ਗ੍ਰਾਹਮ ਸਟੇਂਸ : ਆਸਟਰੇਲੀਆ ਦਾ ਮਿਸ਼ਨਰੀ ਜਿਸ ਨੂੰ ਉਸ ਦੇ ਬੱਚਿਆਂ ਸਮੇਤ ਭਾਰਤ 'ਚ ਜ਼ਿੰਦਾ ਸਾੜ ਦਿੱਤਾ ਗਿਆ - ਗਰਾਊਂਡ ਰਿਪੋਰਟ

- ਲੇਖਕ, ਨਿਤਿਨ ਸ੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ
ਸਵੇਰੇ 11.30 ਵਜੇ, ਓਡੀਸ਼ਾ ਦੇ ਬਾਰਿਪਦਾ ਬੱਸ ਸਟੇਸ਼ਨ ਕੋਲ੍ਹ ਗੱਡੀ ਰੋਕ ਕੇ ਅਸੀਂ ਪੁੱਛਿਆ, ''ਮਯੂਰਭੰਜ ਲੈਪਰੋਸੀ ਹੋਮ ਕਿੱਥੇ ਪਏਗਾ?''
ਇੱਕ ਠੇਲੇ ਵਾਲੇ ਨੇ ਕਿਹਾ, ''ਚੌਰਾਹੇ ਤੋਂ ਅੱਧਾ ਕਿਲੋਮੀਟਰ ਬਾਅਦ ਖੱਬੇ ਹੱਥ ਨੂੰ ਲੈ ਲੈਣਾ, ਸਹਿਬੋ ਸੈਂਟਰ ਆ ਜਾਏਗਾ।''
ਮੈਂ ਕਿਹਾ, ''ਲੈਪਰੋਸੀ ਹੋਮ ਜਾਣਾ ਹੈ, ਕਿਸੇ ਸੈਂਟਰ ਨਹੀਂ।'' ਇਸ ਵਾਰ ਉਹ ਚਿੜਚਿੜਾ ਕੇ ਬੋਲਿਆ, ''ਕਿਹਾ ਨਾ, ਸਹਿਬੋ ਦਾ ਸੈਂਟਰ ਉੱਥੇ ਹੀ ਹੈ।''
ਮੈਂ ਦੋਬਾਰਾ ਪੁੱਛਣ ਦੀ ਹਿੰਮਤ ਨਹੀਂ ਕੀਤੀ ਅਤੇ ਪਹੁੰਚੇ ਤਾਂ ਇੱਕ ਵੱਡਾ ਗੇਟ ਮਿਲਿਆ ਜਿਸ 'ਤੇ ਲਿਖਿਆ ਸੀ, ''1902 ਵਿੱਚ ਬਣੀ ਇਹ ਇਮਾਰਤ ਮਹਾਰਾਣੀ ਲਕਸ਼ਮੀ ਦੇਵੀ ਨੂੰ ਸਮਰਪਿਤ ਹੈ।''
ਦਰੱਖਤਾਂ ਵਿਚਾਲੇ ਇੱਕ ਸਾਫ ਸੜਕ ਅੰਦਰ ਨੂੰ ਜਾਂਦੀ ਹੈ। ਤਿੰਨ ਝੁੱਗੀਆਂ ਹਨ ਜਿੱਥੇ ਬੈਠ ਕੇ ਕੁਝ ਔਰਤਾਂ ਕੱਚੇ ਅੰਬ ਕੱਟ ਕੇ ਧੁੱਪ 'ਚ ਸੁਕਾ ਰਹੀਆਂ ਹਨ।
ਇਹ ਉਹੀ ਲੈਪਰੋਸੀ ਸ਼ੈਲਟਰ ਹੋਮ ਹੈ ਜਿੱਥੇ ਆਸਟ੍ਰੇਲਿਆ ਦੇ ਮਿਸ਼ਨਰੀ ਗ੍ਰਾਹਮ ਸਟੇਂਸ ਨੇ ਆਪਣੀ ਅੱਧੀ ਜ਼ਿੰਦਗੀ ਬਿਤਾ ਦਿੱਤੀ।
ਇਹ ਵੀ ਪੜ੍ਹੋ:

22 ਜਨਵਰੀ, 1999 ਨੂੰ ਗ੍ਰਾਹਮ ਸਟੇਂਸ ਨੇ ਆਪਣਾ ਆਖਰੀ ਖਾਣਾ ਕੋਹੜ ਪੀੜਤਾਂ ਨਾਲ ਖਾਧਾ ਸੀ।
