ਗੁਰਦਾਸਪੁਰ ਤੋਂ ਸ਼ੁਰੂ ਹੋਈ ਲਹਿਰ 2019 ਤਕ ਜਾਵੇਗੀ: ਸੁਨੀਲ ਜਾਖੜ

ਤਸਵੀਰ ਸਰੋਤ, SUNILJAKHAROFFICIAL/FACEBOOK
ਪੰਜਾਬ ਦੇ ਗੁਰਦਾਸਪੁਰ ਦੀਆਂ ਜ਼ਿਮਨੀ ਚੋਣਾਂ 'ਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਬੀਜੇਪੀ-ਅਕਾਲੀ ਦਲ ਗੱਠਜੋੜ ਦੇ ਉਮੀਦਵਾਰ ਸਵਰਨ ਸਲਾਰੀਆ ਨੂੰ 1.93 ਲੱਖ ਵੋਟਾਂ ਨਾਲ ਹਰਾਇਆ ਹੈ।
ਸੁਨੀਲ ਜਾਖੜ ਦੇ ਪੱਖ 'ਚ 4,99,752 ਵੋਟਾਂ ਪਈਆਂ ਅਤੇ ਉਨ੍ਹਾਂ ਦੇ ਸਭ ਤੋਂ ਨੇੜਲੇ ਉਮੀਦਵਾਰ ਰਹੇ ਸਵਰਨ ਸਲਾਰੀਆ ਨੂੰ 3,06,533 ਵੋਟਾਂ ਮਿਲੀਆਂ।
ਸੁਨੀਲ ਜਾਖੜ ਨੇ ਬੀਬੀਸੀ ਪੱਤਰਕਾਰ ਵਾਤਸਲ ਰਾਏ ਨੂੰ ਦੱਸਿਆ, ''ਬੀਜੇਪੀ ਪਿਛਲੇ ਸਾਢੇ ਤਿੰਨ ਸਾਲ 'ਚ ਜਿਸ ਤਰ੍ਹਾਂ ਦੀ ਆਰਥਿਕ ਨੀਤੀਆਂ ਲਿਆਈ ਹੈ ਅਤੇ ਪਾਰਟੀ ਨੇ ਜਿਸ ਕਿਸਮ ਦਾ ਫਿਰਕੂਵਾਦ ਫੈਲਇਆ ਹੈ, ਉਸਦੀ ਵਜ੍ਹਾ ਨਾਲ ਹੋਇਆ ਇਹ ਬਦਲਾਅ ਸਿਰਫ਼ ਗੁਰਦਾਸਪੁਰ ਤਕ ਹੀ ਸੀਮਿਤ ਨਹੀਂ ਰਹੇਗਾ। ਮੇਰਾ ਮੰਨਣਾ ਹੈ ਕਿ 2019 'ਚ ਕਾਂਗਰਸ ਸਰਕਾਰ ਬਣਨ ਦਾ ਨੀਂਹ ਪੱਥਰ ਗੁਰਦਾਸਪੁਰ 'ਚ ਰੱਖਿਆ ਗਿਆ ਹੈ।''
ਪੰਜਾਬ ਦੀ ਗੁਰਦਾਸਪੁਰ ਲੋਕਸਭਾ ਸੀਟ ਅਦਾਕਾਰ ਤੋਂ ਨੇਤਾ ਬਣੇ ਸਾਂਸਦ ਵਿਨੋਦ ਖੰਨਾ ਦੀ ਮੌਤ ਦੇ ਕਾਰਨ ਖਾਲੀ ਹੋਈ ਸੀ। ਇਸ ਤੋਂ ਬਾਅਦ ਇਸ ਸੀਟ 'ਤੇ ਜ਼ਿਮਨੀ ਚੋਣ ਹੋਈ ਸੀ।
ਕਾਂਗਰਸ ਨੇਤਾ ਸੁਨੀਲ ਜਾਖੜ ਨੇ ਕਿਹਾ, ''ਐਮਰਜੰਸੀ ਤੋਂ ਬਾਅਦ ਦੇ ਦਿਨਾਂ 'ਚ ਕਾਂਗਰਸ ਦੇ ਇਸੇ ਕਿਸਮ ਦੇ ਹਲਾਤ ਸਨ, ਜਦੋਂ ਸ਼੍ਰੀਮਤੀ ਇੰਦਿਰਾ ਗਾਂਧੀ ਜੀ ਨੇ ਚਿਕਮੰਗਲੂਰ ਤੋਂ ਚੋਣਾਂ ਲੜੀਆਂ ਸਨ। ਉਥੋਂ ਹੀ ਬਦਲਾਅ ਸ਼ੁਰੂ ਹੋਇਆ ਸੀ ਤਾਂ ਅੱਜ ਮੈਂ ਦੇਖਦਾਂ ਹਾਂ ਕਿ ਗੁਰਦਾਸਪੁਰ ਵੀ ਚਿਕਮੰਗਲੂਰ ਬਣਨ ਜਾ ਰਿਹਾ ਹੈ।''
ਕੀ ਦੇਸ਼ ਦੇ ਦੂਜੇ ਹਿੱਸਿਆਂ 'ਚ ਵੀ ਨਜ਼ਰ ਆਵੇਗਾ ਬਦਲਾਅ ?

