ਜਦੋਂ ਨਵਾਜ਼ ਸ਼ਰੀਫ ਦੀ ਮਾਂ ਨੇ ਸੁਸ਼ਮਾ ਸਵਰਾਜ ਨੂੰ ਕਿਹਾ, ‘ਮੇਰੇ ਵਤਨੋਂ ਆਈ ਹੈਂ, ਵਾਅਦਾ ਕਰ ਕਿ ਰਿਸ਼ਤੇ ਠੀਕ ਕਰ ਕੇ ਜਾਵੇਗੀ’

ਸੁਸ਼ਮਾ ਸਵਰਾਜ

ਤਸਵੀਰ ਸਰੋਤ, Getty Images

    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਦਸੰਬਰ 2015 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਫ਼ਗਾਨਿਸਤਾਨ ਤੋਂ ਵਾਪਸ ਆਉਂਦਿਆਂ ਹੋਇਆ ਅਚਾਨਕ ਲਾਹੌਰ ਵਿੱਚ ਰੁਕੇ ਸਨ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਦੋਹਤੀ ਦੇ ਵਿਆਹ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਸੀ ਤੇ ਇਸ ਨਾਲ ਪੂਰੀ ਦੁਨੀਆਂ ਨੇ ਉਨ੍ਹਾਂ ਦੀ ਸਟੇਟਸਮੈਨਸ਼ਿਪ ਦੀ ਤਾਰੀਫ਼ ਕੀਤੀ।

ਪਰ ਘੱਟ ਹੀ ਲੋਕਾਂ ਨੂੰ ਪਤਾ ਹੈ ਕਿ ਇਸ ਦੀ ਭੂਮਿਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਣਾਈ ਸੀ।

ਜਦੋਂ ਮਾਲਟਾ ਵਿੱਚ ਰਾਸ਼ਟਰਮੰਡਲ ਨੇਤਾਵਾਂ ਦੀ ਬੈਠਕ ਹੋਈ ਤਾਂ ਗੋਲ ਮੇਜ਼ 'ਤੇ ਬੈਠੇ ਸੁਸ਼ਮਾ ਸਵਰਾਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੇ ਨਾਲ ਹੀ ਬੈਠੇ ਸਨ।

ਸੁਸ਼ਮਾ ਦੀ ਉਰਦੂ ਅਤੇ ਪੰਜਾਬੀ ਵਿੱਚ ਮਹਾਰਤ ਨੇ ਨਵਾਜ਼ ਸ਼ਰੀਫ਼ ਨੂੰ ਉਨ੍ਹਾਂ ਦਾ ਕਾਇਲ ਬਣਾ ਦਿੱਤਾ। ਨਵਾਜ਼ ਸ਼ਰੀਫ਼ ਦੇ ਨਾਲ ਉਨ੍ਹਾਂ ਦੀ ਪਤਨੀ ਕੁਲਸੁਮ ਅਤੇ ਬੇਟੀ ਮਰੀਅਮ ਵੀ ਮਾਲਟਾ ਆਏ ਸਨ।

ਅਗਲੇ ਦਿਨ ਨਵਾਜ਼ ਨੇ ਸੁਸ਼ਮਾ ਸਵਰਾਜ ਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ ਸੱਦਾ ਦਿੱਤਾ। ਜਦੋਂ ਸੁਸ਼ਮਾ 8 ਦਸੰਬਰ ਨੂੰ ਇਸਲਾਮਾਬਾਦ ਗਏ ਤਾਂ ਉਨ੍ਹਾਂ ਨਵਾਜ਼ ਸ਼ਰੀਫ਼ ਦੇ ਪਰਿਵਾਰ ਦੇ ਨਾਲ 4 ਘੰਟੇ ਬਿਤਾਏ।

ਨਵਾਜ਼ ਨੇ ਇੱਕ ਵਾਰ ਫਿਰ ਸੁਸ਼ਮਾ ਦੀ ਉਰਦੂ ਦੀ ਤਾਰੀਫ਼ ਕੀਤੀ ਅਤੇ ਸਵੀਕਾਰ ਕੀਤਾ ਕਿ ਉਨ੍ਹਾਂ ਦੀ ਪੰਜਾਬੀ ਪਿੱਠਭੂਮੀ ਕਾਰਨ ਕਦੇ-ਕਦੇ ਉਨ੍ਹਾਂ ਦੇ ਉਰਦੂ ਦੇ ਤਲੱਫੁਜ਼ ਖ਼ਰਾਬ ਹੋ ਜਾਂਦੇ ਹਨ।

ਜਦੋਂ ਉਹ ਨਵਾਜ਼ ਸ਼ਰੀਫ਼ ਦੀ ਮਾਂ ਨੂੰ ਮਿਲੀ ਤਾਂ ਉਨ੍ਹਾਂ ਨੇ ਉਨ੍ਹਾਂ ਨੂੰ ਗਲੇ ਲਗਾਉਂਦਿਆਂ ਕਿਹਾ, "ਤੂੰ ਮੇਰੇ ਵਤਨੋਂ ਆਈ ਹੈ, ਵਾਅਦਾ ਕਰ ਰਿਸ਼ਤੇ ਠੀਕ ਕਰਕੇ ਜਾਵੇਗੀ।"

(ਇਹ ਰਿਪੋਰਟ 8 ਅਗਸਤ 2019 ਨੂੰ ਪ੍ਰਕਾਸ਼ਿਤ ਕੀਤੀ ਗਈ ਸੀ, ਦਰਅਸਲ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ 6 ਅਗਸਤ 2019 ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ।। ਅੱਜ ਉਨ੍ਹਾਂ ਦੀ ਬਰਸੀ ਮੌਕੇ ਇਹ ਰਿਪੋਰਟ ਰੂਬਹੂ ਛਾਪੀ ਜਾ ਰਹੀ ਹੈ।)

ਸੁਸ਼ਮਾ ਸਵਰਾਜ ਅਤੇ ਲਾਲ ਕ੍ਰਿਸ਼ਣ ਆਡਵਾਨੀ

ਤਸਵੀਰ ਸਰੋਤ, Getty Images

ਨਵਾਜ਼ ਸ਼ਰੀਫ਼ ਦੀ ਮਾਂ ਦਾ ਜਨਮ ਅੰਮ੍ਰਿਤਸਰ ਦੇ ਭੀਮ ਦਾ ਕਟਰਾ ਵਿੱਚ ਹੋਇਆ ਸੀ। ਉਨ੍ਹਾਂ ਨੇ ਸੁਸ਼ਮਾ ਨੂੰ ਦੱਸਿਆ ਕਿ ਵੰਡ ਤੋਂ ਬਾਅਦ ਨਾ ਤਾਂ ਉਹ ਅੰਮ੍ਰਿਤਸਰ ਗਈ ਅਤੇ ਨਾ ਹੀ ਕੋਈ ਉਥੋਂ ਉਨ੍ਹਾਂ ਨੂੰ ਮਿਲਣ ਆਇਆ।

