ਬੁਲੰਦਸ਼ਹਿਰ ਹਿੰਸਾ: ਕੀ ਪੁਲਿਸ ’ਤੇ ਹੈ ਯੋਗੀ ਸਰਕਾਰ ਦਾ ਦਬਾਅ? ਪੜ੍ਹੋ ਗਰਾਊਂਡ ਰਿਪੋਰਟ

- ਲੇਖਕ, ਨਿਤਿਨ ਸ਼੍ਰੀਵਾਸਤਵ
- ਰੋਲ, ਬੀਬੀਸੀ ਪੱਤਰਕਾਰ, ਬੁਲੰਦਸ਼ਹਿਰ ਤੋਂ
ਪਾਰਟ 1
ਸਰਦੀਆਂ ਦੀ ਸਵੇਰ ਦੇ ਸਾਢੇ 10 ਵੱਜ ਰਹੇ ਸਨ ਅਤੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਗੰਨੇ ਦੇ ਇੱਕ ਖੇਤ 'ਚ ਕਟਾਈ ਜਾਰੀ ਹੈ।
ਕੁਝ ਮਜ਼ਦੂਰਾਂ ਵਿਚਾਲੇ ਖੜੇ ਖੇਤ ਦੇ ਮਾਲਕ ਪ੍ਰੇਮਜੀਤ ਸਿੰਘ ਨੇ ਸਾਨੂੰ ਨੇੜੇ ਦੇ ਬਾਗ਼ 'ਚ ਖੜੇ ਦੇਖਿਆ ਅਤੇ ਸਾਡੇ ਵੱਲ ਵਧੇ।
ਇਸ ਬਾਗ਼ 'ਚ 3 ਦਸੰਬਰ ਨੂੰ ਇੱਕ ਦਰਜਨ ਗਊਆਂ ਦੇ ਪਿੰਜਰ ਮਿਲੇ ਸਨ।
ਆਸ ਦੇ ਉਲਟ ਉਨ੍ਹਾਂ ਨੇ ਗੱਲ ਕਰਨ ਵਿੱਚ ਪਹਿਲ ਕਰਦਿਆਂ ਕਿਹਾ, "ਸਾਡੇ ਮਹਾਓ ਪਿੰਡ ਨੂੰ ਨਜ਼ਰ ਲੱਗ ਗਈ ਹੈ। ਜੋ ਗੱਲਬਾਤ ਨਾਲ ਸੁਲਝ ਰਹੀ ਸੀ, ਨੇਤਾਗਿਰੀ ਦੇ ਚੱਕਰ 'ਚ ਯੋਗੇਸ਼ ਰਾਜ ਵਰਗੇ ਬਾਹਰ ਵਾਲਿਆਂ ਨੇ ਉਸ ਨੂੰ ਵਿਗਾੜ ਦਿੱਤਾ ਹੈ।"
18 ਜਨਵਰੀ ਨੂੰ ਪ੍ਰੇਮਜੀਤ ਦੀ ਬੇਟੀ ਦਾ ਵਿਆਹ ਹੋਣਾ ਹੈ, ਕਾਰਡ ਇੱਕ ਮਹੀਨੇ ਪਹਿਲਾਂ ਵੰਡੇ ਗਏ ਹਨ ਪਰ ਪਿਛਲੇ ਹਫ਼ਤੇ ਮੰਗਣੀ ਦੀ ਰਸਮ ਨੂੰ ਰੱਦ ਕਰਨਾ ਪਿਆ।
ਇਲਾਕੇ 'ਚ ਤਣਾਅ
3 ਦਸੰਬਰ ਦੀ ਸਵੇਰ ਪ੍ਰੇਮਜੀਤ ਦੇ ਨੇੜਲੇ ਬਾਗ਼ 'ਚ ਗਊਆਂ ਦੇ ਪਿੰਜਰ ਮਿਲਣ ਤੋਂ ਬਾਅਦ ਪਿੰਡ ਵਿੱਚ ਤਣਾਅ ਹੋ ਗਿਆ ਸੀ।
ਇਹ ਵੀ ਪੜ੍ਹੋ:
ਨੇੜਲੇ ਚਿੰਗਰਾਵਟੀ ਥਾਣੇ ਦਾ ਘਿਰਾਓ ਕਰਨ ਤੋਂ ਬਾਅਦ ਰੋਹਮਈ ਭੀੜ ਨੇ ਅੱਗ ਲਗਾ ਦਿੱਤੀ ਅਤੇ ਪੁਲਿਸ ਨੂੰ ਭੱਜ ਕੇ ਜਾਨ ਬਚਾਉਣੀ ਪਈ।
ਹਿੰਸਾ ਵਿੱਚ ਸਿਆਨਾ ਥਾਣੇ ਦੇ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਅਤੇ ਭੀੜ ਵਿੱਚ ਸ਼ਾਮਲ ਨੌਜਵਾਨ ਸੁਮਿਤ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ।

ਹਿੰਸਾ ਦੇ ਮਾਮਲੇ ਵਿੱਚ 20 ਲੋਕ ਗ੍ਰਿਫ਼ਤਾਰ ਕੀਤੇ ਗਏ ਹਨ। ਜੀਤੂ ਫੌਜੀ ਸਣੇ ਵਧੇਰੇ ਮਹਾਓ ਪਿੰਡ ਦੇ ਨੌਜਵਾਨ ਹਨ।
ਘਟਨਾ ਵਾਲੀ ਥਾਂ ਤੋਂ ਮਹਿਜ਼ ਡੇਢ ਕਿਲੋਮੀਟਰ ਦੂਰ ਮਹਾਓ ਦੇ ਦਰਜਨਾਂ ਲੋਕ ਗਊ ਹੱਤਿਆ ਦਾ ਵਿਰੋਧ ਅਤੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਥਾਣੇ ਤੱਕ ਆਏ ਸਨ।
ਦਰਜਨਾਂ ਵੀਡੀਓਜ਼ ਰਾਹੀਂ ਇਨ੍ਹਾਂ ਲੋਕਾਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।
ਜ਼ਿੰਦਗੀ ਬਰਬਾਦੀ ਦੇ ਕੰਢੇ
ਪ੍ਰੇਮਜੀਤ ਇਨ੍ਹੀਂ ਦਿਨੀਂ ਡਰਦੇ-ਡਰਦੇ ਖੇਤਾਂ 'ਚ ਗੰਨੇ ਦੀ ਕਟਾਈ ਕਰਵਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਡਰ ਹੈ ਕਿ ਪੁਲਿਸ ਕਿਤੇ ਉਨ੍ਹਾਂ ਨੂੰ ਵੀ ਨਾ "ਚੁੱਕ ਕੇ ਲੈ ਜਾਵੇ"।
ਬੇਟੀ ਦਿੱਲੀ ਦੀ ਇੱਕ ਕੰਪਨੀ ਵਿੱਚ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਹੈ ਪਰ ਆਪਣੀ ਵਿਆਹ ਦੀ ਤਰੀਕ ਨੇੜੇ ਆਉਣ 'ਤੇ ਵੀ ਇੱਥੇ ਆਉਣ ਲਈ ਤਿਆਰ ਨਹੀਂ।
ਪ੍ਰੇਮਜੀਤ ਨੇ ਕਿਹਾ, "ਰਿਸ਼ਤੇਦਾਰ ਅਤੇ ਬੇਟੀ ਦੇ ਦੋਸਤ, ਹੁਣ ਇੱਥੇ ਆਉਣ ਤੋਂ ਡਰ ਰਹੇ ਹਨ। ਸਾਡੀ ਜ਼ਿੰਦਗੀ ਬਰਬਾਦੀ ਦੇ ਕੰਢੇ ਆ ਗਈ ਹੈ ਪਰ ਹਿੰਸਾ ਦੇ ਮੁੱਖ ਮੁਲਜ਼ਮ ਅਜੇ ਵੀ ਫਰਾਰ ਕਿਉਂ ਹਨ?"
