You’re viewing a text-only version of this website that uses less data. View the main version of the website including all images and videos.
ਪੰਜਾਬ 'ਚ ਕੋਰੋਨਾਵਾਇਰਸ ਤੇ ਬਾਕੀ ਬਿਮਾਰੀਆਂ ਦੇ ਇਲਾਜ ਲਈ ਕਿਸ ਹਸਪਤਾਲ ਜਾਣਾ ਹੈ
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਦੇ ਦੌਰ 'ਚ ਇਹ ਵੱਡਾ ਸਵਾਲ ਹੈ ਕਿ ਜੇ ਤੁਸੀਂ ਜਾਂ ਤੁਹਾਡੇ ਘਰ ਵਿੱਚ ਕੋਈ ਕੋਵਿਡ-19 ਜਾਂ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਹੈ ਤਾਂ ਤੁਸੀਂ ਉਸ ਦਾ ਇਲਾਜ ਕਿਵੇਂ ਤੇ ਕਿੱਥੇ ਕਰਵਾ ਸਰਦੇ ਹੋ। ਕਿਹੜੇ ਹਸਪਤਾਲ ਤੁਹਾਨੂੰ ਖੁੱਲ੍ਹੇ ਮਿਲਣਗੇ?
ਪਹਿਲਾਂ ਗੱਲ ਕੋਰੋਨਾਵਾਇਰਸ ਦੀ ਕਰਦੇ ਹਾਂ।
ਸਾਰੇ ਹਸਪਤਾਲ ਇਸ ਦਾ ਇਲਾਜ ਨਹੀਂ ਕਰਦੇ ਇਸ ਕਰਕੇ ਇਹ ਜਾਣਨਾ ਜ਼ਰੂਰੀ ਹੈ ਕਿ ਕਿੱਥੇ ਇਸਦਾ ਇਲਾਜ ਹੋ ਸਕਦਾ ਹੈ।
ਕੋਵਿਡ-19 ਪ੍ਰਬੰਧਨ ਨੂੰ ਸਮਰਪਿਤ ਜਨਤਕ ਸਿਹਤ ਸਹੂਲਤਾਂ ਨੂੰ ਤਿੰਨ ਕੈਟੇਗਿਰੀ ਵਿੱਚ ਵੰਡਿਆ ਗਿਆ ਹੈ —
- ਸਮਰਪਿਤ ਕੋਵਿਡ ਹਸਪਤਾਲ (DCH)
- ਸਮਰਪਿਤ ਕੋਵਿਡ ਸਿਹਤ ਕੇਂਦਰ (DCHC)
- ਸਮਰਪਿਤ ਕੋਵਿਡ ਕੇਅਰ ਸੈਂਟਰ (DCCC)
ਪਹਿਲੀ ਕੈਟੇਗਿਰੀ DCH: ਇਹ ਮੁੱਖ ਤੌਰ 'ਤੇ ਉਨ੍ਹਾਂ ਲਈ ਹੈ ਜਿੱਥੇ ਵਿਆਪਕ ਦੇਖਭਾਲ ਹੁੰਦੀ ਹੈ ਅਤੇ ਜਿਨ੍ਹਾਂ ਨੂੰ ਡਾਕਟਰੀ ਤੌਰ 'ਤੇ ਗੰਭੀਰ ਮਰੀਜ਼ ਕਿਹਾ ਗਿਆ ਹੈ।
ਦੂਜੀ ਕੈਟੇਗਿਰੀ DCHC: ਇਹ ਉਨ੍ਹਾਂ ਸਾਰੇ ਮਾਮਲਿਆਂ ਦੀ ਦੇਖਭਾਲ ਵਾਸਤੇ ਹੈ ਜੋ ਡਾਕਟਰੀ ਤੌਰ 'ਤੇ ਦਰਮਿਆਨੇ ਵਜੋਂ ਨਿਰਧਾਰਿਤ ਕੀਤੇ ਗਏ ਹਨ।
ਤੀਜੀ ਕੈਟੇਗਿਰੀ DCCC: ਸਿਰਫ਼ ਉਨ੍ਹਾਂ ਮਾਮਲਿਆਂ ਦੀ ਦੇਖਭਾਲ ਵਾਸਤੇ ਹੈ ਜਿਨ੍ਹਾਂ ਨੂੰ ਕਲੀਨਿਕ ਤੌਰ 'ਤੇ ਹਲਕੇ ਜਾਂ ਬਹੁਤ ਹੀ ਮਾਮੂਲੀ ਕੇਸਾਂ ਜਾਂ ਕੋਵਿਡ-19 ਦੇ ਸ਼ੱਕੀ ਮਾਮਲਿਆਂ ਵਜੋਂ ਨਿਰਧਾਰਿਤ ਕੀਤਾ ਗਿਆ ਹੈ।
ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਤੋਂ ਇਲਾਵਾ ਪੰਜਾਬ ਵਿਚ ਅਜਿਹੇ 9 ਹਸਪਤਾਲ ਹਨ ਜਿੱਥੇ ਕੋਵਿਡ-19 ਮਰੀਜਾਂ ਦਾ ਇਲਾਜ ਕੀਤਾ ਜਾਂਦਾ ਹੈ...
