ਕੋਰੋਨਾਵਾਇਰਸ ਤੋਂ ਬਚਾਅ: ਉਹ ਹਸਪਤਾਲ ਜਿੱਥੇ ਪੌਜ਼ਿਟਿਵ ਮਾਵਾਂ ਨੇ ਦਿੱਤਾ 115 ਤੰਦਰੁਸਤ ਬੱਚਿਆਂ ਨੂੰ ਜਨਮ

    • ਲੇਖਕ, ਸੌਤਿਕ ਬਿਸਵਾਸ
    • ਰੋਲ, ਬੀਬੀਸੀ ਪੱਤਰਕਾਰ

ਮੁੰਬਈ ਦੇ ਲੋਕਮਾਨਿਆ ਤਿਲਕ ਮਿਊਂਸੀਪਲ ਜਨਰਲ ਹਸਪਤਾਲ ਵਿੱਚ ਕੋਰੋਨਾਵਾਇਰਸ ਦੀਆਂ ਮਰੀਜ਼ ਮਾਵਾਂ ਦੇ 100 ਤੋਂ ਵਧੇਰੇ ਬੱਚਿਆਂ ਦਾ ਜਨਮ ਹੋਇਆ ਹੈ।

ਡਾਕਟਰਾਂ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਦੌਰਾਨ ਪੈਦਾ ਹੋਏ 115 ਬੱਚਿਆਂ ਵਿੱਚੋਂ ਤਿੰਨ ਦੇ ਪਹਿਲੇ ਟੈਸਟ ਪੌਜ਼ੀਟਿਵ ਆਏ ਸਨ ਪਰ ਬਾਅਦ ਵਿੱਚ ਨੈਗੇਟਿਵ ਆਏ।

ਕੋਰੋਨਾਵਾਇਰਸ ਦੀਆਂ ਮਰੀਜ਼ ਦੋ ਮਾਵਾਂ ਦੀ ਮੌਤ ਹੋ ਗਈ। ਇਨ੍ਹਾਂ ਦੋ ਵਿੱਚੋਂ ਇੱਕ ਮਾਂ ਨੇ ਹਾਲੇ ਆਪਣੇ ਬੱਚੇ ਨੂੰ ਜਨਮ ਦੇਣਾ ਸੀ।

ਮਹਾਰਾਸ਼ਟਰ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ 24 ਹਜ਼ਾਰ ਤੋਂ ਵਧੇਰੇ ਮਾਮਲੇ ਹਨ ਅਤੇ 840 ਤੋਂ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਇਹ ਸੂਬਾ ਭਾਰਤ ਵਿੱਚ ਕੋਰੋਨਾਵਾਇਰਸ ਦੇ ਲਾਗ ਦੇ ਮਾਮਲਿਆਂ ਵਿੱਚ ਪਹਿਲੇ ਨੰਬਰ 'ਤੇ ਹੈ।

ਕੋਵਿਡ-19 ਦੀਆਂ ਮਰੀਜ਼ ਮਾਵਾਂ ਦੇ ਅੱਧੇ ਤੋਂ ਵੱਧ ਬੱਚਿਆਂ ਦਾ ਜਨਮ ਆਪਰੇਸ਼ਨ ਨਾਲ ਹੋਇਆ ਹੈ। ਇਨ੍ਹਾਂ ਵਿੱਚ 65 ਮੁੰਡੇ ਅਤੇ 59 ਕੁੜੀਆਂ ਹਨ।

ਦਾਖ਼ਲ ਔਰਤਾਂ ਵਿੱਚੋਂ 22 ਦੂਜੇ ਹਸਪਤਾਲਾਂ ਵੱਲੋਂ ਇੱਥੇ ਭੇਜੀਆਂ ਗਈਆਂ ਸਨ। ਇਨ੍ਹਾਂ ਨੂੰ ਲਾਗ ਕਿੱਥੋਂ ਲੱਗੀ ਇਸ ਗੱਲ ਦੀ ਹਾਲੇ ਪੁਸ਼ਟੀ ਨਹੀਂ ਹੋ ਸਕੀ ਹੈ।