"ਸਾਡੇ ਪਿੰਡ 'ਤੇ ਪੁਲਿਸ ਦਾ ਗੁੱਸਾ ਨਿਕਲ ਰਿਹਾ ਹੈ, ਲੋਕ ਕੁੱਟੇ ਗਏ ਪਰ ਅਸਲ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਹੋ ਰਹੀ?"

"ਵਿਧਾਇਕ ਦੇਵੇਂਦਰ ਸਿੰਘ ਲੋਧੀ ਤੋਂ ਇਲਾਵਾ ਸਾਨੂੰ ਕੋਈ ਮਿਲਣ ਨਹੀਂ ਆਇਆ। ਚੋਣਾਂ ਵੇਲੇ ਤਾਂ ਸਾਰੇ ਚੱਕਰ ਲਗਾਉਂਦੇ ਹਨ।" ਇਹ ਕਹਿ ਕੇ ਪ੍ਰੇਮਜੀਤ ਦੁਬਾਰਾ ਖੇਤ ਵੱਲੋਂ ਵਾਪਸ ਚਲੇ ਗਏ।
ਪਾਰਟ 2
"ਤੂੰ ਕੋਤਵਾਲ ਨੂੰ ਮਾਰੇਂਗਾ? ਹਿੰਮਤ ਦੇਖ ਇਨ੍ਹਾਂ ਦੀ, ਹੁਣ ਹੰਝੂ ਵਹਾਉਣ ਨਾਲ ਕੁਝ ਨਹੀਂ ਹੋਣਾ, ਜੱਜ ਸਾਬ੍ਹ ਦੇ ਸਾਹਮਣੇ ਗੱਲ ਕਰਿਓ।"
ਇੱਕ ਪੁਲਿਸ ਵਾਲਾ ਤਿੰਨ ਲੋਕਾਂ ਦੇ ਹੱਥਾਂ ਨੂੰ ਹੱਥਕੜੀਆਂ ਲਗਾਉਂਦਿਆ ਇਹ ਗੱਲਾਂ ਕਹਿ ਰਿਹਾ ਸੀ।
ਬਰਾਂਡਿਡ ਜੀਨਜ਼, ਜੁੱਤੀਆਂ ਤੇ ਜੈਕੇਟ ਵਾਲੇ ਇਹ ਨੌਜਵਾਨ ਸਿਸਕ-ਸਿਸਕ ਕੇ ਰੋ ਰਹੇ ਸਨ।
ਮਹਾਓ ਪਿੰਡ ਤੋਂ 25 ਮਿੰਟ ਦੀ ਦੂਰੀ 'ਤੇ ਹੈ ਸਿਆਨਾ, ਜਿਸ ਦੀ ਕੋਤਵਾਲੀ 'ਚ ਬੁੱਧਵਾਰ ਦੁਪਹਿਰ ਨੂੰ ਕਾਫ਼ੀ ਚਹਿਲ-ਪਹਿਲ ਸੀ।

ਤਸਵੀਰ ਸਰੋਤ, Adnan Abidi/Reuters
ਮੰਗਲਵਾਰ ਸ਼ਾਮ ਨੂੰ ਇਨ੍ਹਾਂ ਦੀ ਗ੍ਰਿਫ਼ਤਾਰੀ ਹੋਈ ਕਿਉਂਕਿ ਚਿੰਗਰਾਵਟੀ 'ਚ ਹੋਈ ਹਿੰਸਾ ਤੋਂ ਬਾਅਦ ਵੀਡੀਓ ਫੁਟੇਜ ਦੀ ਮਦਦ ਨਾਲ ਜਿਨ੍ਹਾਂ 28 ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਐਫਆਈਆਰ ਦਰਜ ਹੋਈ ਹੈ, ਉਨ੍ਹਾਂ ਵਿੱਚ ਇਹ ਤਿੰਨ ਸ਼ਾਮਿਲ ਹਨ ਜੋ ਅਜੇ ਤੱਕ ਫਰਾਰ ਸਨ।
ਗੁੱਸੇ ਦੇ ਨਾਲ-ਨਾਲ ਲਾਚਾਰੀ
ਇਹ ਉਹੀ ਥਾਣਾ ਹੈ ਜਿੱਥੇ ਕੁਝ ਮਹੀਨੇ ਪਹਿਲਾਂ ਇੰਸਪੈਕਟਰ ਸੁਬੋਧ ਕੁਮਾਰ ਦਾ ਤਬਾਦਲਾ ਹੋਇਆ ਸੀ। ਇਹ ਉਨ੍ਹਾਂ ਦੀ ਆਖ਼ਰੀ ਪੋਸਟਿੰਗ ਸਾਬਿਤ ਹੋਈ ਕਿਉਂਕਿ 3 ਦਸੰਬਰ ਨੂੰ ਹਿੰਸਾ 'ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ ਸੀ।
ਥਾਣੇ ਦੇ ਲੋਕ ਉਸ ਘਟਨਾ ਬਾਰੇ ਗੱਲ ਕਰਨ ਤੋਂ ਝਿਜਕਦੇ ਹਨ। ਸਾਰਿਆਂ ਦੇ ਚਿਹਰੇ 'ਤੇ ਗੁੱਸਾ ਦੇ ਨਾਲ-ਨਾਲ ਲਾਚਾਰੀ ਝਲਕ ਰਹੀ ਹੈ।
ਨਾਮ ਨਾ ਲਏ ਜਾਣ ਦੀ ਸ਼ਰਤ 'ਤੇ ਇੱਕ ਪੁਲਿਸ ਕਰਮੀ ਨੇ ਦੱਸਿਆ, "ਮਜਾਲ ਨਹੀਂ ਸੀ ਕਿਸੇ ਦੀ ਵੀ ਕਿ ਕੋਈ ਸਿਪਾਹੀ ਤੱਕ 'ਤੇ ਹੱਥ ਚੁੱਕੇ। ਕੋਤਵਾਲ ਤਾਂ ਵੱਡੀ ਚੀਜ਼ ਹੁੰਦੀ ਹੈ, ਇਲਾਕੇ 'ਚ।"
"ਮੈਂ ਹੁਣ ਉਸ ਘਟਨਾ ਦੇ ਵੀਡੀਓ ਦੇਖਣੇ ਬੰਦ ਹੀ ਕਰ ਦਿੱਤੇ ਹਨ ਕਿਉਂਕਿ ਜੋ ਹੋਇਆ ਉਸ 'ਤੇ ਯਕੀਨ ਨਹੀਂ ਆਉਂਦਾ। ਹੁਣ ਤਾਂ ਕਿਸੇ 'ਤੇ ਵੀ ਕੋਈ ਵੀ ਹੱਥ ਚੁੱਕੇਗਾ, ਗੋਲੀ ਚਲਾ ਦੇਵੇਗਾ ਕੀ? ਪਰ ਅਸੀਂ ਕਿਸੇ ਦਾ ਵੀ ਪ੍ਰੈਸ਼ਰ ਆਉਣ 'ਤੇ ਵੀ ਛੱਡਣ ਵਾਲੇ ਨਹੀਂ ਉਨ੍ਹਾਂ ਲੋਕਾਂ ਨੂੰ।"
ਉਦੋਂ ਪਿੱਛਿਓਂ ਇੱਕ ਪੁਲਿਸ ਕਰਮੀ ਨੇ ਡੈਸਕ 'ਤੇ ਬੈਠੇ ਸਬ-ਇਸੰਪੈਕਟਰ ਰੈਂਕ ਦੇ ਕੁਝ ਅਫ਼ਸਰਾਂ ਨੂੰ ਪੁੱਛਿਆ, "ਦਿੱਲੀ ਤੋਂ ਸੰਸਦ ਮੈਂਬਰਾਂ ਦੀ ਕੋਈ ਟੀਮ ਆ ਰਹੀ ਹੈ, ਜਨਾਬ ਅੱਜ ਘਟਨਾ ਵਾਲੀ ਥਾਂ ਦਾ ਦੌਰਾ ਕਰਨ, ਕੌਣ-ਕੌਣ ਜਾ ਰਿਹਾ ਹੈ ਉੱਥੇ?"