- ਮੋਹਾਲੀ: ਗਿਆਨ ਸਾਗਰ ਮੈਡੀਕਲ ਕਾਲਜ, ਬਨੂੜ
- ਲੁਧਿਆਣਾ: ਦਯਾਨੰਦ ਮੈਡੀਕਲ ਕਾਲਜ (DMC) ਅਤੇ ਕ੍ਰਿਸਚਨ ਮੈਡੀਕਲ ਕਾਲਜ ਐਂਡ ਹੌਸਪੀਟਲ (CMC)
- ਜਲੰਧਰ: ਸਿਵਲ ਹਸਪਤਾਲ
- ਕਪੂਰਥਲਾ: ਸਿਵਲ ਹਸਪਤਾਲ
- ਅੰਮ੍ਰਿਤਸਰ: ਗੁਰੂ ਰਾਮ ਦਾਸ ਇੰਸਟੀਟਿਉਟ ਤੇ ਸਰਕਾਰੀ ਮੈਡੀਕਲ ਕਾਲਜ (GMC)
- ਫ਼ਰੀਦਕੋਟ: ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਐਂਡ ਹੌਸਪੀਟਲ (GGSMC)
- ਪਟਿਆਲਾ: ਨਿਊ ਮਦਰ ਐਂਡ ਚਾਈਲਡ ਹਸਪਤਾਲ
ਸਿਰਫ਼ ਐਮਰਜੈਂਸੀ
ਜਿਵੇਂ ਪੰਜਾਬ ਦੇ ਸਰਕਾਰੀ ਤੇ ਨਿੱਜੀ ਹਸਪਤਾਲ ਕਰਫ਼ਿਊ ਮਗਰੋਂ ਖੁੱਲ੍ਹ ਗਏ ਹਨ ਪਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੇ ਸਰਕਾਰੀ ਹਸਪਤਾਲਾਂ ਦੀ ਓਪੀਡੀ ਬੰਦ ਹੈ ਤੇ ਸਿਰਫ਼ ਜ਼ਰੂਰੀ ਆਪਰੇਸ਼ਨ ਹੀ ਹੋ ਰਹੇ ਹਨ।
ਚੰਡੀਗੜ੍ਹ ਦੇ ਸੈਕਟਰ-32 ਦੇ ਸਰਕਾਰੀ ਹਸਪਤਾਲ ਦੇ ਜੁਆਇੰਟ ਡਾਇਰੈਕਟਰ ਜਸਬੀਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਹਸਪਤਾਲ ਸਿਰਫ਼ ਜ਼ਰੂਰੀ ਤੇ ਟਰੌਮਾ ਦੇ ਮਰੀਜ਼ ਹੀ ਭਰਤੀ ਕਰ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਾਰੀਆਂ ਓਪੀਡੀਜ਼ ਬੰਦ ਹਨ।
