ਸਟਾਰ ਜਾਂ ਸਿਆਸਤਦਾਨ : ਗੁਰਦਾਸਪੁਰ ਹਲਕੇ ਦਾ ਵੱਡਾ ਸਵਾਲ, ਸੰਨੀ ਦਿਓਲ ਤੇ ਜਾਖ਼ੜ ਸਣੇ 16 ਉਮੀਦਵਾਰ ਮੈਦਾਨ 'ਚ -ਲੋਕ ਸਭਾ ਚੋਣਾਂ 2019

ਤਸਵੀਰ ਸਰੋਤ, Trivani media /bbc
ਸਟਾਰ ਜਾਂ ਸਿਆਸਤਦਾਨ, ਗੁਰਦਾਸਪੁਰ ਦੇ ਲੋਕ ਕਿਸ ਨੂੰ ਭੇਜਣਗੇ ਲੋਕ ਸਭਾ। ਇਹੀ ਸਵਾਲ ਇਸ ਵੇਲੇ ਪੰਜਾਬ ਦੀ ਸਿਆਸਤ ਵਿਚ ਸਭ ਤੋਂ ਵੱਧ ਪੁੱਛਿਆ ਗਿਆ ਹੈ।
ਇਸ ਸਵਾਲ ਦਾ ਕਾਰਨ ਸਾਫ਼ ਹੈ, ਭਾਰਤੀ ਜਨਤਾ ਪਾਰਟੀ ਵਲੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਦੇ ਮੁਕਾਬਲ ਸੰਨੀ ਦਿਓਲ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।
ਆਮ ਆਦਮੀ ਪਾਰਟੀ ਨੇ ਇੱਥੋਂ ਤਰਸੇਮ ਪੀਟਰ ਨੂੰ ਉਮੀਦਵਾਰ ਬਣਾਇਆ ਹੋਇਆ ਹੈ ਅਤੇ ਇਨ੍ਹਾਂ ਤਿੰਨਾਂ ਤੋਂ ਇਲਾਵਾ 13 ਹੋਰ ਉਮੀਦਵਾਰ ਇੱਥੋਂ ਚੋਣ ਲੜ ਰਹੇ ਹਨ।
ਇੱਕ ਸਮਾਂ ਸੀ ਕਿ ਉੱਘੀ ਕਾਂਗਰਸ ਆਗੂ ਸੁਖਬੰਸ ਕੌਰ ਭਿੰਡਰ ਇੱਥੋਂ ਕਰੀਬ ਡੇਢ ਦਹਾਕਾ ਲੋਕ ਸਭਾ ਮੈਂਬਰ ਰਹੀ, ਪਰ ਜਦੋਂ ਇਸ ਹਲਕੇ ਤੋਂ ਭਾਜਪਾ ਨੇ ਫਿਲਮ ਸਟਾਰ ਵਿਨੋਦ ਖੰਨਾ ਨੂੰ ਮੈਦਾਨ ਵਿਚ ਉਤਾਰਿਆਂ ਤਾਂ ਇਹ ਹਲਕਾ ਪੂਰੀ ਤਰ੍ਹਾਂ ਸਟਾਰ ਹਲਕਾ ਹੋ ਗਿਆ।
ਪਰ ਖੰਨਾ ਨੂੰ ਭਾਵੇਂ ਕਾਂਗਰਸੀ ਪ੍ਰਤਾਪ ਬਾਜਵਾ ਨੇ ਇੱਕ ਵਾਰ ਹਰਾਇਆ ਵੀ ਪਰ ਉਹ ਚਾਰ ਵਾਰ ਲੋਕ ਸਭਾ ਮੈਂਬਰ ਰਹੇ। ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਜਦੋਂ ਮੁੜ ਸਿਆਸਤਦਾਨਾਂ ਵਿਚਾਲੇ ਮੁਕਾਬਲਾ ਹੋਇਆ ਤਾਂ ਕਾਂਗਰਸੀ ਸੁਨੀਲ ਜਾਖੜ ਨੇ ਬਾਜ਼ੀ ਮਾਰ ਲਈ ਹੁਣ ਇਸ ਸੀਟ ਨੇ ਮੁੜ ਕਬਜ਼ਾ ਜਮਾਉਣ ਲਈ ਸੰਨੀ ਦਿਓਲ ਨੂੰ ਮੈਦਾਨ ਵਿਚ ਉਤਾਰਿਆ ਹੈ।
