ਬੱਚਾ ਚੋਰੀ ਦੀਆਂ ਅਫ਼ਵਾਹਾਂ, ਫੇਕ ਵੀਡੀਓ, 'ਮਾਰੋ-ਮਾਰੋ' ਦਾ ਸ਼ੋਰ ਤੇ ਹੁੰਦੀਆਂ ਮੌਤਾਂ...

ਸੋਸ਼ਲ ਮੀਡੀਆ

ਤਸਵੀਰ ਸਰੋਤ, SM Viral Posts Grab

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਦੇ ਵਾਇਰਲ ਫੋਟੋ
    • ਲੇਖਕ, ਪ੍ਰਸ਼ਾਂਤ ਚਾਹਲ
    • ਰੋਲ, ਫੈਕਟ ਚੈਕ ਟੀਮ, ਬੀਬੀਸੀ ਨਿਊਜ਼

ਝਾਰਖੰਡ ਦੀ ਰਾਜਧਾਨੀ ਨਾਲ ਲਗਦੇ ਰਾਮਗੜ੍ਹ ਜ਼ਿਲ੍ਹੇ ਵਿੱਚ ਬੱਚਾ ਚੋਰ ਸਮਝ ਕੇ ਕੁੱਟੇ ਗਏ ਇੱਕ ਵਿਅਕਤੀ ਦੀ ਬੁੱਧਵਾਰ ਸ਼ਾਮ ਨੂੰ ਮੌਤ ਹੋ ਗਈ।

ਜ਼ਿਲ੍ਹੇ ਦੇ ਐਸਪੀ ਪ੍ਰਭਾਤ ਕੁਮਾਰ ਨੇ ਬੀਬੀਸੀ ਕੋਲੋਂ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਇਸ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਹੈ।

ਬੁੱਧਵਾਰ ਨੂੰ ਹੀ ਬਿਹਾਰ ਦੇ ਛਪਰਾ, ਨਾਲੰਦਾ, ਸਮਸਤੀਪੁਰ, ਉੱਤਰ ਪ੍ਰਦੇਸ਼ ਦੇ ਅਮੇਠੀ ਅਤੇ ਝਾਰਖੰਡ ਦੇ ਕੋਡਰਮਾ ਤੋਂ ਵੀ ਬੱਚਾ ਚੋਰੀ ਦੀਆਂ ਅਫ਼ਵਾਹਾਂ 'ਤੇ ਲੋਕਾਂ ਨੂੰ ਕੁੱਟਣ ਦੀਆਂ ਖ਼ਬਰਾਂ ਆਈਆਂ ਸਨ।

ਬੀਤੇ ਇੱਕ ਮਹੀਨੇ ਵਿੱਚ ਇਨ੍ਹਾਂ ਅਫ਼ਵਾਹਾਂ ਦੇ ਆਧਾਰ 'ਤੇ ਹਿੰਸਾ ਦੀਆਂ 85 ਤੋਂ ਵੱਧ ਘਟਨਾਵਾਂ ਹੋਈਆਂ ਹਨ, ਜਿਨ੍ਹਾਂ ਵਿੱਚ 9 ਲੋਕਾਂ ਦੀ ਮੌਤ ਹੋਈ ਹੈ।

ਇਨ੍ਹਾਂ ਸਾਰੀਆਂ ਥਾਵਾਂ 'ਤੇ ਸਥਾਨਕ ਪੁਲਿਸ ਨੇ ਅਫ਼ਵਾਹ ਫੈਲਾਉਣ ਵਾਲਿਆਂ ਅਤੇ ਹਿੰਸਾ ਵਿੱਚ ਸ਼ਾਮਿਲ ਲੋਕਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦਾ ਦਾਅਵਾ ਕੀਤਾ ਹੈ।

ਭੀੜ ਵੱਲੋਂ ਕੀਤੀਆਂ ਗਈਆਂ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਨੂੰ ਦੇਖ ਕੇ ਲਗਦਾ ਹੈ ਸਾਲ 2018 ਵਾਂਗ ਇਸ ਸਾਲ ਫਿਰ ਇਹ ਅਫ਼ਵਾਹਾਂ ਕਈ ਸੂਬਿਆਂ ਵਿੱਚ ਪੁਲਿਸ ਅਤੇ ਪ੍ਰਸ਼ਾਸਨ ਲਈ ਸਮੱਸਿਆ ਬਣ ਗਈ ਹੈ।

ਇਹ ਵੀ ਪੜ੍ਹੋ-

ਪਿਛਲੇ ਸਾਲ ਦੱਖਣੀ ਅਤੇ ਪੂਰਬ-ਉੱਤਰ ਭਾਰਤ ਵਿੱਚ ਬੱਚਾ ਚੋਰੀ ਦੀਆਂ ਅਫ਼ਵਾਹਾਂ ਕਾਰਨ ਸਿਲਸਿਲੇਵਾਰ ਹਿੰਸਕ ਘਟਨਾਵਾਂ ਹੋਈਆਂ ਸਨ, ਜਿਨ੍ਹਾਂ ਵਿੱਛ 29 ਲੋਕਾਂ ਦੀ ਮੌਤ ਹੋਈ ਸੀ।

ਇਸ ਸਾਲ ਉੱਤਰ ਭਾਰਤ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਫਿਲਹਾਲ ਉੱਤਰ ਪ੍ਰਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।

ਸੋਸ਼ਲ ਮੀਡੀਆ

ਤਸਵੀਰ ਸਰੋਤ, SM Viral Post

ਤਸਵੀਰ ਕੈਪਸ਼ਨ, ਸਾਲ 2018 ਦੀਆਂ ਘਟਨਾਵਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੇ ਗਏ

ਉੱਤਰ ਪ੍ਰਦੇਸ਼ ਪੁਲਿਸ ਮੁਤਾਬਕ 1 ਸਤੰਬਰ 2019 ਤੱਕ ਸੂਬੇ ਵਿਚੋਂ 45 ਤੋਂ ਵੱਧ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿੱਚ ਭੀੜ ਨੇ ਅਫ਼ਾਵਹ ਕਰਕੇ ਕਿਸੇ ਨੂੰ ਬੱਚਾ ਚੋਰ ਸਮਝ ਕੇ ਹਮਲਾ ਬੋਲ ਦਿੱਤਾ।

ਇ੍ਹਨ੍ਹਾਂ ਹਮਲਿਆਂ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋਈ ਹੈ। ਕਈ ਲੋਕ ਜਖ਼ਮੀ ਹੋਏ ਹਨ ਅਤੇ 100 ਤੋਂ ਵੱਧ ਲੋਕਾਂ ਦੇ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤੇ ਹਨ।