ਇਹ ਪੁੱਛਣ 'ਤੇ ਕਿ ਸ਼ਹਿਰ ਦੇ ਬਾਕੀ ਹਸਪਤਾਲਾਂ ਦਾ ਕੀ ਹਾਲ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਬਾਕੀ ਸਰਕਾਰੀ ਹਸਪਤਾਲ ਵੀ ਜ਼ਰੂਰੀ ਤੇ ਟਰੌਮਾ ਦੇ ਮਰੀਜ਼ ਹੀ ਲੈ ਰਹੇ ਹਨ। ਇਨ੍ਹਾਂ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਵੀ ਭਰਤੀ ਕੀਤਾ ਜਾਂਦਾ ਹੈ।
ਜਸਬੀਰ ਸਿੰਘ ਨੇ ਅੱਗੇ ਦੱਸਿਆ ਕਿ ਮਰੀਜ਼ ਦਾ ਕੋਵਿਡ-19 ਟੈਸਟ ਤਾਂ ਹੀ ਕੀਤਾ ਜਾਂਦਾ ਹੈ ਜੇ ਉਨ੍ਹਾਂ ਦੀ ਕੋਈ ਐਮਰਜੈਂਸੀ ਨਹੀਂ ਹੈ।
PGI ਚੰਡੀਗੜ੍ਹ ਨੇ ਵੀ ਪਹਿਲਾਂ ਹੀ ਆਪਣੀਆਂ ਓਪੀਡੀਜ਼ ਮੁਅੱਤਲ ਕਰ ਦਿੱਤੀਆਂ ਸਨ ਤੇ ਪੀਜੀਆਈ ਮੁਤਾਬਕ ਇਸ ਬਾਰੇ ਜਲਦੀ ਹੀ ਫ਼ੈਸਲਾ ਲਿਆ ਜਾਵੇਗਾ।
ਪੀਜੀਆਈ ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਦੇ ਮੁਤਾਬਕ, "ਕੋਵਿਡ -19 ਨੂੰ ਵੇਖਦੇ ਹੋਏ ਅਸੀਂ ਓਪੀਡੀਜ਼ ਨੂੰ ਮੁਅੱਤਲ ਕਰ ਦਿੱਤਾ ਸੀ ਕਿਉਂਕਿ ਸਾਡੇ ਓਪੀਡੀਜ਼ ਵਿਚ ਪੈਣ ਵਾਲੀ ਭੀੜ ਨੂੰ ਦੇਖਦੇ ਹੋਏ ਮਰੀਜ਼ਾਂ ਵਿਚ ਇਹ ਛੂਤ ਵਾਲਾ ਵਾਇਰਸ ਫੈਲਣ ਦਾ ਡਰ ਸੀ। ਹਾਲਾਂਕਿ, ਮੈਨੂੰ ਖ਼ੁਸ਼ੀ ਹੈ ਕਿ ਟੈਲੀ-ਸਲਾਹ ਜਾਂ ਟੈਲੀ ਮੈਡੀਸਨ ਮਸ਼ਵਰੇ ਦੀ ਸਾਡੀ ਪਹਿਲ ਪ੍ਰਸਿੱਧੀ ਪ੍ਰਾਪਤ ਕਰ ਰਹੀ ਹੈ।"
ਉਨ੍ਹਾਂ ਨੇ ਕਿਹਾ ਕਿ ਇਹ ਸੰਤੁਸ਼ਟੀ ਦੀ ਗੱਲ ਹੈ ਕਿ ਅਸੀਂ ਆਪਣੇ ਮਰੀਜ਼ਾਂ ਦੀਆਂ ਸਿਹਤ ਜ਼ਰੂਰਤਾਂ ਨੂੰ COVID-19 ਤੋਂ ਬਚਾਉਂਦੇ ਹੋਏ ਉਨ੍ਹਾਂ ਦੀ ਸਿਹਤ ਪ੍ਰਤੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਯੋਗ ਹਾਂ।
