ਕੋਰੋਨਾਵਾਇਰਸ ਮਹਾਮਾਰੀ : ਕੀ ਸਰਦੀਆਂ ਦੇ ਮੌਸਮ ਵਿਚ ਵਾਇਰਸ ਹੋ ਵਧੇਗਾ

    • ਲੇਖਕ, ਜੇਮਜ਼ ਗੈਲਾਗਰ
    • ਰੋਲ, ਸਿਹਤ ਅਤੇ ਵਿਗਿਆਨ ਪੱਤਰਕਾਰ, ਬੀਬੀਸੀ

ਦੁਨੀਆਂ ਦੇ ਬਹੁਤੇ ਦੇਸਾਂ ਵਿੱਚ ਲੌਕਡਾਊਨ ਹੈ ਅਤੇ ਕਈ ਦੇਸਾਂ ਨੇ ਕਰਫਿਊ ਲਗਾ ਦਿੱਤਾ ਹੈ। ਜ਼ਿਆਦਾਤਰ ਦੇਸਾਂ ਨੇ ਆਪਣੀਆਂ ਸਰਹੱਦਾਂ ਲਗਭਗ ਸੀਲ ਕਰ ਦਿੱਤੀਆਂ ਹਨ।

ਕੋਰੋਨਾਵਾਇਰਸ ਬਾਰੇ ਦੁਨੀਆਂ ਦਸੰਬਰ ਵਿੱਚ ਹੀ ਜਾਗਰੂਕ ਹੋਈ ਹੈ, ਪਰ ਇਹ ਅਨੰਤ ਕਾਲ ਤੋਂ ਮੌਜੂਦ ਹੈ।

ਦੁਨੀਆਂ ਭਰ ਦੇ ਵਿਗਿਆਨੀਆਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਵੀ ਅਜਿਹਾ ਬਹੁਤ ਕੁਝ ਹੈ ਜਿਸ ਬਾਰੇ ਅਸੀਂ ਸਮਝ ਨਹੀਂ ਸਕੇ। ਇਸ ਬਾਰੇ ਬਹੁਤ ਸਾਰੇ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰ ਜਾਣਨ ਲਈ ਸਾਰੇ ਵਿਸ਼ਵ ਵਿਆਪੀ ਪੱਧਰ ’ਤੇ ਪ੍ਰਯੋਗ ਕਰ ਰਹੇ ਹਨ।

ਦੁਨੀਆਂ ਅਜੇ ਵੀ ਇਸ ਵਾਇਰਸ ਬਾਰੇ ਬਹੁਤ ਘੱਟ ਜਾਣਦੀ ਹੈ। ਸਿਰਫ਼ ਵਿਗਿਆਨੀ ਜਾਂ ਖੋਜਕਰਤਾ ਇਨ੍ਹਾਂ ਜਵਾਬਾਂ ਨੂੰ ਲੱਭਣ ਲਈ ਕੰਮ ਨਹੀਂ ਕਰ ਰਹੇ, ਘਰ ਬੈਠਾ ਹਰ ਵਿਅਕਤੀ ਆਪਣੇ ਪੱਧਰ 'ਤੇ ਇਸ ਪ੍ਰਸ਼ਨ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇੱਥੇ ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦੇ ਉੱਤਰ ਮਿਲਣੇ ਅਜੇ ਬਾਕੀ ਹਨ।

1. ਕੋਰੋਨਾ ਨੇ ਕਿੰਨੇ ਲੋਕਾਂ ਨੂੰ ਰੋਗੀ ਬਣਾਇਆ

ਇਹ ਸਭ ਤੋਂ ਮੁੱਢਲੇ ਸਵਾਲਾਂ ਵਿੱਚੋਂ ਇੱਕ ਹੈ, ਪਰ ਇਹ ਸਭ ਤੋਂ ਅਹਿਮ ਸਵਾਲਾਂ ਵਿੱਚੋਂ ਵੀ ਇੱਕ ਹੈ।