ਜਿੱਤ ਤੇ ਹਾਰ ਦਾ ਇਤਿਹਾਸ
ਲੋਕ ਸਭਾ ਹਲਕਾ ਕਿਸੇ ਜ਼ਮਾਨੇ ਵਿੱਚ ਕਾਂਗਰਸ ਦਾ ਗੜ੍ਹ ਹੁੰਦਾ ਸੀ। 1952 ਤੋਂ 2014 ਤੱਕ ਹੋਈਆਂ 16 ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੇ 12 ਵਾਰ ਜਿੱਤ ਹਾਸਲ ਕੀਤੀ।
1996 ਤੋਂ ਪਹਿਲਾਂ ਚੋਣਾਂ ਵਿੱਚ ਸਿਰਫ਼ ਇੱਕ ਵਾਰ 1977 ਦੀਆਂ ਚੋਣਾਂ ਦੌਰਾਨ ਗੈਰ-ਕਾਂਗਰਸ ਦਲਾਂ ਵਲੋਂ ਬੀਐੱਲਡੀ ਦੀ ਸੀਟ ਉੱਤੇ ਲੜੇ ਪੰਡਿਤ ਯੱਗਿਆ ਦੱਤ ਸ਼ਰਮਾਂ ਨੇ ਕਾਂਗਰਸ ਦੇ ਸਿਆਸੀ ਕਿਲੇ ਨੂੰ ਢਹਿ ਢੇਰੀ ਕੀਤਾ ਸੀ।
ਇਹ ਚੋਣ ਇੰਦਰਾ ਗਾਂਧੀ ਵੱਲੋਂ ਭਾਰਤ 'ਚ ਲਾਈ ਐਮਰਜੈਂਸੀ ਤੋਂ ਬਾਅਦ ਹੋਈ ਸੀ। ਸਾਲ 1998 ਵਿੱਚ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦਾ ਗਠਜੋੜ ਹੋਇਆ ਅਤੇ ਭਾਜਪਾ ਦਾ ਖਾਤੇ ਵਿੱਚੋਂ ਪੈਰਾਸ਼ੂਟ ਉਮੀਦਵਾਰ ਬਣੇ ਫਿਲਮ ਅਦਾਕਾਰ ਵਿਨੋਦ ਖੰਨਾ, ਜੋ ਲਗਾਤਾਰ 2004 ਤੱਕ ਲੋਕ ਸਭਾ ਵਿੱਚ ਗੁਰਦਾਸਪੁਰ ਤੋਂ 5 ਸੰਸਦੀ ਚੋਣਾਂ ਜਿੱਤਦੀ ਰਹੀ ਸੁਖਬੰਸ ਕੌਰ ਭਿੰਡਰ ਨੂੰ ਹਰਾਉਂਦੇ ਰਹੇ।
ਇਹ ਵੀ ਪੜ੍ਹੋ:
ਸਾਲ 2009 ਵਿੱਚ ਕਾਂਗਰਸ ਦੇ ਮਾਝੇ ਦੇ ਵੱਡੇ ਚਿਹਰੇ ਪ੍ਰਤਾਪ ਸਿੰਘ ਬਾਜਵਾ ਨੇ ਵਿਨੋਦ ਖੰਨਾ ਤੋਂ ਸੀਟ ਜਿੱਤ ਲਈ, ਪਰ 2014 ਵਿੱਚ ਵਿਨੋਦ ਖੰਨਾ ਨੇ ਪ੍ਰਤਾਪ ਬਾਜਵਾ ਤੋਂ ਮੁੜ ਸੀਟ ਖੋਹ ਲਈ।