ਪੰਜਾਬ ਵਿੱਚ ਓਪੀਡੀ
ਕੋਈ ਮਰੀਜ਼ ਜਦੋਂ ਪਹਿਲੀ ਵਾਰ ਹਸਪਤਾਲ ਜਾਂਦਾ ਹੈ ਤਾਂ ਉਹ ਸਿੱਧਾ ਓਪੀਡੀ ਹੀ ਜਾਂਦਾ ਹੈ ਅਤੇ ਫਿਰ ਓਪੀਡੀ ਫ਼ੈਸਲਾ ਲੈਂਦੀ ਹੈ ਕਿ ਮਰੀਜ਼ ਨੂੰ ਕਿਸ ਵਿਭਾਗ ਵਿੱਚ ਜਾਣਾ ਚਾਹੀਦਾ ਹੈ।
ਪੰਜਾਬ ਦੇ ਬਹੁਤੇ ਨਿੱਜੀ ਹਸਪਤਾਲ ਕਹਿੰਦੇ ਹਨ ਕਿ ਕਰਫ਼ਿਊ ਤੋ ਬਾਅਦ ਉਨ੍ਹਾਂ ਦੀਆਂ ਓਪੀਡੀਜ਼ ਖੁੱਲ੍ਹੀਆਂ ਹਨ।
ਪੰਜਾਬ ਵਿੱਚ ਕੋਰੋਨਾਵਾਇਰਸ ਮਾਮਲਿਆਂ ਸਬੰਧੀ ਸਰਕਾਰੀ ਬੁਲਾਰੇ ਡਾਕਟਰ ਰਾਜੇਸ਼ ਭਾਸਕਰ ਦੱਸਦੇ ਹਨ ਕਿ ਸੂਬੇ ਦੇ ਹਸਪਤਾਲਾਂ ਦੀਆਂ ਓਪੀਡੀਜ਼ ਕਦੇ ਬੰਦ ਨਹੀਂ ਕੀਤੀਆਂ ਗਈਆਂ।
ਉਹ ਕਹਿੰਦੇ ਹਨ, "ਜੇ ਅਸੀਂ ਸਰਕਾਰੀ ਓਪੀਡੀਜ਼ ਬੰਦ ਕਰ ਦਿਆਂਗੇ ਤਾਂ ਆਮ ਬੰਦਾ ਕਿੱਥੇ ਜਾਏਗਾ।"
ਪੰਜਾਬ ਵਿੱਚ ਕਰਫ਼ਿਊ ਵੇਲੇ ਕਈ ਨਿੱਜੀ ਹਸਪਤਾਲ ਪੂਰੇ ਤਰੀਕੇ ਨਾਲ ਹੀ ਬੰਦ ਸਨ ਤੇ ਓਪੀਡੀਜ਼ ਵੀ ਬੰਦ ਸੀ। ਹੁਣ ਹਸਪਤਾਲ ਖੁੱਲ੍ਹ ਰਹੇ ਹਨ।
ਫੋਰਟਿਸ ਦੇ ਜੋਨਲ ਡਾਇਰੈਕਟਰ ਅਭਿਜੀਤ ਸਿੰਘ ਅਨੁਸਾਰ ਹਸਪਤਾਲ ਸਾਰੇ ਸਮੇਂ ਹੀ ਓਪੀਡੀ ਕਰਦਾ ਆ ਰਿਹਾ ਹੈ।
ਉਨ੍ਹਾਂ ਕਿਹਾ, "ਅਸੀਂ ਦੋਵੇਂ, ਫਿਜ਼ੀਕਲ ਅਤੇ ਟੈਲੀ-ਸਲਾਹ-ਮਸ਼ਵਰੇ ਪੇਸ਼ ਕਰਦੇ ਹਾਂ ਅਤੇ ਰੋਜ਼ਾਨਾ 200 ਟੈਲੀ ਸਲਾਹ ਸਣੇ 500 ਸਲਾਹਾਂ ਦੇ ਚੁੱਕੇ ਹਾਂ।"
ਕੋਵਿਡ-19 ਦੇ ਮੱਦੇਨਜ਼ਰ ਉਨ੍ਹਾਂ ਨਾਲ ਪੇਸ਼ ਆਉਣ ਵੇਲੇ ਕੋਈ ਸਾਵਧਾਨੀ ਵਰਤੀ ਜਾ ਰਹੀ ਹੈ?