ਦੁਨੀਆ ਭਰ ਵਿੱਚ ਲੱਖਾਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ, ਪਰ ਇਹ ਲਾਗ ਦੀ ਕੁੱਲ ਗਿਣਤੀ ਦਾ ਸਿਰਫ਼ ਇੱਕ ਹਿੱਸਾ ਹੈ।

ਬਹੁਤ ਸਾਰੇ ਲੱਛਣ ਰਹਿਤ ਮਾਮਲਿਆਂ ਕਾਰਨ ਇਹ ਗਿਣਤੀ ਕਾਫ਼ੀ ਗੁੰਝਲਦਾਰ ਹੈ। ਅਜਿਹੇ ਬਹੁਤ ਲੋਕ ਹਨ ਜਿਹੜੇ ਇਸ ਵਾਇਰਸ ਤੋਂ ਪੀੜਤ ਹਨ, ਪਰ ਉਹ ਖੁਦ ਨੂੰ ਬਿਮਾਰ ਮਹਿਸੂਸ ਨਹੀਂ ਕਰ ਰਹੇ ਹਨ।

ਇੱਕ ਐਂਟੀਬਾਡੀਜ਼ ਟੈਸਟ ਵਿਕਸਤ ਕਰਨ ਨਾਲ ਖੋਜਕਰਤਾਵਾਂ ਨੂੰ ਇਹ ਪਤਾ ਲੱਗੇਗਾ ਕਿ ਕਿਸ-ਕਿਸ ਵਿੱਚ ਇਹ ਵਾਇਰਸ ਹੈ। ਫਿਰ ਅਸੀਂ ਸਮਝ ਸਕਾਂਗੇ ਕਿ ਕੋਰੋਨਾਵਾਇਰਸ ਕਿੱਥੋਂ ਤੱਕ ਜਾਂ ਕਿੰਨੀ ਆਸਾਨੀ ਨਾਲ ਫੈਲ ਰਿਹਾ ਹੈ।

ਇਹ ਵੀ ਪੜ੍ਹੋ

2. ਇਹ ਵਾਇਰਸ ਅਸਲ ਵਿੱਚ ਕਿੰਨਾ ਘਾਤਕ ਹੈ?

ਕੋਰੋਨਾਵਾਇਰਸ ਦਾ ਘੇਰਾ ਦੁਨੀਆਂ ਵਿਚ ਹੋਰ ਵੱਡਾ ਤੇ ਗੁੰਝਲਦਾਰ ਹੋ ਰਿਹਾ ਹੈ। ਰਿਪੋਰਟ ਲਿਖੇ ਜਾਣ ਸਮੇਂ ਕੋਰੋਨਾ ਰੋਗੀਆਂ ਦਾ ਡਾਟਾ 50 ਲੱਖ ਦੇ ਨੇੜੇ ਪਹੁੰਚ ਗਿਆ ਸੀ ਅਤੇ 188 ਦੇਸ ਇਸ ਦੀ ਲਪੇਟ ਵਿਚ ਹਨ।

ਇਹ ਰਿਪੋਰਟ ਲਿਖਣ ਸਮੇਂ ਮੌਤਾਂ ਦਾ ਅੰਕੜਾ ਵੀ ਸਵਾ ਤਿੰਨ ਲੱਖ ਤੋਂ ਪਾਰ ਹੋ ਗਿਆ ਸੀ।

2019 ਦੇ ਦਸੰਬਰ ਮਹੀਨੇ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਪਹਿਲਾ ਮਰੀਜ਼ ਸਾਹਮਣੇ ਆਇਆ ਸੀ।ਇਸ ਤੋਂ ਬਾਅਦ ਇਹ ਗਿਣਤੀ ਲਗਾਤਾਰ ਵਧ ਰਹੀ ਹੈ, ਇਸ ਤੋਂ ਕਿੰਨੇ ਲੋਕ ਪ੍ਰਭਾਵਿਤ ਹੋਣਗੇ ਅਤੇ ਕਿੰਨੇ ਮਰਨਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

ਦੱਖਣੀ ਕੋਰੀਆ ਵਰਗੇ ਦੇਸ ਨੇ ਇਸ ਉੱਤੇ ਕਾਬੂ ਪਾਕੇ ਮਿਸਾਲ ਕਾਇਮ ਕਰ ਦਿੱਤੀ ਤਾਂ ਅਮਰੀਕਾ ਵਿਚ ਇਹ ਲਗਾਤਾਰ ਲੋਕਾਂ ਦੀ ਜਾਨ ਦਾ ਖ਼ੌਅ ਬਣਿਆ ਹੋਇਆ ਹੈ।

3. ਆਮ ਲੱਛਣਾਂ ਤੋਂ ਇਲਾਵਾ ਸੰਭਾਵਿਤ ਲੱਛਣ ਕੀ ਹਨ?

