ਕੋਰੋਨਾਵਾਇਰਸ: ਯੂਪੀ ਜੇ ਔਰਈਆ ਵਿੱਚ ਘਰਾਂ ਨੂੰ ਤੁਰੇ ਮਜ਼ਦੂਰਾਂ ਦੇ ਹਾਦਸੇ ਦਾ ਅੱਖੀਂਡਿਠਾ ਹਾਲ

ਉੱਤਰ ਪ੍ਰਦੇਸ਼ ਦੇ ਔਰਈਆ ਜ਼ਿਲ੍ਹੇ ਵਿੱਚ ਦੋ ਟਰੱਕਾਂ ਦੀ ਟੱਕਰ ਕਾਰਨ 24 ਮਜ਼ਦੂਰਾਂ ਦੀ ਮੌਤ ਹੋ ਗਈ ।

ਹਾਦਸੇ ਵਿੱਚ ਕਈ ਮਜ਼ਦੂਰ ਜਖ਼ਮੀ ਵੀ ਹੋਏ ਹਨ, ਜਿਨ੍ਹਾਂ ਨੂੰ ਨੇੜਲੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਗੋਵਰਧਨ ਵੀ ਬੁਰੀ ਤਰ੍ਹਾਂ ਜ਼ਖ਼ਮੀ ਹਨ ਅਤੇ ਇਸ ਸਮੇਂ ਸੈਫ਼ਈ ਮੈਡੀਕਲ ਕਾਲਜ ਵਿੱਚ ਭਰਤੀ ਹਨ। ਉਨ੍ਹਾਂ ਨੇ ਬੀਬੀਸੀ ਦੇ ਸਹਿਯੋਗੀ ਸਮੀਰਾਤਮਜ ਮਿਸ਼ਰ ਨੂੰ ਦੱਸਿਆ,

"ਅਸੀਂ ਸੌਂ ਰਹੇ ਸੀ। ਅਚਾਨਕ ਅਜਿਹਾ ਲੱਗਿਾ ਜਿਵੇਂ ਭਿਆਨਕ ਤੂਫ਼ਾਨ ਆ ਗਿਆ ਹੋਵੇ। ਰਾਤ ਸੀ ਇਸ ਲਈ ਇਸ ਲਈ ਕੁਝ ਸਮਝ ਨਹੀਂ ਆਇਆ ਕੀ ਹੋਇਆ? ਜਦੋਂ ਕੁਝ ਤੱਕ ਕੁਝ ਸਮਝਦੇ, ਲੋਕਾਂ ਦੇ ਚੀਕ-ਚਿਹਾੜੇ ਦੀਆਂ ਅਵਾਜ਼ਾਂ ਸੁਣਾਈ ਦੇਣ ਲੱਗੀਆਂ। ਮੈਂ ਆਪ ਜ਼ਮੀਨ ਉੱਪਰ ਗਿਰਿਆ ਹੋਇਆ ਸੀ। ਕਾਫ਼ੀ ਦੇਰ ਉੱਥੇ ਹੀ ਪਏ ਰਹੇ। ਬਾਅਦ ਵਿੱਚ ਮੈਂ ਪਿੰਡ ਵਾਲੇ ਆਏ ਤਾਂ ਉਨ੍ਹਾਂ ਨੇ ਸਾਨੂੰ ਕੱਢਣਾ ਸ਼ੁਰੂ ਕਰ ਦਿੱਤਾ।"

ਝਾਰਖੰਡ ਵਿੱਚ ਬੋਕਾਰੇ ਦੇ ਰਹਿਣ ਵਾਲੇ ਗੋਵਰਧਨ ਵੀ ਉਸ ਟਰੱਕ ਵਿੱਚ ਸਵਾਰ ਸਨ ਜੋ ਔਰਈਆ ਵਿੱਚ ਸੜਕ ਉੱਪਰ ਖੜ੍ਹੀ ਇੱਕ ਡੀਸੀਐੱਮ ਗੱਡੀ ਨਾਲ ਟਕਰਾਅ ਗਈ ਤੇ ਦੇਖਦੇ ਹੀ ਦੇਖਦੇ ਦੋ ਦਰਜਨ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ।

ਗੋਵਰਧਨ ਵੀ ਇਸ ਦੱਸਦੇ ਹਨ, "ਅਸੀਂ 35 ਜਣੇ ਇਸ ਟਰੱਕ ਵਿੱਚ ਬੈਠੇ ਸੀ ਅਤੇ ਸਾਰੇ ਜਣੇ ਬੋਕਾਰੋ ਜਾ ਰਹੇ ਸਨ। ਇਸ ਤੋਂ ਇਲਾਵਾ ਵੀ ਕਈ ਜਣੇ ਬੈਠੇ ਸਨ। ਅਸੀਂ ਲੋਕ ਰਾਜਸਥਾਨ ਵਿੱਚ ਮਾਰਬਲ ਦਾ ਕੰਮ ਕਰਦੇ ਹਾਂ। ਕੋਈ ਸਾਧਨ ਨਹੀਂ ਮਿਲਿਆ ਅਤੇ ਕੰਮ ਵੀ ਬੰਦ ਸੀ। ਇਸ ਲਈ ਟਰੱਕ ਨਾਲ ਜਾਣ ਦਾ ਬੰਦੋਬਸਤ ਕਿਸੇ ਤਰ੍ਹਾਂ ਹੋ ਗਿਆ।"

ਔਰਈਆ ਕੀ ਸੀ ਪੂਰਾ ਘਟਨਾਕ੍ਰਮ?

ਇਹ ਸਾਰੇ ਮਜ਼ਦੂਰ ਰਾਜਸਥਾਨ ਤੋਂ ਆ ਰਹੇ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਯੂਪੀ ਦੇ ਸੀਐੱਮ, ਬਸਪਾ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਨੇ ਅਫਸੋਸ ਜ਼ਾਹਿਰ ਕੀਤਾ ਹੈ।

ਬੀਬੀਸੀ ਦੇ ਸਹਿਯੋਗੀ ਸਮੀਰਾਤਮਜ ਮਿਸ਼ਰ ਦੀ ਰਿਪੋਰਟ ਮੁਤਾਬਕ ਮੁੱਖ ਮੰਤਰੀ ਆਦਿਤਿਆਨਾਥ ਯੋਗੀ ਨੇ ਹਾਦਸੇ ’ਤੇ ਨੋਟਿਸ ਲੈਂਦਿਆਂ ਜਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚਣ ਕੇ ਪੀੜਤਾਂ ਨੂੰ ਹਰ ਸੰਭਵ ਰਾਹਤ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਔਰਈਆ ਦੇ ਡੀਐੱਮ ਅਭਿਸ਼ੇਕ ਦਾ ਕਹਿਣਾ ਹੈ ਕਿ ਅਤੇ ਇਸ ਵਿੱਚ ਜਿਆਦਾਤਰ ਮਜ਼ਦੂਰ ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ ਸਨ।

ਉਨ੍ਹਾਂ ਨੇ ਦੱਸਿਆ ਹੈ ਕਿ ਰਾਹਤ ਕਾਰਜ ਚੱਲ ਰਿਹਾ ਹੈ ਤੇ ਗੰਭੀਰ ਤੌਰ ’ਤੇ ਜਖ਼ਮੀ ਲੋਕਾਂ ਨੂੰ ਸੈਫਈ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਹੈ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

ਕਾਨਪੁਰ ਦੇ ਇੰਸਪੈਕਟਰ ਜਨਰਲ ਮੋਹਿਤ ਅਗਰਵਾਲ ਮੁਤਾਬਕ ਜਦੋਂ ਇਹ ਹਾਦਸਾ ਹੋਇਆ ਤਾਂ ਪਰਵਾਸੀ ਮਜ਼ਦੂਰਾਂ ਨੂੰ ਲਿਜਾਉਣ ਵਾਲਾ ਟਰੱਕ ਮੌਕੇ 'ਤੇ ਰੁੱਕਿਆ ਹੋਇਆ ਸੀ ਜਿੱਥੇ ਮਜ਼ਦੂਰ ਚਾਹ ਪੀਣ ਲਈ ਰੁੱਕੇ ਹੋਏ ਸਨ।

"ਜਦੋਂ ਇਹ ਹਾਦਸਾ ਹੋਇਆ ਤਾਂ ਪਿੱਛੋਂ ਆਇਆ ਇੱਕ ਹੋਰ ਟਰੱਕ ਵਿੱਚ ਵੱਜਿਆ। ਜ਼ੋਰਦਾਰ ਟੱਕਰ ਹੋਣ ਕਰਕੇ ਦੋਵੇਂ ਟਰੱਕ ਪਲਟ ਗਏ।"

"ਇਨ੍ਹਾਂ ਮਜ਼ਦੂਰਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ।"

ਮ੍ਰਿਤਕਾਂ ਲਈ ਮਾਲੀ ਮਦਦ ਦਾ ਐਲਾਨ ਅਤੇ ਅਫਸੋਸ

ਘਰ ਵਾਪਸ ਜਾ ਰਹੇ ਮਜ਼ਦੂਰਾਂ ਦੀ ਮੌਤ ਦੀ ਘਟਨਾ ਮਗਰੋਂ ਸਿਆਸੀ ਪਾਰਟੀਆਂ ਵੱਲੋਂ ਵੀ ਪ੍ਰਤੀਕਿਰਿਆ ਵੀ ਆਈ।

ਟਵਿੱਟਰ 'ਤੇ ਇਸ ਹਾਦਸੇ ਬਾਰੇ ਦੁੱਖ ਪ੍ਰਗਟ ਕਰਦਿਆਂ ਸਮਾਜਵਾਦੀ ਪਾਰਟੀ ਦੇ ਅਖਿਲੇਸ਼ ਯਾਦਵ ਨੇ ਕਿਹਾ ਕਿ ਪਾਰਟੀ ਵਲੋਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 1 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਟਵੀਟ ਵਿੱਚ ਜ਼ਿਕਰ ਕੀਤਾ ਕਿ ਭਾਜਪਾ ਵਲੋਂ ਵੀ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਸ ਹਾਦਸੇ 'ਤੇ ਦੁੱਖ ਪ੍ਰਗਟ ਕਰਦਿਆਂ ਟਵੀਟ ਕੀਤਾ।

ਔਰੰਗਾਬਾਦ ਰੇਲ ਹਾਦਸਾ

ਇਸ ਤੋਂ ਪਹਿਲਾਂ 8 ਮਈ ਨੂੰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਮਾਲਗੱਡੀ ਦੀ ਚਪੇਟ ਵਿੱਚ ਆਉਣ ਕਰਕੇ 16 ਪਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ ਸੀ।

ਦੱਖਣੀ ਮੱਧ ਰੇਲਵੇ ਨੇ ਇੱਕ ਬਿਆਨ ਮੁਤਾਬਕ ਇਹ ਹਾਦਸਾ ਪਰਭਨੀ-ਮਨਮਾੜ ਸੈਕਸ਼ਨ ਦੇ ਬਦਨਾਪੁਰ ਅਤੇ ਕਰਮਾੜ ਰੇਲਵੇ ਸਟੇਸ਼ਨ ਵਿਚਾਲੇ ਤੜਕੇ ਵਾਪਰਿਆਂ ਸੀ।

ਮਨਮਾੜ ਵੱਲ ਜਾ ਰਹੀ ਇੱਕ ਮਾਲਗੱਡੀ ਪਟੜੀ ਉੱਤੇ ਸੁੱਤੇ 19 ਲੋਕਾਂ ’ਤੇ ਚੜ੍ਹ ਗਈ ਸੀ। ਜਿਸ ਵਿੱਚ 14 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਜਦ ਕਿ ਗੰਭੀਰ ਤੌਰ ’ਤੇ ਜਖਮੀ ਦੋ ਲੋਕਾਂ ਦੀ ਬਾਅਦ ਵਿੱਚ ਹੋਈ ਸੀ।

ਪ੍ਰਸ਼ਾਸਨ ਦੇ ਬਿਆਨ ਵਿੱਚ ਕਿਹਾ ਗਿਆ ਸੀ ਮਾਲਗੱਡੀ ਦੇ ਡਰਾਈਵਰ ਨੇ ਪਟੜੀ ਉੱਤੇ ਸੁੱਤੇ ਲੋਕਾਂ ਲੋਕਾਂ ਨੂੰ ਦੇਖ ਕੇ ਤੁਰੰਤ ਹਾਰਨ ਵਜਾਇਆ ਅਤੇ ਗੱਡੀ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ।

ਗੁਨਾ ਨੇੜੇ 8 ਮਜ਼ਦੂਰਾਂ ਦੀ ਮੌਤ

ਮੱਧ ਪ੍ਰਦੇਸ਼ ਦੇ ਗੁਨਾ ਵਿੱਚ ਵੀਰਵਾਰ ਸਵੇਰ, 14 ਮਈ ਨੂੰ ਇੱਕ ਬਸ ਹਾਦਸੇ ਵਿੱਚ 8 ਪਰਵਾਸੀ ਮਜ਼ਦੂਰਾਂ ਦੀ ਮੌਤ ਹੋਈ ਤੇ ਲਗਭਗ 50 ਲੋਕ ਜ਼ਖ਼ਮੀ ਹੋਏ ਸਨ।

ਇਹ ਹਾਦਸੇ ਸਵੇਰੇ 4 ਵਜੇ ਦੇ ਲਗਭਗ ਹੋਇਆ ਜਦੋਂ ਇੱਕ ਟਰੱਕ ਦੀ ਮਜ਼ਦੂਰਾਂ ਨੂੰ ਲਜਾ ਰਹੀ ਬਸ ਨਾਲ ਟੱਕਰ ਹੋ ਗਈ।

ਇਹ ਪਰਵਾਸੀ ਮਜ਼ਦੂਰ ਮਹਾਰਾਸ਼ਟਰ ਤੋਂ ਉੱਤਰ ਪ੍ਰਦੇਸ਼ ਜਾ ਰਹੇ ਸਨ।

ਸੜਕਾਂ ਤੇ ਰੇਲਵੇ ਟਰੈਕਸ 'ਤੇ ਤੁਰਨ ਦੀ ਪਾਬੰਦੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਸੂਬੇ ਸਰਕਾਰਾਂ ਨੂੰ ਇਸ ਗੱਲ ਦਾ ਧਿਆਨ ਰੱਖਣ ਕਿ ਪਰਵਾਸੀ ਮਜ਼ਦੂਰ ਸੜਕਾਂ ਜਾਂ ਰੇਲਵੇ ਟਰੈਕਸ 'ਤੇ ਨਾ ਤੁਰਨ।

ਸਰਕਾਰ ਵਲੋਂ ਜਾਰੀ ਕੀਤੇ ਇਨ੍ਹਾਂ ਆਦੇਸ਼ਾਂ ਵੱਚ ਦੱਸਿਆ ਗਿਆ ਹੈ ਕਿ ਕੇਂਦਰ ਸਰਕਾਰ ਵਲੋਂ ਪਰਵਾਸੀਆਂ ਲਈ ਬੱਸਾਂ ਤੇ 100 ਨਾਲੋਂ ਵੱਧ ਸ਼ਰਮਿਕ ਟਰੇਨਾਂ ਚਲਾਈਆਂ ਗਈਆਂ ਹਨ ਤਾਂ ਕਿ ਉਨ੍ਹਾਂ ਨੂੰ ਸਫ਼ਰ ਕਰਨ ਵਿੱਚ ਕੋਈ ਦਿੱਕਤ ਨਾ ਆਵੇ।

ਇਹ ਵੀ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)