ਇਸ ਬਾਰੇ ਉਨ੍ਹਾਂ ਕਿਹਾ, "ਇਸ ਮਹਾਂਮਾਰੀ ਦੌਰਾਨ ਮਰੀਜ਼ਾਂ ਅਤੇ ਸਿਹਤ ਸੰਭਾਲ ਅਮਲੇ ਲਈ ਸੁਰੱਖਿਆ ਉਪਾਵਾਂ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ। ਹਸਪਤਾਲ ਵਿੱਚ ਦਾਖਲ ਹੋਣ ਵੇਲੇ ਤਾਪਮਾਨ ਦੀ ਜਾਂਚ ਦੇ ਨਾਲ ਇੱਕ ਵਿਆਪਕ ਸਕ੍ਰੀਨਿੰਗ ਪ੍ਰਕਿਰਿਆ ਹੈ ਜੋ ਕਿ ਮਰੀਜ਼ਾਂ ਦੁਆਰਾ ਪ੍ਰਸ਼ਨ ਪੱਤਰ ਨਾਲ ਸਬੰਧਿਤ ਫਾਰਮ ਦੇ ਨਾਲ ਭਰੀ ਜਾ ਰਹੀ ਹੈ।''
''ਕ੍ਰੌਸ-ਇਨਫੈਕਸ਼ਨ ਦੇ ਫੈਲਣ ਤੋਂ ਬਚਾਅ ਲਈ ਹਸਪਤਾਲ ਨੇ ਕੋਵਿਡ-19 ਅਤੇ ਗੈਰ ਕੋਵਿਡ ਖ਼ੇਤਰਾਂ ਨੂੰ ਵੱਖ ਕਰ ਲਿਆ ਹੈ। ਜੋ ਲੋਕ ਬੁਖ਼ਾਰ, ਸਾਹ ਦੇ ਲੱਛਣ, ਘੱਟ ਐਸ ਪੀ ਓ-2 (SPO2) ਹੁੰਦੇ ਹਨ ਉਹ ਹਸਪਤਾਲ ਵਿੱਚ ਦਾਖਲ ਨਹੀਂ ਹੁੰਦੇ ਅਤੇ ਉਨ੍ਹਾਂ ਦਾ ਮੁਲਾਂਕਣ ਫਲੂ ਕਲੀਨਿਕ ਵਿੱਚ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਉਨ੍ਹਾਂ ਬਾਰੇ ਫ਼ੈਸਲਾ ਲਿਆ ਜਾਂਦਾ ਹੈ।"
ਸਾਰੇ ਕਲੀਨਿਕ ਅਤੇ ਹਸਪਤਾਲ ਪਿਛਲੇ ਕੁਝ ਮਹੀਨਿਆਂ ਤੋਂ ਕੰਮ ਨਹੀਂ ਕਰ ਰਹੇ।
ਚੰਡੀਗੜ੍ਹ ਦੇ ਜਿੰਦਲ ਚੈਸਟ ਕਲੀਨਿਕ ਦੇ ਡਾ. ਐੱਸ ਕੇ ਜਿੰਦਲ ਕਹਿੰਦੇ ਹਨ, ''ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਮਰੀਜ਼ ਪਹਿਲਾਂ ਮੁਲਾਕਾਤ ਦਾ ਸਮਾਂ ਲੈ ਕੇ ਹੀ ਆਉਣ ਪਰ ਅੰਦਰ ਆਉਣ ਤੋਂ ਕਿਸੇ ਨੂੰ ਰੋਕਿਆ ਨਹੀਂ ਜਾਂਦਾ।''
"ਅਸੀਂ ਵਾਰੀ-ਵਾਰੀ ਡਾਕਟਰਾਂ ਨੂੰ ਬੁਲਾਉਂਦੇ ਹਾਂ ਅਤੇ ਅਜੇ ਸਾਰਾ ਦਿਨ ਨਾ ਕੰਮ ਕਰ ਕੇ ਕੁਝ ਘੰਟਿਆਂ ਲਈ ਹੀ ਕੰਮ ਕਰ ਰਹੇ ਹਾਂ।"
ਸਰਜਰੀ ਦਾ ਕੀ?
