You’re viewing a text-only version of this website that uses less data. View the main version of the website including all images and videos.
ਕੋਰੋਨਾਵਾਇਰਸ: ਜਦੋਂ ਭਾਈ ਨਿਰਮਲ ਸਿੰਘ ਦਾ ਪਿੰਡ 'ਚ ਸਸਕਾਰ ਨਹੀਂ ਕਰਨ ਦਿੱਤਾ ਗਿਆ
ਕੋਵਿਡ-19 ਦੀ ਭੇਂਟ ਚੜ੍ਹੇ ਉੱਘੇ ਕੀਰਤਨੀਏ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਵੀਰਵਾਰ ਰਾਤੀਂ ਲਗਭਗ ਸਾਢੇ ਅੱਠ ਵਜੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਖ਼ਬਰ ਵੈੱਬਸਾਈਟ ਦਿ ਪ੍ਰਿੰਟ ਮੁਤਾਬਕ ਜਦੋਂ ਤੱਕ ਪ੍ਰਸ਼ਾਸਨ ਦੀ ਟੀਮ ਉਨ੍ਹਾਂ ਦੀ ਦੇਹ ਨੂੰ ਉਨ੍ਹਾਂ ਦੇ ਜੱਦੀ ਪਿੰਡ ਵੇਰਕਾ ਲੈ ਕੇ ਪਹੁੰਚੀ ਤਾਂ ਪਿੰਡ ਦੇ ਸ਼ਮਸ਼ਾਨ ਘਾਟ ਨੂੰ ਪਿੰਡ ਵਾਸੀਆਂ ਨੇ ਘੇਰਾ ਪਾ ਕੇ ਗੇਟ ਨੂੰ ਜਿੰਦਰਾ ਮਾਰ ਦਿੱਤਾ ਸੀ।
ਪ੍ਰਸ਼ਾਸਨ ਨੇ ਪਿੰਡ ਵਾਸੀਆਂ ਨੂੰ ਸਮਝਾਇਆ ਅਖ਼ੀਰ ਕੁਝ ਕਿੱਲੋਮੀਟਰ ਦੂਰ ਇੱਕ ਏਕਾਂਤ ਥਾਂ 'ਤੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਗਿਆ।
ਪਿੰਡ ਵਾਲਿਆਂ ਨੂੰ ਡਰ ਸੀ ਕਿ ਪਿੰਡ ਵਿੱਚ ਖ਼ਾਲਸਾ ਦਾ ਸਸਕਾਰ ਕੀਤੇ ਜਾਣ ਨਾਲ ਵਾਇਰਸ ਪਿੰਡ ਵਿੱਚ ਫ਼ੈਲ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਸਸਕਾਰ ਵਾਲੀ ਥਾਂ 'ਤੇ ਨਿਰਮਲ ਸਿੰਘ ਖ਼ਾਲਸਾ ਦੀ ਯਾਦਗਾਰ ਬਣਾਉਣਗੇ।
ਪਿੰਡ ਵਾਲਿਆਂ ਦੇ ਇਸ ਵਿਰੋਧ ਦਾ ਸੋਸ਼ਲ ਮੀਡੀਆ ਉੱਪਰ ਬਹੁਤ ਵਿਰੋਧ ਹੋਇਆ। ਕਈ ਲੋਕਾਂ ਨੇ ਉਨ੍ਹਾਂ ਦਾ ਸਸਕਾਰ ਆਪਣੇ ਘਰਾਂ ਵਿੱਚ ਕਰਨ ਦੀ ਪੇਸ਼ਕਸ਼ ਕੀਤੀ।
ਸ਼੍ਰੋਮਣੀ ਕਮੇਟੀ ਨੇ ਆਪਣੇ ਪ੍ਰਬੰਧ ਹੇਠਲੇ ਇੱਕ ਸਥਾਨਕ ਗੁਰਦੁਆਰੇ ਵਿੱਚ ਸਸਕਾਰ ਦੀ ਪੇਸ਼ਕਸ਼ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਇਸ ਮਾਮਲੇ ਵਿੱਚ ਮੁੱਖ ਮੰਤਰੀ ਤੋਂ ਦਖ਼ਲ ਦੀ ਮੰਗ ਕੀਤੀ।