ਇਹ ਵੀ ਪੜ੍ਹੋ:

ਤਸਵੀਰ ਸਰੋਤ, Adnan Abidi/Reuters
ਜਿਸ ਪੁਲਿਸ ਕਰਮੀ ਨਾਲ ਸਾਡੀ ਗੱਲ ਹੋ ਰਹੀ ਸੀ, ਉਸ ਨੇ ਹੌਲੀ ਜਿਹੀ ਮੇਰੇ ਕੋਲ ਆ ਕੇ ਕਿਹਾ, "ਜਿਨ੍ਹਾਂ ਦੀਆਂ ਗਾਲ੍ਹਾਂ ਸੁਣੋ, ਉਨ੍ਹਾਂ ਦੀ ਸੁਰੱਖਿਆ ਦਾ ਵੀ ਇੰਤਜ਼ਾਮ ਕਰੋ।"
ਪਾਰਟ 3
ਹਿੰਸਾ ਤੋਂ ਬਾਅਦ ਦੀ ਕਾਰਵਾਈ ਦੌਰਾਨ ਬੁਲੰਦਸ਼ਹਿਰ ਪ੍ਰਸ਼ਾਸਨ 'ਤੇ ਸਿਆਸੀ ਦਬਾਅ ਦੇ ਇਲਜ਼ਾਮ ਲੱਗੇ ਹਨ।
ਘਟਨਾ ਤੋਂ ਕੁਝ ਦਿਨ ਬਾਅਦ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਪਰਵੀਰ ਰੰਜਨ ਸਿੰਘ ਦਾ ਤਬਾਦਲਾ ਲਖਨਊ ਕਰ ਦਿੱਤਾ ਗਿਆ, ਜਿੱਥੇ ਹੁਣ ਉਹ ਡਾਇਲ-100 ਵਾਲੀ ਪੁਲਿਸ ਸੇਵਾ ਦੇ ਦਫ਼ਤਰ 'ਚ ਬੈਠਦੇ ਹਨ।
ਪੁਲਿਸ ਸੁਪਰਡੈਂਟ (ਦੇਹਾਤੀ), ਰਈਸ ਅਖ਼ਤਰ ਅਤੇ ਖੇਤਰ ਅਧਿਕਾਰੀ ਐਸਪੀ ਸਿੰਘ ਦਾ ਵੀ ਤਬਾਦਲਾ ਘਟਨਾ ਦੇ ਕੁਝ ਦਿਨ ਬਾਅਦ ਹੀ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਇਲਾਕੇ ਦੇ ਭਾਜਪਾ ਵਿਧਾਇਕ ਦੇਵੇਂਦਰ ਸਿੰਘ ਲੋਧੀ ਅਤੇ ਸੰਸਦ ਮੈਂਬਰ ਭੋਲਾ ਸਿੰਘ ਨੇ ਮਾਮਲੇ ਨੂੰ ਪੁਲਿਸ ਦੀ ਨਾਕਾਮੀ ਦੱਸਿਆ ਸੀ ਅਤੇ ਸੂਬਾ ਸਰਕਾਰ ਦੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਜ਼ਾਹਿਰ ਹੈ, ਪੁਲਿਸ ਮਹਿਕਮੇ 'ਚ ਇਸ ਦਾ ਸੰਦੇਸ਼ ਬਹੁਤਾ ਚੰਗਾ ਤਾਂ ਨਹੀਂ ਗਿਆ ਹੋਵੇਗਾ। ਖ਼ਾਸ ਤੌਰ 'ਤੇ ਉਦੋਂ, ਜਦੋਂ ਉਨ੍ਹਾਂ ਦੇ ਆਪਣੇ ਅਫ਼ਸਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੋਵੇ।
ਸੂਬੇ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਨੇ ਬੀਬੀਸੀ ਨੂੰ ਕਿਹਾ, "ਪੁਲਿਸ ਅਧਿਕਾਰੀ ਦਾ ਕਤਲ ਸਭ ਤੋਂ ਘਟੀਆ ਅਪਰਾਧ ਹੈ।"

ਤਸਵੀਰ ਸਰੋਤ, Adnan Abidi/Reuters
ਉਨ੍ਹਾਂ ਨੇ ਕਿਹਾ, "ਮੇਰੀ ਪੂਰੀ ਨੌਕਰੀ 'ਚ ਅਜਿਹਾ ਮਾਮਲਾ ਇੱਕ ਹੀ ਵਾਰ ਹੋਇਆ ਅਤੇ 72 ਘੰਟਿਆਂ ਦੇ ਅੰਦਰ ਅੰਦਰ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਗਿਆ। ਅਜਿਹੇ ਮੌਕੇ 'ਤੇ ਇਲਾਕੇ ਛਾਉਣੀਆਂ 'ਚ ਤਬਦੀਲ ਹੋ ਜਾਂਦੇ ਹਨ ਅਤੇ ਜੇਕਰ ਵੀਡੀਓ ਫੁਟੇਜ ਦੇ ਬਾਵਜੂਦ ਕਾਰਵਾਈ ਇੰਨੀ ਲੰਬੀ ਚੱਲੇ ਤਾਂ ਪ੍ਰਸ਼ਾਸਨ ਦਾ ਉਦਾਰ ਦ੍ਰਿਸ਼ਟੀਕੋਣ ਸਾਫ਼ ਨਜ਼ਰ ਆਉਂਦਾ ਹੈ।"
ਨਿਆਇਕ ਜਾਂਚ ਦੀ ਮੰਗ
ਵਿਕਰਮ ਸਿੰਘ ਮੰਨਦੇ ਹਨ, "ਪੁਲਿਸ ਜਾਂ ਪ੍ਰਸ਼ਾਸਨ 'ਚ ਅਜਿਹੇ ਮੌਕੇ 'ਤੇ ਪ੍ਰੈਸ਼ਰ ਹਮੇਸ਼ਾ ਤੋਂ ਹੀ ਰਹਿੰਦਾ ਆਇਆ ਹੈ ਪਰ ਸੀਐਮ ਆਉਂਦੇ ਹਨ ਅਤੇ ਪੰਜ ਸਾਲ ਬਾਅਦ ਜਾਂਦੇ ਹਨ, ਅਫ਼ਸਰਾਂ ਨੂੰ ਉਹੀ ਕਰਨਾ ਚਾਹੀਦਾ ਹੈ ਜੋ ਸਹੁੰ ਉਨ੍ਹਾਂ ਨੇ ਫੋਰਸ ਨਾਲ ਜੁੜਨ ਵੇਲੇ ਸੰਵਿਧਾਨ ਦੇ ਪ੍ਰਤੀ ਖਾਧੀ ਸੀ।"
ਸਿਆਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਦੇਵੇਂਦਰ ਸਿੰਘ ਲੋਧੀ ਦੀ ਸ਼ਿਕਾਇਤ ਅੱਜ ਵੀ ਬਰਕਰਾਰ ਹੈ।
ਬੀਬੀਸੀ ਨਾਲ ਹੋਈ ਗੱਲਬਾਤ 'ਚ ਉਨ੍ਹਾਂ ਨੇ ਕਿਹਾ, "ਕਾਰਵਾਈ ਤਾਂ ਉੱਚ ਪੱਧਰੀ ਹੋਣੀ ਚਾਹੀਦੀ ਸੀ, ਅਜੇ ਤਾਂ ਕਾਰਵਾਈ ਦੀ ਕੋਈ ਦਿਸ਼ਾ ਹੀ ਨਹੀਂ ਹੈ। ਇਸ ਲਈ ਮੈਂ ਨਿਆਇਕ ਜਾਂਚ ਦੀ ਮੰਗ ਕੀਤੀ ਹੈ।"
ਵਿਧਾਇਕ ਦੇਵੇਂਦਰ ਸਿੰਘ ਲੋਧੀ ਹਾਲ ਹੀ ਵਿੱਚ ਸੰਸਦੀ ਖੇਤਰ ਦੇ ਸਾਰੇ ਵਿਧਾਇਕਾਂ ਦੇ ਇੱਕ ਦਲ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮਿਲ ਕੇ ਆਏ ਹਨ।

ਤਸਵੀਰ ਸਰੋਤ, Adnan Abidi/Reuters
ਉਨ੍ਹਾਂ ਨੇ ਕਿਹਾ, "ਕਿਸੇ ਵੀ ਨਿਰੋਦਸ਼ ਨੂੰ ਜੇਲ੍ਹ 'ਚ ਨਹੀਂ ਭੇਜਿਆ ਜਾਵੇਗਾ। ਸਾਰੇ ਅਧਿਕਾਰੀਆਂ ਕੋਲੋਂ ਲਾਪ੍ਰਵਾਹੀ ਹੋਈ ਹੈ, ਪੁਲਿਸ ਨੇ ਰਿਪੋਰਟ ਦਰਜ ਕਰਨ ਤੋਂ ਲੈ ਕੇ ਲੋਕਾਂ ਨੂੰ ਸਮਝਾਉਣ ਅਤੇ ਸ਼ਾਂਤ ਕਰਨ ਤੱਕ ਸਾਰੀਆਂ ਚੀਜ਼ਾਂ 'ਚ ਦੇਰੀ ਕੀਤੀ ਹੈ। ਮੈਂ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਹੀਂ ਹਾਂ।"
ਸਰਕਾਰੀ ਮਹਿਕਮੇ ਦਾ ਮਨੋਬਲ
ਪਰ ਬੁਲੰਦਸ਼ਹਿਰ ਦੇ ਸੀਨੀਅਰ ਪੁਲਿਸ ਸੁਪਰਡੈਂਟ ਪ੍ਰਭਾਕਰ ਚੌਧਰੀ ਦਾ ਕਹਿਣਾ ਹੈ, "ਕੋਈ ਵੀ ਪ੍ਰੈਸ਼ਰ ਨਹੀਂ ਹੈ, ਪੁਲਿਸ ਮਹਿਕਮੇ 'ਤੇ। ਜੇਕਰ ਹੋਵੇਗਾ ਤਾਂ ਵੀ ਉਸ ਨੂੰ ਮੰਨਿਆ ਨਹੀਂ ਜਾਵੇਗਾ ਕਿਉਂਕਿ ਮਾਮਲਾ ਬੇਹੱਦ ਗੰਭੀਰ ਹੈ।"
ਉਨ੍ਹਾਂ ਨੇ ਕਿਹਾ, "ਅਸੀਂ ਗਊਆਂ ਦੇ ਪਿੰਜਰ ਮਿਲਣ 'ਤੇ ਭੀੜ ਵੱਲੋਂ ਹੋਈ ਹਿੰਸਾ, ਦੋਵਾਂ ਮਾਮਲਿਆਂ 'ਤੇ ਨਿਰਪੱਖਤਾ ਨਾਲ ਕਾਰਵਾਈ ਕੀਤੀ ਹੈ। ਇੱਥੋਂ ਤੱਕ ਕਿ ਗਊਆਂ ਦੇ ਮਾਮਲੇ 'ਚ ਜਿਨ੍ਹਾਂ ਚਾਰ ਲੋਕਾਂ ਨੂੰ ਹੱਥ ਨਹੀਂ ਪਾਇਆ ਗਿਆ ਉਨ੍ਹਾਂ ਰਿਹਾਅ ਕੀਤਾ ਜਾ ਰਿਹਾ ਹੈ ਅਤੇ ਤਿੰਨ ਹੋਰ ਹਿਰਾਸਤ 'ਚ ਲਏ ਗਏ ਹਨ।"
ਬੁਲੰਦਸ਼ਹਿਰ ਦੇ ਜ਼ਿਲਾ ਅਧਿਕਾਰੀ ਅਨੁਜ ਝਾਅ ਵੀ ਕਿਸੇ ਤਰ੍ਹਾਂ ਦੀ ਸਿਆਸੀ ਦਖ਼ਲਅੰਦਾਜ਼ੀ ਤੋਂ ਇਨਕਾਰ ਕਰਦੇ ਹਨ ਅਤੇ ਦੱਸਦੇ ਹਨ, "ਘਟਨਾ ਤੋਂ ਤੁਰੰਤ ਬਾਅਦ ਸਭ ਤੋਂ ਵੱਡੀ ਚੁਣੌਤੀ ਸੀ ਕਿ ਹੋਰ ਦੰਗੇ ਨਾ ਭੜਕਣ, ਜਿਸ ਨੂੰ ਅਸੀਂ ਬੇਹੱਦ ਪ੍ਰੋਫੈਸ਼ਨਲ ਢੰਗ ਨਾਲ ਸਿੱਝਿਆ।"
ਇਹ ਵੀ ਪੜ੍ਹੋ:
"ਉਸ ਤੋਂ ਬਾਅਦ ਦਾ ਚੈਲੰਜ ਸੀ ਦੋਸ਼ੀਆਂ ਨੂੰ ਸਜ਼ਾ ਹੋਵੇ ਅਤੇ ਅਸੀਂ ਉਸ ਨੂੰ ਵੀ ਪ੍ਰੋਫੈਸ਼ਨਲ ਢੰਗ ਨਾਲ ਨਿਭਾ ਰਹੇ ਹਾਂ। ਕਿਸੇ ਵੀ ਚੀਜ਼ 'ਚ ਕੋਈ ਸਮਝੌਤਾ ਨਹੀਂ ਹੋਵੇਗਾ।"