ਤਸਵੀਰ ਸਰੋਤ, SUNILJAKHAROFFICIAL/FACEBOOK
ਸੁਨੀਲ ਜਾਖੜ ਨੇ ਕਿਹਾ, ''ਮੈਂ ਸਮਝਦਾ ਹਾਂ ਕਿ ਸ਼ੁਰੂਆਤ ਹੋ ਗਈ ਹੈ। ਤੁਸੀਂ ਦੇਖੋਂਗੇ ਕਿ ਜਿਸ ਤਰ੍ਹਾਂ ਛੋਟੀਆਂ ਚੋਣਾਂ ਹੋਣ - ਯੂਨੀਵਰਸਿਟੀ ਪੱਧਰ 'ਤੇ, ਉਹ ਦਿੱਲੀ ਯੂਨੀਵਰਸਿਟੀ ਦੀਆਂ ਚੋਣਾਂ ਹੋਣ ਜਾਂ ਪੰਜਾਬ ਅਤੇ ਰਾਜਸਥਾਨ ਯੂਨੀਰਵਸਿਟੀ ਦੀਆਂ ਚੋਣਾਂ ਹੋਣ - ਇੱਕ ਲਹਿਰ ਜਿਹੀ ਚੱਲ ਪਈ ਹੈ।"
"ਇਸ ਤੋਂ ਬਾਅਦ ਅਗਲਾ ਕਦਮ ਗੁਰਦਾਸਪੁਰ ਹੈ। ਤੁਸੀਂ ਦੇਖੋਂਗੇ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ 'ਚ ਵੀ ਬੀਜੇਪੀ ਦੇ ਲਈ ਹੈਰਾਨ ਕਰਨ ਵਾਲੇ ਨਤੀਜੇ ਸਾਹਮਣੇ ਆਉਣਗੇ।''
ਨੋਟਬੰਦੀ ਅਤੇ ਜੀਐਸਟੀ ਦੇ ਬਾਅਦ ਵਿਰੋਧੀ ਪਾਰਟੀਆਂ ਵਪਾਰੀ ਅਤੇ ਮੱਧ ਵਰਗ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਜਾਖੜ ਨੇ ਕਿਹਾ, ''ਮੈਂ ਸਮਝਦਾ ਹਾਂ ਕਿ ਬੀਜੇਪੀ, ਵਪਾਰੀ ਅਤੇ ਮੱਧ ਵਰਗ ਦੇ ਲਈ ਕੰਮ ਕਰਦੀ ਰਹੀ ਹੈ ਅਤੇ ਅੱਜ ਇਸੇ ਵਰਗ 'ਚ ਪਾਰਟੀ ਦੇ ਖ਼ਿਲਾਫ਼ ਗੁੱਸਾ ਹੈ। ਇਹ ਕਿਸੇ ਇੱਕ ਸੂਬੇ ਤਕ ਸੀਮਿਤ ਨਹੀਂ ਹੈ।''

ਤਸਵੀਰ ਸਰੋਤ, SUNILJAKHAROFFICIAL/FACEBOOK
ਕੀ ਹੋਣਗੀਆਂ ਤਰਜੀਹਾਂ ?