ਦੋਵਾਂ ਨੇ ਘੰਟਿਆਂ ਤੱਕ ਅੰਮ੍ਰਿਤਸਰ ਬਾਰੇ ਗੱਲਾਂ ਕੀਤੀਆਂ। ਇਹ ਉਹ ਸ਼ਹਿਰ ਸੀ ਜਿੱਥੇ ਸੁਸ਼ਮਾ ਆਪਣੇ ਅੰਬਾਲਾ ਦੇ ਦਿਨਾਂ ਵਿੱਚ ਅਕਸਰ ਆਉਂਦੀ-ਜਾਂਦੀ ਰਹਿੰਦੀ ਸੀ।

ਉਥੋਂ ਵਾਪਸ ਆਉਣ ਤੋਂ ਬਾਅਦ ਸੁਸ਼ਮਾ ਸਵਰਾਜ ਨੇ ਨਵਾਜ਼ ਸ਼ਰੀਫ਼ ਦੀ ਬੇਟੀ ਮਰੀਅਮ ਨੂੰ ਕਿਹਾ ਸੀ, ਆਪਣੀ ਦਾਦੀ ਨੂੰ ਦੱਸ ਦਿਓ ਕਿ 'ਮੈਂ ਪਾਕਿਸਤਾਨ ਨਾਲ ਰਿਸ਼ਤੇ ਬਿਹਤਰ ਕਰਨ ਦਾ ਵਾਅਦਾ ਨਿਭਾ ਦਿੱਤਾ ਹੈ।'

ਮੋਦੀ ਦੀ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਦਾ ਵਿਰੋਧ

2014 ਵਿੱਚ ਨਰਿੰਦਰ ਮੋਦੀ ਸੱਤਾ ਵਿੱਚ ਆਏ ਸਨ ਅਤੇ ਆਪਣੀ ਕੈਬਨਿਟ ਦੇ ਗਠਨ ਲਈ ਆਪਣੇ ਸਭ ਤੋਂ ਕਰੀਬੀ ਅਰੁਣ ਜੇਤਲੀ ਨਾਲ ਵਿਚਾਰ-ਵਟਾਂਦਰਾ ਕਰ ਰਹੇ ਸਨ।

ਉਸ ਵੇਲੇ ਉਨ੍ਹਾਂ ਨੇ ਪਿਛਲੀ ਲੋਕਸਭਾ ਵਿੱਚ ਵਿਰੋਧੀ ਧਿਰ ਦੀ ਨੇਤਾ ਰਹੀ ਸੁਸ਼ਮਾ ਸਵਰਾਜ ਨਾਲ ਸਲਾਹ ਕਰਨ ਦੀ ਜ਼ਰੂਰਤ ਨਹੀਂ ਸਮਝੀ ਸੀ।

ਕਈ ਸਿਆਸੀ ਪੰਡਿਤਾਂ ਦੇ ਨਾਲ-ਨਾਲ ਸੁਸ਼ਮਾ ਨੂੰ ਵੀ ਪੂਰਾ ਭਰੋਸਾ ਨਹੀਂ ਸੀ ਕਿ ਮੋਦੀ ਉਨ੍ਹਾਂ ਨੂੰ ਆਪਣੀ ਕੈਬਨਿਟ ਵਿੱਚ ਥਾਂ ਦੇਣਗੇ ਜਾਂ ਨਹੀਂ। ਉਸ ਦੇ ਪਿੱਛੇ ਦੋ ਕਾਰਨ ਸਨ।

ਇੱਕ ਇਹ ਕਿ ਉਹ ਅਗਵਾਈ ਦੀ ਦੌੜ ਵਿੱਚ ਪੱਛੜੇ ਹੋਏ ਲਾਲ ਕ੍ਰਿਸ਼ਣ ਅਡਵਾਨੀ ਦੇ ਬਹੁਤ ਨੇੜੇ ਸਨ ਅਤੇ ਦੂਜਾ ਅਰੁਣ ਜੇਤਲੀ ਨਾਲ ਉਨ੍ਹਾਂ ਦਾ ਮੁਕਾਬਲਾ ਜੱਗ-ਜ਼ਾਹਿਰ ਸੀ।

ਉਨ੍ਹਾਂ ਨੂੰ ਨਰਿੰਦਰ ਮੋਦੀ ਦੇ ਕਰੀਬੀ ਅਤੇ ਸਵੈਮਸੇਵਕ ਸੰਘ ਦੇ ਕਰੀਬੀ ਵਜੋਂ ਵੀ ਨਹੀਂ ਜਾਣਿਆ ਜਾਂਦਾ ਸੀ।

ਸਾਲ 2013 ਵਿੱਚ ਜਦੋਂ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਉਮੀਦਵਾਰ ਬਣਾਉਣ ਦੀ ਮੰਗ ਪਹਿਲੀ ਵਾਰ ਚੁੱਕੀ ਗਈ ਸੀ ਤਾਂ ਉਨ੍ਹਾਂ ਨੇ ਲਾਲ ਕ੍ਰਿਸ਼ਣ ਅਡਵਾਨੀ ਦੇ ਨਾਲ ਉਨ੍ਹਾਂ ਦਾ ਵਿਰੋਧ ਕੀਤਾ ਸੀ।

2002 ਵਿੱਚ ਵੀ ਗੁਜਰਾਤ ਦੰਗਿਆਂ ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਨੇ ਨਰਿੰਦਰ ਮੋਦੀ ਨੂੰ ਰਾਜ ਧਰਮ ਨਿਭਾਉਣ ਲਈ ਕਿਹਾ ਸੀ ਤਾਂ ਉਹ ਵਾਜਪਾਈ ਦੇ ਨਾਲ ਖੜ੍ਹੇ ਨਜ਼ਰ ਆਏ ਸਨ।

ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਬਾਅਦ ਜਦੋਂ ਉਨ੍ਹਾਂ ਦੇ ਕਰੀਬੀਆਂ ਤੇ ਅਧਿਆਪਕਾਂ ਨੇ ਉਨ੍ਹਾਂ ਨੂੰ ਯਾਦ ਕੀਤਾ:

ਵੀਡੀਓ ਕੈਪਸ਼ਨ, ਸੁਸ਼ਮਾ ਸਵਰਾਜ ਦੇ ਦੇਹਾਂਤ ਤੋਂ ਬਾਅਦ ਜਦੋਂ ਉਨ੍ਹਾਂ ਦੇ ਕਰੀਬੀਆਂ ਤੇ ਅਧਿਆਪਕਾਂ ਨੇ ਉਨ੍ਹਾਂ ਨੂੰ ਯਾਦ ਕੀਤਾ

ਸੀਨੀਓਰਟੀ ਦੀ ਅਣਦੇਖੀ

ਮੋਦੀ ਕੈਬਨਿਟ ਵਿੱਚ ਉਨ੍ਹਾਂ ਨੂੰ ਵਿਦੇਸ਼ ਵਰਗਾ ਮਹੱਤਵਪੂਰਨ ਮੰਤਰਾਲਾ ਜ਼ਰੂਰ ਦਿੱਤਾ ਗਿਆ ਸੀ ਪਰ ਸਰਕਾਰ ਵਿੱਚ ਉਨ੍ਹਾਂ ਨੂੰ ਰਾਜਨਾਥ ਸਿੰਘ ਤੋਂ ਬਾਅਦ ਤੀਜੇ ਨੰਬਰ 'ਤੇ ਰੱਖਿਆ ਗਿਆ ਸੀ।