ਪਰ ਨਾਲ ਹੀ ਜ਼ਿਲ੍ਹੇ ਦੇ ਕੁਝ ਦੂਜੇ ਸੀਨੀਅਰ ਅਧਿਕਾਰੀਆਂ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ, "ਇਸ ਤਰ੍ਹਾਂ ਦੀ ਘਟਨਾ ਨਾਲ ਸਰਕਾਰੀ ਮਹਿਕਮੇ ਦਾ ਮਨੋਬਲ ਡਿੱਗਣਾ ਆਮ ਹੈ।"

ਇੱਕ ਸੀਨੀਅਰ ਅਧਿਕਾਰੀ ਮੁਤਾਬਕ, "ਅਜਿਹੇ ਕਿਸੇ ਵੀ ਮਾਮਲੇ ਵਿੱਚ ਕੁਝ ਅਜਿਹੇ ਸਰਕਾਰੀ ਕਰਮੀ ਹੁੰਦੇ ਹਨ ਜੋ ਮੌਕੇ 'ਤੇ ਭੇਜੇ ਜਾਂਦੇ ਹਨ, ਹਾਲਾਤ ਨੂੰ ਸੰਭਾਲਣ ਲਈ। ਜੇਕਰ ਉਨ੍ਹਾਂ ਦੇ ਮਨ 'ਚ ਜਾਨ ਗੁਆਉਣ ਜਾਂ ਭੀੜ ਦਾ ਸ਼ਿਕਾਰ ਹੋਣ ਦਾ ਡਰ ਬੈਠ ਜਾਵੇਗਾ ਤਾਂ ਮਨੋਬਲ ਖ਼ਤਮ ਹੋ ਹੀ ਜਾਵੇਗਾ।"
ਸਰਕਾਰ ਦਾ ਮਕਸਦ
ਉੱਧਰ, ਉੱਤਰ ਪ੍ਰਦੇਸ਼ ਭਾਜਪਾ ਦੇ ਬੁਲਾਰੇ ਚੰਦਰਮੋਹਨ ਇਸ ਗੱਲ ਤੋਂ ਇਨਕਾਰ ਕਰਦੇ ਹਨ ਕਿ ਪ੍ਰਦੇਸ਼ 'ਚ ਸੱਤਾਧਾਰੀ ਯੋਗੀ ਸਰਕਾਰ ਦਾ ਹਿੰਸਾ ਤੋਂ ਬਾਅਦ ਪ੍ਰਸ਼ਾਸਨਿਕ ਕਾਰਵਾਈ 'ਤੇ ਕੋਈ ਦਬਾਅ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਜ਼ਿਲ੍ਹਾ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਘਟਨਾ ਨੂੰ ਵੱਡਾ ਰੂਪ ਅਖ਼ਤਿਆਰ ਕਰਨ ਤੋਂ ਰੋਕਣ ਲਈ ਪੂਰੀਆਂ ਕੋਸ਼ਿਸ਼ਾਂ ਸਫ਼ਲ ਢੰਗ ਨਾਲ ਕੀਤੀਆਂ ਹਨ।"
ਗੌਰਤਲਬ ਹੈ ਕਿ ਪ੍ਰਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਅਤੇ ਹਿੰਸਾ ਦੇ ਦੋ ਮੁੱਖ ਮੁਲਜ਼ਮ ਯੋਗੇਸ਼ ਰਾਜ ਅਤੇ ਸ਼ਿਖਰ ਅਗਰਵਾਲ ਦਾ ਸੰਬੰਧ ਬਜਰੰਗ ਦਲ ਅਤੇ ਭਾਜਪਾ ਦੀ ਨੌਜਵਾਨ ਇਕਾਈ ਨਾਲ ਰਿਹਾ ਹੈ।
ਕੀ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੌਲੀ ਦੱਸੀ ਜਾ ਰਹੀ ਹੈ ਜਾਂ ਅਜੇ ਤੱਕ ਉਹ ਗ੍ਰਿਫ਼ਤਾਰੀ ਤੋਂ ਬਚੇ ਹੋਏ ਹਨ ਅਤੇ ਆਪਣੇ ਆਪ ਨੂੰ ਨਿਰਦੋਸ਼ ਦੱਸਣ ਵਾਲੀ ਵੀਡੀਓ ਜਾਰੀ ਕਰ ਰਹੇ ਹਨ? ਮੈਂ ਇਹੀ ਸਵਾਲ ਭਾਜਪਾ ਦੇ ਬੁਲਾਰੇ ਚੰਦਰਮੋਹਨ ਨੂੰ ਕੀਤਾ।
ਉਨ੍ਹਾਂ ਦਾ ਜਵਾਬ ਸੀ, "ਇਹ ਇਲਜ਼ਾਮ ਗ਼ਲਤ ਹਨ, ਗ੍ਰਿਫ਼ਤਾਰੀਆਂ ਲਗਾਤਾਰ ਹੋ ਰਹੀਆਂ ਹਨ। ਇਸ ਦੇ ਨਾਲ ਹੀ ਅਧਿਕਾਰੀਆਂ ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ, ਉਨ੍ਹਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਸਰਕਾਰ ਦੇ ਉਦੇਸ਼ ਹਰ ਦੋਸ਼ੀ ਨੂੰ ਸਜ਼ਾ ਦਿਵਾਉਣ ਦਾ ਹੈ।"
'ਸਿਆਸੀ ਸਾਜ਼ਿਸ਼'
ਬੁਲੰਦਸ਼ਹਿਰ 'ਚ ਹੋਈ ਹਿੰਸਾ ਨੇ ਦੋ ਹਫ਼ਤਿਆਂ 'ਚ ਹੀ ਪੂਰਾ ਸਿਆਸੀ ਮਾਹੌਲ ਸਰਗਰਮ ਕਰ ਦਿੱਤਾ ਹੈ। ਵਿਰੋਧੀ ਪਾਰਟੀਆਂ ਨੇ ਸੱਤਾਧਾਰੀ ਭਾਜਪਾ ਦੇ ਰਵੱਈਏ ਦੀ ਨਿੰਦਾ ਵੀ ਕੀਤੀ ਹੈ।

ਉੱਤਰ ਪ੍ਰਦੇਸ਼ ਦੇ ਕਾਂਗਰਸ ਬੁਲਾਰੇ ਅਖਿਲੇਸ਼ ਪ੍ਰਤਾਪ ਸਿੰਘ ਦਾ ਇਲਜ਼ਾਮ ਹੈ, "ਯੋਗੀ ਸਰਕਾਰ ਦੋਸ਼ੀਆਂ ਦੇ ਨਾਲ ਖੜੀ ਦਿਸਦੀ ਹੈ।"