ਉੱਥੇ ਹੀ ਬਿਹਾਰ ਵਿੱਚ ਵੀ ਇੱਕ ਮਹੀਨਾ ਦੇ ਅੰਦਰ 5 ਨਿਰਦੋਸ਼ ਲੋਕਾਂ ਦਾ ਕਤਲ ਦਰਜ ਕੀਤਾ ਗਿਆ ਹੈ। ਜਿਨ੍ਹਾਂ ਨੂੰ ਇਸ ਲਈ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਕਿਉਂਕਿ ਸਥਾਨਕ ਲੋਕਾਂ ਨੂੰ ਬੱਚਾ ਚੋਰੀ ਦੀਆਂ ਅਫ਼ਵਾਹਾਂ ਸੱਚ ਲੱਗੀਆਂ ਸਨ।

ਇਨ੍ਹਾਂ ਦੋਵਾਂ ਸੂਬਿਆਂ ਵਿੱਚ ਪੁਲਿਸ ਨੂੰ ਅਜਿਹੀਆਂ ਘਟਨਾਵਾਂ 'ਤੇ ਐਡਵਾਇਜ਼ਰੀ ਜਾਰੀ ਕਰਨੀ ਪਈ ਹੈ। ਇਸ ਦੇ ਨਾਲ ਹੀ ਅਫ਼ਵਾਹ ਫੈਲਾਉਣ ਵਾਲਿਆਂ ਨੂੰ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

ਪਰ ਬੱਚਾ ਚੋਰੀ ਦੀਆਂ ਅਫ਼ਵਾਹਾਂ ਨਾਲ ਜੁੜੀਆਂ ਹਿੰਸਾ ਦੀਆਂ ਇਹ ਘਟਨਾਵਾਂ ਸਿਰਫ਼ ਯੂਪੀ-ਬਿਹਾਰ ਤੱਕ ਸੀਮਤ ਨਹੀਂ ਹਨ।

ਜੁਲਾਈ 2019 ਤੋਂ ਲੈ ਕੇ ਹੁਣ ਤੱਕ ਦਿੱਲੀ, ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਝਾਰਖ਼ੰਡ ਸਣੇ 50 ਤੋਂ ਵੱਧ ਘਟਨਾਵਾਂ ਵਾਪਰੀਆਂ ਹਨ, ਜਿਨ੍ਹਾਂ ਵਿਚੋਂ ਲੋਕਾਂ ਨੂੰ ਬੱਚਾ ਚੋਰ ਸਮਝ ਕੇ ਕੁੱਟਿਆ ਗਿਆ ਹੈ।

ਬੀਬੀਸੀ ਨੇ ਦੇਖਿਆ ਹੈ ਕਿ ਇਹ ਘਟਨਾਵਾਂ ਕਿਤੇ ਨਾ ਕਿਤੇ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਹਨ ਕਿਉਂਕਿ ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਨੂੰ ਮੌਕੇ 'ਤੇ ਮੌਜੂਦ 6 ਲੋਕਾਂ ਨੇ ਆਪਣੇ ਮੌਬਾਈਲ ਕੈਮਰੇ ਨਾਲ ਸ਼ੂਟ ਕੀਤਾ ਅਤੇ ਫਿਰ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਵੀ ਕੀਤੇ ਗਏ ਹਨ।

ਪਰ ਤੱਥਾਂ ਨੂੰ ਲੈ ਕੇ ਵਾਪਰਵਾਹੀ ਅਤੇ ਗੁੰਮਰਾਹਕੁਨ ਸੰਦੇਸ਼ਾਂ ਕਾਰਨ ਅਜਿਹੇ ਵੀਡੀਓ ਭੜਕਾਊ ਅਤੇ ਜਾਨਲੇਵਾ ਸਾਬਿਤ ਹੋ ਰਹੇ ਹਨ।

ਅਜਿਹੇ ਕਈ ਵੀਡੀਓ ਬੀਬੀਸੀ ਦੇ ਪਾਠਕਾਂ ਨੇ ਵਟਸਐਪ ਰਾਹੀਂ ਸਾਨੂੰ ਭੇਜੇ ਹਨ ਅਤੇ ਉਨ੍ਹਾਂ ਦੀ ਸੱਚਾਈ ਪਤਾ ਕਰਨੀ ਚਾਹੀ ਹੈ-

ਵਾਇਰਲ ਵੀਡੀਓ ਅਤੇ ਦਾਅਵਿਆਂ ਦੀ ਪੜਤਾਲ

  • ਸੋਸ਼ਲ ਮੀਡੀਆ 'ਤੇ ਇੱਕ ਆਦਮੀ ਦੀ ਕੁੱਟਮਾਰ ਦਾ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਕਿ 'ਦੋ ਹਜ਼ਾਰ ਰੋਹਿੰਗਿਆ ਦੀ ਇੱਕ ਟੀਮ ਭਾਰਤ ਵਿੱਚ ਬੱਚਾ ਚੋਰੀ ਦੇ ਕੰਮ ਵਿੱਚ ਲੱਗੀ ਹੋਈ ਹੈ, ਜੋ ਉਨ੍ਹਾਂ ਨੂੰ ਵੇਚਦੇ ਹਨ।" ਵੀਡੀਓ ਵਿੱਚ ਇੱਕ ਔਰਤ ਦਿਖਾਈ ਦਿੰਦੀ ਹੈ, ਜਿਨ੍ਹਾਂ ਨੇ ਬੱਚਾ ਚੋਰੀ ਦੇ ਕਥਇਤ ਇਲਜ਼ਾਮਾਂ ਵਿੱਚ ਇਸ ਆਦਮੀ ਦੇ ਵਾਲ ਫੜੇ ਹੋਏ ਹਨ ਅਤੇ ਉਹ ਚੁੱਪਚਾਪ ਜ਼ਮੀਨ 'ਤੇ ਬੈਠਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਹੀ ਪੰਜਾਬ ਦੇ ਵੱਖ-ਵੱਖ ਕਸਬਿਆਂ ਦਾ ਦੱਸ ਕੇ ਸ਼ੇਅਰ ਕੀਤਾ ਗਿਆ ਹੈ।
ਸੋਸ਼ਲ ਮੀਡੀਆ

ਤਸਵੀਰ ਸਰੋਤ, SM Viral Post Grab

ਪਰ ਇਹ ਵੀਡੀਓ ਪੰਜਾਬ ਦੇ ਜਲੰਧਰ ਸ਼ਹਿਰ ਦਾ ਹੈ ਅਤੇ ਜਿਸ ਨੂੰ ਕੁੱਟਿਆ ਗਿਆ ਹੈ ਉਹ ਨੇਪਾਲ ਤੋਂ ਰੁਜ਼ਗਾਰ ਦੀ ਭਾਲ ਵਿੱਚ ਆਇਆ ਇੱਕ ਵੇਟਰ ਸੀ।