ਵਿਨੋਦ ਖੰਨਾ ਦਾ ਅਪ੍ਰੈਲ 2017 ਵਿੱਚ ਦੇਹਾਂਤ ਹੋ ਗਿਆ ਅਤੇ ਜ਼ਿਮਨੀ ਚੋਣ ਵਿੱਚ ਕਾਂਗਰਸ ਨੇ ਪੈਰਾਸ਼ੂਟ ਰਾਹੀ ਆਪਣੇ ਸੂਬਾ ਪ੍ਰਧਾਨ ਸੁਨੀਲ ਜਾਖ਼ੜ ਨੂੰ ਉਤਾਰਿਆ ਅਤੇ ਹੁਣ ਉਹ ਗੁਰਦਾਸਪੁਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਹਨ।

ਤਸਵੀਰ ਸਰੋਤ, SUNIL JAKHAR/FB PAGE
ਕਿਹੜੇ ਉਮੀਵਾਰ ਚੋਣ ਮੈਦਾਨ 'ਚ
ਕਾਂਗਰਸ ਨੇ ਆਪਣੇ ਮੌਜੂਦਾ ਸੰਸਦ ਮੈਂਬਰ ਸੁਨੀਲ ਜਾਖੜ ਨੂੰ ਹੀ ਮੁੜ ਟਿਕਟ ਦਿੱਤੀ ਹੈ।
ਆਮ ਆਦਮੀ ਪਾਰਟੀ ਨੇ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ।
ਮੌਜੂਦਾ ਹਾਲਾਤ
ਗੁਰਦਾਸਪੁਰ ਲੋਕ ਸਭਾ ਹਲਕੇ ਵਿੱਚ 9 ਵਿਧਾਨ ਸਭਾ ਹਲਕੇ ਹਨ। ਇਨ੍ਹਾਂ ਵਿੱਚੋਂ ਬਟਾਲਾ ਤੋਂ ਅਕਾਲੀ ਦਲ ਅਤੇ ਸੁਜਾਨਪੁਰ ਤੋਂ ਭਾਜਪਾ ਦੇ ਵਿਧਾਇਕ ਹਨ, ਬਾਕੀ 7 ਹਲਕਿਆਂ ਉੱਤੇ ਕਾਂਗਰਸ ਦਾ ਕਬਜ਼ਾ ਹੈ। ਜਦਕਿ 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਕੋਲ 5 ਅਤੇ ਕਾਂਗਰਸ 4 ਸੀਟਾਂ ਉੱਤੇ ਕਾਬਜ਼ ਸੀ।
ਕਾਂਗਰਸ ਅਤੇ ਅਕਾਲੀ -ਭਾਜਪਾ ਵਿਚਾਲੇ ਭਾਵੇਂ ਇੱਥੇ ਸਿੱਧੀ ਟੱਕਰ ਹੁੰਦੀ ਹੈ, ਪਰ ਕਿਸੇ ਵੇਲੇ ਅਕਾਲੀ ਮੰਤਰੀ ਰਹੇ ਤੇ ਕਿਸੇ ਵੇਲੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਦਾ ਵੀ ਕਾਫ਼ੀ ਪ੍ਰਭਾਵ ਰਿਹਾ ਹੈ।

ਤਸਵੀਰ ਸਰੋਤ, Getty Images
ਇਸ ਹਲਕੇ ਵਿੱਚ ਬਾਜਵਿਆਂ ਦਾ ਬੋਲਬਾਲ਼ਾ ਹੈ, ਪ੍ਰਤਾਪ ਸਿੰਘ ਬਾਜਵਾ ਅਤੇ ਫਤਿਹਜੰਗ ਬਾਜਵਾ ਦੀ ਜੋੜੀ ਦੇ ਮੁਕਾਬਲੇ ਕੈਪਟਨ ਅਮਰਿੰਦਰ ਸਿੰਘ ਨੇ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਸੁਖਵਿੰਦਰ ਸਿੰਘ ਰੰਧਾਵਾ ਨੂੰ ਮਾਝੇ ਮੋਹਰੀ ਆਗੂ ਬਣਾ ਦਿੱਤਾ ਹੈ।