ਉਨ੍ਹਾਂ ਨੇ ਕਿਹਾ, "ਇੰਨੀ ਵੱਡੀ ਘਟਨਾ ਦੇ ਤਿੰਨ ਦਿਨ ਬਾਅਦ ਮੁੱਖ ਮੰਤਰੀ ਉਚ ਪੱਧਰੀ ਬੈਠਕ ਕਰਦੇ ਹਨ ਪਰ ਜੋ ਦੋ ਜਾਨਾਂ ਗਈਆਂ ਉਨ੍ਹਾਂ ਦੇ ਜ਼ਿਕਰ ਕੀਤੇ ਬਗ਼ੈਰ ਉਹ ਪ੍ਰਸ਼ਾਸਨ ਨੂੰ ਸਿਰਫ਼ ਗਊਆਂ ਦੀਆਂ ਹੱਤਿਆਵਾਂ ਨੂੰ ਰੋਕਣ ਦਾ ਆਦੇਸ਼ ਦਿੰਦੇ ਹਨ। ਇਹ ਸਰਕਾਰ ਦੀ ਪ੍ਰਾਥਮਿਕਤਾ ਅਤੇ ਗੁਨਾਹਕਾਰਾਂ ਦੇ ਨਾਲ ਮਿਲੇ ਹੋਣ ਲਈ ਕਾਫੀ ਨਹੀਂ ਹੈ।"
ਬੁਲੰਦਸ਼ਹਿਰ ਹਿੰਸਾ ਤੋਂ ਬਾਅਦ ਮੁੱਖ ਮੰਤਰੀ ਦੇ ਗਊ ਹੱਤਿਆ ਰੋਕਣ ਵਾਲੇ ਬਿਆਨ ਦੀ ਕਾਫੀ ਨਿੰਦਾ ਹੋਈ ਸੀ ਅਤੇ ਕੁਝ ਮਾਹਿਰਾਂ ਨੇ ਕਿਹਾ ਸੀ ਕਿ ਇਸ ਨਾਲ ਪੁਲਿਸ ਦਾ ਮਨੋਬਲ ਵੀ ਡਿੱਗੇਗਾ।
ਪਰ ਭਾਜਪਾ ਬੁਲਾਰੇ ਚੰਦਰਮੋਹਨ ਇਸ ਬਿਆਨ ਨੂੰ ਸਹੀ ਦੱਸਦੇ ਹੋਏ ਕਹਿੰਦੇ ਹਨ, "ਜੋ ਘਟਨਾ ਵਾਪਰੀ ਉਸ ਦੀ ਬੁਨਿਆਦ ਗਊ ਹੱਤਿਆ ਹੈ ਅਤੇ ਘਟਨਾ ਪੂਰੀ ਤਰ੍ਹਾਂ ਨਾਲ ਇੱਕ ਸਿਆਸੀ ਸਾਜ਼ਿਸ਼ ਹੈ। ਜਿਸ ਵੇਲੇ ਬੁਲੰਦਸ਼ਹਿਰ 'ਚ ਇੱਕ ਭਾਈਚਾਰੇ ਦਾ ਵੱਡਾ ਧਾਰਮਿਕ ਸਮਾਗਮ ਹੋ ਰਿਹਾ ਸੀ, ਉਸੇ ਵੇਲੇ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਗਊਆਂ ਦੇ ਪਿੰਜਰਾਂ ਦਾ ਮਿਲਣਾ ਇੱਕ ਵੱਡੀ ਸਿਆਸੀ ਸਾਜ਼ਿਸ਼ ਹੀ ਹੈ।"
ਮੰਦਿਰ-ਮਸਜਿਦ ਦੀ ਸਿਆਸਤ
ਦਰਅਸਲ ਭਾਜਪਾ ਦਾ ਇਸ਼ਾਰਾ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ (ਦਰਿਆਪੁਰ ਇਲਾਕੇ) 'ਚ 'ਇੱਜਤੇਮਾ' ਨਾਮ ਹੇਠ ਕਰਵਾਏ ਗਏ ਸਮਾਗਮ ਵਲ ਹੈ, ਜਿਸ ਵਿੱਚ ਲੱਖਾਂ ਮੁਸਲਮਾਨ 1-3 ਦਸੰਬਰ ਤੱਕ ਉੱਥੇ ਪਹੁੰਚੇ ਸਨ। ਇਸ ਨੂੰ ਮੁਸਲਮਾਨਾਂ ਦਾ ਸਤਿਸੰਗ ਕਿਹਾ ਜਾਂਦਾ ਹੈ।
ਹਿੰਸਾ ਨੂੰ 'ਸਿਆਸੀ ਸਾਜ਼ਿਸ਼' ਦੱਸਣ ਵਾਲੇ ਭਾਜਪਾ ਦੇ ਦਾਅਵਿਆਂ ਨੂੰ ਸਮਾਜਵਾਦੀ ਪਾਰਟੀ ਦੇ ਬੁਲੰਦਸ਼ਹਿਰ ਜ਼ਿਲ੍ਹਾ ਪ੍ਰਧਾਨ ਹਾਮਿਦ ਅਲੀ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ।

ਉਨ੍ਹਾਂ ਨੇ ਕਿਹਾ, "ਸਰਕਾਰ ਨੇ ਜਲਦਬਾਜ਼ੀ 'ਚ ਆਲ੍ਹਾ ਅਫ਼ਸਰਾਂ ਦੀਆਂ ਬਦਲੀਆਂ ਕਿਉਂ ਕੀਤੀਆਂ? ਜ਼ਾਹਿਰ ਹੈ ਕਿ ਕੋਈ ਉਦੇਸ਼ ਹੀ ਹੋਵੇਗਾ, ਨਹੀਂ ਤਾਂ ਅਫ਼ਸਰਾਂ ਦੀ ਜਾਂਚ ਪੂਰੀ ਤਾਂ ਹੋਣ ਦਿੰਦੇ। ਪਰ ਮੰਦਿਰ-ਮਸਜਿਦ ਦੀ ਸਿਆਸਤ ਅਤੇ ਹਿੰਦੂ-ਮੁਸਲਮਾਨਾਂ ਨੂੰ ਲੜਾਉਣ ਦੀ ਸਿਆਸਤ ਹੁਣ ਚੱਲਣ ਵਾਲੀ ਨਹੀਂ ਹੈ।"
ਪਾਰਟ 4
ਮਹਾਓ ਤੋਂ ਕਰੀਬ 20 ਮਿੰਟ ਦੂਰੀ 'ਤੇ ਹੈ ਨਵਾਂਬਾਂਸ ਪਿੰਡ ਜਿੱਥੇ ਅਸੀਂ ਬੁੱਧਵਾਰ ਨੂੰ ਪਹੁੰਚੇ। ਇਸ ਪਿੰਡ 'ਚ ਵੀ ਕਰੀਬ ਇੱਕ-ਤਿਹਾਈ ਘਰਾਂ 'ਤੇ ਅੱਜ ਵੀ ਤਾਲੇ ਲੱਗੇ ਹਨ ਅਤੇ ਅਸੀਂ ਜਿਸ ਕੋਲੋਂ ਵੀ ਇੱਕ ਵਿਅਕਤੀ ਦਾ ਪਤਾ ਪੁੱਛਣ ਲਈ ਠਹਿਰਦੇ ਹਾਂ, ਉਹ ਪਹਿਲਾਂ ਹੀ ਇਸ਼ਾਰਾ ਇੱਕ ਭੀੜੀ ਜਿਹੀ ਗਲੀ ਵੱਲ ਕਰ ਦਿੰਦਾ ਹੈ। ਸਾਨੂੰ ਤਲਾਸ਼ ਹੈ ਯੋਗੇਸ਼ ਰਾਜ ਦੇ ਘਰ ਦੀ।