ਉਸੇ ਰਾਤ ਨੂੰ ਨੇੜੇ ਦੇ ਪਿੰਡ ਮਨੋਹਰਪੁਰ ਵਿੱਚ ਗ੍ਰਾਹਮ ਸਟੇਂਜ਼ ਤੇ ਉਨ੍ਹਾਂ ਦੇ ਦੋ ਬੇਟੇ, ਫਿਲਿਪ (10 ਸਾਲ) ਤੇ ਤਿਮੋਥੀ (8 ਸਾਲ) ਦਾ ਕਤਲ ਹੋਇਆ ਜਦੋਂ ਗੁੱਸਾਈ ਭੀੜ ਨੇ ਉਨ੍ਹਾਂ ਦੀ ਗੱਡੀ ਨੂੰ ਹੀ ਅੱਗ ਲਾ ਦਿੱਤੀ।
ਭੀੜ ਨੂੰ ਲਗਦਾ ਸੀ ਕਿ ਕੋਹੜ ਪੀੜਤਾਂ ਦੀ ਸੇਵਾ ਕਰਦੇ ਕਰਦੇ ਗ੍ਰਾਹਮ ਗਰੀਬ ਆਦੀਵਾਸੀਆਂ ਦਾ ਧਰਮ ਪਰਿਵਰਤਨ ਕਰਵਾਉਂਦੇ ਸਨ।
ਹਾਲਾਂਕਿ ਬਾਅਦ ਵਿੱਚ ਮਾਮਲੇ ਦੀ ਜਾਂਚ ਕਰਨ ਵਾਲੇ ਵਾਧਵਾ ਕਮਿਸ਼ਨ ਨੇ ਆਪਣੀ ਰਿਪੋਰਟ ਵਿੱਚ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਸੀ।
ਪਰ ਇਹ ਓਦੋਂ ਹੋਇਆ ਜਦੋਂ ਗ੍ਰਾਹਮ ਸਟੇਂਸ ਤੇ ਉਨ੍ਹਾਂ ਦੇ ਬੇਟੇ ਆਪਣੀ ਕਬਰ ਵਿੱਚ ਸਨ।
ਚਸ਼ਮਦੀਦ
ਲੈਪਰੋਸੀ ਹੋਮ ਵਿੱਚ ਬੇਸਬਰੀ ਨਾਲ 55 ਸਾਲ ਦੇ ਨਿਮਾਈ ਹੰਸਦਾ ਸਾਡਾ ਇੰਤਜ਼ਾਰ ਕਰ ਰਹੇ ਸੀ।
ਸਭ ਤੋਂ ਪਹਿਲਾਂ ਸਾਨੂੰ ਖਾਣੇ ਲਈ ਪੁੱਛਿਆ ਤੇ ਕਿਹਾ, ''ਕੁਝ ਹੋਇਆ ਹੈ ਕੀ?''
ਮੈਂ ਕਿਹਾ, ''ਗ੍ਰਾਹਮ ਸਟੇਂਸ ਤੇ ਉਨ੍ਹਾਂ ਦੇ ਬੱਚਿਆਂ ਨੂੰ ਗੁਜ਼ਰੇ 20 ਸਾਲ ਹੋ ਗਏ।''
ਨਿਮਾਈ ਨੇ ਕਿਹਾ, ''ਸਭ ਇੱਥੇ ਹੀ ਹਨ, ਕੋਈ ਕਿਤੇ ਵੀ ਨਹੀਂ ਗਿਆ ਹੈ। ਸਾਡੇ ਅੰਦਰ ਗ੍ਰਾਹਮ ਸਟੇਂਜ਼ ਅੱਜ ਵੀ ਜ਼ਿੰਦਾ ਹਨ, ਸਾਡਾ ਧਿਆਨ ਰੱਖਣ ਲਈ।''

ਨਿਮਾਈ ਦਾ ਜਨਮ ਬਾਰਿਪਦਾ, ਓਡੀਸ਼ਾ ਦੇ ਇਸੇ ਲੈਪਰੋਸੀ ਸ਼ੈਲਟਰ ਹੋਮ ਵਿੱਚ ਹੋਇਆ ਸੀ ਕਿਉਂਕਿ ਉਨ੍ਹਾਂ ਦੇ ਮਾਪੇ ਕੋਹੜ ਤੋਂ ਪੀੜਤ ਸਨ ਤੇ ਗ੍ਰਾਹਮ ਸਟੇਂਸ ਉਨ੍ਹਾਂ ਦਾ ਇਲਾਜ ਕਰ ਰਹੇ ਸੀ।