ਇਹ ਵੀ ਪੜ੍ਹੋ:
ਲੋਕ ਸਭਾ ਦੀ ਸੀਟ ਸੁਨੀਲ ਜਾਖ਼ੜ ਰਾਹੀ ਖਿੱਚ ਲਈ। ਭਾਵੇ ਪ੍ਰਤਾਪ ਸਿੰਘ ਬਾਜਵਾ ਅਜੇ ਵੀ ਰਾਜਸਭਾ ਦੇ ਮੈਂਬਰ ਹਨ ਪਰ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖ਼ੜ ਧੜੇ ਨੇ ਬਾਜਵਾ ਪਰਿਵਾਰ ਨੂੰ ਤਕੜੀ ਠਿੱਬੀ ਮਾਰੀ ਹੈ।
ਚੋਣ ਮੁੱਦੇ
ਕਿਸਾਨੀ ਦਾ ਸੰਕਟ ਸਾਰੇ ਪੰਜਾਬ ਦਾ ਸਾਂਝਾ ਮੁੱਦਾ ਹੈ ਪਰ ਗੁਰਦਾਸਪੁਰ ਸਰਹੱਦੀ ਜ਼ਿਲ੍ਹਾ ਹੋਣ ਕਰਕੇ ਕਿਸਾਨਾਂ ਦੀਆਂ ਸਰਹੱਦ ਪਾਰਲੇ ਜ਼ਮੀਨਾਂ ਨਾਲ ਜੁੜੀਆਂ ਹੋਰ ਵੱਡੀਆਂ ਸਮੱਸਿਆਵਾਂ ਹਨ।
ਸਰਹੱਦੀ ਖੇਤਰਾਂ ਵਿੱਚ ਸਿੱਖਿਆ, ਸਿਹਤ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਇੱਥੇ ਅਹਿਮ ਮੁੱਦਾ ਹੈ।
ਸਰਹੱਦ ਪਾਰ ਤੋਂ ਆਉਣ ਵਾਲੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਨੌਜਵਾਨਾਂ ਦਾ ਨਸ਼ਿਆ ਦੀ ਮਾਰ ਹੇਠ ਆਉਣਾ ਵੀ ਗੰਭੀਰ ਮੁੱਦਾ ਹੈ।
ਡੇਰਾ ਬਾਬਾ ਨਾਨਕ ਵਿੱਚ ਬਣ ਰਹੇ ਕੌਰੀਡੋਰ ਲਈ ਜ਼ਮੀਨ ਐਕਵਾਇਰ ਕਰਨ ਨਾਲ ਕਿਸਾਨਾਂ ਵਿੱਚ ਕੀਮਤਾਂ ਨੂੰ ਲੈ ਕੇ ਵਿਰੋਧ ਖੜ੍ਹਾ ਹੋ ਗਿਆ ਹੈ ਪਰ ਕਰਤਾਰਪੁਰ ਲਈ ਲਾਂਘਾ ਖੁੱਲਵਾਉਣ ਲਈ ਕੈਰਡਿਟ ਵਾਰ ਵੀ ਛਿੜੇਗੀ।
ਇਹ ਵੀ ਪੜ੍ਹੋ:
2017- ਗੁਰਦਾਸਪੁਰ ਜ਼ਿਮਨੀ ਚੋਣ ਨਤੀਜਾ
ਸੁਨੀਲ ਜਾਖ਼ੜ, ਕਾਂਗਰਸ - 4,99,752 (ਜਿੱਤ ਹਾਰ ਦਾ ਫ਼ਰਕ 1,93,219)
ਸਵਰਨ ਸਲਾਰੀਆ, ਭਾਜਪਾ - 3,06,533
ਮੇਜਰ ਜਨਰਲ (ਸੇਵਾਮੁਕਤ) ਸੁਰੇਸ਼ ਖ਼ਜੂਰੀਆ -23,579