ਗਲੀ ਅੰਦਰ ਜਾਣ ਤੋਂ ਪਹਿਲਾਂ ਹੀ ਇੱਕ ਵੱਡੇ ਜਿਹੇ 'ਅਖੰਡ ਭਾਰਤ' ਵਾਲੇ ਨਕਸ਼ੇ 'ਤੇ ਨਜ਼ਰ ਪਈ ਤਾਂ ਯੋਗੇਸ਼ ਦਾ ਇੱਕ ਗੁਆਂਢੀ ਬੋਲਿਆ, "ਉਹ ਬਜਰੰਗ ਦਲ ਦਾ ਸਮਰਪਿਤ ਕਾਰਜਰਤਾ ਹੈ ਅਤੇ ਪੂਰੇ ਇਲਾਕੇ 'ਚ ਕਿਤੇ ਵੀ ਗਊਆਂ ਦੀ ਹੱਤਿਆ ਹੁੰਦੀ ਤਾਂ ਪਹਿਲਾਂ ਹੀ ਪਹੁੰਚ ਜਾਂਦਾ ਸੀ।
ਯੋਗੇਸ਼ ਰਾਜ ਨੂੰ ਹਿੰਸਾ ਦਾ ਮੁੱਖ ਦੋਸ਼ੀ ਦੱਸਿਆ ਗਿਆ ਅਤੇ ਫਿਲਹਾਲ ਉਹ ਪੁਲਿਸ ਦੀਆਂ ਦਰਜਨਾਂ ਟੀਮਾਂ ਨੂੰ ਚਕਮਾ ਦੇਣ 'ਚ ਸਫ਼ਲ ਰਹੇ ਹਨ।
ਹਿੰਸਾ ਦੇ ਵੀਡੀਓ 'ਚ ਵੀ ਗੁਸੈਲੇ ਯੋਗੇਸ਼ ਨੂੰ ਪ੍ਰਸ਼ਾਸਨ ਨਾਲ ਘਟਨਾ ਤੋਂ ਪਹਿਲਾਂ ਗਊਆਂ ਦੇ ਕਤਲ 'ਤੇ ਕਾਰਵਾਈ ਕਰਨ ਦੀ ਮੰਗ ਕਰਦੇ ਦੇਖਿਆ ਗਿਆ ਹੈ।
ਬੁਲੰਦਸ਼ਹਿਰ ਪੁਲਿਸ ਦਾ ਜਵਾਬ
ਪਰ ਯੋਗੇਸ਼ ਦੇ ਦਰਵਾਜ਼ੇ ਤੱਕ ਪਹੁੰਚਣ ਤੋਂ ਪਹਿਲਾ ਇੱਕ ਔਰਤ ਨੇ ਮੇਰਾ ਰਸਤਾ ਰੋਕ ਕੇ ਪੁੱਛਿਆ, "ਕੀ ਤੁਸੀਂ ਮੇਰੇ ਪਤੀ ਅਤੇ ਬੇਟੇ ਨੂੰ ਜੇਲ੍ਹ ਤੋਂ ਛੁਡਾ ਸਕਦੇ ਹਨ?" ਇਨ੍ਹਾਂ ਦਾ ਨਾਮ ਭੂਰੀ ਦੇਵੀ ਹੈ ਅਤੇ ਇਹ ਯੋਗੇਸ਼ ਕੁਮਾਰ ਦੀ ਚਾਚੀ ਹੈ।

ਉਨ੍ਹਾਂ ਨੇ ਦੱਸਿਆ, "ਜਿਸ ਦਿਨ ਹਿੰਸਾ ਹੋਈ, ਉਸ ਰਾਤ ਪੌਣੇ 12 ਵਜੇ ਪੁਲਿਸ ਵਾਲੇ ਮੇਰੇ ਪਤੀ ਦੇਵੇਂਦਰ ਤੇ ਬੇਟੇ ਚਮਨ ਕੁਮਾਰ ਨੂੰ ਘਰੋਂ ਮਾਰਦੇ ਕੁੱਟਦੇ ਲੈ ਗਏ। ਮੇਰੀ ਬੇਟੀ ਦੇ ਹੱਥਾਂ 'ਤੇ ਵੀ ਡੰਡਾ ਵੱਜਿਆ ਜਿੱਥੇ ਅੱਜ ਵੀ ਸੋਜ਼ਿਸ਼ ਹੈ। ਉਹ ਜੇਲ੍ਹ 'ਚ ਹਨ ਪਰ ਮੈਂ ਸਹੁੰ ਖਾ ਕੇ ਕਹਿੰਦੀ ਹਾਂ ਕਿ ਉਹ ਹਿੰਸਾ ਵੇਲੇ ਮੌਕੇ 'ਤੇ ਮੌਜੂਦ ਨਹੀਂ ਸਨ। ਯੋਗੇਸ਼ ਨਹੀਂ ਮਿਲਿਆ ਤਾਂ ਸਾਡੇ ਲੋਕਾਂ ਨੂੰ ਲੈ ਗਏ।"
ਦਰਅਸਲ ਪੁਲਿਸ ਨੇ ਜਿਨ੍ਹਾਂ 28 ਲੋਕਾਂ ਖ਼ਿਲਾਫ਼ ਨਾਮਜ਼ਦ ਰਿਪੋਰਟ ਦਰਜ ਕੀਤੀ ਹੈ, ਉਨ੍ਹਾਂ ਵਿਚ ਭੂਰੀ ਦੇਵੀ ਦੇ ਪਤੀ ਅਤੇ ਬੇਟੇ ਦੇ ਨਾਮ ਹਨ।
ਹਾਂਲਾਕਿ, ਭੂਰੀ ਦੇਵੀ ਦਾ ਦਾਅਵਾ ਹੈ ਕਿ ਉਨ੍ਹਾਂ ਦਾ ਬੇਟਾ ਪੁਲਿਸ ਪ੍ਰੀਖਿਆ ਦੀ ਤਿਆਰੀ ਦੇ ਸਿਲਸਿਲੇ 'ਚ ਕੋਚਿੰਗ ਕਰ ਰਿਹਾ ਸੀ ਅਤੇ ਘਟਨਾ ਵਾਲੀ ਥਾਂ 'ਤੇ ਨਹੀਂ ਸੀ।
ਜਦਕਿ ਬੁਲੰਦਸ਼ਹਿਰ ਪੁਲਿਸ ਦਾ ਦਾਅਵਾ ਹੈ, "ਜਿੰਨੇ ਵੀ ਲੋਕਾਂ ਦੇ ਖ਼ਿਲਾਫ਼ ਨਾਮਜ਼ਦ ਰਿਪੋਰਟਾਂ ਹਨ ਉਨ੍ਹਾਂ ਸਾਰਿਆਂ ਦੀ ਸ਼ਨਾਖ਼ਤ ਕਰਵਾਈ ਗਈ ਹੈ ਅਤੇ ਜਿਨ੍ਹਾਂ ਦੀ ਨਹੀਂ ਹੋ ਸਕੀ ਉਹ ਅਣਜਾਣ ਰਿਪੋਰਟ ਦਾ ਹਿੱਸਾ ਹਨ।"
ਯੋਗੇਸ਼ ਦੇ ਆਂਢ-ਗੁਆਂਢ ਵਾਲੇ ਕੁਝ ਵੀ ਬੋਲਣ ਤੋਂ ਡਰ ਰਹੇ ਹਨ ਅਤੇ ਉਨ੍ਹਾਂ ਦੇ ਮਾਤਾ-ਪਿਤਾ ਘਟਨਾ ਵਾਲੀ ਸ਼ਾਮ ਨੂੰ ਘਰ ਛੱਡ ਕੇ ਚਲੇ ਗਏ ਸਨ। ਘਰ ਦੇ ਬਾਹਰ ਕੁਰਕੀ ਦਾ ਨੋਟਿਸ ਚਿਪਕਿਆ ਮਿਲਿਆ ਹੈ।
