You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ ਦੀ ਦਵਾਈ ਲੱਭਣ ਦਾ ਟਰੰਪ ਦਾ ਦਾਅਵਾ ਕਿੰਨਾ ਸਹੀ? - ਫੈਕਟ ਚੈੱਕ
- ਲੇਖਕ, ਕੀਰਤੀ ਦੁਬੇ
- ਰੋਲ, ਬੀਬੀਸੀ ਪੱਤਰਕਾਰ
ਕੋਰੋਨਾਵਾਇਰਸ ਨੂੰ ਮਾਨਵ ਜਾਤੀ ਦੇ ਸਾਹਮਣੇ ਪੈਦਾ ਹੋਇਆ ਸਭ ਤੋਂ ਵੱਡਾ ਖਤਰਾ ਮੰਨਿਆ ਜਾ ਰਿਹਾ ਹੈ।
ਦੁਨੀਆ ਭਰ ਵਿੱਚ ਇਸ ਵਾਇਰਸ ਨਾਲ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਭਾਰਤ ਵਿੱਚ ਵੀ ਇਸ ਦੇ ਮਾਮਲੇ ਵਧ ਰਹੇ ਹਨ।
ਇਸ ਮਹਾਂਮਾਰੀ ਦੇ ਇਲਾਜ਼ ਲਈ ਹੁਣ ਤੱਕ ਇਸਦੀ ਕੋਈ ਦਵਾਈ ਨਹੀਂ ਲੱਭੀ ਜਾ ਸਕੀ ਹੈ।
ਦੁਨੀਆ ਭਰ ਵਿੱਚ ਦਵਾਈਆਂ ਦੇ ਖੇਤਰ ਦੇ ਵਿਗਿਆਨਕ ਇਸਦੀ ਕਾਰਗਰ ਦਵਾਈ ਬਣਾਉਣ ਵਿੱਚ ਜੁਟੇ ਹੋਏ ਹਨ। ਪਰ ਇਸ ਵਿਚਕਾਰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਵਾਇਰਸ ਦੀ ਦਵਾਈ ਬਣਾਉਣ ਦਾ ਦਾਅਵਾ ਕੀਤਾ ਹੈ।
ਸ਼ਨਿਵਾਰ, 21 ਮਾਰਚ ਨੂੰ ਡੌਨਲਡ ਟਰੰਪ ਨੇ ਟਵੀਟ ਕੀਤਾ, ''ਹਾਈਡਰੋਕਸੀਕਲੋਰੋਕਵਿਨ ਅਤੇ ੲਜ਼ਿਮਥ੍ਰੋਮਾਈਸਿਨ ਦਾ ਕੌਂਬੀਨੇਸ਼ਨ ਦਵਾਈਆਂ ਦੀ ਦੁਨੀਆ ਵਿੱਚ ਵੱਡਾ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਐੱਫਡੀਏ ਨੇ ਇਹ ਵੱਡਾ ਕੰਮ ਕਰ ਦਿਖਾਇਆ ਹੈ-ਥੈਂਕਯੂ। ਇਨ੍ਹਾਂ ਦੋਵੇਂ ਏਜੰਟਾਂ ਨੂੰ ਤੁਰੰਤ ਉਪਯੋਗ ਵਿੱਚ ਲਿਆਉਣਾ ਚਾਹੀਦਾ ਹੈ, ਲੋਕਾਂ ਦੀ ਜਾਨ ਜਾ ਰਹੀ ਹੈ।''
ਟਰੰਪ ਨੇ ਦਾਅਵਾ ਕੀਤਾ ਕਿ ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਯਾਨੀ ਐੱਫਡੀਏ ਨੇ ਕੋਰੋਨਾਵਾਇਰਸ ਦੀ ਦਵਾਈ ਖੋਜ ਲਈ ਹੈ।
ਟਰੰਪ ਨੇ ਇਸਨੂੰ ਲੈ ਕੇ ਵ੍ਹਾਈਟ ਹਾਊਸ ਦੀ ਮੀਡੀਆ ਬ੍ਰੀਫਿੰਗ ਵਿੱਚ ਵੀ ਬਿਆਨ ਦਿੱਤਾ ਹੈ।