ਹਾਲਾਂਕਿ, ਤਜਰਬੇ ਅਤੇ ਸੀਨੀਓਰਿਟੀ ਵਿੱਚ ਰਾਜਨਾਥ ਸਿੰਘ ਉਨ੍ਹਾਂ ਤੋਂ ਕਿਤੇ ਜੂਨੀਅਰ ਸਨ।

ਸ਼ੁਰੂ ਦਾ ਉਨ੍ਹਾਂ ਦਾ ਕਾਰਜਕਾਲ ਇਸ ਮਾਅਨੇ ਵਿੱਚ ਕਠਿਨ ਸੀ ਕਿ ਨਰਿੰਦਰ ਮੋਦੀ ਦੀ ਸਰਗਰਮ ਵਿਦੇਸ਼ ਨੀਤੀ ਦਾ ਸਿਹਰਾ ਉਨ੍ਹਾਂ ਨੂੰ ਨਾ ਮਿਲ ਕੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਮਿਲ ਰਿਹਾ ਸੀ ਅਤੇ ਸੁਸ਼ਮਾ ਸਵਰਾਜ 'ਲੋ ਪ੍ਰੋਫਾਈਲ' 'ਤੇ ਸਨ।

ਵਿਦੇਸ਼ ਮੰਤਰਾਲੇ ਵਿੱਚ ਇੱਕ ਸਾਲ ਰਹਿਣ ਤੋਂ ਬਾਅਦ ਜਦੋਂ ਕੁਝ ਪੱਤਰਕਾਰਾਂ ਨੇ ਉਨ੍ਹਾਂ ਦੀ ਸਫ਼ਲਤਾ ਦਾ ਰਾਜ ਪੁੱਛਿਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਮੀਡੀਆ ਤੋਂ ਦੂਰ ਰਹਿਣਾ ਅਤੇ ਉਸ ਕੰਮ ਨੂੰ ਕਰਦੇ ਰਹਿਣਾ ਜਿਸ ਨੂੰ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।”

25 ਸਾਲ ਦੀ ਉਮਰ ਵਿੱਚ ਹਰਿਆਣਾ 'ਚ ਮੰਤਰੀ

ਸਿਲਕ ਦੀ ਸਾੜੀ 'ਤੇ ਮਰਦਾਂ ਵਾਲੀ ਜੈਕਟ ਪਹਿਨਣ ਵਾਲੀ ਸੁਸ਼ਮਾ ਸਵਰਾਜ ਦਾ ਕਦ ਮੁਸ਼ਕਿਲ ਨਾਲ 5 ਫੁੱਟ ਜਾਂ ਇਸ ਤੋਂ ਕੁਝ ਹੀ ਵੱਧ ਹੋਣਾ, ਪਰ ਉਨ੍ਹਾਂ ਦਾ ਸਿਆਸੀ ਕਦ ਉਸ ਨਾਲੋਂ ਕਿਤੇ ਵੱਡਾ ਸੀ।

1977 'ਚ ਸਿਰਫ਼ 25 ਸਾਲ ਦੀ ਉਮਰ ਵਿੱਚ ਉਹ ਹਰਿਆਣਾ ਵਿੱਚ ਦੇਵੀ ਲਾਲ ਮੰਤਰੀ ਮੰਡਲ ਵਿੱਚ ਕਿਰਤ ਅਤੇ ਰੁਜ਼ਗਾਰ ਮੰਤਰੀ ਬਣੀ।

ਉਸ ਵੇਲੇ ਬਹੁਤ ਘੱਟ ਲੋਕਾਂ ਨੇ ਸੋਚਿਆ ਸੀ ਕਿ ਆਉਣ ਵਾਲੇ ਦਹਾਕਿਆਂ ਵਿੱਚ ਉਨ੍ਹਾਂ ਦੀ ਗਿਣਤੀ ਭਾਰਤ ਦੇ ਚੋਣਵੇਂ ਨੇਤਾਵਾਂ ਵਿੱਚ ਹੋਵੇਗੀ।

ਸੁਸ਼ਮਾ ਸਵਰਾਜ

ਤਸਵੀਰ ਸਰੋਤ, Getty Images

1973 ਵਿੱਚ ਸੁਸ਼ਮਾ ਸਵਰਾਜ ਨੇ ਸੁਪਰੀਮ ਕੋਰਟ ਦੇ ਵਕੀਲ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਉੱਥੇ ਉਨ੍ਹਾਂ ਦੀ ਮੁਲਾਕਾਤ ਸਵਰਾਜ ਕੌਸ਼ਲ ਨਾਲ ਹੋਈ ਜਿਨ੍ਹਾਂ ਨਾਲ ਉਨ੍ਹਾਂ ਨੇ 1975 ਵਿੱਚ ਵਿਆਹ ਕਰ ਲਿਆ ਸੀ।

ਦੋਵਾਂ ਨੇ ਮਿਲ ਕੇ ਉਸ ਵੇਲੇ ਚੱਲ ਰਹੇ ਅੰਡਰ-ਗਰਾਊਂਡ ਰਹੇ ਸਮਾਜਵਾਦੀ ਨੇਤਾ ਜਾਰਜ ਫਰਨਾਂਡੀਜ਼ ਦਾ ਕੇਸ ਲੜਿਆ ਸੀ।

1990 ਵਿੱਚ ਜਦੋਂ ਵਿਸ਼ਵਨਾਥ ਪ੍ਰਤਾਪ ਸਿੰਘ ਸੱਤਾ ਵਿੱਚ ਆਏ ਤਾਂ ਉਨ੍ਹਾਂ ਨੇ ਸਵਰਾਜ ਕੌਸ਼ਲ ਨੂੰ ਮਿਜ਼ੋਰਮ ਦਾ ਰਾਜਪਾਲ ਬਣਾਇਆ। ਉਹ ਉਸ ਵੇਲੇ ਰਾਜਪਾਲ ਦੇ ਅਹੁਦੇ 'ਤੇ ਕੰਮ ਕਰਨ ਵਾਲੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਸਨ।

ਸੋਨੀਆ ਗਾਂਧੀ ਦੇ ਖ਼ਿਲਾਫ਼ ਬੇਲਾਰੀ ਵਿੱਚ ਉਮੀਦਵਾਰੀ

1999 ਵਿੱਚ ਸੋਨੀਆ ਗਾਂਧੀ ਨੇ ਕਰਨਾਟਕ ਵਿੱਚ ਬੇਲਾਰੀ ਤੋਂ ਚੋਣਾਂ ਲੜਨ ਦਾ ਫ਼ੈਸਲਾ ਲਿਆ ਤਾਂ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਦੇ ਖ਼ਿਲਾਫ਼ ਸੁਸ਼ਮਾ ਨੂੰ ਮੈਦਾਨ ਵਿੱਚ ਉਤਾਰਿਆ ਸੀ।

