ਮੇਰਠ ਦੇ ਕੁਝ ਮੁਹੱਲਿਆਂ ਤੋਂ ਹਿੰਦੂਆਂ ਦੇ 'ਉਜਾੜੇ', ਕੀ ਹੈ ਪੂਰੀ ਕਹਾਣੀ

ਤਸਵੀਰ ਸਰੋਤ, BBC/SAMEERATMAJ MISHRA
- ਲੇਖਕ, ਸਮੀਰਾਤਮਜ ਮਿਸ਼ਰ
- ਰੋਲ, ਮੇਰਠ ਤੋਂ, ਬੀਬੀਸੀ ਲਈ
''ਸਾਨੂੰ ਤਾਂ 57 ਸਾਲ ਹੋ ਗਏ ਇੱਥੇ ਰਹਿੰਦਿਆਂ। ਅਜਿਹਾ ਤਾਂ ਕੁਝ ਨਹੀਂ ਹੈ ਕਿ ਕਿਸੇ ਦੇ ਡਰ ਦੇ ਕਰਕੇ ਕੋਈ ਚਲਾ ਗਿਆ ਹੋਵੇ। ਸਾਹਮਣੇ ਵਾਲਾ ਮਕਾਨ ਦੇਖੋ। ਇਨ੍ਹਾਂ ਦੇ ਪੰਜ ਮੁੰਡੇ ਹਨ, ਸਾਰੇ ਬਾਹਰ (ਵਿਦੇਸ਼) ਚਲੇ ਗਏ। ਹੁਣ ਬੁੱਢਾ-ਬੁੱਢੀ ਰਹਿ ਗਏ ਤਾਂ ਕੀ ਕਰਨਗੇ? ਮਕਾਨ ਤਾਂ ਵੇਚਣਗੇ ਹੀ, ਮਕਾਨ ਛੱਡ ਕੇ ਤਾਂ ਨਹੀਂ ਚਲੇ ਜਾਣਗੇ।''
ਇਹ ਗੱਲ 80 ਸਾਲ ਦੇ ਦੇਸ ਰਾਜ ਨੇ ਕਹੀ, ਜੋ ਪ੍ਰਹਲਾਦ ਨਗਰ ਦੇ ਅੰਦਰੂਨੀ ਮੁਹੱਲੇ ਦੀ ਇੱਕ ਗਲੀ ਵਿੱਚ ਆਪਣੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ।
ਉਨ੍ਹਾਂ ਨੂੰ ਇਸ ਗੱਲ ਨਾਲ ਬੇਹੱਦ ਤਕਲੀਫ਼ ਵੀ ਸੀ ਕਿ ਪਿਛਲੇ ਕੁਝ ਦਿਨਾਂ ਤੋਂ ਕਈ ਵਾਰ ਮੀਡੀਆ ਵਾਲੇ ਉਨ੍ਹਾਂ ਤੋਂ ਇਹੀ ਕੁਝ ਪੁੱਛ ਰਹੇ ਹਨ।
ਮੁੜ ਕੇ ਉਹ ਮੈਨੂੰ ਪੁੱਛਦੇ ਹਨ, 'ਪਤਾ ਲਗਾਓ, ਇਹ ਸਭ ਕਰ ਕੌਣ ਰਿਹਾ ਹੈ?'
ਜਿਹੜੇ ਸਾਹਮਣੇ ਵਾਲੇ ਘਰ ਵੱਲ ਉਹ ਇਸ਼ਾਰਾ ਕਰ ਰਹੇ ਸਨ, ਉਹ ਬੰਦ ਪਿਆ ਸੀ ਅਤੇ ਉਸਦੇ ਮਾਲਿਕ ਵੀ ਆਪਣਾ ਮਕਾਨ ਵੇਚਣ ਦੀ ਕੋਸ਼ਿਸ਼ 'ਚ ਲੱਗੇ ਹਨ।
ਇਹ ਵੀ ਪੜ੍ਹੋ:
ਦੇਸ ਰਾਜ ਦੱਸਦੇ ਹਨ, ''ਸਾਡੇ ਚਾਰੇ ਪਾਸੇ ਮੁਸਲਮਾਨਾਂ ਦੀ ਆਬਾਦੀ ਹੈ, ਮੁੱਖ ਸੜਕ ਦੇ ਦੂਜੇ ਪਾਸੇ ਹਿੰਦੂਆਂ ਦੀ ਆਬਾਦੀ ਹੈ। ਮੇਰੇ ਦੇਖਦੇ-ਦੇਖਦੇ ਕਰੀਬ 10 ਵਾਰ ਦੰਗੇ ਵੀ ਹੋਏ, ਕਰਫ਼ਿਊ ਵੀ ਲੱਗਿਆ ਪਰ ਸਾਨੂੰ ਕਿਸੇ ਨੇ ਨਾ ਕਦੇ ਕੁੱਟਿਆ-ਮਾਰਿਆ ਅਤੇ ਨਾ ਹੀ ਧਮਕਾਇਆ। ਅਸੀਂ ਵੀ ਕਦੇ ਆਪਣੇ ਗੁਆਂਢੀਆਂ ਨਾਲ ਇੰਝ ਨਹੀਂ ਕੀਤਾ। ਹੁਣ ਅਚਾਨਕ ਪਤਾ ਨਹੀਂ ਲੋਕ ਕਿਉਂ ਡਰਨ ਲੱਗੇ ਅਤੇ ਦੂਜੇ ਲੋਕ ਡਰਾਉਣ ਲੱਗੇ।''

ਤਸਵੀਰ ਸਰੋਤ, BBC/SAMEERATMAJ MISHRA
ਦੇਸ ਰਾਜ ਦੇ ਕੋਲ ਹੀ ਉਨ੍ਹਾਂ ਦੀ ਪਤਨੀ ਵੀ ਖੜੀ ਸੀ, ਕਹਿਣ ਲੱਗੀ, ''ਇੱਥੇ ਹੀ ਵਿਆਹ ਹੋਇਆ, ਬੱਚੇ ਹੋਏ, ਪੋਤੇ-ਪੋਤੀ ਹੋ ਗਏ। ਕੁਝ ਇੱਥੇ ਹੀ ਰਹਿ ਰਹੇ ਹਨ ਤੇ ਕੁਝ ਕਮਾਉਣ-ਖਾਣ ਦੇ ਮਕਸਦ ਨਾਲ ਬਾਹਰ ਵੀ ਰਹਿ ਰਹੇ ਹਨ ਪਰ ਇਹ ਸਭ ਜੋ ਅਸੀਂ ਸੁਣ ਰਹੇ ਹਾਂ, ਪਹਿਲਾਂ ਕਦੇ ਨਹੀਂ ਸੁਣਿਆ ਸੀ।''