ਉਨ੍ਹਾਂ ਨੇ ਕਿਹਾ, ''ਅਸੀਂ ਇਸ ਦਵਾਈ ਨੂੰ ਤੁਰੰਤ ਪ੍ਰਭਾਵ ਨਾਲ ਉਪਲੱਬਧ ਕਰਾਉਣ ਜਾ ਰਹੇ ਹਾਂ। ਐੱਫਡੀਏ ਨੇ ਕਾਫ਼ੀ ਚੰਗਾ ਕੰਮ ਕੀਤਾ ਹੈ। ਇਹ ਦਵਾਈ ਅਪਰੂਵ (ਸਵੀਕਾਰ) ਹੋ ਚੁੱਕੀ ਹੈ।''
ਟਰੰਪ ਦੇ ਦਾਅਵੇ ਦਾ ਫੈਕਟ ਚੈੱਕ
ਬੀਬੀਸੀ ਨੇ ਇਸ ਗੱਲ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਕਿ ਕੀ ਇਨ੍ਹਾਂ ਦੋਵੇਂ ਦਵਾਈਆਂ ਦਾ ਕੌਂਬੀਨੇਸ਼ਨ ਕੋਰੋਨਾਵਾਇਰਸ ਦੀ ਰਸਮੀ ਦਵਾਈ ਹੈ।
ਨਾਲ ਹੀ ਕੀ ਅਮਰੀਕੀ ਸਿਹਤ ਵਿਭਾਗ ਵੱਲੋਂ ਇਸਨੂੰ ਸਵੀਕਾਰ ਕੀਤਾ ਜਾ ਚੁੱਕਾ ਹੈ।
ਟਰੰਪ ਦੇ ਇਸ ਬਿਆਨ ਦੇ ਬਾਅਦ 21 ਮਾਰਚ ਨੂੰ ਹੀ ਅਮਰੀਕਾ ਦੇ ਸੈਂਟਰ ਫਾਰ ਡਿਜ਼ੀਜ ਕੰਟਰੋਲ ਐਂਡ ਪ੍ਰੀਵੈਨਸ਼ਨ (ਸੀਡੀਸੀ) ਨੇ ਇੱਕ ਰਿਪੋਰਟ ਜਾਰੀ ਕੀਤੀ।
ਇਸ ਰਿਪੋਰਟ ਵਿੱਚ ਸੀਡੀਸੀ ਨੇ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਲਈ ਐੱਫਡੀਏ ਨੇ ਕੋਈ ਦਵਾਈ ਹੁਣ ਤੱਕ ਅਪਰੂਵ ਨਹੀਂ ਕੀਤੀ ਹੈ।
ਹਾਲਾਂਕਿ ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਸਮੇਤ ਕਈ ਦੇਸਾਂ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ ਹਾਈਡਰੋਕਸੀਕਲੋਰੋਕਵਿਨ ਦਾ ਉਪਯੋਗ ਕੀਤਾ ਜਾ ਰਿਹਾ ਹੈ।
ਇੱਕ ਛੋਟੇ ਜਿਹੇ ਅਧਿਐਨ ਮੁਤਾਬਿਕ ਹਾਈਡਰੋਕਸੀਕਲੋਰੋਕਵਿਨ ਨਾਲ ੲਜ਼ਿਥ੍ਰੋਮਾਈਸੀਨ ਦਾ ਕੌਂਬੀਨੇਸ਼ਨ ਕੋਵਿਡ-19 ਦੇ ਅਸਰ ਨੂੰ ਘੱਟ ਕਰ ਸਕਦਾ ਹੈ।
ਰਸਮੀ ਇਲਾਜ ਨਹੀਂ
ਇਸ ਰਿਪੋਰਟ ਵਿੱਚ ਹਾਈਡਰੋਕਸੀਕਲੋਰੋਕਵਿਨ ਨਾਲ ੲਜ਼ਿਥ੍ਰੋਮਾਈਸੀਨ ਦੀ ਵਰਤੋਂ ਨੂੰ 'ਅਨਕੰਟਰੋਲ ਬੇਸਿਸ' ਦੱਸਿਆ ਗਿਆ ਹੈ। ਇਸਤੋਂ ਸਾਫ਼ ਹੈ ਕਿ ਇਸ ਕੌਂਬੀਨੇਸ਼ਨ ਨੂੰ ਰਸਮੀ ਇਲਾਜ ਨਾ ਮੰਨਿਆ ਜਾਵੇ।