ਕੋਰੋਨਾਵਾਇਰਸ ਦਾ ਮੁੱਖ ਲੱਛਣ ਬੁਖ਼ਾਰ ਅਤੇ ਸੁੱਕੀ ਖੰਘ ਹੈ। ਇਹ ਉਹ ਲੱਛਣ ਹਨ ਜਿਨ੍ਹਾਂ ਨੂੰ ਤੁਹਾਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।

ਕਈ ਮਾਮਲਿਆਂ ਵਿੱਚ ਗਲੇ ਵਿੱਚ ਦਰਦ, ਸਿਰ ਦਰਦ ਅਤੇ ਦਸਤ ਵੀ ਦੱਸੇ ਗਏ ਹਨ ਅਤੇ ਅਜਿਹੀਆਂ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਇਹ ਕਈਆਂ ਦੀ ਸੁੰਘਣ ਦੀ ਸ਼ਕਤੀ ਨੂੰ ਪ੍ਰਭਾਵਿਤ ਕਰ ਸਕਦਾ ਹੈ।

ਪਰ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਕੀ ਹਲਕੀ ਠੰਢ ਜਿਵੇਂ ਨੱਕ ਦਾ ਵਗਣਾ ਜਾਂ ਛਿੱਕਣਾ ਕਈ ਰੋਗੀਆਂ ਵਿੱਚ ਹੋ ਸਕਦੇ ਹਨ।

ਕੁਝ ਅਧਿਐਨਾਂ ਨੇ ਸੁਝਾਇਆ ਹੈ ਕਿ ਅਜਿਹਾ ਹੋਣ ਦੀ ਸੰਭਵਾਨਾ ਹੈ। ਲੋਕਾਂ ਨੂੰ ਇਹ ਪਤਾ ਲੱਗੇ ਬਿਨਾਂ ਕਿ ਉਨ੍ਹਾਂ ਵਿੱਚ ਵਾਇਰਸ ਹੈ, ਉਨ੍ਹਾਂ ਹੋ ਸਕਦੇ ਹਨ।

4. ਬੱਚੇ ਵਾਇਰਸ ਨੂੰ ਕਿਵੇਂ ਫੈਲਾ ਸਕਦੇ ਹਨ?

ਬੱਚੇ ਨਿਸ਼ਚਤ ਤੌਰ ’ਤੇ ਕੋਰੋਨਾਵਾਇਰਸ ਦੀ ਲਪੇਟ ਵਿੱਚ ਆ ਸਕਦੇ ਹਨ। ਭਾਵੇਂ ਕਿ ਉਨ੍ਹਾਂ ਵਿੱਚ ਜ਼ਿਆਦਾਤਰ ਹਲਕੇ ਲੱਛਣ ਹੀ ਵਿਕਸਤ ਹੁੰਦੇ ਹਨ।

ਹੋਰ ਉਮਰ ਸਮੂਹਾਂ ਦੀ ਤੁਲਨਾ ਵਿੱਚ ਬੱਚਿਆਂ ਦੀ ਮੌਤ ਦਰ ਘੱਟ ਹੁੰਦੀ ਹੈ।

ਆਮ ਤੌਰ ’ਤੇ ਬੱਚੇ ਅੰਸ਼ਿਕ ਰੂਪ ਵਿੱਚ ਇਸ ਬਿਮਾਰੀ ਦੇ ਸੁਪਰ-ਸਪਰੈਡਰ ਹੁੰਦੇ ਹਨ ਕਿਉਂਕਿ ਉਹ ਬਹੁਤ ਸਾਰੇ ਲੋਕਾਂ ਨਾਲ ਘੁਲਦੇ ਮਿਲਦੇ ਹਨ, ਜ਼ਿਆਦਾਤਰ ਖੇਡ ਦੇ ਮੈਦਾਨ ਵਿੱਚ।

ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਇਸ ਵਾਇਰਸ ਨੂੰ ਕਿਸ ਹੱਦ ਤੱਕ ਫੈਲਾਉਣ ਵਿੱਚ ਮਦਦ ਕਰਦੇ ਹਨ।

5. ਕੋਰੋਨਾਵਾਇਰਸ ਆਖਿਰ ਆਇਆ ਕਿੱਥੋਂ

ਸਾਲ 2019 ਦੇ ਅੰਤ ਵਿੱਚ ਇਹ ਵਾਇਰਸ ਚੀਨ ਦੇ ਵੂਹਾਨ ਖੇਤਰ ਵਿੱਚ ਉਤਪੰਨ ਹੋਇਆ, ਜਿੱਥੇ ਪਸ਼ੂਆਂ ਦੀ ਮਾਰਕੀਟ ਵਾਲੇ ਖੇਤਰ ਵਿੱਚ ਕਈ ਕੇਸ ਸਾਹਮਣੇ ਆਏ।

ਕੋਰੋਨਾਵਾਇਰਸ ਜਿਸ ਨੂੰ ਅਧਿਕਾਰਤ ਤੌਰ ’ਤੇ Sars-CoV-2 ਕਿਹਾ ਜਾਂਦਾ ਹੈ, ਇਹ ਚਮਗਿੱਦੜ ਨੂੰ ਲਾਗ ਲਾਉਣ ਵਾਲੇ ਵਾਇਰਸ ਨਾਲ ਨਜ਼ਦੀਕੀ ਸਬੰਧ ਰੱਖਦਾ ਹੈ।

ਭਾਵੇਂਕਿ ਇਹ ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਚਮਗਿੱਦੜ ਤੋਂ ਪਸ਼ੂਆਂ ਦੀ ਇੱਕ ਰਹੱਸਮਈ ਪ੍ਰਜਾਤੀ ਨੂੰ ਲੱਗਿਆ ,ਜੋ ਬਾਅਦ ਵਿੱਚ ਇਨਸਾਨਾਂ ਤੱਕ ਪਹੁੰਚ ਗਿਆ।

ਇਸ ‘ਮਿਸਿੰਗ ਲਿੰਕ’ ਬਾਰੇ ਅਸੀਂ ਅਜੇ ਵੀ ਅਣਜਾਣ ਹਾਂ ਅਤੇ ਇਹ ਅੱਗੇ ਹੋਰ ਲਾਗ ਲੱਗਣ ਦਾ ਸਰੋਤ ਕੀ ਹੋ ਸਕਦਾ ਹੈ।

6. ਕੀ ਗਰਮੀਆਂ ਵਿੱਚ ਇਸਦੇ ਮਾਮਲੇ ਘੱਟ ਜਾਣਗੇ?

ਸਰਦੀਆਂ ਦੇ ਮਹੀਨਿਆਂ ਵਿੱਚ ਜ਼ੁਕਾਮ ਅਤੇ ਫਲੂ ਗਰਮੀਆਂ ਦੇ ਮੁਕਾਬਲੇ ਆਮ ਹੁੰਦਾ ਹੈ, ਪਰ ਇਸ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਕਿ ਗਰਮ ਮੌਸਮ ਇਸ ਵਾਇਰਸ ਦੇ ਪਸਾਰ ਨੂੰ ਘੱਟ ਕਰੇਗਾ ਜਾਂ ਨਹੀਂ।

ਬ੍ਰਿਟੇਨ ਸਰਕਾਰ ਦੇ ਵਿਗਿਆਨਿਕ ਸਲਾਹਕਾਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਸ ਵਾਇਰਸ ’ਤੇ ਮੌਸਮੀ ਪ੍ਰਭਾਵ ਹੋਵੇਗਾ ਜਾਂ ਨਹੀਂ।