ਖ਼ਾਲਸਾ ਦੀ ਮੌਤ ਹੋ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਸੀ। ਜਦੋਂ ਦੋ ਪਰਿਵਾਰਕ ਮੈਂਬਰਾਂ ਦੇ ਨਤੀਜੇ ਨੈਗਟਿਵ ਆਉਣ ਮਗਰੋਂ ਹੀ ਅੰਤਿਮ ਰਸਮਾਂ ਸ਼ੁਰੂ ਹੋ ਸਕੀਆਂ।
ਚੰਡੀਗੜ੍ਹ ਵਿੱਚ 10 ਮਹੀਨੇ ਦੇ ਬੱਚੇ ਨੂੰ ਵੀ ਕੋਰੋਨਾਵਾਇਰਸ
ਪੰਜਾਬ ਅਤੇ ਚੰਡੀਗੜ੍ਹ ਵਿੱਚ ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 47 ਅਤੇ 18 ਹੋ ਗਈ ਹੈ।
ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਚੰਡੀਗੜ੍ਹ ਵਿੱਚ ਕੋਰੋਨਾਵਾਇਰਸ ਦੇ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚੋਂ ਇੱਕ 10 ਮਹੀਨਿਆਂ ਦਾ ਬੱਚਾ ਹੈ।
ਟਾਈਮਜ਼ ਆਫ਼ ਇੰਡੀਆ ਨੇ ਪੰਜਾਬ ਸਰਕਾਰ ਦੇ ਕੋਵਿਡ-19 ਮਹਾਂਮਾਰੀ ਲਈ ਵਿਸ਼ੇਸ਼ ਬੁਲਾਰੇ ਡਾ਼ ਰਾਜੇਸ਼ ਭਰਦਵਾਜ ਦੇ
ਹਵਾਲੇ ਨਾਲ ਲਿਖਿਆ ਹੈ ਕਿ ਪੰਜਾਬ ਵਿੱਚ ਤਬਲੀਗ਼ੀ ਜਮਾਤ ਦੇ ਨਿਜ਼ਾਮੂਦੀਨ ਵਿਖੇ ਸਮਾਗਮ ਵਿੱਚੋਂ ਪਰਤਣ ਵਾਲੇ ਨੌਂ ਜਣਿਆਂ ਦੀ ਪਛਾਣ ਮੰਗਲਵਾਰ ਨੂੰ ਹੋ ਗਈ ਸੀ ਜਦਿਕ 22 ਹੋਰ ਦੀ ਪਛਾਣ ਬੁੱਧਵਾਰ ਨੂੰ ਕਰ ਲਈ ਗਈ।
ਹਾਲਾਂਕਿ ਜਮਾਤ ਦੇ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਪੰਜਾਬ ਵਾਸੀਆਂ ਦੀ ਗਿਣਤੀ ਬਾਰੇ ਹਾਲੇ ਵੀ ਅਧਿਕਾਰੀਆਂ ਕੋਲ ਕੋਈ ਸਟੀਕ ਆਂਕੜਾ ਨਹੀਂ ਹੈ।
ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ 10 ਲੱਖ ਟੱਪੀ
ਅਮਰੀਕਾ ਦੀ ਜੌਹਨ ਹੌਪਕਿਨਸ ਯੂਨੀਵਰਸਿਟੀ ਵੱਲੋਂ ਜਾਰੀ ਜਾਰੀ ਤਾਜ਼ਾ ਆਂਕੜਿਆਂ ਮੁਤਾਬਕ ਦੁਨੀਆਂ ਭਰ ਵਿੱਚ ਕੋਰੋਨਾਵਾਇਰਸ ਦੇ 10 ਲੱਖ ਤੋਂ ਵਧੇਰੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਮਨੁੱਖਤਾ ਦੀ ਇਸ ਮਹਾਂਮਾਰੀ ਨਾਲ ਲੜਾਈ ਵਿੱਚ ਇਹ ਇੱਕ ਹੋਰ ਮਨਹੂਸ ਮੀਲਪੱਥਰ ਮੰਨਿਆ ਜਾ ਸਕਦਾ ਹੈ।
ਇਨ੍ਹਾਂ ਵਿੱਚੋਂ 53,000 ਹਜ਼ਾਰ ਦੀ ਮੌਤ ਹੋ ਚੁੱਕੀ ਹੈ ਅਤੇ 2,10,000 ਮਰੀਜ਼ ਸਿਹਤਯਾਬ ਵੀ ਹੋਏ ਹਨ।