40 ਬਿਸਤਰਿਆਂ ਦੇ ਵਿਸ਼ੇਸ਼ ਵਾਰਡ ਵਿੱਚ 65 ਡਾਕਟਰਾਂ ਦੀ ਟੀਮ ਦੋ ਦਰਜਨ ਨਰਸਾਂ ਨਾਲ ਇਨ੍ਹਾਂ ਕੋਵਿਡ-19 ਮਰੀਜ਼ ਮਾਵਾਂ ਦਾ ਇਲਾਜ ਕਰ ਰਹੀ ਹੈ। ਲਾਗ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਵਾਰਡ ਵਿੱਚ ਲਾਗ ਵਾਲੇ ਹੀ ਮਰੀਜ਼ਾਂ ਲਈ 34 ਹੋਰ ਬਿਸਤਰੇ ਜੋੜਨ ਦੀ ਯੋਜਨਾ ਹੈ।

ਜਣੇਪੇ ਲਈ ਹਸਪਤਾਲ ਦੇ ਤਿੰਨ ਆਪਰੇਸ਼ਨ ਥਿਏਟਰਾਂ ਵਿੱਚ 6 ਟੇਬਲ ਹਨ। ਜਣੇਪੇ ਦੌਰਾਨ ਸਾਰਾ ਡਾਕਟਰੀ ਅਮਲਾ ਸੁਰੱਖਿਆ ਸੂਟ ਪਾ ਕੇ ਰੱਖਦਾ ਹੈ।

ਗਾਇਨੋਕਾਲਜੀ ਵਿਭਾਗ ਦੇ ਮੁਖੀ ਡਾ. ਅਰੁਣ ਨਾਇਕ ਮੁਤਾਬਕ, "ਖ਼ੁਸ਼ਕਿਸਮਤੀ ਨਾਲ ਜਿਨ੍ਹਾਂ ਔਰਤਾਂ ਦੇ ਪਹਿਲਾਂ ਨਤੀਜੇ ਪੌਜ਼ਿਟਿਵ ਆਏ ਸਨ, ਉਨ੍ਹਾਂ ਵਿੱਚੋਂ ਬਹੁਤੀਆਂ ਵਿੱਚ ਹੁਣ ਕੋਈ ਵੀ ਲੱਛਣ ਨਹੀਂ ਹਨ। ਅਸੀਂ ਉਨ੍ਹਾਂ ਦਾ ਬੁਖ਼ਾਰ ਅਤੇ ਸਾਹ ਦੀ ਸ਼ਿਕਾਇਤ ਲਈ ਇਲਾਜ ਕੀਤਾ ਅਤੇ ਜਣੇਪੇ ਮਗਰੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ।"

"ਮਾਵਾਂ ਵਿੱਚ ਡਰ ਹੈ। ਉਹ ਕਹਿੰਦੀਆਂ ਰਹਿੰਦੀਆਂ ਹਨ ਅਸੀਂ ਮਰ ਜਾਵਾਂਗੀਆਂ ਪਰ ਅਸੀਂ ਯਕੀਨੀ ਬਣਾਉਣਾ ਹੈ ਕਿ ਬੱਚਾ ਸਿਹਤਮੰਦ ਹੋਵੇ।"

ਬੱਚੇ ਦੇ ਜਨਮ ਤੋਂ ਬਾਅਦ ਮਾਵਾਂ ਨੂੰ ਹਾਈਡਰੋਕਸੀਕਲੋਰੋਕਵਿਨ ਦਵਾਈ ਦਿੱਤੀ ਜਾਂਦੀ ਹੈ। ਦਸ ਦਿਨਾਂ ਤੱਕ ਕੁਆਰੰਟੀਨ ਰਹਿਣ ਮਗਰੋਂ ਬੱਚੇ ਉਨ੍ਹਾਂ ਤੋਂ ਵੱਖ ਨਹੀਂ ਕੀਤੇ ਜਾਂਦੇ ਅਤੇ ਮਾਵਾਂ ਉਨ੍ਹਾਂ ਨੂੰ ਫੇਸ-ਮਾਸਕ ਪਾ ਕੇ ਦੁੱਧ ਚੁੰਘਾਉਂਦੀਆਂ ਹਨ।

ਫ਼ਰਵਰੀ ਵਿੱਚ ਚੀਨ ਦੇ ਵੂਹਾਨ ਵਿੱਚ ਇੱਕ ਨਵਜਾਤ ਬੱਚਾ ਜਨਮ ਦੇ 30 ਘੰਟਿਆਂ ਵਿੱਚ ਹੀ ਨਵੇਂ ਕੋਰੋਨਾਵਾਇਰਸ ਤੋਂ ਪੀੜਤ ਪਾਇਆ ਗਿਆ ਸੀ।