ਜੇਕਰ ਇਹ ਹੁੰਦਾ ਹੈ ਤਾਂ ਉਹ ਮੰਨਦੇ ਹਨ ਕਿ ਇਹ ਠੰਢ ਅਤੇ ਫਲੂ ਨਾਲੋਂ ਬਹੁਤ ਘੱਟ ਹੋਵੇਗਾ।

ਜੇਕਰ ਗਰਮੀ ਦੇ ਮੌਸਮ ਵਿੱਚ ਕੋਰੋਨਾਵਾਇਰਸ ਵਿੱਚ ਵੱਡੀ ਗਿਰਾਵਟ ਆਉਂਦੀ ਹੈ ਤਾਂ ਇੱਕ ਖਤਰਾ ਹੈ ਕਿ ਸਰਦੀਆਂ ਵਿੱਚ ਇਸ ਦੇ ਮਾਮਲੇ ਵਧਣਗੇ।

7.ਕਈ ਲੋਕਾਂ ਵਿੱਚ ਬਹੁਤ ਜ਼ਿਆਦਾ ਗੰਭੀਰ ਲੱਛਣ ਕਿਉਂ ਹੁੰਦੇ ਹਨ?

ਜ਼ਿਆਦਾਤਰ ਲੋਕਾਂ ਲਈ ਕੋਵਿਡ-19 ਇੱਕ ਹਲਕੀ ਜਿਹੀ ਲਾਗ ਹੈ। ਹਾਲਾਂਕਿ 20 ਫੀਸਦੀ ਵਿੱਚ ਇਸ ਬਿਮਾਰੀ ਦੇ ਗੰਭੀਰ ਲੱਛਣ ਵਿਕਸਤ ਹੁੰਦੇ ਹਨ, ਅਜਿਹਾ ਕਿਉਂ?

ਅਜਿਹਾ ਕਿਸੇ ਵਿਅਕਤੀ ਦੀ ਪ੍ਰਤੀਰੋਧਕ ਸਮਰੱਥਾ ਕਾਰਨ ਹੁੰਦਾ ਹੈ ਅਤੇ ਕੁਝ ਜੈਨੇਟਿਕ ਕਾਰਨ ਵੀ ਹੋ ਸਕਦੇ ਹਨ।

ਇਸਦੀ ਗਹਿਰੀ ਸਮਝ ਨਾਲ ਕਈ ਲੋਕਾਂ ਨੂੰ ਇੰਟੈਸਿਵ ਦੇਖਭਾਲ ਕਰਨ ਤੋਂ ਬਚਾਉਣ ਦੇ ਤਰੀਕੇ ਸਮਝ ਆ ਸਕਦੇ ਹਨ।

8. ਪ੍ਰਤੀਰੋਧਕ ਸਮਰੱਥਾ ਕਿੰਨੀ ਦੇਰ ਤੱਕ ਰਹਿੰਦੀ ਹੈ ਅਤੇ ਕੀ ਇਹ ਤੁਹਾਨੂੰ ਦੁਬਾਰਾ ਵੀ ਹੋ ਸਕਦਾ ਹੈ?

ਇਸ ਸਬੰਧੀ ਬਹੁਤ ਸਾਰੇ ਕਿਆਸ ਲਗਾਏ ਜਾ ਰਹੇ ਹਨ, ਪਰ ਇਸ ਗੱਲ ਦੇ ਬਹੁਤ ਘੱਟ ਸਬੂਤ ਹਨ ਕਿ ਪ੍ਰਤੀਰੋਧਕ ਸਮਰੱਥਾ ਵਾਇਰਸ ਨਾਲ ਕਿੰਨੀ ਦੇਰ ਤੱਕ ਲੜ ਸਕਦੀ ਹੈ।