ਸਥਾਨਕ ਪੁਲਿਸ ਮੁਤਾਬਕ ਵੇਟਰ ਦੀ ਬਸ ਇੰਨੀ ਗ਼ਲਤੀ ਸੀ ਕਿ ਉਸ ਨੂੰ ਨਸ਼ੇ ਦਾ ਹਾਲਤ ਵਿੱਚ ਇੱਕ ਬੱਚੇ ਨਾਲ ਹੱਛ ਮਿਲਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ 'ਬੱਚਾ ਚੋਰੀ' ਦੀ ਕੋਸ਼ਿਸ਼ ਸਮਝ ਕੇ ਮੁਹੱਲੇ ਵਾਲਿਆਂ ਨੇ ਹਮਲਾ ਕਰ ਦਿੱਤਾ।

  • ਮੱਧ ਪ੍ਰਦੇਸ਼ ਦੇ ਗਵਾਲੀਅਰ ਸ਼ਹਿਰ ਵਿੱਚ ਭੀੜ ਨੇ ਇੱਕ ਕਿੰਨਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਨੂੰ ਕਿਸੇ ਪੁਰਾਣੀ ਵੀਡੀਓ ਦੇ ਆਧਾਰ 'ਤੇ ਬੱਚਾ ਚੋਰ ਸਮਝਿਆ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ। ਕਿੰਨਰ ਨੇ ਪੁਲਿਸ ਨੂੰ ਦੱਸਿਆ ਕਿ ਦੋ ਲੋਕ ਬਾਈਕ 'ਤੇ ਆਏ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਇਹੀ ਹੈ ਬੱਚਾ ਚੋਰ ਜੋ ਵੀਡੀਓ ਵਿੱਚ ਦਿਖਦਾ ਹੈ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੇ ਪੱਥਰ, ਡੰਡੇ, ਜੁੱਤੀਆਂ ਅਤੇ ਲਾਠੀਆਂ ਨਾਲ ਮਾਰਿਆ।
  • ਪੁਲਿਸ ਮੁਤਾਬਕ ਅਜਿਹਾ ਕੋਈ ਗਿਰੋਹ ਗਵਾਲੀਅਰ ਵਿੱਚ ਸਰਗਰਮ ਨਹੀਂ ਹੈ ਜੋ ਬੱਚੇ ਚੋਰੀ ਕਰਦਾ ਹੋਵੇ। ਪੁਲਸਿ ਮੁਤਾਬਕ ਜੋ ਵੀਡੀਓ ਸੋਸ਼ਲ ਮੀਡੀਆ 'ਤੇ ਚੱਲ ਰਹੇ ਹਨ ਉਹ ਕਾਫੀ ਪੁਰਾਣੇ ਹਨ ਅਤੇ ਗਵਾਲੀਅਰ ਨਾਲ ਸਬੰਧਿਤ ਨਹੀਂ ਹਨ।
ਸੋਸ਼ਲ ਮੀਡੀਆ

ਤਸਵੀਰ ਸਰੋਤ, SM Viral Photo

ਪਰ ਇਹ ਮਾਮਲਾ ਇਹੀ ਨਹੀਂ ਰੁਕਿਆ। ਸੋਸ਼ਲ ਮੀਡੀਆ 'ਤੇ ਇਸ ਕਿੰਨਰ ਅਤੇ ਉਨ੍ਹਾਂ ਦੇ ਦੋ ਸਾਥੀਆਂ ਦੀ ਤਸਵੀਰ ਇਸ ਦਾਅਵੇ ਨਾਲ ਸ਼ੇਅਰ ਕੀਤੀ ਗਈ ਕਿ, 'ਰਾਜਸਥਾਨ ਪੁਲਿਸ ਨੇ ਸੂਬੇ ਵਿੱਚ ਸਰਗਰਮ ਬੱਚੇ ਚੋਰ ਗੈਂਗ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ।' ਪਰ ਪੁਲਿਸ ਨੇ ਇਸ ਨੂੰ ਫਰਜ਼ੀ ਪੋਸਟ ਕਰਾਰ ਦਿੱਤਾ।

ਸੋਸ਼ਲ ਮੀਡੀਆ

ਤਸਵੀਰ ਸਰੋਤ, SM Viral Post Grab

ਅਸੀਂ ਦੇਖਿਆ ਹੈ ਕਿ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਵੀ 23 ਅਗਸਤ 2019 ਨੂੰ ਇੱਕ ਘਟਨਾ ਵਾਪਰੀ, ਜਿਸ ਵਿੱਚ ਤਿੰਨ ਕਿੰਨਰਾਂ ਨੂੰ ਲੋਕਾਂ ਨੇ ਬੱਚਾ ਚੋਰ ਸਮਝ ਕੇ ਕੁੱਟਿਆ। ਮੰਡੀ ਜ਼ਿਲ੍ਹੇ ਦੇ ਐੱਸਪੀ ਗੁਰੂਦੇਵ ਚੰਦ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਸਥਾਨਕ ਲੋਕਾਂ ਨੇ ਗ਼ਲਤਫਹਿਮੀ ਕਾਰਨ ਇਹ ਹਮਲਾ ਕੀਤਾ।

  • ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਵਿੱਚ ਖੰਭੇ ਨਾਲ ਬੰਨੇ ਮੁੰਡੇ ਦਾ ਵੀਡੀਓ ਇਸ ਦਾਅਵੇ ਨਾਲ ਸ਼ੇਅਰ ਕੀਤਾ ਗਿਆ ਕਿ 'ਮਨੁੱਖੀ ਅੰਗਾਂ ਦੀ ਤਸਕਰੀ ਕਰਨ ਵਾਲਾ ਇੱਕ ਸਮੂਹ ਸੂਬੇ ਵਿੱਚ ਸਰਗਰਮ ਹੈ ਜੋ ਬੱਚੇ ਚੋਰੀ ਕਰਨਾ ਹੈ।' ਇਸ ਵੀਡੀਓ ਨੂੰ ਓਲੰਪਿਕ ਮੈਡਲ ਜੇਜੂ ਭਾਰਤੀ ਪਹਿਲਵਾਨ ਯੋਗੇਸ਼ਵਰ ਦੱਸ ਨੇ ਵੀ 19 ਅਗਸਤ 2019 ਨੂੰ ਟਵੀਟ ਕੀਤਾ ਹੈ, ਜਿਸ ਨੂੰ 35 ਹਜ਼ਾਰ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਸੋਸ਼ਲ ਮੀਡੀਆ