ਮਾਰਚ ਵਿੱਚ ਅਮਰੀਕਾ ਦੇ ਸ਼ਿਕਾਗੋ ਵਿੱਚ ਜਿਸ ਬੱਚੇ 'ਚ ਕੋਵਿਡ-19 ਦੀ ਪੁਸ਼ਟੀ ਹੋਈ ਸੀ ਉਸ ਦੀ ਮੌਤ ਹੋ ਗਈ ਸੀ।

ਅਮਰੀਕਾ ਦੇ ਹੀ ਕਨੈਟੀਕਟ ਵਿੱਚ ਇੱਕ ਛਿਮਾਂਹੇ ਬੱਚੇ ਦੀ ਕੋਰੋਨਾਵਾਇਰਸ ਨਾਲ ਮੌਤ ਹੋ ਗਈ ਸੀ। ਇਸੇ ਮਹੀਨੇ ਦੌਰਾਨ ਇੱਕ ਤਿੰਨ ਦਿਨਾਂ ਦੇ ਬੱਚੇ ਦੀ ਮੌਤ ਬ੍ਰਿਟੇਨ ਦੇ ਵੇਲਜ਼ ਵਿੱਚ ਕੋਰੋਨਾਵਾਇਰਸ ਕਾਰਨ ਹੋਈ ਸੀ।

ਨਿਊਯਾਰਕ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਐਂਡ ਹੈਸਨਫੈਲਡ ਚਿਲਡਰਨਜ਼ ਹੌਸਪੀਟਲ ਵਿੱਚ ਬੱਚਿਆਂ ਦੀਆਂ ਲਾਗ ਦੀਆਂ ਬਿਮਾਰੀਆਂ ਦੇ ਡਾਕਟਰ ਆਦਨਾਮ ਰੈਟਨਰ ਨੇ ਦੱਸਿਆ, ''ਮਾਂ ਤੋਂ ਬੱਚੇ ਨੂੰ ਕੋਰੋਨਾਵਇਰਸ ਦੀ ਲਾਗ ਲੱਗਣ ਦੀ ਸੰਭਾਵਨਾ ਬਹੁਤ ਘੱਟ ਹੈ। ਜਦੋਂ ਤੱਕ ਕਿ ਉਹ ਮਾਂ ਦੇ ਸਾਹ ਦੇ ਸੰਪਰਕ ਵਿੱਚ ਨਹੀਂ ਆਉਂਦਾ ਲਾਗ ਨਹੀਂ ਲੱਗ ਸਕਦੀ।''

"ਹਾਲਾਂਕਿ ਇਹ ਸਥਿਤੀ ਲਗਾਤਾਰ ਬਦਲ ਰਹੀ ਹੈ ਅਤੇ ਨਵਾਂ ਡੇਟਾ ਆ ਸਕਦਾ ਹੈ।"

ਡਾਕਟਰ ਰੈਟਨਰ ਦਾ ਕਹਿਣਾ ਹੈ ਕਿ ਮਿਲ ਰਹੀ ਜਾਣਕਾਰੀ ਮੁਤਾਬਕ ਜ਼ੇਰ ਦੇ ਟਿਸ਼ੂਆਂ (placental tissues) ਵਿੱਚ ਵੀ ਕੋਰੋਨਾਵਾਇਰਸ ਹੋ ਸਕਦਾ ਹੈ।

ਗਰਭ ਵਿੱਚ ਗੰਭੀਰ ਲਾਗ ਕਾਰਨ ਵੀ ਭਰੂਣ ਦੀ ਮੌਤ ਦੀਆਂ ਖ਼ਬਰਾਂ ਹਨ। ਹਾਲਾਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਪਿੱਛੇ ਹੋਰ ਵੀ ਕਾਰਨ ਹੋ ਸਕਦੇ ਹਨ।

ਡਾਕਟਰ ਰੈਟਨਰ ਮੁਤਾਬਕ ਬੱਚਿਆਂ ਵਿੱਚ ਕੋਰੋਨਾਵਾਇਰਸ ਨਾਲ ਲੜਨ ਵਾਲੇ ਐਂਟੀਬੌਡੀਜ਼ ਵੀ ਮਿਲੇ ਹਨ ਜਿਸ ਦਾ ਮਤਲਬ ਹੈ ਕਿ ਸ਼ਾਇਦ ਬੱਚੇ ਨੂੰ ਗਰਭ ਜਾਂ ਜਣੇਪੇ ਦੌਰਾਨ ਕੋਰੋਨਾਵਾਇਰਸ ਦੀ ਲਾਗ ਲੱਗੀ ਹੋਵੇ।