ਜੇਕਰ ਮਰੀਜ਼ ਵਾਇਰਸ ਨਾਲ ਸਫਲਤਾਪੂਰਬਕ ਲੜਦੇ ਹਨ ਤਾਂ ਉਨ੍ਹਾਂ ਨੇ ਜ਼ਰੂਰ ਆਪਣੀ ਪ੍ਰਤੀਰੋਧਕ ਸਮਰੱਥਾ ਦਾ ਨਿਰਮਾਣ ਕੀਤਾ ਹੋਵੇਗਾ। ਹੁਣ ਜਦੋਂਕਿ ਇਹ ਬਿਮਾਰੀ ਸਿਰਫ਼ ਕੁਝ ਮਹੀਨਿਆਂ ਤੋਂ ਹੀ ਸਾਡੇ ਸਾਹਮਣੇ ਆਈ ਹੈ ਤਾਂ ਇਸ ਸਬੰਧੀ ਪੁਰਾਣੇ ਅੰਕੜਿਆਂ ਦੀ ਘਾਟ ਹੈ।

ਮਰੀਜ਼ਾਂ ਪ੍ਰਤੀ ਇਹ ਅਫ਼ਵਾਹਾਂ ਕਿ ਉਹ ਦੁਬਾਰਾ ਇਸਤੋਂ ਸੰਕਰਮਿਤ ਹੋ ਗਏ ਹਨ, ਇਹ ਸ਼ਾਇਦ ਟੈਸਟ ਦੀ ਰਿਪੋਰਟ ਗਲਤ ਹੋਣ ਕਾਰਨ ਵੀ ਹੋ ਸਕਦਾ ਹੈ, ਜਿਸ ਕਾਰਨ ਉਨ੍ਹਾਂ ਨੂੰ ਵਾਇਰਸ ਮੁਕਤ ਕਰਾਰ ਦੇ ਦਿੱਤਾ ਗਿਆ ਹੋਵੇ।

ਲੰਬੇ ਸਮੇਂ ਦੌਰਾਨ ਕੀ ਹੋਵੇਗਾ, ਇਸ ਲਈ ਪ੍ਰਤੀਰੋਧਕ ਸਮਰੱਥਾ ਦੇ ਸਵਾਲ ਨੂੰ ਸਮਝਣਾ ਅਹਿਮ ਹੋਵੇਗਾ।

9.ਕੀ ਵਾਇਰਸ ਤਬਦੀਲ ਹੋਵੇਗਾ?

ਵਾਇਰਸ ਹਰ ਸਮੇਂ ਤਬਦੀਲ ਹੁੰਦੇ ਰਹਿੰਦੇ ਹਨ, ਪਰ ਉਨ੍ਹਾਂ ਦੇ ਜੈਨੇਟਿਕ ਕੋਡ ਵਿੱਚ ਇਨ੍ਹਾਂ ਤਬਦੀਲੀਆਂ ਨਾਲ ਕੋਈ ਮਹੱਤਵਪੂਰਨ ਫ਼ਰਕ ਨਹੀਂ ਪੈਂਦਾ।

ਇਕ ਆਮ ਨਿਯਮ ਦੇ ਰੂਪ ਵਜੋਂ ਤੁਸੀਂ ਉਮੀਦ ਕਰਦੇ ਹੋ ਕਿ ਵਾਇਰਸ ਲੰਬੇ ਸਮੇਂ ਵਿੱਚ ਘੱਟ ਘਾਤਕ ਹੋ ਸਕਦੇ ਹਨ, ਪਰ ਇਸਦੀ ਕੋਈ ਗਰੰਟੀ ਨਹੀਂ ਹੈ।

ਚਿੰਤਾ ਇਸ ਗੱਲ ਦੀ ਹੈ ਕਿ ਜੇਕਰ ਵਾਇਰਸ ਤਬਦੀਲ ਹੁੰਦਾ ਹੈ ਤਾਂ ਪ੍ਰਤੀਰੋਧਕ ਪ੍ਰਣਾਲੀ ਇਸਨੂੰ ਹੁਣ ਪਛਾਣੇਗੀ ਨਹੀਂ ਅਤੇ ਫਿਰ ਇੱਕ ਵਿਸ਼ੇਸ਼ ਵੈਕਸੀਨ ਇਸ ’ਤੇ ਕੰਮ ਨਹੀਂ ਕਰਦੀ ਜਿਵੇਂ ਕਿ ਫਲੂ ਦੇ ਮਾਮਲੇ ਵਿੱਚ ਹੁੰਦਾ ਹੈ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)