CM ਯੋਗੀ ਦਾ ਖੰਡਨ
ਪ੍ਰਹਲਾਦ ਨਗਰ, ਮੇਰਠ ਸ਼ਹਿਰ ਦੇ ਵਿਚਾਲੇ ਪੈਂਦਾ ਉਹ ਮੁਹੱਲਾ ਹੈ ਜੋ ਪਿਛਲੇ ਕਰੀਬ ਇੱਕ ਹਫ਼ਤੇ ਤੋਂ ਹਿੰਦੂਆਂ ਦੇ ਕਥਿਤ 'ਪਲਾਇਨ' ਨੂੰ ਲੈ ਕੇ ਚਰਚਾ ਵਿੱਚ ਹੈ। ਇਸ ਪਲਾਇਨ ਦੇ ਪਿੱਛੇ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਅਜਿਹਾ ਮੁਸਲਮਾਨਾਂ ਦੇ ਖ਼ੌਫ਼ ਕਰਕੇ ਹੋ ਰਿਹਾ ਹੈ ਕਿਉਂਕਿ ਇਲਾਕੇ ਵਿੱਚ ਮੁਸਲਿਮ ਆਬਾਦੀ ਕਾਫ਼ੀ ਵੱਧ ਗਈ ਹੈ।
ਪਿਛਲੇ ਹਫ਼ਤੇ ਅਚਾਨਕ ਸਥਾਨਕ ਆਗੂਆਂ ਤੋਂ ਲੈ ਕੇ ਸੋਸ਼ਲ ਮੀਡੀਆ ਉੱਤੇ ਇਹ ਬਹਿਸ ਚੱਲ ਪਈ ਕਿ ਇੱਥੋਂ ਦੇ ਸਥਾਨਕ ਲੋਕ ਅਤੇ ਪੁਸ਼ਤੈਨੀ ਹਿੰਦੂ ਲੋਕ ਛੇੜਛਾੜ, ਗੁੰਡਾਗਰਦੀ, ਚੋਰੀ ਆਦਿ ਹਾਲਾਤ ਦੇ ਕਾਰਨ ਆਪਣੇ ਘਰ ਵੇਚ ਕੇ ਜਾ ਰਹੇ ਹਨ।
ਤਮਾਮ ਮਕਾਨਾਂ ਦੇ ਬਾਹਰ 'ਮਕਾਨ ਵਿਕਾਊ ਹੈ' ਵਰਗੇ ਇਸ਼ਤਿਹਾਰਾਂ ਦੀਆਂ ਤਸਵੀਰਾਂ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਫ਼ੈਲ ਗਈਆਂ, ਹਿੰਦੂ ਸੰਗਠਨਾਂ ਅਤੇ ਭਾਜਪਾ ਦੇ ਕਈ ਆਗੂ ਵੀ ਇਸ ਮਾਮਲੇ 'ਚ ਚਿੰਤਾ ਜ਼ਾਹਿਰ ਕਰਦਿਆਂ ਬਿਆਨ ਦੇਣ ਲੱਗੇ ਅਤੇ ਦੇਖਦੇ ਹੀ ਦੇਖਦੇ ਲੋਕਾਂ ਨੂੰ 'ਕੈਰਾਨਾ ਦੇ ਪਲਾਇਨ' ਵਾਲਾ ਮੁੱਦਾ ਚੇਤੇ ਆ ਗਿਆ।
ਮਾਮਲੇ ਦੀ ਸ਼ਿਕਾਇਤ 'ਨਮੋ ਐਪ' ਰਾਹੀਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਵੀ ਕੀਤੀ ਗਈ।
ਇਸ ਦੌਰਾਨ, ਮੁੱਖ ਮੰਤਰੀ ਯੋਗੀ ਅਦਿਤਿਆਨਾਥ ਜਦੋਂ ਸਹਾਰਨਪੁਰ ਪਹੁੰਚੇ ਤਾਂ ਉਨ੍ਹਾਂ ਨੂੰ ਤੋਂ ਇਸ ਕਥਿਤ ਪਲਾਇਨ ਬਾਰੇ ਜਦੋਂ ਪੁੱਛਿਆ ਗਿਆ ਤਾਂ ਮੁੱਖ ਮੰਤਰੀ ਦਾ ਜਵਾਬ ਸੀ, ''ਕੋਈ ਪਲਾਇਨ ਨਹੀਂ ਹੈ, ਸਾਡੇ ਰਹਿੰਦੇ ਭਲਾ ਕਿਹੜਾ ਹਿੰਦੂ ਪਲਾਇਨ ਕਰ ਸਕਦਾ ਹੈ।''

ਤਸਵੀਰ ਸਰੋਤ, BBC/SAMEERATMAJ MISHRA
ਦਿਲਚਸਪ ਗੱਲ ਇਹ ਹੈ ਕਿ ਯੋਗੀ ਅਦਿਤਿਆਨਾਥ ਦੇ ਇਸ ਬਿਆਨ ਤੋਂ ਬਾਅਦ 'ਪਲਾਇਨ' ਸ਼ਬਦ ਜਿਵੇਂ ਇੱਥੋਂ ਦੀ ਫ਼ਿਜ਼ਾ 'ਚੋਂ ਗਾਇਬ ਹੋ ਗਿਆ। ਲੋਕ ਛੇੜਛਾੜ, ਟ੍ਰੈਫ਼ਿਕ ਸਮੱਸਿਆ, ਮਕਾਨ ਵੇਚਣ ਅਤੇ ਹੋਰ ਅਜਿਹੀਆਂ ਕਈ ਗੱਲਾਂ ਅਜੇ ਵੀ ਕਰ ਰਹੇ ਹਨ ਪਰ ਕੋਈ ਇਹ ਕਹਿਣ ਨੂੰ ਤਿਆਰ ਨਹੀਂ ਹੈ ਕਿ ਇੱਥੋਂ ਕੋਈ 'ਪਲਾਇਨ' ਹੋਇਆ ਹੈ।