ਉਨ੍ਹਾਂ ਕਿਹਾ, ''ਮਾਂ ਦੱਸਦੀ ਸੀ ਕਿ ਜਦੋਂ ਮੈਂ ਛੇ ਮਹੀਨੇ ਦਾ ਸੀ, ਗ੍ਰਾਹਮ ਮੈਨੂੰ ਇੱਕ ਉਂਗਲੀ ਤੋਂ ਚੱਕ ਲਿਆ ਕਰਦੇ ਸੀ।''
ਉਨ੍ਹਾਂ ਅੱਗੇ ਦੱਸਿਆ, ''22 ਜਨਵਰੀ, 1999 ਨੂੰ ਸਹਿਬੋ ਨੇ ਚੌਲ 'ਤੇ ਉਬਲੀ ਹੋਈ ਸਬਜ਼ੀ ਖਾਧੀ। ਫਿਰ ਅਸੀਂ ਚਰਚ ਨਾਲ ਲਗਦੇ ਉਨ੍ਹਾਂ ਦੇ ਘਰ ਨੂੰ ਗਏ।''
''ਮਨੋਹਰਪੁਰ ਜਾਣਾ ਸੀ ਤੇ ਉਨ੍ਹਾਂ ਦੇ ਦੋਵੇਂ ਬੇਟੇ ਤੇ ਬੇਟੀ ਨੇ ਵੀ ਜਾਣ ਦੀ ਜ਼ਿੱਦ ਕੀਤੀ। ਗ੍ਰਾਹਮ ਨੇ ਧੀ ਨੂੰ ਮਾਂ ਦੇ ਨਾਲ ਰੁਕਣ ਲਈ ਕਿਹਾ ਅਤੇ ਅਸੀਂ ਦੋ ਜੀਪਾਂ ਵਿੱਚ ਨਿਕਲ ਗਏ।''
ਇਹ ਵੀ ਪੜ੍ਹੋ:
ਗ੍ਰਾਹਮ ਸਟੇਂਸ ਤੇ ਉਨ੍ਹਾਂ ਦੇ ਬੇਟੇ ਮਨੋਹਰਪੁਰ ਦੇ ਛੋਟੇ ਜਿਹੇ ਚਰਚ ਦੇ ਇੱਕ ਪ੍ਰੋਗਰਾਮ ਵਿੱਚ ਗਏ ਸੀ।
ਜਿਹੜੇ ਲੋਕਾਂ ਨੇ ਉਨ੍ਹਾਂ 'ਤੇ ਹਮਲਾ ਕੀਤਾ, ਉਨ੍ਹਾਂ ਨੂੰ ਸ਼ਾਇਦ ਇਹ ਲੱਗਿਆ ਕਿ ਉਹ ਧਰਮ ਪਰਿਵਰਤਨ ਕਰਵਾ ਰਹੇ ਹਨ।
ਨਿਮਾਈ ਨੇ ਅੱਗੇ ਦੱਸਿਆ, ''ਰਾਤ ਨੂੰ ਖਾਣਾ ਖਾ ਕੇ ਅਸੀਂ ਸੌਣ ਚਲੇ ਗਏ। ਗ੍ਰਾਹਮ ਤੇ ਬੇਟੇ ਵੱਡੀ ਜੀਪ ਵਿੱਚ ਮੱਛਰਦਾਨੀ ਲਗਾ ਕੇ ਤੇ ਮੈਂ ਘਰ ਵਿੱਚ।''
''12 ਵਜੇ ਦੇ ਕਰੀਬ ਆਵਾਜ਼ਾਂ ਆਉਣ ਲੱਗੀਆਂ। ਮੈਂ ਵੇਖਿਆ ਕਿ ਕੁਝ ਲੋਕਾਂ ਨੇ ਗੱਡੀ 'ਤੇ ਹਮਲਾ ਕਰ ਦਿੱਤਾ ਸੀ।''

ਨਿਮਾਈ ਮੁਤਾਬਕ ਉਨ੍ਹਾਂ ਨੇ ਭੀੜ ਕੋਲ੍ਹ ਜਾਕੇ ਇਸਦੀ ਵਜ੍ਹਾ ਪੁੱਛੀ।
ਉਨ੍ਹਾਂ ਦੱਸਿਆ, ''ਪੁੱਛਿਆ ਹੀ ਸੀ ਕਿ ਉੱਧਰੋਂ ਕੋਈ ਬੋਲਿਆ, ਮਾਰ ਦੋ, ਮਾਰ ਦੋ, ਇਸਨੂੰ ਮਾਰ ਦੋ, ਤੇ ਉਹ ਮੈਨੂੰ ਮਾਰਨ ਲੱਗੇ। ਮੈਂ ਭੱਜਿਆ ਤੇ ਫਿਰ ਅੱਗ ਬੁਝਾਉਣ ਲਈ ਪਾਣੀ ਲੈ ਕੇ ਆਇਆ। ਮੈਨੂੰ ਹੋਰ ਮਾਰਿਆ।''