ਤਸਵੀਰ ਸਰੋਤ, Twitter

ਪਰ ਪੁਲਿਸ ਦੀ ਪੜਤਾਲ ਵਿੱਚ ਇਹ ਦਾਅਵਾ ਬਿਲਕੁਲ ਗ਼ਲਤ ਸਾਬਿਤ ਹੋਇਆ। ਇਹ ਯੂਪੀ ਦੇ ਜਾਲੌਨ ਦਾ ਮਾਮਲਾ ਸੀ। ਸਥਾਨਕ ਪੁਲਿਸ ਮੁਤਾਬਕ 10 ਅਤੇ 11 ਅਗਸਤ 2019 ਦੀ ਦਰਮਿਆਨੀ ਰਾਤ ਵਿੱਚ ਕੁਝ ਲੋਕਾਂ ਨੇ ਇਸ ਮੁੰਡੇ ਨੂੰ ਫੜ ਕੇ ਖੰਭੇ ਨਾਲ ਬੰਨਿਆ, ਫਿਰ ਉਸ ਨੂੰ ਕੁੱਟਿਆ ਅਤੇ ਜ਼ਬਰ ਉਸ ਕੋਲੋਂ ਬੱਚਾ ਚੋਰ ਅਖਵਾਇਆ। ਇਸ ਸਬੰਧ ਵਿੱਚ ਪੁਲਿਸ ਨੇ 14 ਅਗਸਤ 2019 ਨੂੰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਸੂਚਨਾ ਜਨਤਕ ਕੀਤੀ ਗਈ ਹੈ ਕਿ ਇਹ ਮਾਮਲਾ ਫਰਜ਼ੀ ਸੀ।

ਸੋਸ਼ਲ ਮੀਡੀਆ

ਤਸਵੀਰ ਸਰੋਤ, Twitter

ਪਰ ਇਸੇ ਤਰ੍ਹਾਂ ਦੇ ਵੀਡੀਓ ਨੂੰ ਸਹੀ ਮੰਨਦਿਆਂ ਹੋਇਆ 23 ਅਗਸਤ 2019 ਨੂੰ ਯੂਪੀ ਉਨਾਓ ਵਿੱਚ ਬੱਚਾ ਤੋਰੀ ਦੇ ਸ਼ੱਕ 'ਚ 5 ਲੋਕਾਂ ਨੂੰ ਕੁੱਟਿਆ ਗਿਆ।

ਉਨਾਓ ਪੁਲਿਸ ਮੁਤਾਬਕ ਇਹ ਪਰਿਵਾਰ ਇੱਕ ਮਹੀਨੇ ਤੋਂ ਲਾਪਤਾ ਬੇਟੇ ਦੀ ਭਾਲ ਵਿੱਚ ਉਨਾਓ ਜ਼ਿਲ੍ਹੇ ਦੇ ਧਰਮਪੁਰ ਪਿੰਡ ਪਹੁੰਚਿਆ ਸੀ। ਜਿਨ੍ਹਾਂ ਨੂੰ ਕੁੱਟਿਆ ਗਿਆ ਉਹ ਵੀ ਉਨਾਓ ਜ਼ਿਲ੍ਹੇ ਦੇ ਹੀ ਰਹਿਣ ਵਾਲੇ ਹਨ।

ਸੋਸ਼ਲ ਮੀਡੀਆ ਅਤੇ 'ਮਾਰੋ-ਮਾਰੋ' ਦਾ ਸ਼ੋਰ

ਇਨ੍ਹਾਂ ਘਟਨਾਵਾਂ ਤੋਂ ਇਲਾਵਾ ਬੀਬੀਸੀ ਨੇ ਉੱਤਰ ਪ੍ਰਦੇਸ਼ ਦੇ ਤਿੰਨ (ਝਾਂਸੀ, ਇਟਾਵਾ ਅਤੇ ਬਰੇਲੀ ਜ਼ਿਲ੍ਹੇ), ਰਾਜਸਥਾਨ ਦੇ ਦੋ (ਦੌਸਾ ਅਤੇ ਜੋਧਪੁਰ ਜ਼ਿਲ੍ਹੇ) ਅਤੇ ਹਿਮਾਚਲ ਪ੍ਰਦੇਸ਼ ਦੇ ਇੱਕ ਕੇਸ ਬਾਰੇ ਸਥਾਨਕ ਪੁਲਿਸ ਨਾਲ ਗੱਲ ਕੀਤੀ।

ਪੁਲਿਸ ਮੁਤਾਬਕ ਬੱਚਾ ਚੋਰੀ ਦੀਆਂ ਅਫ਼ਵਾਹਾਂ ਦੇ ਆਧਾਰ 'ਤੇ ਕਿੰਨਰਾਂ, ਰੰਗ-ਰੰਗੀਲੇ ਬਹੁਰੂਪੀਆਂ, ਸ਼ਰਾਬ ਦੇ ਨਸ਼ੇ ਵਿੱਚ ਗੁਆਚੇ ਲੋਕਾਂ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਲੋਕਾਂ ਨੂੰ ਭੀੜ ਦੇ ਹਮਲਾ ਦਾ ਸਭ ਤੋਂ ਵੱਧ ਸ਼ਿਕਾਰ ਹੋਣਾ ਪੈ ਰਿਹਾ ਹੈ ਅਤੇ ਜਾੰਚ ਵਿੱਚ ਖ਼ਿਲਾਫ਼ ਬੱਚਾ ਚੋਰੀ ਦੀਆਂ ਸ਼ਿਕਾਇਤਾਂ ਬੇਬੁਨਿਆਦ ਸਾਬਿਤ ਹੋਈਆਂ ਹਨ।

ਇਨ੍ਹਾਂ ਮਾਮਲਿਆਂ ਵਿੱਚ ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਜਿੱਥੇ ਵੀ ਮੌਬ ਲਿੰਚਿੰਗ ਦੀਆਂ ਇਹ ਘਟਨਾਵਾਂ ਹੋਈਆਂ ਹਨ, ਉਥੋਂ ਦੇ ਸਥਾਨਕ ਲੋਕਾਂ ਮੁਤਾਬਕ ਉਨ੍ਹਾਂ ਨੂੰ ਕਈ ਦਿਨ ਵਟਸਐਪ 'ਤੇ ਗੁੰਮਰਾਹਗਕੁਨ ਸੂਚਨਾਵਾਂ ਮਿਲ ਰਹੀਆਂ ਸਨ।

ਬੀਬੀਸੀ

ਤਸਵੀਰ ਸਰੋਤ, GAZANFAR ALI

ਯੂਪੀ ਦੇ ਸੰਭਲ ਜ਼ਿਲ੍ਹੇ ਵਿੱਚ ਵੀ ਕੁਝ ਅਜਿਹਾ ਚੱਲ ਰਿਹਾ ਸੀ। 27 ਅਗਸਤ 2019 ਨੂੰ ਰਾਮ ਅਵਤਾਰ ਦਾ ਭੀੜ ਨੇ ਕੁੱਟ-ਕੁੱਟ ਕਤਲ ਕਰ ਦਿੱਤਾ।