ਇੱਕ ਵੇਲੇ ਇੱਕ ਪਾਸੜ ਲੱਗ ਰਹੇ ਮੁਕਾਬਲੇ ਨੂੰ ਸੁਸ਼ਮਾ ਨੇ ਆਪਣੀ ਪ੍ਰਚਾਰ ਸ਼ੈਲੀ ਨਾਲ ਬਹੁਤ ਕਰੀਬੀ ਬਣਾ ਦਿੱਤਾ ਸੀ।

ਉਨ੍ਹਾਂ ਨੇ ਬੇਹੱਦ ਘੱਟ ਸਮੇਂ ਦੌਰਾਨ ਕੰਨੜ ਸਿੱਖ ਕੇ ਬੇਲਾਰੀ ਵਿੱਚ ਵੋਟਰਾਂ ਦਾ ਮਨ ਜਿੱਤ ਲਿਆ ਸੀ।

ਪਰ ਜਦੋਂ 2004 ਵਿੱਚ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਤਾਂ ਉਨ੍ਹਾਂ ਨੇ ਇਹ ਬਿਆਨ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਜੇਕਰ ਸੋਨੀਆ ਗਾਂਧੀ ਦੇਸ ਦੀ ਪ੍ਰਧਾਨ ਮੰਤਰੀ ਬਣੇ ਤਾਂ ਉਹ ਆਪਣੇ ਸਿਰ ਮੁੰਡਵਾਂ ਲੈਣਗੇ ਅਤੇ ਸਾਰੀ ਉਮਰ ਜ਼ਮੀਨ 'ਤੇ ਸੋਣਗੇ।

ਇਹ ਵੀ ਪੜ੍ਹੋ-

ਸੁਸ਼ਮਾ ਸਵਰਾਜ ਤੇ ਸੋਨੀਆ ਗਾਂਧੀ

ਤਸਵੀਰ ਸਰੋਤ, Getty Images

ਉਨ੍ਹਾਂ ਦੇ ਇਸ ਬਿਆਨ ਦੀ ਕਾਫੀ ਆਲੋਚਨਾ ਵੀ ਹੋਈ ਪਰ ਛੇਤੀ ਹੀ ਉਨ੍ਹਾਂ ਨੇ ਇਹ ਅਣਗੌਲਿਆਂ ਕਰ ਦਿੱਤਾ।

ਸੰਸਦ ਦੇ ਗਲਿਆਰਿਆਂ ਵਿੱਚ ਉਨ੍ਹਾਂ ਨੂੰ ਕਈ ਵਾਰ ਸੋਨੀਆ ਗਾਂਧੀ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਕੇ ਗੱਲਾਂ ਕਰਦੇ ਹੋਏ ਦੇਖਿਆ ਗਿਆ ਸੀ।

ਹਰਮਨ ਪਿਆਰੀ ਵਿਦੇਸ਼ ਮੰਤਰੀ

1998 ਵਿੱਚ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਬਣੇ ਤਾਂ ਸੁਸ਼ਮਾ ਨੂੰ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰੀ ਬਣਾਇਆ ਗਿਆ ਸੀ।

ਉਹ ਕੁਝ ਸਮੇਂ ਲਈ ਦਿੱਲੀ ਦੀ ਮੁੱਖ ਮੰਤਰੀ ਵੀ ਰਹੇ। 2009 ਵਿੱਚ ਉਨ੍ਹਾਂ ਨੂੰ ਲਾਲ ਕ੍ਰਿਸ਼ਣ ਅਡਵਾਨੀ ਦੀ ਥਾਂ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ।

ਪਰ ਸੁਸ਼ਮਾ ਨੇ ਸਭ ਤੋਂ ਵੱਧ ਨਾਮ ਉਦੋਂ ਕਮਾਇਆ ਜਦੋਂ ਉਨ੍ਹਾਂ ਨੂੰ ਭਾਰਤ ਦਾ ਵਿਦੇਸ਼ ਮੰਤਰੀ ਬਣਾਇਆ ਗਿਆ। ਇੱਥੇ ਕੂਟਨੀਤਕ ਦੇ ਨਾਲ ਉਨ੍ਹਾਂ ਦਾ ਮਨੁੱਖੀ ਪੱਖ ਵੀ ਉਭਰ ਕੇ ਸਾਹਮਣੇ ਆਇਆ।

ਉਨ੍ਹਾਂ ਨੇ ਸਾਊਦੀ ਅਰਬ, ਯਮਨ, ਦੱਖਣੀ ਸੂਡਾਨ, ਇਰਾਕ ਅਤੇ ਯੂਕ੍ਰੇਨ ਵਿੱਚ ਫਸੇ ਹਜ਼ਾਰਾਂ ਭਾਰਤੀ ਮਜ਼ਦੂਰਾਂ ਦੇ ਵਾਪਸ ਆਉਣ ਵਿੱਚ ਉਨ੍ਹਾਂ ਦੀ ਮਦਦ ਕੀਤੀ।

ਇੱਕ ਔਰਤ ਦਾ ਪਾਸਪੋਰਟ ਗੁਆਚ ਜਾਣ ਤੋਂ ਬਾਅਦ ਉਸ ਨੂੰ ਤੁਰੰਤ ਪਾਸਪੋਰਟ ਉਪਲੱਬਧ ਕਰਵਾਇਆ ਤਾਂ ਜੋ ਉਹ ਆਪਣੇ ਹਨੀਮੂਨ 'ਤੇ ਜਾ ਸਕੇ।

ਉਨ੍ਹਾਂ ਨੇ ਇੱਕ 12 ਸਾਲ ਦੇ ਬੱਚੇ ਸੋਨੂੰ ਨੂੰ ਬੰਗਲਾਦੇਸ਼ ਦੇ ਇੱਕ ਅਨਾਥ ਆਸ਼ਰਮ ਤੋਂ ਭਾਰਤ ਵਾਪਸ ਲੈ ਕੇ ਆਉਣ ਵਿੱਚ ਮਦਦ ਕੀਤੀ, ਜਿਸ ਨੂੰ 6 ਸਾਲ ਪਹਿਲਾਂ ਦਿੱਲੀ ਤੋਂ ਅਗਵਾ ਕਰ ਲਿਆ ਗਿਆ ਸੀ।

ਪੂਰੀ ਦੁਨੀਆਂ ਵਿੱਚ ਫੈਲੇ ਭਾਰਤੀ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਉਨ੍ਹਾਂ ਦੇ ਜਜ਼ਬੇ ਨਾਲ ਵਾਸ਼ਿੰਗਟਨ ਪੋਸਟ ਇੰਨਾ ਪ੍ਰਭਾਵਿਤ ਹੋਇਆ ਕਿ ਉਨ੍ਹਾਂ ਉਸ ਨੂੰ 'ਸੁਪਰ ਮੌਮ ਦਾ ਆਫ ਦਾ ਸਟੇਟ' ਦਾ ਨਾਮ ਦੇ ਦਿੱਤਾ।

ਸੁਸ਼ਮਾ ਸਵਰਾਜ

ਤਸਵੀਰ ਸਰੋਤ, Getty Images

ਪਰ ਕੁਝ ਮਾਮਲੇ ਅਜਿਹੇ ਵੀ ਆਏ ਜਦੋਂ ਇਹ 'ਸੁਪਰ ਮੌਮ' ਵੀ ਬੇਸਹਾਰਾ ਨਜ਼ਰ ਆਈ।

ਇੱਕ ਸ਼ਖ਼ਸ ਨੇ ਜਦੋਂ ਉਨ੍ਹਾਂ ਨੂੰ ਟਵਿੱਟਰ 'ਤੇ ਸ਼ਿਕਾਇਤ ਕੀਤੀ ਕਿ ਇੱਕ ਕੰਪਨੀ ਨੇ ਉਨ੍ਹਾਂ ਨੂੰ ਖ਼ਰਾਬ ਫਰਿੱਜ ਵੇਚ ਦਿੱਤੀ ਹੈ ਤਾਂ ਉਨ੍ਹਾਂ ਨੇ ਜਵਾਬ ਦਿੱਤਾ, “ਮੇਰੇ ਭਰਾ ਫਰਿੱਜ ਦੇ ਮਾਮਲੇ ਵਿੱਚ ਮੈਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੀ ਕਿਉਂਕਿ ਮੈਂ, ਪਰੇਸ਼ਾਨੀ ਵਿੱਚ ਪਏ ਇਨਸਾਨਾਂ ਦੀ ਮੁਸੀਬਤਾਂ ਸੁਲਝਾਉਣ 'ਚ ਵਧੇਰੇ ਮਸ਼ਰੂਫ਼ ਹਾਂ।”

------------------------------------------------------------------------------

ਸੁਸ਼ਮਾ ਸਵਰਾਜ ਬਾਰੇ ਖਾਸ ਗੱਲਾਂ

  • ਭਾਜਪਾ ਆਗੂ ਦੇ ਭਾਰਤੀ ਦੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ 6 ਅਗਸਤ 2019 ਨੂੰ ਦੇਹਾਂਤ ਹੋ ਗਿਆ ਆਈ
  • ਸੁਸ਼ਮਾ ਸਵਰਾਜ ਦਾ ਜਨਮ 14 ਫਰਵਰੀ 1952 ਨੂੰ ਹਰਿਆਣਾ ਦੇ ਅੰਬਾਲਾ ਕੈਂਟ ਵਿੱਚ ਹੋਇਆ ਸੀ
  • ਉਨ੍ਹਾਂ ਦਾ ਵਿਆਹ 13 ਜੁਲਾਈ 1975 ਨੂੰ ਸਵਰਾਜ ਕੌਸ਼ਲ ਨਾਲ ਹੋਇਆ ਤੇ ਉਨ੍ਹਾਂ ਦੀ ਇੱਕ ਧੀ ਹੈ ਬਾਂਸੁਰੀ ਸਵਰਾਜ
  • ਉਨ੍ਹਾਂ ਬੀਏ, ਐਲਐਲਬੀ ਅੰਬਾਲਾ ਦੇ ਐਸਡੀ ਕਾਲਜ ਤੋਂ ਅਤੇ ਕਾਨੂੰਨ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਕੀਤੀ ਸੀ
  • 1977-82 ਅਤੇ 1987-90 ਦੌਰਾਨ ਸੁਸ਼ਮਾ ਸਵਰਾਜ ਦੋ ਹਰਿਆਣਾ ਅਸੈਂਬਲੀ ਲਈ ਚੁਣੇ ਗਏ ਸਨ
  • ਇਸ ਦੌਰਾਨ ਉਹ ਹਰਿਆਣਾ ਵਿੱਚ ਲੇਬਰ ਤੇ ਰੁਜ਼ਗਾਰ (1977-79), ਸਿੱਖਿਆ ਮੰਤਰੀ ਫੂਡ ਤੇ ਸਿਵਲ ਸਪਲਾਈ ਮੰਤਰੀ (1987-90) ਰਹੇ
  • ਸਾਲ 1990 ਵਿੱਚ ਸੁਸ਼ਮਾ ਸਵਰਾਜ ਨੂੰ ਸੰਸਦ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਨੂੰ ਰਾਜ ਸਭਾ ਭੇਜਿਆ ਗਿਆ
  • ਇਸ ਤੋਂ ਬਾਅਦ ਭਾਰਤ ਦੀ ਸਿਆਸਤ ਵਿੱਚ ਉਨ੍ਹਾਂ ਇੱਕ ਤੋਂ ਬਾਅਦ ਇੱਕ ਕਈ ਪੌੜੀਆਂ ਚੜ੍ਹੀਆਂ। ਉਹ ਸੂਚਨਾ ਅਤੇ ਸੰਚਾਰ ਮੰਤਰੀ ਰਹੇ
  • ਉਹ ਥੋੜ੍ਹੇ ਸਮੇਂ ਲਈ ਦਿੱਲੀ ਦੇ ਮੁੱਖ ਮੰਤਰੀ ਵੀ ਰਹੇ ਅਤੇ ਆਖਰੀ ਅਹੁਦਾ ਉਨ੍ਹਾਂ ਵਿਦੇਸ਼ ਮੰਤਰੀ ਵਜੋਂ ਸੰਭਾਲਿਆ ਸੀ
  • ਇੰਦਰਾ ਗਾਂਧੀ ਤੋਂ ਬਾਅਦ ਉਹ ਦੂਜੀ ਮਹਿਲਾ ਵਜੋਂ ਭਾਰਤ ਦੀ ਵਿਦੇਸ਼ ਮੰਤਰੀ ਬਣੇ ਸਨ

--------------------------------------------------------------------------------------

ਲੋਕ ਕੂਟਨੀਤੀ ਵਿੱਚ ਮਾਹਿਰ

ਭਾਰਤੀ ਰਾਜਨੀਤੀ ਵਿੱਚ ਟਵਿੱਟਰ ਦਾ ਸਭ ਤੋਂ ਪਹਿਲਾਂ ਇਸਤੇਮਾਲ ਕਰਨ ਵਾਲੇ ਸ਼ਖ਼ਸ ਨਰਿੰਦਰ ਮੋਦੀ ਸਨ।

ਉਨ੍ਹਾਂ ਨੇ ਆਪਣੇ ਮੰਤਰੀ ਮੰਡਲ ਦੇ ਮੈਂਬਰਾਂ ਨੂੰ ਵੀ ਸਾਫ ਕਰ ਦਿੱਤਾ ਸੀ ਕਿ ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੀ ਮੌਜੂਦਗੀ ਉਨ੍ਹਾਂ ਦੇ ਮੁਲਾਂਕਣ ਦਾ ਇੱਕ ਮਹੱਤਵਪੂਰਨ ਮਾਪਦੰਡ ਹੋਵੇਗਾ।