''ਮੈਂ ਪਿੰਡ ਵਾਲਿਆਂ ਨੂੰ ਬੁਲਾ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਟਾਇਰ ਬਲਾਸਟ ਹੋ ਗਿਆ ਤੇ ਅਸੀਂ ਕੁਝ ਨਹੀਂ ਕਰ ਸਕੇ।''
''ਕੁਝ ਮਿੰਟਾਂ ਵਿੱਚ ਹੀ ਗ੍ਰਾਹਮ ਸਟੇਂਜ਼ ਤੇ ਉਨ੍ਹਾਂ ਦੇ ਬੇਟੇ ਦੀ ਗੱਡੀ ਸੜ ਗਈ।''
'ਮੈਂ ਮੁਆਫ ਕਰਦੀ ਹਾਂ'
ਕਲਿਆਣ ਕੁਮਾਰ ਸਿੰਹਾ ਉਸ ਸਮੇਂ ਤੋਂ ਬਾਰਿਪਦਾ ਵਿੱਚ ਪੱਤਰਕਾਰੀ ਕਰਦੇ ਰਹੇ ਹਨ ਅਤੇ ਅੱਜ ਕਲ ਆਕਾਸ਼ਵਾਣੀ ਵਿੱਚ ਹਨ। ਅਗਲੀ ਸਵੇਰ ਘਟਨਾ ਦੀ ਥਾਂ 'ਤੇ ਪਹੁੰਚਣ ਵਾਲੇ ਪੱਤਰਕਾਰ ਕਲਿਆਣ ਹੀ ਸਨ।
ਉਨ੍ਹਾਂ ਨੂੰ ਉਹ ਸਵੇਰ ਅੱਜ ਵੀ ਯਾਦ ਹੈ। ਉਨ੍ਹਾਂ ਕਿਹਾ, ''ਜਦੋਂ ਮੈਂ ਉੱਥੇ ਪਹੁੰਚਿਆ ਤਾਂ ਬਹੁਤੇ ਲੋਕ ਨਹੀਂ ਸੀ। ਇਲਾਕੇ ਵਿੱਚ ਸੜੇ ਹੋਏ ਟਾਇਰ-ਪੈਟਰੋਲ ਦੀ ਮੁਸ਼ਕ ਆ ਰਹੀ ਸੀ, ਸਾਫ ਦਿੱਖ ਰਿਹਾ ਸੀ ਕਿ ਗ੍ਰਾਹਮ ਤੇ ਉਨ੍ਹਾਂ ਦੇ ਮੁੰਡਿਆਂ ਨੂੰ ਜ਼ਬਰਦਸਤੀ ਜੀਪ 'ਚ ਬੰਨ੍ਹ ਕੇ ਸਾੜ ਦਿੱਤਾ ਗਿਆ ਹੈ।''
ਉਸ ਤੋਂ ਥੋੜੀ ਦੇਰ ਪਹਿਲਾਂ ਹੀ ਗ੍ਰਾਹਮ ਦੀ ਪਤਨੀ ਗਲੈਡਿਸ ਸਟੇਂਜ਼ ਪਹੁੰਚੀ ਸੀ ਅਤੇ ਥੋੜੀ ਦੂਰ ਬੈਠੀ ਰੋ ਰਹੀ ਸੀ।
ਕਲਿਆਣ ਨੇ ਦੱਸਿਆ, ''ਗਲੈਡਿਸ ਦੀ ਹਿੰਮਤ ਨੂੰ ਮੈਂ ਅੱਜ ਵੀ ਸਲਾਮ ਕਰਦਾ ਹਾਂ। ਮੈਂ ਜਦੋਂ ਇਹ ਪੁੱਛਿਆ ਕਿ ਇਹ ਸਭ ਕਿਸਨੇ ਕੀਤਾ ਤਾਂ ਉਨ੍ਹਾਂ ਕਿਹਾ, ਜਿਸਨੇ ਵੀ ਕੀਤਾ ਮੈਂ ਉਸ ਨੂੰ ਮੁਆਫ ਕਰਦੀ ਹਾਂ ਕਿਉਂਕਿ ਇਹ ਰੱਬ ਦੀ ਮਰਜ਼ੀ ਹੋਵੇਗੀ। ਰੱਬ ਵੀ ਮੁਆਫੀ ਦੇਣ ਨੂੰ ਕਹਿੰਦਾ ਹੈ।''