ਡਾਕਟਰ ਰੈਟਨਰ ਮੁਤਾਬਕ "ਭਾਵੇਂ ਕੋਵਿਡ-19 ਮਰੀਜ਼ ਮਾਵਾਂ ਦੇ ਬੱਚਿਆਂ ਵਿੱਚ ਲਾਗ ਦੇ ਲੱਛਣ ਨਹੀਂ ਹਨ ਪਰ ਫਿਰ ਵੀ ਇਨ੍ਹਾਂ ਸਵਾਲਾਂ ਦੇ ਜਵਾਬ ਦੀ ਭਾਲ ਕਰਦੇ ਰਹਿਣਾ ਮਹੱਤਵਪੂਰਨ ਹੈ।"

ਡਾਕਟਰ ਰੈਟਨਰ ਮੁਤਾਬਕ ਉਨ੍ਹਾਂ ਨੇ ਆਪਣੇ ਹਸਪਤਾਲ ਵਿੱਚ ਕੋਵਿਡ-19 ਮਰੀਜ਼ ਮਾਵਾਂ ਤੋਂ ਪੈਦਾ ਹੋਏ ਬੱਚਿਆਂ ਦੀ ਸੰਭਾਲ ਵਿੱਚ ਮਦਦ ਕੀਤੀ ਹੈ।

"ਅਸੀਂ ਮਾਂ ਦੇ ਦੁੱਧ ਨੂੰ ਬੱਚੇ ਨੂੰ ਦੇਣ ਦੀ ਸਿਫ਼ਾਰਸ਼ ਕੀਤੀ ਹੈ ਅਤੇ ਅਸੀਂ ਅਜਿਹੇ ਬੰਦੋਬਸਤਾਂ ਦੀ ਭਾਲ ਕਰ ਰਹੇ ਹਾਂ ਤਾਂ ਕਿ ਬੱਚਿਆਂ ਨੂੰ ਸ਼ੁਰੂਆਤੀ ਜ਼ਿੰਦਗੀ ਵਿੱਚ ਵਾਇਰਸ ਦੀ ਲਾਗ ਤੋਂ ਬਚਾਇਆ ਜਾ ਸਕੇ।''

ਉਨ੍ਹਾਂ ਨੇ ਕਿਹਾ, "ਜਿਹੜੇ ਵੀ ਲਾਗ ਵਾਲੇ ਬੱਚਿਆਂ ਨੂੰ ਮੈਂ ਦੇਖਿਆ ਹੈ ਉਹ ਤੇਜ਼ੀ ਨਾਲ ਕਰ ਰਹੇ ਹਨ।"

ਹਸਪਤਾਲ ਵਿੱਚ ਇਸ ਦੌਰਾਨ ਪੈਦਾ ਹੋਏ ਬੱਚਿਆਂ ਵਿੱਚੋਂ 20 ਫੀਸਦ ਤੋਂ ਵੱਧ ਦੀਆਂ ਮਾਵਾਂ ਨੂੰ ਕੋਵਿਡ-19 ਸੀ।

ਇਸ ਹਸਪਤਾਲ ਦੇ ਡਾਕਟਰ ਨਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਕਿੰਨਾ ਨਿਮਾਣਾ ਮਹਿਸੂਸ ਹੋਇਆ, "ਇੱਕ 28 ਸਾਲਾ ਨਵੀਂ ਬਣੀ ਮਾਂ ਦੀ ਇੱਕ ਤੰਦਰੁਸਤ ਬੱਚੇ ਨੂੰ ਜਨਮ ਦੇਣ ਪਿੱਛੋਂ ਪਿਛਲੇ ਹਫ਼ਤੇ ਮੌਤ ਹੋ ਗਈ। ਉਸ ਦਾ ਜਿਗਰ ਜਵਾਬ ਦੇ ਗਿਆ ਸੀ ਤੇ ਉਸ ਦੀ ਸਿਹਤ ਤੇਜ਼ੀ ਨਾਲ ਵਿਗੜ ਰਹੀ ਸੀ।"

ਉਨ੍ਹਾਂ ਨੂੰ ਲੱਗਿਆ ਕਿ ਇਲਾਜ ਦੌਰਾਨ ਉਹ ਕਿੰਨੇ ਬੇਬਸ ਸਨ। ਮਾਂ ਉਨ੍ਹਾਂ ਨੂੰ ਲਗਾਤਾਰ ਪੁੱਛਦੀ ਰਹੀ, "ਕੀ ਕੁਝ ਕੀਤਾ ਜਾ ਸਕਦਾ ਹੈ?"

ਇਹ ਵੀਡੀਓਜ਼ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)