ਸੰਭਲ ਜ਼ਿਲ੍ਹ ਵਿੱਚ ਰਹਿਣ ਵਾਲ ਕੁਝ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ, "ਮੌਬ ਲਿੰਚਿੰਗ ਦੀਆਂ ਘਟਨਾਵਾਂ ਤੋਂ ਪਹਿਲਾਂ,ਕਈ ਦਿਨ ਤੱਕ ਲਗਾਤਾਰ ਵਟਸਐਪ 'ਤੇ ਖ਼ਬਰਾਂ ਆਉਂਦੀਆਂ ਰਹੀਆਂ ਹਨ ਕਿ ਸੰਭਲ ਦੇ ਕਿਸੇ ਮੁਹੱਲੇ ਵਿੱਚ ਜਾਂ ਫਲਾਣੇ ਪਿੰਡੋਂ ਬੱਚਾ ਚੋਰੀ ਕਰ ਲਿਆ ਗਿਆ ਹੈ, ਜਿਸ ਨੂੰ ਲੈ ਕੇ ਸਥਾਨਕ ਲੋਕਾਂ ਵਿੱਚ ਵੱਡੀ ਖਲਬਲੀ ਸੀ ਪਰ ਇੱਕ ਆਦਮੀ ਦਾ ਖ਼ੂਨ ਹੋਣ ਤੋਂ ਬਾਅਦ ਸਭ ਸ਼ਾਂਤ ਹਨ।"

ਸੰਭਲ ਵਿੱਚ ਹੋਈ ਮੌਬ ਲਿੰਚਿੰਗ ਦੇ ਵਾਇਰਲ ਵੀਡੀਓ ਵਿੱਚ ਦਿਖਦਾ ਹੈ ਕਿ ਰਾਮ ਅਵਤਾਰ ਭੀੜ ਦੇ ਅੱਗੇ ਹੱਥ ਜੋੜਦੇ ਰਹੇ, ਕਹਿੰਦੇ ਰਹੇ ਕਿ ਉਹ ਬੱਚਾ ਚੋਰ ਨਹੀਂ ਹਨ।

ਪਰ ਮਾਰਨ ਵਾਲੇ ਉਨ੍ਹਾਂ ਦਾ ਨਾਮ, ਪਿੰਡ ਦਾ ਨਾਮ ਅਤੇ ਜਾਤ ਪਤਾ ਲੱਗਣ ਤੋਂ ਬਾਅਦ ਵੀ ਨਹੀਂ ਰੁਕੇ। ਭੀੜ 'ਬੱਚਾ ਚੋਰ, ਬੱਚਾ ਚੋਰ' ਅਤੇ 'ਮਾਰੋ, ਮਾਰੋ' ਦਾ ਸ਼ੋਰ ਮਚਾਉਂਦੀ ਰਹੀ ਅਤੇ ਹਰ ਪਾਸੇ ਪੈਂਦੀਆਂ ਲੱਤਾਂ-ਮੁੱਕੀਆਂ, ਲਾਠੀਆਂ, ਡੰਡਿਆਂ ਵਿਚਾਲੇ ਲੋਕ ਮੌਬਾਈਲ ਨਾਲ ਵੀਡੀਓ ਬਣਾਉਂਦੇ ਰਹੇ।

ਰਾਮ ਅਵਤਾਰ

ਤਸਵੀਰ ਸਰੋਤ, SM Viral Video Grab

ਤਸਵੀਰ ਕੈਪਸ਼ਨ, ਰਾਮ ਅਵਤਾਰ

ਮੌਕੇ 'ਤੇ ਪਹੁੰਚੀ ਪੁਲਿਸ ਨੇ ਜਦੋਂ ਤੱਕ ਰਾਮ ਅਵਾਤਰ ਨੂੰ ਹਸਪਤਾਲ ਪਹੁੰਚਾਇਆ ਉਦੋਂ ਤੱਕ ਉਹ ਦਮ ਤੋੜ ਗਏ ਸਨ।

ਸੰਭਲ ਦੇ ਐੱਸਐੱਸਪੀ ਯਮੁਨਾ ਪ੍ਰਸਾਦ ਨੇ ਬੀਬੀਸੀ ਨੂੰ ਦੱਸਿਆ, "ਰਾਮ ਅਵਤਾਰ ਆਪਣੇ ਭਤੀਜੇ ਦੇ ਇਲਾਜ ਲਈ ਜਾ ਰਹੇ ਸਨ। ਰਸਤੇ ਵਿੱਚ ਜਰਾਈ ਪਿੰਡ ਪੈਂਦਾ ਹੈ ਜਿੱਥੇ ਭੀੜ ਨੇ ਉਨ੍ਹਾਂ ਨੂੰ ਬੱਚਾ ਚੋਲ ਹੋਣ ਦੇ ਸ਼ੱਕ ਕਾਰਨ ਫੜ ਲਿਆ ਅਤੇ ਕੁੱਟਣਾ ਸ਼ੁਰੂ ਕਰ ਦਿੱਤਾ।"

ਯਮੁਨਾ ਪ੍ਰਸਾਦ ਦੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਜ਼ਿਲ੍ਹੇ ਵਿਚ ਬੱਚਾ ਚੋਰੀ ਦੀ ਕੋਈ ਘਟਨਾ ਨਹੀਂ ਵਾਪਰੀ ਅਤੇ ਨਾ ਹੀ ਕੋਈ ਬੱਚਾ ਚੋਰ ਗੈਂਗ ਸਰਗਰਮ ਹੈ। ਫਿਰ ਵੀ ਲੋਕ ਵਟਸਐਪ 'ਤੇ ਫੈਲੀਆਂ ਅਫ਼ਾਵਹਾਂ ਨੂੰ ਸੱਚ ਮੰਨ ਲੈਂਦੇ ਹਨ।

ਇਹ ਵੀ ਪੜ੍ਹੋ-

ਸੋਸ਼ਲ ਮੀਡੀਆ

ਤਸਵੀਰ ਸਰੋਤ, Patrika News

ਤਸਵੀਰ ਕੈਪਸ਼ਨ, ਮੱਧ ਪ੍ਰਦੇਸ਼ ਦੇ ਰਤਲਾਮ ਜ਼ਿਲ੍ਹੇ ਵਿੱਚ ਦੇਹ ਵਪਾਰ ਦੇ ਇਲਜ਼ਾਮ ਵਿੱਚ 2019 ਵਿੱਚ ਗ੍ਰਿਫ਼ਤਾਰ ਕੀਤੇ ਗਏ ਇਸ ਗਿਰੋਹ ਦੀ ਤਸਵੀਰ ਨੂੰ ਕਈ ਸੂਬਿਆਂ ਵਿੱਚ 'ਬੱਚਾ ਚੋਰ ਗੈਂਗ' ਦੀ ਗ੍ਰਿਫ਼ਤਾਰੀ ਦਾ ਸਬੂਤ ਦੱਸ ਕੇ ਸ਼ੇਅਰ ਕੀਤਾ ਗਿਆ ਹੈ

ਪੁਲਿਸ ਕਿਵੇਂ ਨਜਿੱਠ ਰਹੀ ਹੈ ਇਸ ਨਾਲ ?

ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਰੀ ਓਮ ਪ੍ਰਕਾਸ਼ ਸਿੰਘ ਨੇ ਇੱਕ ਵੀਡੀਓ ਅਪੀਲ ਜਾਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਲੋਕ ਇਨ੍ਹਾਂ ਅਫਵਾਹਾਂ ਨੂੰ ਲੜ ਵਿੱਚ ਪੁਲਿਸ ਦੀ ਮਦਦ ਕਰਨ। ਇਸੇ ਤਰ੍ਹਾਂ ਦੀਆਂ ਅਪੀਲਾਂ ਰਾਜਸਥਾਨ ਅਤੇ ਦਿੱਲੀ ਪੁਲਿਸ ਨੇ ਵੀ ਕੀਤੀਆਂ ਹਨ।

ਯੂਪੀ ਦੇ ਡੀਜੀਪੀ ਦਫ਼ਤਰ ਮੁਤਾਬਕ ਗਾਜ਼ੀਆਬਾਦ, ਕਾਨਪੁਰ, ਮੁਜ਼ੱਫਰਨਗਰ ਸਣੇ ਸੂਬੇ ਦੇ ਕਈ ਹੋਰ ਜ਼ਿਲ੍ਹਿਆਂ ਵਿੱਚ ਹੁਣ ਤੱਕ 100 ਤੋਂ ਵੱਧ ਲੋਕਾਂ 'ਤੇ 'ਬੱਚਾ ਚੋਰ ਦੀਆਂ ਅਫ਼ਵਾਹਾਂ ਫੈਲਾਉਣ' ਦਾ ਕੇਸ ਦਰਜ ਕਰਕੇ, ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਲੋਕਾਂ ਨੂੰ ਪੁਲਿਸ ਨੇ ਵਟਸਐਪ 'ਤੇ ਗ਼ਲਤ ਸੂਚਨਾ ਅੱਗੇ ਭੇਜਣ ਅਤੇ ਸਥਾਨਕ ਲੋਕਾਂ ਵਿਚਾਲੇ ਗ਼ਲਤ ਸੰਦਰਭ ਨਾਲ ਸਾਮਗਰੀ ਸ਼ੇਅਰ ਕਰਨ ਦੇ ਇਲਜ਼ਾਮ ਵਿੱਚ ਫੜਿਆ ਹੈ।

ਓਪੀ ਸਿੰਘ ਨੇ ਕਿਹਾ ਹੈ ਕਿ ਬੱਚਾ ਚੋਰੀ ਦੀ ਅਫ਼ਵਾਹ ਫੈਲਾਉਣ ਵਾਲਿਆਂ ਦੇ ਖ਼ਿਲਾਫ਼ ਹੁਣ ਰਾਸੁਕਾ (ਕੌਮੀ ਸੁਰੱਖਿਆ ਕਾਨੂੰਨ) ਦੇ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਪੀ ਪ੍ਰਕਾਸ਼ ਸਿੰਘ

ਤਸਵੀਰ ਸਰੋਤ, Prashant Chahal

ਤਸਵੀਰ ਕੈਪਸ਼ਨ, ਉੱਤਰ ਪ੍ਰਦੇਸ਼ ਪੁਲਿਸ ਦੇ ਡੀਜੀਪੀ ਪ੍ਰਕਾਸ਼ ਸਿੰਘ

ਯੂਪੀ ਪੁਲਿਸ ਦਾ ਦਾਅਵਾ ਹੈ ਕਿ ਬੱਚਾ ਚੋਰੀ ਦੀਆਂ ਅਫ਼ਵਾਹਾਂ ਨੂੰ ਰੋਕਣ ਲਈ ਸਥਾਨਕ ਪੱਧਰ 'ਤੇ ਮੁੰਹਿਮ ਚਲਾਈ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਨੌਜਵਾਨਾਂ ਨੂੰ ਪੁਲਿਸ ਵਲੰਟੀਅਰ ਬਣਾਇਆ ਗਿਆ ਹੈ ਜੋ ਵਟਸਐਪ ਰਾਹੀਂ ਸੂਬੇ ਦੇ 1465 ਥਾਣਿਆਂ ਵਿੱਚ ਬਣੇ ਵਟਸਐਪ ਗਰੁੱਪਾਂ ਨਾਲ ਜੁੜੇ ਹਨ।

ਵਟਸਐਪ ਇੰਡੀਆ ਦੇ ਇੱਕ ਬੁਲਾਰੇ ਨੇ ਵੀ ਬੀਬੀਸੀ ਨਾਲ ਗੱਲ ਕਰਦਿਆਂ ਹੋਇਆ ਇਹ ਦਾਅਵਾ ਕੀਤਾ ਕਿ ਉਨ੍ਹਾਂ ਦੀ ਟੀਮ ਭਾਰਤ 'ਚ ਵਟਸਐਪ ਦੀ ਦੁਰਵਰਤੋਂ ਨੂੰ ਰੋਕਣ ਲਈ ਪ੍ਰਿੰਟ, ਰੇਡੀਓ, ਆਨਲਾਈਨ ਅਤੇ ਟੀਵੀ ਰਾਹੀਂ ਜਾਗਰੂਕਤਾ ਫੈਲਾ ਰਹੀ ਹੈ।

ਪਰ ਇਹ ਕੰਮ ਇੰਨਾਂ ਸੌਖਾ ਨਹੀਂ ਹੈ, ਇਸ ਦਾ ਅੰਦਾਜ਼ਾ 30 ਅਗਸਤ 2019 ਨੂੰ ਯੂਪੀ ਦੇ ਪੀਲੀਭੀਤ ਵਿੱਚ ਹੋਈ ਘਟਨਾ ਤੋਂ ਲਗਦਾ ਹੈ।

ਪੀਲੀਭੀਤ ਦੇ ਐਸਪੀ ਮਨੋਜ ਸੋਨਕਰ ਨੇ ਦੱਸਿਆ, "ਜਦੋਂ ਪੁਲਿਸ ਦੀ ਇੱਕ ਟੀਮ ਸੋਂਧਾ ਪਿੰਡ ਵਿੱਚ ਬੱਚਾ ਚੋਰੀ ਦੀਆਂ ਅਫਵਾਹਾਂ ਦੇ ਖ਼ਿਲਾਫ਼ ਜਾਗਰੂਕਤਾ ਫੈਲਾਉਣ ਪਹੁੰਤੀ ਤਾਂ ਉਨ੍ਹਾਂ ਦੇ ਹਮਲਾ ਕੀਤਾ ਗਿਆ।

ਜਿਵੇਂ ਹੀ ਪੁਲਿਸ ਵਾਲਿਆਂ ਨੇ ਕਿਹਾ ਕਿ ਅਫ਼ਵਾਹ ਫਐਲਾਉਣ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਪਿੰਡ ਵਾਲੇ ਗੁੱਸਾ ਹੋ ਗਏ ਅਤੇ ਪੁਲਿਸ ਵਾਲਿਆਂ ਨੂੰ ਹਾਲਾਤ ਕੰਟਰੋਲ ਕਰਨ ਲਈ ਕਈ ਰਾਊਂਡ ਫਾਇਰ ਕਰਨੇ ਪਏ।"

ਸੋਸ਼ਲ ਮੀਡੀਆ

ਤਸਵੀਰ ਸਰੋਤ, Twitter

ਕੀ ਸਿਪਾਹੀ ਜਾਂ ਐੱਸਐੱਸਪੀ ਇਸ ਨੂੰ ਰੋਕ ਸਕਦੀ ਹੈ?