ਦਰਅਸਲ ਵਿਗਿਆਨ-ਮੈਡੀਸਨ ਦੀ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਦੀ ਦਵਾਈ ਦੇ ਅਸਰ ਨੂੰ ਦੋ ਤਰ੍ਹਾਂ ਨਾਲ ਮਾਪਿਆ ਜਾਂਦਾ ਹੈ।
- ਅਨਿਯੰਤਰਿਤ ਯਾਨੀ ਅਨਕੰਟਰੋਲ ਔਬਜ਼ਰਵੇਸ਼ਨ
- ਨਿਯੰਤਰਿਤ ਯਾਨੀ ਕੰਟਰੋਲ ਔਬਜ਼ਰਵੇਸ਼ਨ
ਅਨਿਯੰਤਰਿਤ ਔਬਜ਼ਰਵੇਸ਼ਨ ਵਿੱਚ ਕੋਈ ਖਾਸ ਦਵਾਈ ਜੇਕਰ ਅਸਰ ਕਰ ਰਹੀ ਹੈ ਤਾਂ ਉਸਨੂੰ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ, ਜ਼ਿਆਦਾਤਰ ਇਸਦਾ ਅਸਰ ਵਿਅਕੀਤਗਤ ਹੁੰਦਾ ਹੈ ਯਾਨੀ ਹਰ ਇਨਸਾਨ 'ਤੇ ਇੱਕੋ ਜਿਹਾ ਹੋਵੇ, ਇਹ ਤੈਅ ਨਹੀਂ ਹੁੰਦਾ।
ਦੂਜੇ ਪਾਸੇ ਨਿਯੰਤਰਿਤ ਔਬਜ਼ਰਵੇਸ਼ਨ ਵਿੱਚ ਇੱਕ ਯੋਜਨਾ ਤਹਿਤ ਤੁਲਨਾਤਮਕ ਅਧਿਐਨ ਕੀਤਾ ਜਾਂਦਾ ਹੈ। ਇਸ ਨਾਲ ਕਿਸੇ ਦਵਾਈ ਦੇ ਅਸਰ ਨੂੰ ਲੈ ਕੇ ਜ਼ਿਆਦਾ ਅਤੇ ਸਟੀਕ ਜਾਣਕਾਰੀ ਪਤਾ ਲੱਗਦੀ ਹੈ।
ਰਿਪੋਰਟ ਵਿੱਚ ਇਹ ਵੀ ਸਾਫ਼ ਲਿਖਿਆ ਹੈ ਕਿ ਕਲੋਰੋਕਵਿਨ ਅਤੇ ਹਾਈਡਰੋਕਸੀਕਲੋਰੋਕਵਿਨ ਦਵਾਈਆਂ ਦੇ ਕੁਝ ਨਕਾਰਾਤਮਕ ਅਸਰ ਵੀ ਹਨ।
ਇਨ੍ਹਾਂ ਦੀ ਵਰਤੋਂ ਨਾਲ ਕੁਝ ਮਰੀਜ਼ਾਂ ਨੂੰ ਖਾਸ ਸਲਾਹ ਦੇਣੀ ਚਾਹੀਦੀ ਹੈ। ਇਸਦੀ ਵਰਤੋਂ ਨਾਲ ਕਿਡਨੀ ਫੇਲ੍ਹ ਹੋਣ ਅਤੇ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਦੀ ਸੰਭਾਵਨਾ ਰਹਿੰਦੀ ਹੈ।
ਸੀਡੀਸੀ ਦਾ ਕਹਿਣਾ ਹੈ ਕਿ ਅਮਰੀਕਾ ਵਿੱਚ ਹਾਈਡਰੋਕਸੀਕਲੋਰੋਕਵਿਨ ਦੇ ਕੁਝ ਕਲੀਨਿਕਲ ਟੈਸਟ ਦੀਆਂ ਯੋਜਨਾਵਾਂ ਤਿਆਰ ਹਨ ਅਤੇ ਜਲਦੀ ਹੀ ਇਹ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ।
ਇਹ ਵੀ ਪੜ੍ਹੋ
ਭਾਰਤ ਵਿੱਚ ਇਲਾਜ ਕਿਵੇਂ ਹੋ ਰਿਹਾ ਹੈ?