ਗ੍ਰਾਹਮ ਸਟੇਂਸ ਦੇ ਕਤਲ ਦੇ ਇਲਜ਼ਾਮ ਵਿੱਚ ਹਿੰਦੂ ਸੰਗਠਨ ਬਜਰੰਗ ਦਲ ਦੇ ਮੈਂਬਰ ਰਵਿੰਦਰ ਕੁਮਾਰ ਪਾਲ ਉਰਫ ਦਾਰਾ ਸਿੰਘ ਨੂੰ ਦੋਸ਼ੀ ਮੰਨਿਆ ਗਿਆ ਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਸੀ।
ਬਾਅਦ ਵਿੱਚ ਦਾਰਾ ਸਿੰਘ ਨੇ ਹਾਈ ਕੋਰਟ ਵਿੱਚ ਰਹਿਮ ਦੀ ਅਪੀਲ ਕੀਤੀ ਤੇ ਉਨ੍ਹਾਂ ਦੀ ਫਾਂਸੀ ਦੀ ਸਜ਼ਾ ਨੂੰ ਮੁਆਫ ਕਰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ।
ਅੱਜ ਕੱਲ੍ਹ ਉਹ ਕਿਯੋਂਝਰ ਦੀ ਇੱਕ ਜੇਲ੍ਹ ਵਿੱਚ ਹਨ। ਹੋਰ ਮੁਲਜ਼ਮਾਂ ਦੇ ਮਾਮਲੇ ਵਿੱਚ ਸਬੂਤ ਨਾ ਹੋਣ ਕਾਰਨ ਸਾਰੇ ਬਰੀ ਹੋ ਗਏ ਸਨ।
ਇਹ ਵੀ ਪੜ੍ਹੋ:
ਇਸ ਕਤਲ ਦੀ ਜਾਂਚ ਕਰਨ ਵਾਲੇ ਵਾਧਵਾ ਕਮਿਸ਼ਨ ਨੇ ਧਰਮ ਪਰਿਵਰਤਨ ਦੇ ਇਲਜ਼ਾਮਾਂ ਨੂੰ ਗਲਤ ਦੱਸਿਆ, ਨਾਲ ਹੀ ਬਜਰੰਗ ਦਲ ਦਾ ਕਿਸੇ ਵੀ ਤਰ੍ਹਾਂ ਦਾ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ।
ਇਸ ਘਟਨਾ ਨੇ ਨਾ ਸਿਰਫ ਭਾਰਤ ਬਲਕਿ ਪੂਰੀ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ ਸੀ।
ਜਿਵੇਂ ਕੁਝ ਸਾਲਾਂ ਤੋਂ ਭਾਰਤ ਵਿੱਚ ਗਊ ਦੇ ਕਤਲ ਅਤੇ ਤਸਕਰੀ ਨੂੰ ਲੈ ਕੇ ਕਈ ਕਤਲ ਹੋਏ ਹਨ। ਇਸ ਵਿੱਚ ਵੀ ਫੇਕ ਨਿਊਜ਼ ਦਾ ਹੀ ਹੱਥ ਸੀ।
ਯਾਦਾਂ
ਗ੍ਰਾਹਮ ਸਟੇਂਸ ਦੇ ਲੈਪਰੋਸੀ ਸ਼ੈਲਟਰ ਹੋਮ ਵਿੱਚ ਅੱਜ ਵੀ ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਗ੍ਰਾਹਮ ਨੇ ਠੀਕ ਕਰ ਦਿੱਤਾ ਸੀ।
ਸ਼ਾਰਦਾ ਟੁਦੂ 75 ਸਾਲ ਦੇ ਹਨ, ਕੋਹੜ ਹੋਣ 'ਤੇ ਉਨ੍ਹਾਂ ਦੇ ਪਰਿਵਾਰ ਨੇ ਉਨ੍ਹਾਂ ਨੂੰ ਨਾ ਹੀ ਸਿਰਫ ਘਰੋਂ ਬਲਕਿ ਪਿੰਡ 'ਚੋਂ ਕੱਢ ਦਿੱਤਾ ਸੀ।