ਉਹ ਲੋਕ ਵੀ ਨਹੀਂ ਜਿਨ੍ਹਾਂ ਨੇ ਇਸ ਮੁੱਦੇ ਨੂੰ ਕੁਝ ਦਿਨ ਪਹਿਲਾਂ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਇੱਥੋਂ ਤੱਕ ਕਿ 'ਮਕਾਨ ਵਿਕਾਊ ਹੈ' ਦੀ ਇਬਾਰਤ ਵੀ ਕਈ ਥਾਂ ਮਿਟਾ ਦਿੱਤੀ ਗਈ ਹੈ, ਹਾਲਾਂਕਿ ਤਮਾਮ ਪੁਰਾਣੇ ਮਕਾਨਾਂ ਉੱਤੇ ਅਤੇ ਉਨ੍ਹਾਂ ਦੇ ਦਰਵਾਜ਼ਿਆਂ 'ਤੇ 'ਵਿਕਾਊ' ਵਾਲੀ ਤਖ਼ਤੀ ਟੰਗੀ ਹੋਈ ਹੈ।
ਮਿਲੀ ਜੁਲੀ ਆਬਾਦੀ

ਪ੍ਰਹਲਾਦ ਨਗਰ ਦੇ ਹੀ ਰਹਿਣ ਵਾਲੇ ਅਤੇ ਸਮਾਜਿਕ ਕੰਮਾਂ 'ਚ ਸਰਗਰਮ ਇੱਕ ਵਿਅਕਤੀ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ, ''ਵੇਖੋ ਸਾਹਿਬ, ਹਿੰਦੂਆਂ ਨੇ ਮਕਾਨ ਵੇਚੇ ਹਨ, ਮੁਸਲਮਾਨਾਂ ਨੇ ਖ਼ਰੀਦੇ ਹਨ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਇਸ ਵਜ੍ਹਾ ਕਰਕੇ ਪੂਰੀ ਪ੍ਰਹਲਾਦ ਨਗਰ ਹਿੰਦੂ ਬਸਤੀ ਦੀ ਥਾਂ ਮੁਸਲਿਮ ਬਸਤੀ ਬਣਨ ਵੱਲ ਹੈ। ਹਰ ਵਿਅਕਤੀ ਇਹ ਗੱਲ ਤੁਹਾਨੂੰ ਦੱਸੇਗਾ, ਪਰ ਕੈਮਰੇ 'ਤੇ ਜਾਂ ਰਿਕਾਰਡ 'ਤੇ ਕੁਝ ਵੀ ਨਹੀਂ।''
ਦਰਅਸਲ, ਪ੍ਰਹਲਾਦ ਨਗਰ ਨੂੰ ਵੰਢ ਤੋਂ ਬਾਅਦ ਇੱਕ ਸ਼ਰਨਾਰਥੀ ਕਲੌਨੀ ਦੇ ਤੌਰ 'ਤੇ ਵਸਾਇਆ ਗਿਆ ਸੀ, ਜਿੱਥੇ ਪਾਕਿਸਤਾਨ ਤੋਂ ਆਏ ਹਿੰਦੂ ਪਰਿਵਾਰਾਂ ਨੂੰ ਰਹਿਣ ਦੇ ਲਈ ਥਾਂ ਦਿੱਤੀ ਗਈ ਸੀ।
ਇਸ ਤੋਂ ਪਹਿਲਾਂ ਹੀ ਵੱਧ ਮੁਸਲਿਮ ਆਬਾਦੀ ਵਾਲਾ ਮੁਹੱਲਾ ਇਸਲਾਮਾਬਾਦ ਵਸਿਆ ਹੋਇਆ ਸੀ। ਇਸਲਾਮਾਬਾਦ ਤੋਂ ਪ੍ਰਹਲਾਦ ਨਗਰ 'ਚ ਦਾਖਲੇ ਲਈ ਜੋ ਸੜਕ ਹੈ, ਉਹ ਬਹੁਤੀ ਚੌੜੀ ਨਹੀਂ ਹੈ ਜਦਕਿ ਸੜਕ ਦੇ ਨਾਲ ਲਗਦੀਆਂ ਗਲੀਆਂ ਤਾਂ ਬੇਹੱਦ ਤੰਗ ਹਨ। ਇਸੇ ਕਰਕੇ ਆਏ ਦਿਨ ਟ੍ਰੈਫ਼ਿਕ ਅਤੇ ਜਾਮ ਦੀ ਸਮੱਸਿਆ ਨਾਲ ਇੱਥੋਂ ਦੇ ਲੋਕ ਦੋ-ਚਾਰ ਹੁੰਦੇ ਹਨ।
ਪ੍ਰਹਲਾਦ ਨਗਰ ਤਿੰਨ ਪਾਸਿਓਂ ਮੁਸਲਿਮ ਆਬਾਦੀ ਨਾਲ ਘਿਰਿਆ ਹੈ ਅਤੇ ਇੱਥੋਂ ਦੀ ਆਬਾਦੀ ਵੀ ਮਿਲੀ-ਜੁਲੀ ਹੈ। ਤਮਾਮ ਦਾਅਵਿਆਂ ਤੋਂ ਪਰੇ ਪਿਛਲੇ ਕੁਝ ਸਾਲਾਂ ਵਿੱਚ ਇੱਥੇ ਕਈ ਮਕਾਨ ਵੇਚੇ ਗਏ ਹਨ, ਪਰ ਇਸਦੀ ਵਜ੍ਹਾ ਕੁਝ ਹੋਰ ਵੀ ਹੈ।