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੇ ਡਾਇਰੈਕਟਰ ਜਨਰਲ ਬਲਰਾਮ ਭਾਰਗਵ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ, ''ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਸਿਰਫ਼ ਹਸਪਤਾਲ ਵਰਕਰ ਕਰਨਗੇ ਜੋ ਕੋਵਿਡ-19 ਦੇ ਮਰੀਜ਼ਾਂ ਦੀ ਦੇਖਭਾਲ ਕਰ ਰਹੇ ਹਨ। ਜਾਂ ਫਿਰ ਜੇਕਰ ਕਿਸੇ ਦੇ ਘਰ ਵਿੱਚ ਕੋਈ ਲਾਗ ਪੀੜਤ ਹੈ ਤਾਂ ਉਸਦੀ ਦੇਖਭਾਲ ਕਰਨ ਵਾਲਾ ਹੀ ਇਸ ਦਵਾਈ ਦਾ ਸੇਵਨ ਕਰੇ।''
ਇਸਦੇ ਇਲਾਵਾ ਆਈਸੀਐੱਮਆਰ ਨੇ ਇੱਕ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦੱਸਿਆ ਕਿ 'ਨੈਸ਼ਨਲ ਟਾਸਕ ਫੋਰਸ ਕੋਵਿਡ-19 ਦਾ ਗਠਨ ਕੀਤਾ ਗਿਆ ਹੈ। ਹਾਈਡਰੋਕਸੀਕਲੋਰੋਕਵਿਨ ਦਵਾਈ ਉਹੀ ਲੈ ਸਕਦੇ ਹਨ ਜੋ ਕੋਵਿਡ-19 ਦੇ ਹਾਈ ਰਿਸਕ ਵਿੱਚ ਹੋਣ।'
ਯਾਨੀ ਹਸਪਤਾਲ ਵਿੱਚ ਕੰਮ ਕਰਨ ਵਾਲੇ ਉਹ ਕਰਮਚਾਰੀ ਜੋ ਕੋਰੋਨਾਵਾਇਰਸ ਤੋਂ ਪੀੜਤ ਮਰੀਜ਼ ਦਾ ਇਲਾਜ ਕਰ ਰਹੇ ਹੋਣ ਜਾਂ ਜਿਨ੍ਹਾਂ ਦੇ ਘਰ ਕੋਈ ਕਿਸੇ ਸ਼ਖ਼ਸ ਨੂੰ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੋਵੇ ਤਾਂ ਉਸਦੇ ਸੰਪਰਕ ਵਿੱਚ ਰਹਿਣ ਵਾਲਾ ਵੀ ਇਸ ਦਵਾਈ ਦਾ ਸੇਵਨ ਕਰ ਸਕਦਾ ਹੈ।
ਇਹ ਦਵਾਈ ਮਾਨਤਾ ਪ੍ਰਾਪਤ ਡਾਕਟਰ ਦੇ ਲਿਖੇ ਜਾਣ ਮਗਰੋਂ ਹੀ ਦਿੱਤੀ ਜਾਵੇਗੀ, ਪਰ ਜੇਕਰ ਇਸ ਦਵਾਈ ਨੂੰ ਲੈਣ ਵਾਲੇ ਸ਼ਖਸ ਨੂੰ ਕੋਰੋਨਾ ਦੇ ਲੱਛਣਾਂ ਦੇ ਇਲਾਵਾ ਕੋਈ ਹੋਰ ਪਰੇਸ਼ਾਨੀ ਹੁੰਦੀ ਹੈ ਤਾਂ ਉਸਨੂੰ ਤੁਰੰਤ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਹੋਵੇਗਾ।'
ਹਾਲਾਂਕਿ ੲਜ਼ਿਥ੍ਰੋਮਾਈਸੀਨ ਦੇ ਨਾਲ ਇਸ ਦਵਾਈ ਦੇ ਕੌਂਬੀਨੇਸ਼ਨ 'ਤੇ ਭਾਰਤ ਵਿੱਚ ਕੋਈ ਗੱਲ ਨਹੀਂ ਕੀਤੀ ਗਈ ਹੈ।
ਵੀਡੀਓ: ਕਿਵੇਂ ਪਤਾ ਲੱਗੇ ਬੁਖਾਰ ਹੈ ਕਿ ਨਹੀਂ?