ਆਪਣੇ ਆਉਣ ਵਾਲੇ ਡੇਢ ਸਾਲ ਦੇ ਕਾਰਜਕਾਲ ਬਾਰੇ ਜਾਖੜ ਕਹਿੰਦੇ ਹਨ, ''ਮੈਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਕਾਰਜਕਾਲ ਸਿਰਫ਼ ਡੇਢ ਸਾਲ ਦਾ ਹੀ ਹੈ। ਮੇਰਾ ਕਾਰਜਕਾਲ ਕ੍ਰਿਕੇਟ ਦੇ 20-20 ਫਾਰਮੇਟ ਵਰਗਾ ਹੈ। ਮੇਰੀ ਕੋਸ਼ਿਸ਼ ਹੋਵੇਗੀ ਕਿ ਮੈਂ ਵਿਰੋਧ ਦੀ ਸਥਿਤੀ ਆਉਣ ਦੀ ਥਾਂ ਸਰਕਾਰ ਦੇ ਨਾਲ ਮਿੱਲ ਕੇ ਆਪਣੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਾਂ।''
''ਪੰਜਾਬ 'ਚ ਪਹਿਲਾਂ ਹੀ ਕਾਂਗਰਸ ਸਰਕਾਰ ਹੈ ਅਤੇ ਕਾਂਗਰਸ ਦੀਆਂ ਨੀਤੀਆਂ ਸੂਬੇ ਦੇ ਵਿਕਾਸ ਲਈ ਕੰਮ ਕਰ ਰਹੀਆਂ ਹਨ। ਅਜਿਹੇ 'ਚ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਮਦਦ ਨਾਲ ਸਥਾਨਕ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਾਂਗਾ।''

ਤਸਵੀਰ ਸਰੋਤ, SUNILJAKHAROFFICIAL/FACEBOOK
'ਸੰਸਦੀ ਆਦਰਸ਼ਾਂ ਦਾ ਪਾਲਨ ਕਰਾਂਗਾ'
ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਇੱਕ ਵੱਡੇ ਕਾਂਗਰਸੀ ਨੇਤਾ ਸਨ ਅਤੇ ਉਹ ਲੋਕਸਭਾ ਪ੍ਰਧਾਨ ਵੀ ਰਹੇ।
ਸੁਨੀਲ ਜਾਖੜ ਕਹਿੰਦੇ ਹਨ, ''ਮੈਨੂੰ ਆਪਣੀ ਜਿੰਮੇਵਾਰੀ ਦਾ ਅਹਿਸਾਸ ਹੈ ਕਿ ਮੈਨੂੰ ਆਪਣੇ ਪਿਤਾ ਦੇ ਬਣਾਏ ਮਾਨਕਾਂ 'ਤੇ ਖਰਾ ਉੱਤਰਨਾ ਹੈ। ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਅੱਜ ਤੋਂ ਕਰੀਬ 37 ਸਾਲ ਪਹਿਲਾਂ ਉਨ੍ਹਾਂ ਵਿਰੋਧੀ ਧਿਰ ਦੇ ਆਗੂ ਦੀ ਭੁਮਿਕਾ ਨਿਭਾਈ ਸੀ। ਮੈਨੂੰ ਵੀ ਉਸੇ ਕੁਰਸੀ 'ਤੇ ਬੈਠਣ ਦਾ ਮੌਕਾ ਮਿਲਿਆ ਸੀ।''
2017 'ਚ ਹੋਈਆਂ ਪੰਜਾਬ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ-ਅਕਾਲੀ ਦਲ ਗੱਠਜੋੜ ਸਰਕਾਰ 'ਚ ਸੁਨੀਲ ਜਾਖੜ ਵਿਰੋਧੀ ਧਿਰ ਦੇ ਆਗੂ ਰਹਿ ਚੁੱਕੇ ਹਨ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