ਤਸਵੀਰ ਸਰੋਤ, BBC/SAMEERATMAJ MISHRA
ਸਥਾਨਕ ਵਾਸੀ ਦਿਨੇਸ਼ ਕੁਮਾਰ ਕਹਿੰਦੇ ਹਨ, ''ਲੋਕਾਂ ਨੇ ਆਪਣੀ ਸਹੂਲੀਅਤ ਨਾਲ ਮਕਾਨ ਵੇਚੇ ਹਨ। ਪਰਿਵਾਰ ਵੱਡੇ ਹੋ ਰਹੇ ਹਨ ਅਤੇ ਇਲਾਕਾ ਛੋਟਾ ਹੀ ਹੈ। ਬਾਹਰ ਜਾ ਕੇ ਨਵੀਂ ਕਲੌਨੀਆਂ 'ਚ ਲੋਕਾਂ ਨੇ ਜ਼ਮੀਨ ਖ਼ਰੀਦੀ ਅਤੇ ਮਕਾਨ ਬਣਵਾਏ। ਮੁਸਲਮਾਨਾਂ ਨੂੰ ਮਕਾਨ ਵੇਚਣ ਪਿੱਛੇ ਸਿਰਫ਼ ਇਹ ਵਜ੍ਹਾ ਹੈ ਕਿ ਉਨ੍ਹਾਂ ਨੇ ਵੱਧ ਪੈਸੇ ਦਿੱਤੇ। ਹਿੰਦੂਆਂ ਨੇ ਜ਼ਿਆਦਾ ਪੈਸੇ ਦਿੱਤੇ ਹੁੰਦੇ ਤਾਂ ਮਕਾਨ ਉਨ੍ਹਾਂ ਨੂੰ ਵੇਚਿਆ ਜਾਂਦਾ।''
ਛੇੜਛਾੜ ਅਤੇ ਮਾੜੀ ਵਿਵਸਥਾ ਦੀ ਗੱਲ ਤੋਂ ਦਿਨੇਸ਼ ਕੁਮਾਰ ਵੀ ਇਨਕਾਰ ਨਹੀਂ ਕਰਦੇ ਪਰ ਉਨ੍ਹਾਂ ਦਾ ਕਹਿਣਾ ਹੈ, ''ਅਜਿਹਾ ਮੁਸਲਮਾਨ ਮੁੰਡੇ ਹੀ ਕਰਦੇ ਹਨ, ਇਹ ਕਹਿਣਾ ਠੀਕ ਨਹੀਂ ਹੈ। ਹਾਂ, ਸਟੰਟ ਕਰਨ ਵਾਲਿਆਂ ਅਤੇ ਗ਼ਲਤ ਹਰਕਤਾਂ ਕਰਨ ਵਾਲੇ ਮੁੰਡੇ ਇਸਲਾਮਾਬਾਦ ਵੱਲ ਤੋਂ ਹੀ ਆਉਂਦੇ ਹਨ।''
ਵਿਸ਼ਵਾਸ ਬਹਾਲ ਕਰਨ ਦੀਆਂ ਕੋਸ਼ਿਸ਼ਾਂ

ਖ਼ੈਰ, ਇਸ ਵਿਵਾਦ ਨੂੰ ਤੁਰੰਤ ਸੁਲਝਾਉਣ ਲਈ ਪ੍ਰਸ਼ਾਸਨ ਨੇ ਪ੍ਰਹਲਾਦ ਨਗਰ ਤੋਂ ਇਸਲਾਮਾਬਾਦ ਜਾਣ ਵਾਲੀ ਸੜਕ ਦੇ ਦੋਵਾਂ ਪਾਸੇ ਬੈਰੀਕੇਡਿੰਗ ਕਰ ਦਿੱਤੀ ਹੈ ਅਤੇ ਪੁਲਿਸ ਪਿਕੇਟ ਲਗਾ ਦਿੱਤੀ ਹੈ। ਸਥਾਨਕ ਲੋਕ ਇਨ੍ਹਾਂ ਦੋਵਾਂ ਹੀ ਥਾਂਵਾਂ ਉੱਤੇ ਗੇਟ ਲਗਵਾਉਣ ਦੀ ਗੱਲ ਕਰ ਰਹੇ ਹਨ।
ਹਾਲਾਂਕਿ ਕਾਨੂੰਨ ਵਿਵਸਥਾ ਦੇ ਸਵਾਲ 'ਤੇ ਮੇਰਠ ਜ਼ੋਨ ਦੇ ਵਧੀਕ ਪੁਲਿਸ ਕਮਿਸ਼ਨਰ ਪ੍ਰਸ਼ਾਂਤ ਕੁਮਾਰ ਕਹਿੰਦੇ ਹਨ, ''ਕਾਨੂੰਨ ਵਿਵਸਥਾ ਦੀ ਜੋ ਦਿੱਕਤਾਂ ਸਨ, ਉਨ੍ਹਾਂ ਨੂੰ ਦੂਰ ਕਰ ਲਿਆ ਗਿਆ ਹੈ। ਕੈਮਰੇ ਵੀ ਲਗਵਾਏ ਜਾ ਰਹੇ ਹਨ, ਪੁਲਿਸ ਦੀ ਗਸ਼ਤ ਵਧਾ ਦਿੱਤੀ ਗਈ ਹੈ। ਲੋਕਾਂ ਵਿੱਚ ਵਿਸ਼ਵਾਸ ਬਹਾਲੀ ਲਈ ਅਮਨ ਕਮੇਟੀ ਦੀਆਂ ਬੈਠਕਾਂ ਵੀ ਹੋ ਰਹੀਆਂ ਹਨ।''
ਇਸਲਾਮਾਬਾਦ ਦੇ ਕੁਝ ਮੁਸਲਿਮ ਲੋਕਾਂ ਨੂੰ ਇਨ੍ਹਾਂ ਖ਼ਬਰਾਂ ਨਾਲ ਕਾਫ਼ੀ ਠੇਸ ਪਹੁੰਚੀ ਹੈ।

ਤਸਵੀਰ ਸਰੋਤ, BBC/SAMEERATMAJ MISHRA