ਦਿੱਲੀ ਵਿੱਚ ਸ਼੍ਰੀ ਗੰਗਾਰਾਮ ਹਸਪਤਾਲ ਵਿੱਚ ਡਿਪਾਰਟਮੈਂਟ ਆਫ ਚੈਸਟ ਮੈਡੀਸਨ ਦੇ ਵਾਇਸ ਪ੍ਰੈਜੀਡੈਂਟ ਡਾ. ਬੌਬੀ ਭਲੋਤਰਾ ਨੇ ਦੱਸਿਆ ਕਿ, ''ਚੀਨ, ਅਮਰੀਕਾ ਸਮੇਤ ਕਈ ਦੇਸਾਂ ਵਿੱਚ ਹਾਈਡਰੋਕਸੀਕਲੋਰੋਕਵਿਨ ਦਾ ਉਪਯੋਗ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਵੀ ਕੁਝ ਕੇਸਾਂ ਵਿੱਚ ਇਨ੍ਹਾਂ ਦਵਾਈਆਂ ਦੀ ਵਰਤੋਂ ਹੋ ਰਹੀ ਹੈ, ਪਰ ਇਸਦੇ ਕਲੀਨਿਕਲ ਟੈਸਟ ਹੁਣ ਨਹੀਂ ਕੀਤੇ ਗਏ ਹਨ।''
''ਅਜੇ ਤੱਕ ਕਿਸੇ ਵੀ ਇੰਟਰਨੈਸ਼ਨਲ ਸੰਸਥਾ ਨੇ ਇਨ੍ਹਾਂ ਦਵਾਈਆਂ ਨੂੰ ਪ੍ਰਮਾਣਿਕਤਾ ਨਾਲ ਪ੍ਰਵਾਨਗੀ ਨਹੀਂ ਦਿੱਤੀ ਹੈ, ਅਜਿਹੇ ਵਿੱਚ ਇਸਨੂੰ ਕੋਰੋਨਾ ਦੀ ਦਵਾਈ ਕਹਿਣਾ ਸਹੀ ਨਹੀਂ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦਿਸ਼ਾ ਵਿੱਚ ਕੁਝ ਕਲੀਨਿਕਲ ਟੈਸਟ ਵੀ ਹੋਣਗੇ। ਭਾਰਤ ਵੀ ਇਸ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।''
ਉਨ੍ਹਾਂ ਨੇ ਦੱਸਿਆ ਕਿ ਭਾਰਤ ਵਿੱਚ ਤਿੰਨ ਤਰ੍ਹਾਂ ਦੇ ਮਰੀਜ਼ ਸਾਹਮਣੇ ਆ ਰਹੇ ਹਨ-
- ਉਹ ਜੋ ਕੋਰੋਨਾ ਦੇ ਟੈਸਟ ਵਿੱਚ ਪੌਜ਼ੀਟਿਵ ਪਾਏ ਗਏ ਹਨ, ਪਰ ਕੋਈ ਲੱਛਣ ਨਹੀਂ ਦੇਖੇ ਜਾ ਰਹੇ ਹਨ। ਉਨ੍ਹਾਂ ਨੂੰ ਐਂਟੀ ਅਲਰਜ਼ਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
- ਜਿਨ੍ਹਾਂ ਮਰੀਜ਼ਾਂ ਵਿੱਚ ਲਾਗ ਜ਼ਿਆਦਾ ਅਸਰ ਦਿਖਾ ਰਹੀ ਹੈ ਅਤੇ ਉਨ੍ਹਾਂ ਨੂੰ ਸਾਹ ਫੁੱਲਣ, ਬੁਖਾਰ ਵਰਗੀਆਂ ਪਰੇਸ਼ਾਨੀਆਂ ਹਨ। ਉਨ੍ਹਾਂ ਨੂੰ ਦਾਖਲ ਕੀਤਾ ਜਾ ਰਿਹਾ ਹੈ ਅਤੇ ਹਾਈਡਰੋਕਸੀਕਲੋਰੋਕਵਿਨ ਵਰਗੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
- ਜੋ ਮਰੀਜ਼ ਕਾਫ਼ੀ ਗੰਭੀਰ ਹਾਲਤ ਵਿੱਚ ਹਨ, ਉਨ੍ਹਾਂ ਨੂੰ ਐੱਚਆਈਵੀ ਐਂਟੀਰੇਟਰੋ ਵਾਇਰਲ ਦਵਾਈਆਂ ਤੱਕ ਦਿੱਤੀਆਂ ਜਾ ਰਹੀਆਂ ਹਨ।
ਇਨ੍ਹਾਂ ਦਵਾਈਆਂ ਨੂੰ ਹੁਣ ਤੱਕ ਇਨ੍ਹਾਂ ਦੇ ਤੇਜ਼ ਅਸਰ ਦੇ ਆਧਾਰ 'ਤੇ ਹੀ ਦਿੱਤਾ ਜਾ ਰਿਹਾ ਹੈ।
ਜੇਕਰ ਕਿਸੇ ਮਰੀਜ਼ ਨੂੰ ਦਿਲ ਦੀ ਬਿਮਾਰੀ, ਕਿਡਨੀ ਵਿੱਚ ਪਰੇਸ਼ਾਨੀ ਹੈ ਤਾਂ ਉਸ ਲਈ ਇਹ ਦਵਾਈ ਹਾਨੀਕਾਰਕ ਸਾਬਤ ਹੋ ਸਕਦੀ ਹੈ। ਅਜਿਹੇ ਵਿੱਚ ਧਿਆਨ ਤਾਂ ਰੱਖਣਾ ਹੀ ਹੋਵੇਗਾ। ਕੋਈ ਵੀ ਖੁਦ ਖਰੀਦ ਕੇ ਇਨ੍ਹਾਂ ਦਵਾਈਆਂ ਦਾ ਸੇਵਨ ਨਾ ਕਰੇ।
ਵੀਡੀਓ: ਕੋਰੋਨਾਵਾਇਰਸ ਦੌਰਾਨ ਘਰ ਕਿਵੇਂ ਪਹੁੰਚੇਗਾ ਸਮਾਨ?