ਸੁਸ਼ਮਾ ਸਵਰਾਜ ਨੇ ਇਸ ਇਸ ਨੂੰ ਗੰਭੀਰਤਾ ਨਾਲ ਲਿਆ। ਸ਼ਾਇਦ ਇਹੀ ਕਾਰਨ ਸੀ ਕਿ ਟਵਿੱਟਰ 'ਤੇ ਉਨ੍ਹਾਂ ਦੇ 86 ਲੱਖ ਫੌਲੋਅਰ ਸੀ।

ਪਰ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੇ ਆਲੋਚਕ ਮੰਨਦੇ ਸਨ ਕਿ ਮੋਦੀ ਦੀ ਕੂਟਨੀਤੀ ਨੂੰ ਮਾਈਕ੍ਰੋ ਮੈਨੇਜ ਕਰਨ ਦੀ ਨੀਤੀ ਨੇ ਸੁਸ਼ਮਾ ਸਵਰਾਜ ਦੇ ਕਰਨ ਲਈ ਕੋਈ ਗੁੰਜਾਇਸ਼ ਨਹੀਂ ਛੱਡੀ ਸੀ।

ਸ਼ਾਇਦ ਇਹੀ ਕਾਰਨ ਸੀ ਕਿ ਉਨ੍ਹਾਂ ਨੂੰ ਟਵਿੱਟਰ 'ਤੇ ਲੋਕ ਕੂਟਨੀਤੀ ਦਾ ਸਹਾਰਾ ਲੈਣਾ ਪਿਆ ਸੀ।

ਲਲਿਤ ਮੋਦੀ ਦਾ ਵਿਵਾਦ

ਸੁਸ਼ਮਾ ਸਵਰਾਜ ਉਸ ਵੇਲੇ ਵਿਵਾਦਾਂ ਵਿੱਚ ਆਈ ਜਦੋਂ ਉਨ੍ਹਾਂ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਕਰਨ ਵਾਲੇ ਲਲਿਤ ਮੋਦੀ ਨੂੰ ਆਪਣੀ ਪਤਨੀ ਦੇ ਆਪਰੇਸ਼ਨ ਲਈ ਬਰਤਾਨੀਆ ਤੋਂ ਪੁਰਤਗਾਲ ਜਾਣ ਵਿੱਚ ਮਦਦ ਕੀਤੀ।

ਤੁਹਾਨੂੰ ਯਾਦ ਹੋਵੇਗਾ ਕਿ ਲਲਿਤ ਮੋਦੀ 'ਤੇ ਵਿੱਤੀ ਗੜਬੜੀਆਂ ਦੇ ਇਲਜ਼ਾਮ ਸਨ ਅਤੇ ਭਾਰਤ ਦਾ ਇਨਫੋਰਸਮੈਂਟ ਡਾਇਰੈਕਟੋਰੇਟ ਜਾਂਚ ਕਰ ਰਿਹਾ ਸੀ।

ਸੁਸ਼ਮਾ ਸਵਰਾਜ ਅਤੇ ਲਲਿਤ ਮੋਦੀ

ਤਸਵੀਰ ਸਰੋਤ, Pti

ਬਰਤਾਨੀਆ ਸਰਕਾਰ ਵੱਲੋਂ ਪੁੱਛੇ ਜਾਣ 'ਤੇ ਕੀ ਲਲਿਤ ਮੋਦੀ ਨੂੰ ਯਾਤਰਾ ਦੇ ਦਸਤਾਵੇਜ਼ ਮੁਹੱਈਆ ਕਰਵਾਏ ਜਾਣ, ਸਵਰਾਜ ਨੇ ਜਵਾਬ ਦਿੱਤਾ ਕਿ ਜੇਕਰ ਬਰਤਾਨੀਆ ਦੀ ਸਰਕਾਰ ਅਜਿਹਾ ਕਰਦੀ ਹੈ ਤਾਂ ਇਸ ਨਾਲ ਭਾਰਤ ਅਤੇ ਬਰਤਾਨੀਆ ਦੇ ਸਬੰਧਾਂ 'ਤੇ ਕੋਈ ਅਸਰ ਨਹੀਂ ਪਵੇਗਾ।

ਇਸ ਮਾਮਲੇ ਨੂੰ ਲੈ ਕੇ ਸੰਸਦ ਵਿੱਚ ਬਹੁਤ ਹੰਗਾਮਾ ਮਚਿਆ ਅਤੇ ਸੁਸ਼ਮਾ ਸਵਰਾਜ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ।

ਵਾਜਪਾਈ ਮੰਤਰੀ ਮੰਡਲ ਵਿੱਚ ਸਿਹਤ ਮੰਤਰੀ ਵਜੋਂ ਦਿੱਤੇ ਗਏ ਉਨ੍ਹਾਂ ਦੇ ਇੱਕ ਬਿਆਨ ਦੀ ਵੀ ਤਿੱਖੀ ਆਲੋਚਨਾ ਹੋਈ ਕਿ ਏਡਸ ਤੋਂ ਬਚਣ ਲਈ ਬ੍ਰਹਮਚਾਰਿਆ ਬਿਹਤਰ ਹੈ ਨਾ ਕਿ ਗਰਭ-ਨਿਰੋਧਕ ਦੇ ਤਰੀਕੇ।

ਪਰ ਇਸੇ ਦੌਰਾਨ ਲੋਕ ਸਭਾ ਸਪੀਕਰ ਸੋਮਨਾਥ ਚੈਟਰਜੀ ਨੇ ਰਾਜਨੀਤੀ ਵਿਰੋਧੀ ਹੁੰਦਿਆਂ ਹੋਇਆ ਵੀ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਚੰਗਾ ਸੰਸਦੀ ਕਾਰਜਮੰਤਰੀ ਐਲਾਨਿਆ ਸੀ, ਜਿਸ ਦੀ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਵੀ ਆਲੋਚਨਾ ਹੋਈ ਸੀ।

ਮਾਈਨਿੰਗ ਕਾਰੋਬਰੀ ਜਨਾਰਧਨ ਰੈਡੀ ਅਤੇ ਸੁਸ਼ਮਾ ਸਵਰਾਜ ਦੇ ਰਿਸ਼ਤੇ

ਸੁਸ਼ਮਾ ਸਵਰਾਜ 'ਤੇ ਬੇਲਾਰੀ (ਕਰਨਾਟਕ) ਦੇ ਰੈਡੀ ਭਰਾਵਾਂ ਨਾਲ ਕਰੀਬੀ ਸਬੰਧ ਰੱਖਣ ਕਾਰਨ ਇਲਜ਼ਾਮ ਵੀ ਲਗਦੇ ਰਹੇ ਹਨ।

ਸਾਲ 1999 ਵਿੱਚ ਕਾਂਗਰਸ ਦੀ ਤਤਕਾਲੀ ਪ੍ਰਧਾਨ ਸੋਨੀਆ ਗਾਂਧੀ ਕਰਨਾਟਕ ਦੇ ਬੇਲਾਰੀ ਤੋਂ ਲੋਕ ਸਭਾ ਚੋਣਾਂ ਲੜ ਰਹੀ ਸੀ। ਭਾਜਪਾ ਨੇ ਸੋਨੀਆ ਦੇ ਖ਼ਿਲਾਫ਼ ਸੁਸ਼ਮਾ ਸਵਰਾਜ ਨੂੰ ਉਤਾਰਿਆ।