60 ਸਾਲ ਦੇ ਅਬਦੁਲ ਸਲਾਮ ਕਹਿੰਦੇ ਹਨ, ''ਗੇਟ ਕਿਉਂ, ਅਸੀਂ ਤਾਂ ਕਹਿੰਦੇ ਹਾਂ ਕਿ ਕੰਧ ਹੀ ਖੜੀ ਕਰ ਦਿਓ। ਜਦੋਂ ਰਿਸ਼ਤਿਆਂ ਵਿੱਚ ਹੀ ਦੀਵਾਰ ਖੜੀ ਕੀਤੀ ਜਾ ਰਹੀ ਹੈ ਤਾਂ ਜ਼ਮੀਨ 'ਤੇ ਵੀ ਖੜੀ ਕਰ ਦਿਓ। ਬਚਪਨ ਤੋਂ ਅਸੀਂ ਇੱਥੇ ਰਹਿ ਰਹੇ ਹਾਂ। ਹਿੰਦੂਆਂ-ਮੁਸਲਮਾਨਾਂ ਦੀ ਤੀਜੀ ਪੀੜੀ ਹੈ, ਸਾਰੇ ਇਕੱਠੇ ਰਹੇ ਹਨ, ਕਦੇ ਕੋਈ ਆਪਸੀ ਵਿਵਾਦ ਹੋਇਆ ਹੋਵੇ ਤਾਂ ਦੱਸੋ। ਇਸ ਬਾਰੇ ਤੁਸੀਂ ਪੁਲਿਸ ਥਾਣੇ ਵਿੱਚ ਜਾ ਕੇ ਪਤਾ ਕਰ ਸਕਦੇ ਹੋ। ਕੋਈ ਦੱਸੋ ਕਿ ਮੁਸਲਮਾਨਾਂ ਦੇ ਡਰ ਨਾਲ ਕਿਸੇ ਨੇ ਘਰ ਵੇਚਿਆ ਹੋਵੇ। ਸਿਰਫ਼ ਰਾਜਨੀਤੀ ਕਰ ਰਹੇ ਹਨ ਕੁਝ ਲੋਕ ਹੋਰ ਕੁਝ ਨਹੀਂ।''
ਜ਼ਰੂਰਤ ਕਰਕੇ ਗਏ ਲੋਕ

ਰਿਆਜ਼ ਕਹਿੰਦੇ ਹਨ, ''ਮਕਾਨ ਮੁਸਲਮਾਨਾਂ ਨੇ ਵੀ ਵੇਚੇ ਹਨ ਅਤੇ ਹਿੰਦੂਆਂ ਨੇ ਵੀ ਵੇਚੇ ਹਨ। ਖ਼ਰੀਦਦਾਰ ਵੀ ਦੋਵੇਂ ਹਨ। ਜਿਸ ਨੂੰ ਜ਼ਰੂਰਤ ਸੀ, ਵੇਚ ਦਿੱਤਾ। ਸਾਡੇ ਸਾਹਮਣੇ ਵਾਲੇ ਵੀ ਆਪਣਾ ਘਰ ਵੇਚ ਰਹੇ ਹਨ, ਉਨ੍ਹਾਂ ਨੂੰ ਅਜੇ ਖ਼ਰੀਦਦਾਰ ਨਹੀਂ ਮਿਲਿਆ। ਪਿਛਲੇ ਸਾਲ ਉਨ੍ਹਾਂ ਨੇ ਆਪਣੇ ਵੱਲੋਂ ਰੋਜ਼ਾ ਇਫ਼ਤਾਰ ਕੀਤਾ ਸੀ ਅਤੇ ਮੁਹੱਲੇ ਦੇ ਸਾਰੇ ਮੁਸਲਮਾਨਾਂ ਨੂੰ ਸੱਦਿਆ ਸੀ। ਅਸੀਂ ਵੀ ਗਏ ਸੀ। ਹੁਣ ਅਜਿਹਾ ਤਾਂ ਇਹ ਨਹੀਂ ਕਿ ਉਹ ਸਾਡਾ ਡਰ ਕਾਰਨ ਮਕਾਨ ਵੇਚ ਰਹੇ ਹਨ।''
ਹਾਰਡਵੇਅਰ ਦੀ ਦੁਕਾਨ ਚਲਾਉਣ ਵਾਲੇ ਦੀਪਕ ਸਿਰੋਹੀ ਦਾ ਘਰ ਵੀ ਪ੍ਰਹਲਾਦ ਨਗਰ ਵਿੱਚ ਸੀ। ਉਨ੍ਹਾਂ ਲੋਕਾਂ ਨੇ ਵੀ ਆਪਣਾ ਮਕਾਨ ਕੁਝ ਸਾਲ ਪਹਿਲਾਂ ਵੇਚ ਦਿੱਤਾ ਅਤੇ ਮੇਰਠ ਦੇ ਹੀ ਇੱਕ ਪੌਸ਼ ਇਲਾਕੇ ਵਿੱਚ ਨਵਾਂ ਮਕਾਨ ਬਣਵਾਇਆ।
ਦੀਪਕ ਸਿਰੋਹੀ ਦੱਸਦੇ ਹਨ, ''ਪਰਿਵਾਰ ਵੱਡਾ ਹੁੰਦਾ ਗਿਆ, ਮਕਾਨ ਛੋਟਾ ਪੈ ਗਿਆ। ਪਰ ਇਹ ਵੀ ਸਹੀ ਗੱਲ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਮਾੜੀ ਵਿਵਸਥਾ ਵੀ ਵਧੀ ਹੈ। ਪੁਲਿਸ ਕੇਸ ਵਗੈਰਾ ਇਸ ਲਈ ਨਹੀਂ ਹੁੰਦੇ ਕਿ ਅਰਾਜਕਤਾ ਫ਼ੈਲਾਉਣ ਵਾਲਿਆਂ ਨੂੰ ਤਾਂ ਕੋਈ ਫੜ ਨਹੀਂ ਪਾਉਂਦਾ ਅਤੇ ਮੁਹੱਲੇ ਦੇ ਲੋਕਾਂ ਵਿਚਾਲੇ ਅਜਿਹੀ ਕੋਈ ਵੱਡੀ ਘਟਨਾ ਕਦੇ ਨਹੀਂ ਹੋਈ। ਛੋਟੀਆਂ-ਮੋਟੀਆਂ ਘਟਨਾਵਾਂ ਆਪਸ ਵਿੱਚ ਹੀ ਸੁਲਝ ਜਾਂਦੀਆਂ ਹਨ।''
ਭਾਜਪਾ ਦੇ ਸੂਬੇ ਪ੍ਰਧਾਨ ਰਹਿ ਚੁੱਕੇ ਅਤੇ ਕਈ ਵਾਰ ਇਸ ਇਲਾਕੇ ਦੇ ਵਿਧਾਇਕ ਰਹੇ ਲਕਸ਼ਮੀਕਾਂਤ ਵਾਜਪਾਈ ਵੀ ਇਸ ਮੁੱਦੇ ਤੋਂ ਬੇਹੱਦ ਨਾਰਾਜ਼ ਹਨ।