ਗ੍ਰਾਹਮ ਦਾ ਨਾਂ ਲੈਂਦੇ ਹੀ ਉਹ ਰੋ ਪਈ ਤੇ ਕਿਹਾ, ''ਉਹ ਸਾਡੇ ਰੱਬ ਸੀ, ਮੈਨੂੰ ਬੇਸਹਾਰਾ ਨੂੰ ਉਹ ਇੱਥੇ ਲਿਆਏ, ਮੇਰਾ ਇਲਾਜ ਕੀਤਾ ਤੇ ਮੈਨੂੰ ਇੱਜ਼ਤ ਦਿੱਤੀ।''
ਗ੍ਰਾਹਮ ਦੀ ਪਤਨੀ ਨੇ ਵੀ ਕਈ ਸਾਲਾਂ ਤੱਕ ਭਾਰਤ ਵਿੱਚ ਰਹਿ ਕੇ ਕੋਹੜਾਂ ਦੀ ਸੇਵਾ ਕੀਤੀ।
ਭਾਰਤ ਵਿੱਚ ਪਦਮਸ਼੍ਰੀ ਐਵਾਰਡ ਨਾਲ ਨਵਾਜ਼ੀ ਜਾਣ ਵਾਲੀ ਗਲੈਡਿਸ ਨੇ 2004 ਵਿੱਚ ਬੀਬੀਸੀ ਨੂੰ ਕਿਹਾ ਸੀ, ''ਭਾਰਤ ਹੀ ਮੇਰਾ ਘਰ ਹੈ, ਘਰ ਨੂੰ ਕੋਈ ਛੱਡਦਾ ਹੈ?''

ਗ੍ਰਾਹਮ ਤੇ ਗਲੈਡਿਸ ਦੀ ਧੀ ਹੁਣ ਆਸਟ੍ਰੇਲੀਆ ਵਿਚ ਡਾਕਟਰ ਬਣ ਚੁੱਕੀ ਹੈ ਅਤੇ ਸਿਡਨੀ ਵਿੱਚ ਆਪਣੇ ਪਤੀ ਦੇ ਨਾਲ ਰਹਿੰਦੀ ਹੈ।
ਤਿੰਨ ਸਾਲ ਪਹਿਲਾਂ ਗਲੈਡਿਸ ਵੀ ਉੱਥੇ ਚਲੀ ਗਈ ਤੇ ਵਾਪਸ ਨਹੀਂ ਆਈ।
ਲੈਪਰੋਸੀ ਹੋਮ ਵਿੱਚ ਸਾਰਿਆਂ ਨੂੰ ਅੱਜ ਵੀ ਉਨ੍ਹਾਂ ਦਾ ਇੰਤਜ਼ਾਰ ਹੈ।
ਜਾਣ ਤੋਂ ਪਹਿਲਾਂ ਮੈਂ ਨਿਮਾਈ ਤੋਂ ਪੁੱਛਿਆ, ''ਕੀ ਤੁਹਾਨੂੰ ਪਤਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਲਿੰਚਿੰਗ ਜਾਂ ਗੁੱਸਾਈ ਭੀੜ ਵਲੋਂ ਹਮਲੇ ਦੀਆਂ ਘਟਨਾਵਾਂ ਹੋਈਆਂ ਹਨ?''
ਉਨ੍ਹਾਂ ਕਿਹਾ, ''ਸਭ ਪਤਾ ਹੈ, ਇਹ ਸਭ ਨਹੀਂ ਹੋਣਾ ਚਾਹੀਦਾ ਹੈ ਤੇ ਸ਼ਾਂਤੀ ਨਾਲ ਹਰ ਧਰਮ ਦੇ ਲੋਕਾਂ ਨੂੰ ਇੱਕ ਦੂਜੇ ਦੇ ਨਾਲ ਰਹਿਣਾ ਚਾਹੀਦਾ ਹੈ। ਵਰਨਾ ਨੁਕਸਾਨ ਹੀ ਹੁੰਦਾ ਰਹੇਗਾ।''
ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