ਬੇਲਾਰੀ ਭਰਾ ਉਸ ਵੇਲੇ ਵਪਾਰ ਵਿੱਚ ਤੇਜ਼ੀ ਨਾਲ ਉਭਰ ਰਹੇ ਸਨ। ਇਸੇ ਦੌਰਾਨ ਉਹ ਸੁਸ਼ਮਾ ਸਵਰਾਜ ਦੇ ਕਰੀਬ ਆਏ।

ਬਾਅਦ ਵਿੱਚ ਜਦੋਂ ਯੇਦੁਰੱਪਾ ਦੀ ਆਗਵਾਈ ਵਾਲੀ ਕਰਨਾਟਕ ਵਿੱਚ ਭਾਜਪਾ ਦੀ ਸਰਕਾਰ ਬਣੀ ਤਾਂ ਜਨਾਰਧਨ ਰੈਡੀ ਨੂੰ ਮੰਤਰੀ ਬਣਾਇਆ ਗਿਆ।

ਸੁਸ਼ਮਾ ਸਵਰਾਜ

ਤਸਵੀਰ ਸਰੋਤ, Pti

ਰੈਡੀ ਭਰਾਵਾਂ ਦਾ ਵਪਾਰ ਵੀ ਤੇਜ਼ੀ ਨਾਲ ਵਧਣ ਲੱਗਾ ਅਤੇ ਉਨ੍ਹਾਂ ਨੂੰ ਮਾਈਨਿੰਗ ਦੇ ਖੇਤਰ ਵਿੱਚ ਵੱਡੇ ਤੋਂ ਵੱਡਾ ਕਾਨਟਰੈਕਟ ਮਿਲਦਾ ਰਿਹਾ।

ਕਿਹਾ ਜਾਂਦਾ ਰਿਹਾ ਕਿ ਸੁਸ਼ਮਾ ਸਵਰਾਜ ਨਾਲ ਨੇੜਤਾ ਕਾਰਨ ਹੀ ਰਾਜਨੀਤੀ ਅਤੇ ਵਪਾਰ ਦੋਵਾਂ ਵਿੱਚ ਰੈਡੀ ਭਰਾਵਾਂ ਦੀ ਤੇਜ਼ੀ ਨਾਲ ਤਰੱਕੀ ਹੁੰਦੀ ਰਹੀ।

ਜਦੋਂ ਸੀਬੀਆਈ ਨੇ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਵਿੱਚ 2011 ਵਿੱਚ ਰੈਡੀ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਸੁਸ਼ਮਾ ਸਵਰਾਜ ਦਾ ਨਾਮ ਇੱਕ ਵਾਰ ਫਿਰ ਉਛਲਿਆ। ਇਥੋਂ ਤੱਕ ਕਿ ਸੁਸ਼ਮਾ ਨੂੰ ਬਿਆਨ ਦੇਣਾ ਪਿਆ।

ਉਸ ਵੇਲੇ ਉਨ੍ਹਾਂ ਨੇ ਕਿਹਾ ਸੀ, "ਸੱਚ ਸਾਹਮਣੇ ਆਵੇਗਾ ਤਾਂ ਹੀ ਮੇਰੇ ਨਾਲ ਨਿਆਂ ਹੋਵੇਗਾ। ਦੂਰ-ਦੂਰ ਤੱਕ ਰੈਡੀ ਭਰਾਵਾਂ ਨਾਲ ਮੇਕਾ ਕੋਈ ਵਪਾਰਕ ਸਬੰਧ ਨਹੀਂ ਹੈ।"

ਹਾਲਾਂਕਿ ਉਸ ਵੇਲੇ ਉਨ੍ਹਾਂ ਨੇ ਇਹ ਸਵੀਕਾਰ ਕੀਤਾ ਸੀ ਕਿ ਉਹ ਸਾਲ ਵਿੱਚ ਇੱਕ ਵਾਕ ਰੈਡੀ ਭਰਾਵਾਂ ਵੱਲੋਂ ਪ੍ਰਬੰਧਤ ਲਕਸ਼ਮੀ ਪੂਜਾ ਵਿੱਚ ਸ਼ਾਮਿਲ ਹੁੰਦੇ ਹਨ।

ਰਾਜਘਾਟ 'ਤੇ ਨਾਚ

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨਾਲ ਵੀ ਇੱਕ ਵਾਰ ਉਨ੍ਹਾਂ ਦਾ ਬੋਲ-ਬੁਲੱਈਆ ਹੋ ਗਿਆ ਸੀ। ਸੁਸ਼ਮਾ ਦਾ ਆਖ਼ਰੀ ਟਵੀਟ ਵੀ ਕਸ਼ਮੀਰ ਨਾਲ ਜੁੜਿਆ ਸੀ।

ਸੁਸ਼ਮਾ ਸਵਰਾਜ ਤੇ ਰਾਜਨਾਥ ਸਿੰਘ

ਤਸਵੀਰ ਸਰੋਤ, Getty Images

ਪਰ ਇਹ ਗੱਲ ਹੈ ਸਲ 2001 ਦੀ। ਉਸੇ ਸਾਲ ਸੁਸ਼ਮਾ ਸਵਰਾਜ ਨੇ ਅਹਿਮਦਾਬਾਦ ਵਿੱਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਦੇ ਸਦਭਾਵਨਾ ਵਰਤ ਵਿੱਚ ਸ਼ਿਰਕਤ ਦੌਰਾਨ ਮੋਦੀ ਦੀ ਤਾਰੀਫ਼ ਕਰਦਿਆਂ ਹੋਇਆਂ ਕਿਹਾ ਸੀ ਕਿ ਮੋਦੀ ਦੀ ਰਾਜਨੀਤਕ ਵਿਰੋਧੀ ਮਹਿਬੂਬਾ ਮੁਫ਼ਤੀ ਵੀ ਮੋਦੀ ਦੇ ਕੰਮ ਦੀ ਸ਼ਲਾਘਾ ਕਰਦੀ ਹੈ।

ਸੁਸ਼ਮਾ ਦਾ ਦਾਅਵਾ ਸੀ ਕਿ ਰਾਸ਼ਟਰੀ ਏਕਤਾ ਪਰੀਸ਼ਦ ਦੀ ਬੈਠਕ ਵਿੱਚ ਮਹਿਬੂਬਾ ਨੇ ਮੋਦੀ ਦੀ ਜੰਮ ਕੇ ਤਾਰੀਫ਼ ਕੀਤੀ ਸੀ।

ਮਹਿਬੂਬਾ ਨੇ ਸੁਸ਼ਮਾ ਦੇ ਦਾਅਵੇ ਨੂੰ ਸਿਰੇ ਤੋਂ ਖਾਰਜ ਕਰਦਿਆਂ ਹੋਇਆ ਕੇਂਦਰ ਸਰਕਾਰ ਨੂੰ ਕਿਹਾ ਕਿ ਉਹ ਐਨਆਈਸੀ ਦੀ ਬੈਠਕ ਦੀ ਕਾਰਵਾਈ ਨੂੰ ਜਨਤਕ ਕਰਨ।