ਤਸਵੀਰ ਸਰੋਤ, BBC/SAMEERATMAJ MISHRA
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, ''ਪਲਾਇਨ ਮੁੱਦਾ ਨਹੀਂ ਹੈ। ਹਾਂ, ਦਿੱਕਤਾਂ ਜ਼ਰੂਰ ਸੀ ਪਰ ਹੌਲੀ-ਹੌਲੀ ਕਿਸੇ ਨੇ ਹੁਣ ਇਸਨੂੰ ਹਵਾ ਦਿੱਤੀ ਹੈ। ਇਹ ਸਿਰਫ਼ ਅਤੇ ਸਿਰਫ਼ ਕਾਨੂੰਨ-ਵਿਵਸਥਾ ਦਾ ਮਾਮਲਾ ਹੈ, ਸਥਾਨਕ ਅਧਿਕਾਰੀਆਂ ਦਾ ਨਿਕੰਮਾਪਨ ਹੈ ਹੋਰ ਕੁਝ ਨਹੀਂ।''
ਪ੍ਰਹਲਾਦ ਨਗਰ, ਇਸਲਾਮਾਬਾਦ ਦੀਆਂ ਤਮਾਮ ਗਲੀਆਂ ਵਿੱਚ ਘੁੰਮਣ ਅਤੇ ਲੋਕਾਂ ਨਾਲ ਗੱਲਬਾਤ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ। ਕੁਝ ਲੋਕ ਇਸਨੂੰ 'ਲੈਂਡ ਜਿਹਾਦ' ਦਾ ਨਾਮ ਦੇ ਰਹੇ ਹਨ।
ਇਹ ਵੀ ਪੜ੍ਹੋ:
ਮੇਰਠ ਦੇ ਪਟੇਲ ਨਗਰ ਇਲਾਕੇ ਵਿੱਚ ਰਹਿਣ ਵਾਲੇ ਅਸ਼ੋਕ ਜੌਲੀ ਕਹਿੰਦੇ ਹਨ, ''ਹਿੰਦੂਆਂ ਦੇ ਮੁੱਹਲੇ ਵਿੱਚ ਕਬਜ਼ਾ ਕਰਨ ਪਿੱਛੇ ਲੰਬੇ ਸਮੇਂ ਤੋਂ ਇੱਕ ਸੋਚੀ ਸਮਝੀ ਸਾਜ਼ਿਸ਼ ਰਚੀ ਜਾ ਰਹੀ ਹੈ। ਪਹਿਲਾਂ ਕੋਈ ਇੱਕ ਮੁਸਲਮਾਨ ਮਹਿੰਦੇ ਰੇਟ 'ਤੇ ਜ਼ਮੀਨ ਖ਼ਰੀਦੇਗਾ। ਫ਼ਿਰ ਹਿੰਦੂ ਉੱਥੋਂ ਪਲਾਇਨ ਸ਼ੁਰੂ ਕਰ ਦਿੰਦੇ ਹਨ। ਹੌਲੀ-ਹੌਲੀ ਉਨ੍ਹਾਂ ਮਕਾਨਾਂ ਨੂੰ ਮੁਸਲਿਮ ਖ਼ਰੀਦ ਲੈਂਦੇ ਹਨ।''
ਪ੍ਰਹਲਾਦ ਨਗਰ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਇੱਕ ਸਮਿਤੀ ਵੀ ਬਣਾਈ ਸੀ ਜੋ ਹਿੰਦੂਆਂ ਦੇ ਮਕਾਨ ਖ਼ਰੀਦਦੀ ਸੀ। ਪਰ ਸਥਾਨਕ ਲੋਕਾਂ ਮੁਤਾਬਕ ਹੌਲੀ-ਹੌਲੀ ਇਹ ਸਮਿਤੀ ਹੀ ਭ੍ਰਿਸ਼ਟਾਚਾਰ ਦਾ ਜ਼ਰੀਆ ਬਣ ਗਈ।
ਇੱਥੋਂ ਦੇ ਹੀ ਇੱਕ ਨਾਗਰਿਕ ਨੇ ਦੱਸਿਆ, ''ਸਮਾਜ ਦੇ ਨਾਮ 'ਤੇ ਹਿੰਦੂਆਂ ਦੀਆਂ ਜ਼ਮੀਨਾਂ ਤਾਂ ਖ਼ਰੀਦ ਲਈਆਂ ਅਤੇ ਬਾਅਦ ਵਿੱਚ ਖ਼ੁਦ ਹੀ ਮਹਿੰਗੇ ਰੇਟਾਂ 'ਤੇ ਮੁਸਲਮਾਨਾਂ ਨੂੰ ਵੇਚ ਦਿੱਤੀਆਂ।''

ਤਸਵੀਰ ਸਰੋਤ, BBC/SAMEERATMAJ MISHRA
ਇਸ ਸਮਿਤੀ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਪਰ ਸਮਿਤੀ ਦੇ ਮੈਂਬਰ ਅਤੇ ਅਧਿਕਾਰੀ ਗੱਲ਼ਬਾਤ ਨੂੰ ਤਿਆਰ ਨਹੀਂ ਹੋਏ।
ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਲਕਸ਼ਮੀਕਾਂਤ ਵਾਜਪਾਈ ਦਾ ਦਾਅਵਾ ਹੈ ਕਿ 'ਮੇਰਠ ਦੇ ਕਰੀਬ 40 ਮੁਹੱਲੇ ਦੇਖਦੇ ਹੀ ਦੇਖਦੇ ਹਿੰਦੂ ਆਬਾਦੀ ਤੋਂ ਮੁਸਲਿਮ ਆਬਾਦੀ ਵਿੱਚ ਬਦਲ ਗਏ।'