ਤੁਰਨ ਤੋਂ ਪਹਿਲਾਂ ਮੈਂ ਭੂਰੀ ਦੇਵੀ ਨੂੰ ਪੁੱਛਿਆ, "ਯੋਗੇਸ਼ ਦੀ ਤਲਾਸ਼ 'ਚ ਪੁਲਿਸ ਪਿਛਲੀ ਵਾਰ ਕਦੋਂ ਆਈ ਸੀ?" ਜਵਾਬ ਮਿਲਿਆ, "ਚਾਰ ਦਿਨ ਹੋ ਗਏ ਇਸ ਗੱਲ ਨੂੰ।"
ਪਾਰਟ 5
ਇਸੇ ਮੰਗਲਵਾਰ ਨੂੰ ਕਈ ਵਾਰ ਮਿਲਾਉਣ ਤੋਂ ਬਾਅਦ ਅਭਿਸ਼ੇਕ ਸਿੰਘ ਦਾ ਫੋਨ ਮਿਲਿਆ। ਬੋਲੇ, "ਜ਼ਰਾ ਬੈਂਕ ਤੱਕ ਆਇਆ ਹਾਂ ਅਤੇ ਕਾਫੀ ਕੰਮ ਹਨ, ਜੇਕਰ ਦੋ ਵਜੇ ਤੋਂ ਬਾਅਦ ਗੱਲ ਕਰੋ ਤਾਂ ਚੰਗਾ ਰਹੇਗਾ।"

ਦੋ ਵਜੇ ਤੋਂ ਬਾਅਦ ਇੰਸਪੈਕਟਰ ਸੁਬੋਧ ਕੁਮਾਰ ਸਿੰਘ ਦੇ ਬੇਟੇ ਨਾਲ ਸਾਡੀ ਲੰਬੀ ਗੱਲਬਾਤ ਹੋਈ।
ਅਭਿਸ਼ੇਕ ਨੇ ਕਿਹਾ, "ਸਰਕਾਰ ਸਿਰਫ਼ ਆਪਣੇ ਲੋਕਾਂ ਨੂੰ ਬਚਾਅ ਰਹੀ ਹੈ। ਕੁਝ ਧਾਰਮਿਕ ਸੰਗਠਨਾਂ ਦਾ ਪੂਰਾ ਦਬਾਅ ਹੈ ਯੋਗੀ ਸਰਕਾਰ 'ਤੇ। ਅਸੀਂ ਲੋਕ ਜਾਂਚ ਤੋਂ ਅਜੇ ਸੰਤੁਸ਼ਟ ਨਹੀਂ ਹਾਂ ਅਤੇ ਕਈ ਸਵਾਲ ਸਾਡੇ ਮਨ ਵਿੱਚ ਹਨ।"
ਉਨ੍ਹਾਂ ਨੇ ਕਿਹਾ, "ਸਰਕਾਰ ਇੱਕ ਪਾਸੇ ਮੁਆਵਜ਼ਾ ਦਿੰਦੀ ਹੈ ਅਤੇ ਦੂਜੇ ਪਾਸੇ ਘਟਨਾ ਦੀ ਜਾਂਚ ਦੀ ਬਜਾਇ ਗਊ ਹੱਤਿਆ ਦੀ ਗੱਲ ਕਰਦੀ ਰਹਿੰਦੀ ਹੈ। ਪਰ ਸਚਾਈ ਇਹੀ ਹੈ ਕਿ ਪੁਲਿਸ ਵਾਲਿਆਂ 'ਤੇ ਬੇਹੱਦ ਦਬਾਅ ਹੈ ਇਸ ਮਾਮਲੇ ਨੂੰ ਠੰਢਾ ਕਰ ਦੇਣ ਦਾ। ਮੇਰੇ ਪਿਤਾ ਜੀ ਵੀ ਸਿਆਸਤ ਦਾ ਸ਼ਿਕਾਰ ਹੋਏ ਹਨ, ਬਸ।"
ਉਧਰ ਘਟਨਾ ਵਿੱਚ ਸੁਮਿਤ ਨਾਮ ਦੇ ਜਿਸ ਨੌਜਵਾਨ ਦੀ ਮੌਤ ਹੋਈ ਹੈ ਉਸ ਨੂੰ ਵੀਡੀਓ ਫੁਟੇਜ ਵਿੱਚ ਦੰਗਾਕਾਰੀਆਂ ਦੇ ਨਾਲ ਸਾਫ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:
ਜਿਨ੍ਹਾਂ ਨਾਲ ਉਸ ਨੂੰ ਦੇਖਿਆ ਗਿਆ ਹੈ ਉਨ੍ਹਾਂ ਦੇ ਨਾਮ ਐਫਆਈਆਰ 'ਚ ਦਰਜ ਹਨ ਅਤੇ ਕਈ ਗ੍ਰਿਫ਼ਤਾਰ ਵੀ ਕੀਤੇ ਗਏ ਹਨ।
ਸੁਮਿਤ ਦੇ ਪਰਿਵਾਰ ਦੀ ਵੀ ਮੰਗ ਮੁਆਵਜ਼ਾ ਅਤੇ ਸਰਕਾਰੀ ਨੌਕਰੀ ਦੇ ਨਾਲ ਸ਼ਹੀਦ ਦਾ ਦਰਜਾ ਦੇਣ ਦੀ ਰਹੀ ਹੈ।
ਫੇਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸੁਮਿਤ ਦੇ ਪਿਤਾ ਨੂੰ ਆਪਣੇ ਦਫ਼ਤਰ ਬੁਲਾਉਣਾ ਅਤੇ ਮੁਲਾਕਾਤ ਕਰਨ ਨਾਲ ਗ਼ਲਤ ਸੰਦੇਸ਼ ਨਹੀਂ ਜਾਂਦਾ ਕੀ? ਮੈਂ ਇਸ ਸਵਾਲ ਨੂੰ ਭਾਜਪਾ ਬੁਲਾਰੇ ਚੰਦਰਮੋਹਨ ਦੇ ਸਾਹਮਣੇ ਰੱਖਿਆ।
ਉਨ੍ਹਾਂ ਜਵਾਬ ਸੀ, "ਸਾਡੀ ਹਮਦਰਦੀ ਉਸ ਪਰਿਵਾਰ ਨਾਲ ਵੀ ਹੈ, ਜਿਸ ਦੇ ਨੌਜਵਾਨ ਬੇਟੇ ਦੀ ਮੌਤ ਹੋਈ ਹੈ। ਇਸ ਨਾਲ ਹੀ ਬੁਲੰਦਸ਼ਹਿਰ 'ਚ ਸ਼ਾਂਤੀ ਕਾਇਮ ਰੱਖਣੀ ਸਾਡੀ ਪਹਿਲ ਹੈ।"
ਇਹ ਵੀਡੀਓਜ਼ ਵੀ ਜ਼ਰੂਰ ਦੇਖੋ-
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