ਬਹੁਤੇ ਹਸਪਤਾਲਾਂ ਦਾ ਕਹਿਣਾ ਹੈ ਕਿ ਉਹ ਐਮਰਜੈਂਸੀ ਸਰਜਰੀ ਹੀ ਕਰ ਰਹੇ ਹਨ ਜਦੋਂ ਕਿ ਕਈ ਇਲੈਕਟਿਵ ਜਾਂ ਗੈਰ ਵਿਕਲਪਿਕ ਸਰਜਰੀ ਵੀ ਕਰ ਰਹੇ ਹਨ।
ਮੋਹਾਲੀ ਦੇ ਫੋਰਟਿਸ ਅਤੇ ਮੈਕਸ ਹਸਪਤਾਲਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਸਰਜਰੀ ਨੂੰ ਹਸਪਤਾਲ ਵਿੱਚ ਕਦੇ ਨਹੀਂ ਰੋਕਿਆ ਗਿਆ।
ਫੋਰਟਿਸ ਹਸਪਤਾਲ ਦੇ ਬੁਲਾਰੇ ਅਭਿਜੀਤ ਸਿੰਘ ਕਹਿੰਦੇ ਹਨ, "ਅਸਲ ਵਿੱਚ ਐਮਰਜੈਂਸੀ ਸਰਜਰੀ ਦੀ ਗਿਣਤੀ ਵੱਧ ਗਈ ਹੈ ਕਿਉਂਕਿ ਜ਼ਿਆਦਾਤਰ ਹਸਪਤਾਲ ਮਰੀਜ਼ਾਂ ਨੂੰ ਸਰਜਰੀ ਲਈ ਨਹੀਂ ਲੈ ਰਹੇ ਸਨ। ਗੈਰ ਵਿਕਲਪਿਕ ਸਰਜਰੀਆਂ ਵੀ ਨਿਯਮਤ ਆਧਾਰ 'ਤੇ ਹੋਣੀਆਂ ਸ਼ੁਰੂ ਹੋ ਗਈਆਂ ਹਨ।"
ਛਾਤੀ ਰੋਗ ਮਾਹਿਰ ਡਾ. ਜਿੰਦਲ ਨੇ ਕਿਹਾ ਕਿ ਉਹ ਵੀ ਸਾਰੀਆਂ ਸਰਜਰੀਆਂ ਸ਼ੁਰੂ ਕਰ ਰਹੇ ਹਨ।
ਕੀ ਹਸਪਤਾਲ ਮਰੀਜ਼ਾਂ ਦਾ ਕੋਈ ਕੋਵਿਡ-19 ਟੈਸਟ ਕਰਵਾਉਂਦਾ ਹੈ?
ਇਸ ਬਾਰੇ ਵੀ ਹਸਪਤਾਲਾਂ ਦੀ ਵੱਖੋ-ਵੱਖ ਰਾਇ ਹੈ। ਕਈ ਇਸ ਨੂੰ ਜ਼ਰੂਰੀ ਨਹੀਂ ਸਮਝਦੇ ਤੇ ਕਈ ਸਿਰਫ਼ ਉਸ ਵੇਲੇ ਟੈਸਟ ਕਰਵਾਉਂਦੇ ਹਨ ਜਦੋਂ ਮਰੀਜ਼ ਵਿੱਚ ਲੱਛਣ ਸਾਫ਼ ਨਜ਼ਰ ਆਉਂਦੇ ਹਨ।
ਡਾਕਟਰ ਜਿੰਦਲ ਦੱਸਦੇ ਹਨ ਕਿ ਹਸਪਤਾਲ 'ਚ ਸਾਰੀ ਅਹਿਤਿਆਤ ਵਰਤੀ ਜਾਂਦੀ ਹੈ। ਜਿਵੇਂ ਸੋਸ਼ਲ ਡਿਸਟੈਂਸਿੰਗ ਤੇ ਸਾਫ਼-ਸਫ਼ਾਈ ਵਗੈਰਾ। ਪਰ ਕੋਵਿਡ-19 ਦੇ ਟੈਸਟ ਦਾ ਸੁਝਾਅ ਤਾਂ ਹੀ ਦਿੱਤਾ ਜਾਂਦਾ ਹੈ ਜਦੋਂ ਇਸ ਦੇ ਲੱਛਣ ਸਾਫ਼ ਨਜ਼ਰ ਆਉਂਦੇ ਹਨ।