ਮੇਰਠ ਦੇ ਸ਼ਾਸਤਰੀ ਨਗਰ ਦੇ ਰਹਿਣ ਵਾਲੇ ਸੀਨੀਅਰ ਪੱਤਰਕਾਰ ਸੁਨੀਲ ਤਨੇਜਾ ਕਹਿੰਦੇ ਹਨ, ''ਪਟੇਲ ਨਗਰ, ਰਾਮ ਨਗਰ, ਸਟੇਟ ਬੈਂਕ ਕਲੌਨੀ, ਈਸ਼ਵਰਪੁਰੀ, ਹਰੀਨਗਰ, ਵਿਕਾਸਪੁਰੀ ਵਰਗੇ ਦਰਜਨਾਂ ਮੁਹੱਲੇ ਅਜਿਹੇ ਹਨ ਜਿੱਥੇ ਹਿੰਦੂਆਂ ਦੇ ਮਕਾਨ ਹੁਣ ਗਿਣਤੀ ਵਿੱਚ ਹੀ ਬਚੇ ਹਨ। ਜਦੋਂ ਕਿ ਇਹ ਸਭ ਪਹਿਲਾਂ ਹਿੰਦੂ ਮੁਹੱਲੇ ਹੋਇਆ ਕਰਦੇ ਸਨ। ਬਨਿਆਪਾੜਾ ਅਤੇ ਮੋਰੀਪਾੜੀ ਵਰਗੇ ਇਲਾਕਿਆਂ 'ਚ ਪਹਿਲਾਂ ਦੋਵੇਂ ਭਾਈਚਾਰੇ ਦੇ ਲੋਕ ਅੱਧੇ-ਅੱਧੇ ਸਨ। ਇੱਥੋਂ ਤੱਕ ਕਿ ਸ਼ਾਸ਼ਤਰੀਨਗਰ ਵਰਗੇ ਪੌਸ਼ ਇਲਾਕੇ ਦੇ ਕਈ ਸੈਕਟਰ ਵੀ ਇਸ ਪ੍ਰਕਿਰਿਆ ਦਾ ਹਿੱਸਾ ਬਣ ਚੁੱਕੇ ਹਨ।''

ਤਸਵੀਰ ਸਰੋਤ, BBC/SAMEERATMAJ MISHRA
ਇਨ੍ਹਾਂ ਇਲਾਕਿਆਂ ਵਿੱਚ ਮੌਜੂਦ ਕੁਝ ਮੰਦਿਰ ਅਜਿਹੇ ਹਨ ਜੋ ਇਨ੍ਹਾਂ ਦਾ ਇਤਿਹਾਸ ਦੱਸਦੇ ਹਨ। ਗੁਦੜੀ ਬਾਜ਼ਾਰ ਵਿੱਚ ਚਾਰੇ ਪਾਸੇ ਮੁਸਲਿਮ ਆਬਾਦੀ ਦੇ ਵਿਚਾਲੇ ਇੱਕ ਬੇਹੱਦ ਪੁਰਾਣਾ ਮੰਦਿਰ ਹੈ ਜਿਸ ਦੇ ਕਾਂਪਲੈਕਸ 'ਚ ਹੀ ਪੁਲਿਸ ਚੌਕੀ ਵੀ ਹੈ।
ਕਦੇ ਕੋਈ ਮਾੜੀ ਘਟਨਾ ਨਹੀਂ ਵਾਪਰੀ

ਸੌਣ ਦੇ ਮਹੀਨੇ 'ਚ ਕਾਵੜੀਏ ਵੀ ਆਉਂਦੇ ਹਨ ਪਰ ਸਥਾਨਕ ਲੋਕਾਂ ਮੁਤਾਬਕ ਕਦੇ ਕੋਈ ਮਾੜੀ ਘਟਨਾ ਨਹੀਂ ਵਾਪਰੀ। ਪੁਲਿਸ ਚੌਕੀ 'ਚ ਮੌਜੂਦ ਪੁਲਿਸ ਕਰਮੀ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ।
ਸਟੇਟ ਬੈਂਕ ਕਲੌਨੀ 'ਚ ਆਪਣਾ ਮਕਾਨ ਵੇਚ ਕੇ ਸ਼ਾਸਤਰੀ ਨਗਰ 'ਚ ਰਹਿਣ ਵਾਲੇ ਸਤਿਆਪ੍ਰਕਾਸ਼ ਕਹਿੰਦੇ ਹਨ, ''ਅਸੀਂ ਮਕਾਨ ਬਹੁਤ ਬਾਅਦ ਵਿੱਚ ਵੇਚਿਆ ਪਰ ਅਸੀਂ ਉੱਥੋਂ 1996 ਵਿੱਚ ਹੀ ਸ਼ਿਫ਼ਟ ਕਰ ਗਏ ਸੀ। ਸਾਡੇ ਇਲਾਕੇ ਵਿੱਚ ਪਹਿਲਾਂ ਕੁਝ ਮੁਸਲਮਾਨਾਂ ਨੇ ਮਕਾਨ ਖਰੀਦਿਆ। ਹਾਲਾਂਕਿ ਉਨ੍ਹਾਂ ਕਰਕੇ ਕੋਈ ਪਰੇਸ਼ਾਨੀ ਨਹੀਂ ਹੋਈ ਪਰ ਉਸ ਤੋਂ ਬਾਅਦ ਹਿੰਦੂਆਂ ਨੇ ਮਕਾਨ ਵੇਚਣੇ ਸ਼ੁਰੂ ਕਰ ਦਿੱਤੇ ਅਤੇ ਹੁਣ ਦੋ-ਚਾਰ ਹਿੰਦੂ ਪਰਿਵਾਰ ਹੀ ਬਚੇ ਹਨ।''