ਸਮਾਜਸ਼ਾਸਤਰੀ ਸੰਜੇ ਸ਼੍ਰੀਵਾਸਤਵ ਮੰਨਦੇ ਹਨ ਕਿ ਹੇਠਲੇ ਪੱਧਰ 'ਤੇ ਕਦਮ ਚੁੱਕ ਕੇ ਕੁਝ ਨਹੀਂ ਹੋਵੇਗਾ। ਇਹ ਘਟਨਾਵਾਂ ਕਿਸੇ ਸਿਪਾਹੀ ਜਾਂ ਐੱਸਐੱਸਪੀ ਕੋਲੋਂ ਨਹੀਂ ਰੁਕਣਗੀਆਂ। ਇਸ ਲਈ ਸਰਕਾਰ ਨੂੰ ਉੱਚ ਪੱਧਰੀ ਕਦਮ ਚੁੱਕਣੇ ਪੈਣਗੇ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਭੀੜ ਦੀ ਇਸ ਹਿੰਸਾਦਾ ਇੱਕ ਕਾਰਨ ਉਹ ਮਾਹੌਲ ਵੀ ਹੈ ਜੋ ਕੌਮੀ ਪੱਧਰ 'ਤੇ ਬਣਾਇਆ ਜਾ ਰਿਹਾ ਹੈ ਕਿ ਤੁਸੀਂ ਅਜਿਹੇ ਹਮਲੇ ਕਰ ਸਕਦੇ ਹੋ ਅਤੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ। ਜੇਕਰ ਤੁਸੀਂ ਅਜਿਹਾ ਕੋਈ ਕੰਮ ਕੀਤਾ ਵੀ ਤਾਂ ਤੁਹਾਡੇ ਸਮਰਥਨ 'ਚ ਲੋਕ ਆ ਜਾਣਗੇ ਅਤੇ ਅਜਿਹੀਆਂ ਘਟਨਾਵਾਂ ਨੂੰ ਸਹੀ ਠਹਿਰਾਉਣ ਕਾਰਨ ਦੱਸਣਹੇ।"

ਸੰਜੇ ਕਹਿੰਦੇ ਹਨ ਕਿ ਸਰਕਾਰ ਦੇ ਮੋਹਰੀ ਲੋਕਾਂ ਨੂੰ ਕੌਮੀ ਮੀਡੀਆ 'ਤੇ ਆ ਕੇ ਦੇਸ ਨੂੰ ਇਹ ਭਰੋਸਾ ਦੇਣਾ ਪਵੇਗਾ ਕਿ ਅਜਿਹੀਆਂ ਘਟਨਾਵਾਂ ਰੋਕਣ ਲਈ ਸਰਕਾਰ ਗੰਭੀਰ ਅਤੇ ਸਖ਼ਤ ਕਾਰਵਾਈ ਕਰਨ ਦਾ ਇਰਾਦਾ ਰੱਖਦੀ ਹੈ।

ਸਾਲ 2018 ਵਿੱਚ ਬੱਚਾ ਚੋਰੀ ਦੀਆਂ ਅਫ਼ਵਾਹਾਂ ਦੇ ਆਧਾਰ 'ਤੇ ਹੋਈਆਂ ਹਿੰਸਾ ਦੀਆਂ ਜੋ ਘਟਨਾਵਾਂ ਮੀਡੀਆ ਵਿੱਚ ਆਈਆਂ, ਉਨ੍ਹਾਂ ਨੂੰ ਦਰਜ ਕਰਕੇ ਇੰਡੀਆ-ਸਪੈਂਡ ਨੇ ਇੱਕ ਲਿਸਟ ਜਾਰੀ ਕੀਤੀ ਹੈ

ਸੋਸ਼ਲ ਮੀਡੀਆ

ਇਸ ਲਿਸਟ ਮੁਤਾਬਕ ਸਾਲ 2018 ਵਿੱਚ ਅਫ਼ਵਾਹਾਂ ਕਾਰਨ 69 ਘਟਨਾਵਾਂ ਹੋਈਆਂ ਅਤੇ ਇਨ੍ਹਾਂ ਵਿਚੋਂ 29 ਲੋਕਾਂ ਦੀ ਮੌਤ ਹੋਈ, 48 ਲੋਕ ਗੰਭੀਰ ਤੌਰ 'ਤੇ ਜਖ਼ਮੀ ਹੋਏ ਅਤੇ 65 ਲੋਕਾਂ ਨੂੰ ਸੱਟਾਂ ਲੱਗੀਆਂ।

ਹਾਲਾਂਕਿ ਬੀਬੀਸੀ ਸੁਤੰਤਰ ਤੌਰ 'ਤੇ ਲਿਸਟ ਵਿੱਚ ਦਿੱਤੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕਰਦਾ ਹੈ। ਉੱਥੇ ਸਾਲ 2016 ਤੋਂ ਬਾਅਦ ਭਾਰਤ ਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਓਰੋ ਨੇ ਅਪਰਾਧਿਕ ਮਾਮਲਿਆਂ 'ਤੇ ਆਪਣੀਆਂ ਰਿਪੋਰਟਾਂ ਜਮਾਂ ਨਹੀਂ ਕੀਤੀਆਂ ਹਨ ਜਿਸ ਨਾਲ ਇਨ੍ਹਾਂ ਅੰਕੜਿਆਂ ਦਾ ਮਿਲਾਣ ਕੀਤਾ ਜਾ ਸਕੇ।

ਇਸ ਲਿਸਟ ਮੁਤਾਬਕ ਸਾਲ 2018 ਵਿੱਚ ਬੱਚਾ ਚੋਰੀ ਦੀਆਂ ਅਫ਼ਵਾਹਾਂ ਕਾਰਨ ਤਮਿਲਨਾਡੂ, ਤੇਲੰਗਾਨਾ, ਕਰਨਾਟਕ, ਓਡੀਸ਼ਾ ਅਤੇ ਆਂਧਰਾ ਪ੍ਰਦੇਸ਼ ਸਣੇ ਪੂਰਬ-ਉੱਤਰ ਭਾਰਤ ਦੇ ਕਈ ਸੂਬੇ ਹਿੰਸਕ ਘਟਨਾਵਾਂ ਨਾਲ ਪ੍ਰਭਾਵਿਤ ਹੋਏ ਸਨ।

ਰਵੀਸ਼ਕਰ ਪ੍ਰਸਾਦ

ਤਸਵੀਰ ਸਰੋਤ, Getty Images

ਸਰਕਾਰ ਦਾ ਰੁੱਖ਼ ਕੀ ਹੈ?

