਤੇ 307 ਸੀ।

ਇਸ ਸਾਲ ਪਰਾਲੀ ਸਾੜਨ ਦੇ ਸਭ ਤੋਂ ਵਧੇਰੇ ਮਾਮਲੇ ਅੰਮ੍ਰਿਤਸਰ (857), ਫਿਰ ਤਰਨਤਾਰਨ (366) ਪਟਿਆਲਾ (104),ਗੁਰਦਾਸਪੁਰ (95) ਅਤੇ ਲੁਧਿਆਣਾ (50) ਵਿੱਚ ਦਰਜ ਕੀਤੇ ਗਏ ਹਨ।

ਪਾਇਲ ਤੜਵੀ: ਮੁਲਜ਼ਮਾਂ ਨੂੰ ਪੜ੍ਹਾਈ ਜਾਰੀ ਰੱਖ ਸਕਣਗੀਆਂ

ਸੁਪਰੀਮ ਕੋਰਟ ਨੇ ਵੀਰਵਾਰ ਨੂੰ ਪਾਇਲ ਤੜਵੀ ਮੌਤ ਕੇਸ ਵਿੱਚ ਤਿੰਨ ਮੁਲਜ਼ਮ ਡਾਕਟਰਾਂ ਨੂੰ ਇਸਤਰੀ ਰੋਗ ਅਤੇ ਪ੍ਰਸੂਤ ਵਿਗਿਆਨ ਵਿੱਚ ਅਗਲੇਰੀ ਪੜ੍ਹਾਈ ਜਾਰੀ ਰੱਖਣ ਦੀ ਖੁੱਲ੍ਹ ਦੇ ਦਿੱਤੀ ਹੈ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਮੁਲਜ਼ਮਾਂ ਦੇ ਪੜ੍ਹਾਈ ਜਾਰੀ ਰੱਖਣ ਉੱਪਰ ਰੋਕ ਪਿਛਲੇ ਸਾਲ ਮੁੰਬਈ ਹਾਈ ਕੋਰਟ ਵੱਲੋਂ ਲਾਈ ਗਈ ਸੀ। ਜਸਟਿਸ ਯੂਯੂ ਲਿਲਤ ਦੀ ਅਗਵਾਈ ਵਾਲੀ ਅਦਾਲਤ ਨੇ ਮੁਲਜ਼ਮਾਂ ਨੂੰ ਇਹ ਇਜਾਜ਼ਤ ਇਸ ਸ਼ਰਤ ਤੇ ਦਿੱਤੀ ਹੈ ਕਿ ਉਹ ਕੇਸ ਦੀ ਸੁਣਵਾਈ ਦੌਰਾਨ ਹਾਜ਼ਰ ਰਹਿਣਗੀਆਂ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਨਹੀਂ ਕਰਨਗੀਆਂ।

ਜ਼ਿਕਰਯੋਗ ਹੈ ਕਿ ਪਾਇਲ ਤੜਵੀ ਇਨ੍ਹਾਂ ਤਿੰਨਾਂ ਦੇ ਨਾਲ ਹੀ ਕਾਲਜ ਵਿੱਚ ਇਸਤਰੀ ਰੋਗ ਅਤੇ ਪ੍ਰਸੂਤ ਵਿਗਿਆਨ ਦੀ ਪੋਸਟਗਰੈਜੂਏਟ ਵਿਦਿਆਰਥਣ ਅਤੇ ਜੂਨੀਅਰ ਸੀ। ਉਸ ਨੇ ਮਈ 2019 ਵਿੱਚ ਆਪਣੇ ਆਪ ਨੂੰ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ।

ਇਹ ਵੀ ਪੜ੍ਹੋ:

ਵੀਡੀਓ: ਰਿਆ ਨੂੰ ਜ਼ਮਾਨਤ ਦੇਣ ਸਮੇਂ ਅਦਾਲਤ ਨੇ ਕੀ ਸ਼ਰਤ ਰੱਖੀ

ਵੀਡੀਓ: ਹਾਥਰਸ- ਗਾਂਜਾ ਖ਼ਤਰਨਾਕ ਕਿੰਨਾ ਤੇ ਦਵਾਈ ਦੇ ਤੌਰ 'ਤੇ ਕਿੰਨਾ ਦਰੁਸਤ?

ਵੀਡੀਓ: ਪੰਜਾਬ ਵਿੱਚ ਭਾਜਪਾ ਦੀ ਮੁਖ਼ਾਲਫ਼ਤ ਕਿਉਂ ਹੋ ਰਹੀ?

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)