ਮੇਰਠ 'ਚ ਵਕੀਲ ਐਨ ਕੇ ਛਾਬੜਾ ਕਹਿੰਦੇ ਹਨ, ''ਪਲਾਇਨ ਨਹੀਂ ਤਾ ਹੋਰ ਕੀ ਹੈ? ਤੁਸੀਂ ਰਿਕਾਰਡ ਚੁੱਕ ਕੇ ਦੇਖ ਲਓ। ਜੋ ਲੋਕ ਵੀ ਮਕਾਨ ਵੇਚ ਕੇ ਗਏ ਹਨ, ਸਾਰੇ ਦੇ ਸਾਰੇ ਮੇਰਠ ਦੇ ਹੀ ਦੂਜੇ ਮੁਹੱਲਿਆਂ ਵਿੱਚ ਰਹਿ ਰਹੇ ਹਨ। ਜੇ ਰੋਜ਼ੀ-ਰੋਜ਼ਗਾਰ ਦੇ ਚੱਕਰ 'ਚ ਜਾਂਦੇ ਤਾਂ ਮੇਰਠ ਤੋਂ ਬਾਹਰ ਜਾਂਦੇ।''

ਤਸਵੀਰ ਸਰੋਤ, BBC/SAMEERATMAJ MISHRA
ਪਟੇਲ ਨਗਰ 'ਚ ਅਸ਼ੋਕ ਜੌਲੀ ਦੇ ਮਕਾਨ ਦੇ ਸਾਹਮਣੇ ਹੀ ਇਫ਼ਤ ਸ਼ਫ਼ੀਫ਼ ਰਹਿੰਦੇ ਹਨ। ਕਰੀਬ ਦੱਸ ਸਾਲ ਪਹਿਲਾਂ ਇਹ ਮਕਾਨ ਉਨ੍ਹਾਂ ਨੇ ਕਿਸੇ ਚੋਪੜਾ ਸਾਹਿਬ ਤੋਂ ਖਰੀਦਿਆ ਸੀ।
ਇੱਕ ਕਾਲਜ ਵਿੱਚ ਪ੍ਰਿੰਸਿਪਲ ਦੇ ਅਹੁਦੇ ਤੋਂ ਰਿਟਾਇਰ ਸ਼ਫ਼ੀਫ਼ ਆਪਣੇ ਜੱਦੀ ਘਰ ਨੂੰ ਇਸ ਲਈ ਛੱਡ ਕੇ ਆਈ ਕਿਉਂਕਿ ਇਹ ਇਲਾਕਾ ਖੁਲ੍ਹਾ ਸੀ, ਚੌੜੀਆਂ ਸੜਕਾਂ ਸਨ, ਸਾਫ਼-ਸਫ਼ਾਈ ਵੱਧ ਸੀ ਅਤੇ ਕੁਲ ਮਿਲਾ ਕੇ ਸਕੂਨ ਸੀ।
ਆਖ਼ਿਰ ਚੰਗੇ ਰਿਸ਼ਤਿਆਂ ਦੇ ਬਾਵਜੂਦ ਲੋਕ ਨਾਲ ਕਿਉਂ ਨਹੀਂ ਰਹਿਣਾ ਚਾਹੁੰਦੇ, ਸ਼ਫ਼ੀਫ਼ ਕਹਿੰਦੇ ਹਨ, ''ਦੋਵਾਂ ਦਾ ਰਹਿਣ-ਸਹਿਣ ਵੱਖ ਹੈ। ਮੁਸਲਮਾਨਾਂ ਦੀਆਂ ਕੁਝ ਆਦਤਾਂ ਉਨ੍ਹਾਂ ਚੰਗੀਆਂ ਨਹੀਂ ਲਗਦੀਆਂ, ਹੋਰ ਤਾਂ ਕੋਈ ਕਾਰਨ ਨਜ਼ਰ ਨਹੀਂ ਆਉਂਦਾ।''

ਤਸਵੀਰ ਸਰੋਤ, BBC/SAMEERATMAJ MISHRA
ਇੱਥੇ ਰਹਿਣ ਵਾਲੀ ਹਸੀਨਾ ਬੇਗਮ ਕਹਿੰਦੇ ਹਨ, ''ਮੁਹੱਲੇ ਦੀਆਂ ਸੈਂਕੜੇ ਦੁਲਹਨਾਂ ਸਾਡੇ ਸਾਹਮਣੇ ਆਈਆਂ ਹਨ। ਸਾਲਾਂ ਤੋਂ ਇੱਕ-ਦੂਜੇ ਦੇ ਨਾਲ ਹਨ, ਨਾ ਸਾਨੂੰ ਕਦੇ ਦਿੱਕਤ ਹੋਈ ਨਾ ਕਦੇ ਉਨ੍ਹਾਂ ਨੂੰ। ਅੱਜ ਵੀ ਸਾਨੂੰ ਜਾਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਬੱਸ ਕੁਝ ਬਾਹਰੀ ਲੋਕ ਇਹ ਸਭ ਕਰ ਰਹੇ ਹਨ।''
ਇਹ ਵੀ ਪੜ੍ਹੋ:
ਪਟੇਲ ਨਗਰ ਦੇ ਰਹਿਣ ਵਾਲੇ ਅਸਲਮ ਫਲਾਂ ਦਾ ਵਪਾਰ ਕਰਦੇ ਹਨ। ਉਹ ਕਹਿੰਦੇ ਹਨ, ''ਅਸੀਂ ਨਹੀਂ ਕਹਿ ਰਹੇ ਕਿ ਅਜਿਹਾ ਨਹੀਂ ਹੋਇਆ ਹੋਵੇਗਾ ਪਰ ਇਹ ਵੀ ਸਹੀ ਹੈ ਕਿ ਇਹ ਸਭ ਮੁਹੱਲੇ ਦੇ ਲੋਕ ਕਦੇ ਨਹੀਂ ਕਰਨਗੇ। ਹੁਣ ਬਾਹਰੋਂ ਕੋਈ ਆ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰੇ ਤਾਂ ਉਸ ਬਾਰੇ ਸਭ ਨੂੰ ਸਮਝਣਾ ਚਾਹੀਦਾ ਹੈ।''
ਇਹ ਵੀ ਵੇਖੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 3