ਫੋਰਟਿਸ ਦੇ ਅਭਿਜੀਤ ਸਿੰਘ ਨੇ ਕਿਹਾ, "ਹਸਪਤਾਲ ਲੋੜ ਪੈਣ 'ਤੇ ਕੋਵਿਡ-19 ਦਾ ਪਤਾ ਲਗਾਉਣ ਲਈ ਨਮੂਨੇ ਲੈਂਦਾ ਹੈ ਅਤੇ ਉਨ੍ਹਾਂ ਨੂੰ ਦਿੱਲੀ ਸਥਿਤ ਸਾਡੀ ਕੇਂਦਰੀ ਲੈਬ ਵਿਚ ਭੇਜਦਾ ਹੈ। ਜਲਦੀ ਹੀ ਅਸੀਂ ਇਹ ਸਹੂਲਤ ਘਰ-ਘਰ ਮੁਹੱਈਆ ਕਰ ਸਕਾਂਗੇ। "
ਉਨ੍ਹਾਂ ਨੇ ਅੱਗੇ ਕਿਹਾ, "ਫੋਰਟਿਸ ਮੁਹਾਲੀ ਕੋਲ ਸ਼ੀਸ਼ੇ ਦਾ ਪਾਰਦਰਸ਼ੀ ਟੈਸਟਿੰਗ ਬੂਥ ਹੈ ਜੋ ਨਮੂਨਾ ਇਕੱਠਾ ਕਰਨ ਵਾਲੇ ਵਿਅਕਤੀ ਲਈ 100 ਫੀਸਦੀ ਸੁਰੱਖਿਅਤ ਹੈ।''
''ਮਰੀਜ਼ ਖੁੱਲ੍ਹੇ ਵਿੱਚ ਬੂਥ ਦੇ ਬਾਹਰ ਬੈਠਦਾ ਹੈ ਅਤੇ ਨਮੂਨਾ ਲੈਣ ਵਾਲਾ ਅੰਦਰ ਜਾਂਦਾ ਹੈ ਅਤੇ ਬੂਥ ਵਿਚ ਸੀਲ ਕੀਤੇ ਪ੍ਰੀ-ਫਿਟਡ ਦਸਤਾਨੇ ਵਰਤ ਕੇ ਨਮੂਨਾ ਲੈਂਦਾ ਹੈ। ਨਮੂਨਾ ਲੈਣ ਵਿਚ 5 ਮਿੰਟ ਲੱਗਦੇ ਹਨ।"
ਜੇ ਕੋਈ ਐਮਰਜੈਂਸੀ ਜਿਵੇਂ ਦਿਲ ਦਾ ਦੌਰਾ, ਸਟ੍ਰੋਕ, ਬੰਦੂਕ ਦੇ ਜ਼ਖ਼ਮਾਂ, ਢਿੱਡ ਦੀਆਂ ਸਰਜਰੀਆਂ, ਸੜਕ ਦੁਰਘਟਨਾ ਵਰਗੀ ਹੈ ਤਾਂ ਕਿਸ ਪ੍ਰਕਿਰਿਆ ਦਾ ਪਾਲਨ ਕੀਤਾ ਜਾਂਦਾ ਹੈ?
ਡਾਕਟਰਾਂ ਦਾ ਕਹਿਣਾ ਹੈ ਕਿ ਸਾਰੇ ਐਮਰਜੈਂਸੀ ਮਾਮਲਿਆਂ ਦਾ ਉਸੇ ਸਾਵਧਾਨੀ ਨਾਲ ਇਲਾਜ ਕੀਤਾ ਜਾਂਦਾ ਹੈ ਜਿਵੇਂ ਕੋਈ ਕੋਰੋਨਾ ਮਰੀਜ਼ ਦਾ ਇਲਾਜ ਕਰਦਾ ਹੈ।
ਫੋਰਟਿਸ ਦੇ ਅਭਿਜੀਤ ਸਿੰਘ ਦਾ ਕਹਿਣਾ ਹੈ ਕਿ ਪੌਜ਼ਿਟਿਵ ਸੰਕੇਤ ਵਾਲੇ ਮਰੀਜ਼ਾਂ ਨੂੰ ਇੱਕ ਵੱਖਰੇ ਆਈਸੀਯੂ ਵਿੱਚ ਰੱਖਿਆ ਜਾਂਦਾ ਹੈ ਅਤੇ ਨਿਯਮਤ ਆਈਸੀਯੂ ਵਿੱਚ ਉਦੋਂ ਹੀ ਭੇਜਿਆ ਜਾਂਦਾ ਹੈ ਜਦੋਂ ਮਰੀਜ਼ ਦਾ ਕੋਵਿਡ ਲਈ ਟੈਸਟ ਨੈਗੇਟਿਵ ਆਉਂਦਾ ਹੈ।
ਇਹ ਵੀਡੀਓਜ਼ ਵੀ ਦੇਖੋ