ਕਲੋਰੋਕਵਿਨ ਕੀ ਹੈ?
ਕਲੋਰੋਕਵਿਨ ਮਲੇਰੀਆ ਦੀ ਬੇਹੱਦ ਪੁਰਾਣੀ ਅਤੇ ਕਾਰਗਰ ਦਵਾਈ ਹੈ। ਇਸਦੀ ਵਰਤੋਂ ਦਹਾਕਿਆਂ ਤੋਂ ਮਲੇਰੀਆ ਦੇ ਮਰੀਜ਼ਾਂ ਲਈ ਕੀਤੀ ਜਾ ਰਹੀ ਹੈ।
ਲੰਘੇ ਕਈ ਸਾਲਾਂ ਵਿੱਚ ਇਸ ਦਵਾਈ ਦੇ ਕੁਝ ਨਕਾਰਾਤਮਕ ਅਸਰ ਵੀ ਸਾਹਮਣੇ ਆਏ ਜਿਨ੍ਹਾਂ ਕਾਰਨ ਕਈ ਦੇਸਾਂ ਨੇ ਇਸਦੀ ਵਰਤੋਂ 'ਤੇ ਨਿਯੰਤਰਣ ਵੀ ਲਗਾਏ ਹਨ। ਪਰ ਅਜੇ ਵੀ ਕਈ ਦੇਸਾਂ ਵਿੱਚ ਵੱਡੇ ਪੈਮਾਨੇ 'ਤੇ ਇਸਦੀ ਵਰਤੋਂ ਕੀਤੀ ਜਾਂਦੀ ਹੈ।
ਬੀਬੀਸੀ ਨੇ ਆਪਣੀ ਪੜਤਾਲ ਵਿੱਚ ਦੇਖਿਆ ਹੈ ਕਿ ਭਾਰਤ-ਅਮਰੀਕਾ ਵਿੱਚ ਹਾਈਡਰੋਕਸੀਕਲੋਰੋਕਵਿਨ ਦੀ ਵਰਤੋਂ ਕਰ ਰਹੇ ਹਨ, ਜਿਵੇਂ ਕਿ ਭਾਰਤ ਵਿੱਚ ਆਈਸੀਐੱਮਆਰ ਨੇ ਇਸ ਦਵਾਈ ਨੂੰ ਤੈਅ ਸ਼ਰਤਾਂ ਨਾਲ ਉਪਯੋਗ ਵਿੱਚ ਲਿਆਉਣ ਨੂੰ ਕਿਹਾ ਹੈ।
ਪਰ ਟਰੰਪ ਨੇ ਦਾਅਵਾ ਕੀਤਾ ਹੈ ਕਿ ਐੱਫਡੀਏ ਨੇ ਇਸ ਦਵਾਈ ਨੂੰ ਅਪਰੂਵ ਕੀਤਾ ਹੈ ਜਿਸਨੂੰ ਖੁਦ ਐੱਫਡੀਏ ਨੇ ਹੀ ਨਕਾਰ ਦਿੱਤਾ ਹੈ। ਅਜਿਹੇ ਵਿੱਚ ਇਸਨੂੰ ਕੋਰੋਨਾਵਾਇਰਸ ਦੀ ਰਸਮੀ ਦਵਾਈ ਨਹੀਂ ਕਿਹਾ ਜਾ ਸਕਦਾ।
ਇਹ ਵੀ ਦੇਖੋ: