ਕੋਰੋਨਾਵਾਇਰਸ: ਅਕਾਲ ਤਖਤ ਦੇ ਜਥੇਦਾਰ ਨੇ ਕਿਹਾ ਕਿ ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਬਾਰੇ ਪਰਿਵਾਰ ਤੇ ਸਿੱਖ ਜਗਤ ਦੇ ਸ਼ੰਕੇ ਦੂਰ ਕੀਤੇ ਜਾਣ

    • ਲੇਖਕ, ਰਵਿੰਦਰ ਸਿੰਘ ਰੌਬਿਨ
    • ਰੋਲ, ਬੀਬੀਸੀ ਪੰਜਾਬੀ ਲਈ

ਮੰਨੇ ਪ੍ਰਮੰਨੇ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਕਾਰਨ ਹੋਈ ਮੌਤ ਪਿਛਲੇ ਦਿਨਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਸੀ। ਅਜਿਹੇ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਉਨ੍ਹਾਂ ਦੀ ਮੌਤ ਦੇ ਮਾਮਲੇ ਵਿੱਚ ਜਾਂਚ ਦੀ ਮੰਗ ਵੀ ਕੀਤੀ ਗਈ।

ਇਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਵੀ ਕਿਹਾ ਕਿ ਮੰਗ ਪੂਰੀ ਹੋਣੀ ਚਾਹੀਦੀ ਹੈ।

ਉਨ੍ਹਾਂ ਕਿਹਾ, ''ਪਰਿਵਾਰ ਦੇ ਮਨ ਵਿੱਚ ਹੀ ਨਹੀਂ ਸਗੋਂ ਸਿੱਖ ਜਗਤ ਦੇ ਮਨ ਵਿੱਚ ਵੀ ਕੁਝ ਸ਼ੰਕੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਾਰਿਆਂ ਦੀ ਤਸੱਲੀ ਜ਼ਰੂਰ ਕਰਵਾਵੇ।''

ਦਰਅਸਲ 2 ਅਪ੍ਰੈਲ 2020 ਨੂੰ ਕੋਰੋਨਾਵਾਇਰਸ ਪੀੜਤ ਭਾਈ ਨਿਰਮਲ ਸਿੰਘ ਖਾਲਸਾ ਦਾ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦੇਹਾਤ ਹੋ ਗਿਆ ਸੀ।

ਉਨ੍ਹਾਂ ਦੇ ਇਲਾਜ ਦੌਰਾਨ ਢਿੱਲ ਵਰਤਣ ਦੇ ਇਲਜ਼ਾਮ ਵੀ ਲਗਾਏ ਗਏ ਸਨ।

ਪਿਛਲੇ ਦਿਨਾਂ 'ਚ ਖੰਨਾ ਸ਼ਹਿਰ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮਾਂ 'ਤੇ ਇੱਕ ਪਿਓ-ਪੁੱਤਰ ਨਾਲ ਅਣਮਨੁੱਖੀ ਵਤੀਰੇ ਦੇ ਇਲਾਜ਼ਾਮਾਂ 'ਤੇ ਵੀ ਜਥੇਦਾਰ ਬੋਲੇ।

ਉਨ੍ਹਾਂ ਕਿਹਾ ਕਿ ਤਾਕਤ ਦਾ ਗਲਤ ਇਸਤੇਮਾਲ ਕਰਨ ਵਾਲਿਆਂ ਨੂੰ ਸਜ਼ਾਵਾਂ ਜ਼ਰੂਰ ਦਿੱਤੀਆ ਜਾਣ।

ਹਾਲਾਂਕਿ ਇਸ ਮਾਮਲੇ ਵਿੱਚ ਇੱਕ ਪੁਲਿਸ ਅਧਿਕਾਰੀ ਤੇ ਕਾਰਵਾਈ ਵੀ ਹੋਈ ਹੈ। ਇਸ ਘਟਨਾ ਦਾ ਵੀਡੀਓ ਵੀ ਵਾਇਰਲ ਹੋਇਆ ਸੀ।

ਚਾਈਨੀਜ਼ ਖਾਣੇ ਬਾਰੇ ਕੀ ਬੋਲੇ ਜਥੇਦਾਰ

ਪੂਰੀ ਦੁਨੀਆਂ ਵਿੱਚ ਕੋਵਿਡ-19 ਮਹਾਂਮਾਰੀ ਦੇ ਕਹਿਰ ਕਾਰਨ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਅਜਿਹੇ ਵਿੱਚ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ ਉਸ 'ਤੇ ਵੀ ਜਥੇਦਾਰ ਹਰਪ੍ਰੀਤ ਸਿੰਘ ਬੋਲੇ।

ਉਨ੍ਹਾਂ ਕਿਹਾ, ''ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਉਸ ਵੇਲੇ ਹੀ ਮਜ਼ਬੂਤ ਹੋਵੇਗੀ ਜਦੋਂ ਅਸੀਂ ਪੁਰਾਤਨ ਖਾਣ-ਪਾਣ ਦੀਆਂ ਆਦਤਾਂ ਮੁੜ ਅਪਣਾਵਾਂਗੇ। ਸਾਨੂੰ ਚਾਈਨੀਜ਼ ਖਾਣਿਆਂ ਤੋਂ ਪਰਹੇਜ਼ ਕਰਨ ਦੀ ਲੋੜ ਹੈ। ਸਿਰਫ਼ ਲੌਕਡਾਊਨ ਹੀ ਕੋਰੋਨਾਵਾਇਰਸ ਤੋਂ ਬਚਣ ਦਾ ਪੱਕਾ ਰਾਹ ਨਹੀਂ ਹੈ, ਪੰਜ ਲੋਕ ਬਚਣਗੇ ਤਾਂ 25 ਮਰ ਵੀ ਜਾਣਗੇ।''

ਭਾਰਤ ਵਿੱਚ ਕੋਰੋਨਵਾਇਰਸ ਦੇ ਹੌਟਸਪੋਟ ਜ਼ਿਲ੍ਹਿਆਂ ਬਾਰੇ ਜਾਣੋ

ਇਹ ਵੀਡੀਓ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)