ਸਾਲ 2011 ਵਿੱਚ ਉਹ ਇੱਕ ਵਾਰ ਹੋਰ ਵਿਵਾਦਾਂ ਵਿੱਚ ਘਿਰੀ ਜਦੋਂ ਮਹਾਤਮਾ ਗਾਂਧੀ ਦੀ ਸਮਾਧੀ 'ਤੇ ਇੱਕ ਵਿਰੋਧ-ਪ੍ਰਦਰਸ਼ਨ ਦੌਰਾਨ ਨੱਚਦਿਆਂ ਹੋਇਆਂ ਉਨ੍ਹਾਂ ਦਾ ਵੀਡੀਓ ਵਾਇਰਲ ਹੋਇਆ।

ਜਦੋਂ ਵਿਰੋਧੀ ਧਿਰ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸਿਰਫ਼ ਆਪਣੇ ਸਮਰਥਕਾਂ ਦਾ ਮਨੋਬਲ ਵਧਾਉਣ ਲਈ ਦੇਸਭਗਤੀ ਦੇ ਗੀਤਾਂ 'ਤੇ ਨੱਚ ਰਹੀ ਸੀ।

ਭਗਵਤ ਗੀਤਾ ਨੂੰ ਲੈ ਕੇ ਵਿਵਾਦ

ਉਨ੍ਹਾਂ ਨੂੰ ਇੱਕ ਵਾਰ ਫਿਰ ਵਿਵਾਦ ਨੇ ਉਦੋਂ ਘੇਰਿਆ ਜਦੋਂ ਉਨ੍ਹਾਂ ਨੇ ਭਗਵਤ ਗੀਤਾ ਨੂੰ 'ਰਾਸ਼ਟਰੀ ਗ੍ਰੰਥ' ਵਜੋਂ ਮਾਨਤਾ ਦਿੱਤੇ ਜਾਣ ਦੀ ਮੰਗ ਕੀਤੀ।

ਉਸ ਵੇਲੇ ਵੀ ਤ੍ਰਿਣਮੂਲ ਕਾਂਗਰਸ ਅਤੇ ਭਾਰਤ ਰਾਸ਼ਟਰੀ ਕਾਂਗਰਸ ਦੇ ਨਿਸ਼ਾਨੇ 'ਤੇ ਆ ਗਈ।

ਮਾਮਲੇ ਕੁਝ ਅਜਿਹਾ ਸੀ ਕਿ ਭਗਵਤ ਗੀਤਾ ਨੂੰ 'ਰਾਸ਼ਟਰੀ ਗ੍ਰੰਥ' ਵਜੋਂ ਐਲਾਨਣ ਦੀ ਮੰਗ ਦਰਅਸਲ ਵਿਸ਼ਵ ਹਿੰਦੂ ਪਰੀਸ਼ਦ ਦੇ ਤਤਕਾਲੀ ਮੁਖੀ ਅਸ਼ੋਕ ਸਿੰਘਲ ਨੇ ਕੀਤੀ ਸੀ। ਸੁਸ਼ਮਾ ਨੇ ਉਨ੍ਹਾਂ ਦੀਆਂ ਗੱਲਾਂ ਨੂੰ ਦੁਹਰਾਇਆ ਸੀ।

ਸੁਸ਼ਮਾ ਸਵਰਾਜ

ਤਸਵੀਰ ਸਰੋਤ, Getty Images

ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਸੁਸ਼ਮਾ ਸਵਰਾਜ ਨੇ ਕਿਹਾ ਕਿ ਭਗਵਤ ਗੀਤਾ ਨੂੰ 'ਰਾਸ਼ਟਰੀ ਗ੍ਰੰਥ' ਦਾ ਦਰਜਾ ਉਦੋਂ ਮਿਲ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਬਤੌਰ ਤੋਹਫਾ ਭਗਵਤ ਗੀਤਾ ਭੇਟ ਕੀਤੀ ਸੀ।

ਬਿਹਤਰੀਨ ਬੁਲਾਰਾ

ਸੁਸ਼ਮਾ ਸਵਰਾਜ ਨੂੰ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਭਾਜਪਾ ਦੇ ਸਭ ਤੋਂ ਵਧੀਆ ਬੁਰਾ ਮੰਨਿਆ ਜਾਂਦਾ ਸੀ।

ਹਿੰਦੀ ਅਤੇ ਅੰਗਰੇਜ਼ੀ 'ਤੇ ਬਰਾਬਰ ਅਧਿਕਾਰ ਰੱਖਣ ਵਾਲੀ ਸੁਸ਼ਮਾ ਸਵਰਾਜ ਨੂੰ ਉਨ੍ਹਾਂ ਦੀ ਬੋਲਣ ਦੀ ਸੂਝ ਕਰਕੇ ਜਾਣਿਆ ਜਾਂਦਾ ਸੀ।

2016 ਵਿੱਚ ਉਨ੍ਹਾਂ ਦਾ ਕਿਡਨੀ ਟਰਾਂਸਪਲਾਂਟ ਹੋਈ ਸੀ। 2019 ਵਿੱਚ ਲੋਕਸਭਾ ਚੋਣਾਂ ਤੋਂ ਕਾਫੀ ਪਹਿਲਾਂ ਉਨ੍ਹਾਂ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਸੀ ਕਿ ਉਹ ਚੋਣਾਂ ਨਹੀਂ ਲੜਨਗੇ, ਕਿਉਂਕਿ ਉਨ੍ਹਾਂ ਦੀ ਸਿਹਤ ਇਸ ਦੀ ਇਜਾਜ਼ਤ ਨਹੀਂ ਦਿੰਦੀ।

ਚੋਣਾਂ ਹੋਣ ਤੋਂ ਬਾਅਦ ਉਨ੍ਹਾਂ ਨੇ ਨਾ ਸਿਰਫ਼ ਉਨ੍ਹਾਂ ਸਾਰੇ ਸ਼ੰਕਿਆਂ ਨੂੰ ਠੱਲ੍ਹ ਪਾਈ, ਜਿਨ੍ਹਾਂ ਤਹਿਤ ਇਹ ਮੰਨਿਆ ਜਾ ਰਿਹਾ ਸੀ ਕਿ ਉਨ੍ਹਾਂ ਰਾਜ ਸਭਾ ਵਿੱਚ ਜਾਣ ਜਾਂ ਕਿਸੇ ਸੂਬੇ ਦੇ ਰਾਜਪਾਲ ਬਣਨ ਦੀ ਗੱਲ ਕਹੀ ਜਾ ਰਹੀ।

ਬਲਕਿ ਉਨ੍ਹਾਂ ਨੇ ਕੁਝ ਦਿਨਾਂ ਦੇ ਅੰਦਰ ਹੀ ਆਪਣਾ ਸਰਕਾਰੀ ਆਵਾਸ ਖਾਲੀ ਕਰ ਕੇ ਨਿੱਜੀ ਮਕਾਨ ਵਿੱਚ ਰਹਿਣ ਦਾ ਫ਼ੈਸਲਾ ਕੀਤਾ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)