ਭਾਰਤੀ ਵਿਵਸਥਾ ਵਿੱਚ ਪੁਲਿਸ ਸ਼ਾਸਨ ਸੂਬਾ ਪੱਧਰੀ ਮਾਮਲਾ ਹੈ। ਪਰ ਕੇਂਦਰ ਸਰਕਾਰ ਇਨ੍ਹਾਂ ਘਟਨਾਵਾਂ ਦੇ ਪਿੱਛੇ ਦਾ ਮੁੱਖ ਕਾਰਨ ਯਾਨਿ 'ਇੰਟਰਨੈੱਟ ਦੀ ਦੁਰਵਰਤੋਂ' 'ਤੇ ਕੁਝ ਫ਼ੈਸਲੇ ਲੈ ਸਕਦੀ ਹੈ।

ਸੰਸਦ ਦੇ ਹਾਲ ਵਿੱਚ ਹੋਏ ਸੈਸ਼ਨ ਵਿੱਚ ਭਾਰਤ ਸਰਕਾਰ ਕੋਲੋਂ ਪੁੱਛਿਆ ਗਿਆ ਸੀ ਕਿ ਕੀ ਵਟਸਐਪ, ਫੇਸਬੁੱਕ, ਟਵਿੱਟਰ ਆਦਿ 'ਤੇ ਦੇਸ 'ਚ ਗੁੰਮਰਾਹਕੁਨ ਸੂਚਨਾਵਾਂ ਫੈਲਾਉਣ ਲਈ ਵਰਤੇ ਜਾ ਰਹੇ ਹਨ? ਜੇਕਰ ਹਾਂ, ਤਾਂ ਸਰਕਾਰ ਨੇ ਇਸ ਨੂੰ ਰੋਕਣ ਲਈ ਕੀ ਕੀਤਾ?

ਭਾਰਤ ਦੇ ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ 3 ਜੁਲਾਈ 2019 ਨੂੰ ਇਸ ਜਵਾਬ ਦਿੱਤਾ ਸੀ।

ਰਵੀ ਸ਼ੰਕਰ ਪ੍ਰਸਾਦ ਦਾ ਕਹਿਣਾ ਸੀ, "ਸਾਈਬਰ ਸਪੇਸ ਇੱਕ ਬੇਹੱਦ ਜਟਿਲ ਵਾਤਾਵਰਣ ਵਾਲੀ ਥਾਂ ਹੈ, ਜਿੱਥੇ ਸੀਮਾਵਾਂ ਨਹੀਂ ਹਨ ਅਤੇ ਲੋਕ ਗੁਮਨਾਮ ਰਹਿੰਦਿਆਂ ਹੋਇਆ ਵੀ ਸੰਵਾਦ ਕਰ ਸਕਦੇ ਹਨ। ਅਜਿਹੇ ਵਿੱਚ ਇਹ ਸੰਭਾਵਨਾਂ ਵੱਧ ਜਾਂਦੀਆਂ ਹਨ ਕਿ ਗ਼ਲਤ ਕਲਿੱਪ ਦੀ ਵਰਤੋਂ ਕਰਕੇ ਲੋਕਾਂ ਵਿੱਚ ਪੈਨਿਕ ਜਾਂ ਨਫ਼ਰਤ ਫੈਲਾਈ ਜਾਵੇ।"

"ਇਹ ਇੱਕ ਗਲੋਬਲ ਸਮੱਸਿਆ ਹੈ। ਅਸੀਂ ਲੋਕਾਂ ਦੇ ਬੋਲਣ ਦੀ ਆਜ਼ਾਦੀ ਦਾ ਸਨਮਾਨ ਕਰਦੇ ਹਨ ਜੋ ਉਨ੍ਹਾਂ ਨੂੰ ਸੰਵਿਧਾਨ ਤੋਂ ਮਿਲੀ ਹੈ। ਸਰਕਾਰ ਇੰਟਰਨੈਟ 'ਤੇ ਮੌਜੂਦ ਕੰਟੇਟ ਨੂੰ ਮਾਨੀਟਰ ਨਹੀਂ ਕਰਦੀ। ਫਿਰ ਵੀ ਕੁਝ ਮੀਡੀਆ ਰਿਪੋਰਟਾਂ ਦੇ ਹਵਾਲੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਇੰਟਰਨੈਟ, ਖ਼ਾਸਕਰ ਵਟਸਐਪ ਦੀ ਵਰਤੋ ਗੁੰਮਰਾਹਕੁਨ ਸੂਚਨਾਵਾਂ ਫੈਲਾਉਣ ਵਿੱਚ ਕੀਤਾ ਜਾ ਰਿਹਾ ਹੈ।"

ਵਟਸਐਪ

ਤਸਵੀਰ ਸਰੋਤ, AFP

ਰਵੀ ਸ਼ੰਕਰ ਪ੍ਰਸਾਦ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਸੂਚਨਾਵਾਂ ਅਤੇ ਤਕਨੋਲਾਜੀ ਮੰਤਰਾਲਾ ਨੇ ਸਾਲ 2018 ਵਿੱਚ ਵਟਸਐਪ ਨੂੰ ਨੋਟਿਸ ਜਾਰੀ ਕੀਤਾ ਸੀ।

ਪ੍ਰਸਾਦ ਨੇ ਕਿਹਾ, "ਨੋਟਿਸ ਦੇ ਜਵਾਬ ਵਿੱਚ ਵਟਸਐਪ ਨੇ ਭਾਰਤ ਸਰਕਾਰ ਨੂੰ ਇਹ ਕਿਹਾ ਸੀ ਕਿ ਉਹ ਉਨ੍ਹਾਂ ਦੇ ਪਲੇਟਫਾਰਮ ਦੀ ਦੁਰਵਰਤੋਂ ਨੂੰ ਰੋਕਣ ਲਈ ਕਈ ਜ਼ਰੂਰੀ ਕਦਮ ਚੁੱਕੇਗਾ।"

ਵਚਸਐਪ ਇੰਡੀਆ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਟੀਮ ਨੇ ਵਟਸਐਪ ਦੀ ਦੁਰਵਰਤੋਂ ਨੂੰ ਰੋਕਣ ਲਈ ਚਾਰ ਵੱਡੇ ਫ਼ੈਸਲੇ ਲਏ ਹਨ, ਜਿਨ੍ਹਾਂ ਵਿੱਚ ਮੈਸਜ ਫਾਰਵਰਡ ਕਰਨ 'ਤੇ ਲਿਮਿਟ ਲਗਾਉਣਾ ਇੱਕ ਮੁੱਖ ਕਦਮ ਹੈ।

ਫੈਕਟ ਚੈੱਕ ਦੀਆਂ ਇਹ ਖ਼ਬਰਾਂ ਵੀ ਪੜ੍ਹੋ-

ਇਹ ਵੀ ਦੇਖੋ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

Skip YouTube post, 3
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)