ਕੋਰੋਨਾਵਾਇਰਸ ਦੇ ਇਸ ਸਮੇਂ ਅਮਰੀਕਾ ਵਿੱਚ ਸਭ ਤੋਂ ਵੱਧ ਕੇਸ ਹਨ ਅਤੇ ਇਟਲੀ ਵਿੱਚ ਸਭ ਤੋਂ ਵਧੇਰੇ ਮੌਤਾਂ ਹੋਈਆਂ ਹਨ।
ਲਗਭਗ ਇੱਕ ਚੌਥਾਈ ਕੇਸ ਅਮਰੀਕਾ ਵਿੱਚ ਹਨ। ਜਦਕਿ ਅੱਧੇ ਕੇਸ ਯੂਰਪ ਵਿੱਚ।
ਚੀਨ ਵਿੱਚ ਇੱਥੇ ਲੱਗੀ ਕੁੱਤੇ ਬਿੱਲੀਆਂ ਖਾਣ ਉੱਤੇ ਪਾਬੰਦੀ
ਚੀਨ ਦੇ ਸ਼ੈਨਜ਼ੈਨ ਸ਼ਹਿਰ ਵਿੱਚ ਕੁੱਤੇ ਤੇ ਬਿੱਲੀਆਂ ਦਾ ਮਾਸ ਖਾਣ ਤੇ ਰੋਕ ਲਾ ਦਿੱਤੀ ਗਈ ਹੈ। ਅਜਿਹਾ ਕਰਨ ਵਾਲਾ ਚੀਨ ਦਾ ਇਹ ਪਹਿਲਾ ਸ਼ਹਿਰ ਹੈ।
ਇਹ ਕਦਮ ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਚੁੱਕਿਆ ਗਿਆ ਹੈ। ਜਿਸ ਦਾ ਸੰਬੰਧ ਜੰਗਲੀ ਜਾਨਵਰਾਂ ਦਾ ਮਾਸ ਦੇ ਖਾਣ ਨੂੰ ਦੱਸਿਆ ਜਾ ਰਿਹਾ ਹੈ।
ਚੀਨ ਦੀ ਸਰਕਾਰ ਇਸ ਤੋਂ ਪਹਿਲਾਂ ਜੰਗਲੀ ਜਾਨਵਰ ਖਾਣ ਤੇ ਰੋਕ ਲਾ ਚੁੱਕੀ ਹੈ। ਸ਼ਹਿਰ ਨੇ ਉਸ ਤੋਂ ਇੱਕ ਕਦਮ ਅੱਗੇ ਜਾਂਦਿਆਂ ਇਹ ਫ਼ੈਸਲਾ ਲਿਆ ਹੈ।
ਚੀਨ ਵਿੱਚ ਹਿਉਮੇਨ ਸੁਸਾਇਟੀ ਇੰਟਰਨੈਸ਼ਨਲ ਨਾਮਕ ਸੰਸਥਾ ਦੇ ਅਨੁਸਾਰ ਏਸ਼ੀਆਈ ਮੁਲਕਾਂ ਵਿੱਚ ਹਰ ਸਾਲ 3 ਕਰੋੜ ਕੁੱਤਿਆਂ ਨੂੰ ਮਾਸ ਲਈ ਮਾਰ ਦਿੱਤਾ ਜਾਂਦਾ ਹੈ।
ਸੁੰਘਣ ਤੇ ਸੁਆਦ ਦੀ ਸਮਰਥਾ ਵਿੱਚ ਕੁਝ ਫ਼ਰਕ ਕੋਵਿਡ-19 ਦਾ ਲੱਛਣ ਹੋ ਸਕਦਾ ਹੈ
ਕੀ ਤੁਹਾਨੂੰ ਵੀ ਆਮ ਦਿਨਾਂ ਨਾਲੋਂ ਘੱਟ ਚੀਜ਼ਾਂ ਦੇ ਸੁਆਦ ਬਾਰੇ ਪਤਾ ਲੱਗ ਰਿਹਾ ਹੈ? ਜਾਂ ਫਿਰ ਕਿਸੇ ਵੀ ਚੀਜ਼ ਦੀ ਸੁਗੰਧ ਬਾਰੇ ਬਹੁਤਾ ਨਹੀਂ ਪਤਾ ਲੱਗ ਰਿਹਾ?
ਜੇਕਰ ਤੁਹਾਡੇ ਸੁੰਘਣ ਜਾਂ ਸੁਆਦ ਵਿੱਚ ਕੋਈ ਕਮੀ ਆਈ ਹੈ ਤਾਂ ਇੱਕ ਵਾਰ ਚੈੱਕ ਜ਼ਰੂਰ ਕਰਵਾ ਲਵੋ। ਯੂਕੇ ਦੇ ਖੋਜਕਾਰਾਂ ਅਨੁਸਾਰ ਇਨ੍ਹਾਂ ਲੱਛਣਾਂ ਦੇ ਹੋਣ 'ਤੇ ਕੋਰੋਨਾਵਾਇਰਸ ਹੋ ਸਕਦਾ ਹੈ।
ਮਾਹਰਾਂ ਅਨੁਸਾਰ ਬੁਖ਼ਾਰ ਤੇ ਖੰਘ ਸਰੀਰ ਵਿੱਚ ਵਾਇਰਸ ਕਰਕੇ ਹੋਈ ਇਨਫੈਕਸ਼ਨ ਦੇ ਸਭ ਤੋਂ ਅਹਿਮ ਲੱਛਣ ਹੁੰਦੇ ਹਨ।
ਹਾਲਾਂਕਿ ਸੁਆਦ ਤੇ ਸੁੰਘਣ ਦੀ ਸਮਰਥਾ ਵਿੱਚ ਆਈ ਕਮੀ ਹੋਰ ਸਾਹ ਨਾਲ ਜੁੜੀਆਂ ਬਿਮਾਰੀਆਂ, ਜਿਵੇਂ ਕਿ ਜ਼ੁਕਾਮ ਆਦਿ, ਦੀ ਨਿਸ਼ਾਨੀ ਵੀ ਹੋ ਸਕਦੀ ਹੈ। ਪੂਰੀ ਖ਼ਬਰ ਇੱਥੇ ਪੜ੍ਹੋ।