ਗਊ ਦੇ ਨਾਮ 'ਤੇ ਹੋਏ ਕਤਲਾਂ 'ਚ ਕਿਵੇਂ ਢਿੱਲੀ ਹੋਈ ਕਾਨੂੰਨ ਦੀ ਗ੍ਰਿਫ਼ਤ?

ਗਊਆਂ
    • ਲੇਖਕ, ਪ੍ਰਿਅੰਕਾ ਦੂਬੇ
    • ਰੋਲ, ਬੀਬੀਸੀ ਪੱਤਰਕਾਰ

ਸਤੰਬਰ 2015 ਵਿੱਚ ਭੀੜ ਦੇ ਹੱਥੋਂ ਮੁਹੰਮਦ ਅਖ਼ਲਾਕ ਦੀ ਮੌਤ ਤੋਂ ਲੈ ਕੇ ਹੁਣ ਤੱਕ ਭਾਰਤ ਵਿੱਚ 80 ਤੋਂ ਵੱਧ ਲੋਕਾਂ ਨੂੰ ਭੀੜ ਵੱਲੋਂ ਕੁੱਟ- ਕੁੱਟ ਕੇ ਮਾਰ ਦਿੱਤਾ ਗਿਆ ਹੈ। ਜਾਂਚ ਦੌਰਾਨ 30 ਤੋਂ ਵੱਧ ਅਜਿਹੇ ਮਾਮਲਿਆਂ ਵਿੱਚ, 'ਗਊ ਰੱਖਿਅਕਾਂ' ਦੀ ਭੂਮਿਕਾ ਸਾਹਮਣੇ ਆਈ ਹੈ ।

'ਮੌਬ ਲਿੰਚਿੰਗ' ਦੀਆਂ ਇਨ੍ਹਾਂ ਘਟਨਾਵਾਂ ਦੀਆਂ ਰਿਕਾਰਡ ਕੀਤੀਆਂ ਗਈਆਂ ਵੀਡੀਓਜ਼, ਸੋਸ਼ਲ ਮੀਡੀਆ ਜ਼ਰੀਏ ਭਾਰਤ ਵਿੱਚ ਵਾਇਰਲ ਕੀਤੀਆਂ ਗਈਆਂ ਸਨ।

ਰਿਕਾਰਡ ਕੀਤੀਆਂ ਫੋਟੋਆਂ ਅਤੇ ਵੀਡੀਓਜ਼ ਵਰਗੇ ਬਹੁਤ ਸਾਰੇ ਸਬੂਤ ਹੋਣ ਦੇ ਬਾਵਜੂਦ ਹਿੰਸਕ ਭੀੜ ਦੇ ਝਗੜਿਆਂ ਦੇ ਜ਼ਿਆਦਾਤਰ ਕੇਸ ਭਾਰਤੀ ਅਦਾਲਤਾਂ ਵਿੱਚ ਬਹੁਤ ਹੌਲੀ ਗਤੀ ਨਾਲ ਚੱਲ ਰਹੇ ਹਨ।

ਬੀਬੀਸੀ ਨੇ ਹਿੰਸਕ ਭੀੜ ਵੱਲੋਂ ਕੀਤੇ ਗਏ ਕਤਲਾਂ ਦੇ ਚੱਲ ਰਹੇ ਚਾਰ ਅਦਾਲਤੀ ਮੁਕੱਦਮਿਆਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚ ਅਖ਼ਲਾਕ ਤੋਂ ਲੈ ਕੇ ਪਹਿਲੁ ਖਾਨ, ਜੁਨੈਦ ਅਤੇ ਰਕਬਰ ਦੇ ਕੇਸਾਂ ਨੂੰ ਸ਼ਾਮਲ ਕੀਤਾ ਗਿਆ।

ਪਹਿਲੀ ਜਾਣਕਾਰੀ ਰਿਪੋਰਟਾਂ (ਐੱਫ. ਆਈ.ਆਰ), ਚਾਰਜਸ਼ੀਟਾਂ, ਵੱਖਰੇ ਅਪੀਲ ਕਾਗਜ਼ਾਂ, ਵਕੀਲਾਂ ਨਾਲ ਕੀਤੀ ਗੱਲਬਾਤ, ਚਸ਼ਮਦੀਦ ਗਵਾਹਾਂ ਅਤੇ ਪੀੜਤਾਂ ਨਾਲ ਗੱਲ ਕਰਨ ਤੋਂ ਬਾਅਦ ਜੋ ਤਸਵੀਰ ਸਾਹਮਣੇ ਉਭਰਦੀ ਹੈ ਉਹ ਜਾਂਚ ਏਜੰਸੀਆਂ ਦੁਆਰਾ ਜਾਣਬੁੱਝ ਕੇ ਲਾਪਰਵਾਹੀ ਕਰਨ ਵੱਲ ਸੰਕੇਤ ਕਰਦੀ ਹੈ।

ਇਹ ਵੀ ਪੜ੍ਹੋ:

ਸਾਰੇ ਚਾਰ ਕੇਸਾਂ ਵਿੱਚ ਜੋ ਮੁੱਖ ਗੱਲਾਂ ਹਨ, ਉਨ੍ਹਾਂ ਵਿੱਚ ਸਾਰੇ ਮੁਲਜ਼ਮਾਂ ਦੀ ਜਮਾਨਤ 'ਤੇ ਰਿਹਾਈ, ਪੁਲਿਸ ਜਾਂਚ ਵਿੱਚ ਦੋਸ਼ੀ ਦੀ ਪਛਾਣ ਕਰਨ ਦੇ ਸਮਰੱਥ ਮੌਕੇ ਦੇ ਗਵਾਹਾਂ ਨੂੰ ਸ਼ਾਮਲ ਨਾ ਕਰਨਾ, ਪੀੜਤਾਂ ਅਤੇ ਮੌਕੇ ਦੇ ਗਵਾਹਾਂ ਵੱਲੋਂ ਦਿੱਤੇ ਬਿਆਨ ਦੇ ਅਨੁਸਾਰ ਮੁਲਜ਼ਮਾਂ 'ਤੇ ਦੋਸ਼ ਨਾ ਲਗਾਏ ਜਾਣਾ, ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਾਮਲ ਪੁਲਿਸ ਅਫਸਰਾਂ ਦੀ ਵਿਵਾਦਗ੍ਰਸਤ ਭੂਮਿਕਾ 'ਤੇ ਕਾਰਵਾਈ ਨਾ ਕਰਨਾ ਅਤੇ ਚਾਰਜਸ਼ੀਟਾਂ ਦੀ ਗਿਣਤੀ ਘਟਾ ਕੇ ਮਾਮਲਿਆਂ ਨੂੰ ਕਮਜ਼ੋਰ ਕਰਨਾ ਸ਼ਾਮਲ ਹੈ।

ਰਕਬਰ

ਜੁਲਾਈ 2018 ਵਿੱਚ ਆਪਣੇ ਆਪ ਨੂੰ ਗਊ ਰੱਖਿਅਕ ਕਹਿਣ ਵਾਲਿਆਂ ਵੱਲੋਂ ਰਾਜਸਥਾਨ ਦੇ ਅਲਵਰ ਜ਼ਿਲ੍ਹੇ 'ਚ 28 ਸਾਲਾ ਰਕਬਰ ਨੂੰ ਗਊ-ਤਸਕਰੀ ਵਿੱਚ ਸ਼ਾਮਲ ਹੋਣ ਦੇ ਸ਼ੱਕ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ।

ਰਕਬਰ ਦਿੱਲੀ ਤੋਂ ਲਗਭਗ 140 ਕਿਲੋਮੀਟਰ ਦੂਰ ਹਰਿਆਣਾ ਦੇ ਨੂਹ ਜ਼ਿਲ੍ਹੇ 'ਚ ਰਹਿੰਦਾ ਸੀ। ਇਹ ਗੱਲ ਨਵੰਬਰ ਮਹੀਨੇ ਦੀ ਸਵੇਰ ਦੀ ਹੈ। ਕੋਲਗਾਉਂ ਪਿੰਡ 'ਚ ਰਕਬਰ ਦੇ ਘਰ ਪਹੁੰਚਦਿਆਂ ਹੀ ਪਹਿਲੀ ਗੱਲ ਜਿਸ ਵੱਲ ਮੇਰਾ ਧਿਆਨ ਗਿਆ ਉਹ ਸੀ ਇੱਕ ਗਊ ਅਤੇ ਇੱਕ ਵੱਛਾ ਉਨ੍ਹਾਂ ਦੇ ਵੇਹੜੇ ਵਿੱਚ ਬੰਨ੍ਹੇ ਹੋਏ ਸੀ ।

ਰਕਬਰ ਦੀ ਪਤਨੀ ਅਸਮੀਨਾ

ਉਸ ਦੀ ਪਤਨੀ ਅਸਮੀਨਾ ਤਾਬੀਜ਼ (ਪਵਿੱਤਰ ਧਾਗੇ ਦੇ ਮਣਕਿਆਂ ਵਾਲੀ ਮਾਲਾ) 'ਤੇ ਅੱਲ੍ਹਾ ਦਾ ਨਾਮ ਜੱਪ ਰਹੀ ਸੀ ।

ਫਿਰ ਉਹ ਆਪਣੀ ਗਊ ਨੂੰ ਪਿਆਰ ਨਾਲ ਪਲੋਸਦੇ ਹੋਏ ਕਹਿੰਦੀ ਹੈ, "ਸਾਡੇ ਘਰ ਦਾ ਖਾਣਾ ਇਨ੍ਹਾਂ ਦੇ ਪਾਲਣ ਪੋਸ਼ਣ ਨਾਲ ਚਲਾਇਆ ਜਾਂਦਾ ਹੈ। ਅਸੀਂ ਗਾਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂ ਅਤੇ ਇਨ੍ਹਾਂ ਨੂੰ ਆਪਣੀ ਮਾਂ ਮੰਨਦੇ ਹਾਂ। ਰਕਬਰ ਮੇਰੇ ਨਾਲੋਂ ਜ਼ਿਆਦਾ ਗਊਆਂ ਨੂੰ ਪਿਆਰ ਕਰਦੇ ਸੀ। ਪਰ ਮੈਂ ਮਹਿਸੂਸ ਕਰਦੀ ਹਾਂ ਕਿ ਅੱਜ-ਕੱਲ੍ਹ ਸਿਰਫ਼ ਗਊ ਦਾ ਜੀਵਨ ਮਾਅਨੇ ਰੱਖਦਾ ਹੈ ਅਤੇ ਮਨੁੱਖ ਦੇ ਜੀਵਨ ਦਾ ਇਸ ਦੇਸ 'ਚ ਕੋਈ ਮੁੱਲ ਨਹੀਂ ਹੈ? "

ਅਸਮੀਨਾ ਅਜੇ ਵੀ ਡੂੰਘੇ ਸਦਮੇ 'ਚ ਹੈ, ਇਹ ਵਿਸ਼ਵਾਸ ਕਰਨ ਦੇ ਯੋਗ ਨਹੀਂ ਕਿ ਉਸ ਦੇ 'ਗਊ-ਪ੍ਰੇਮੀ' ਪਤੀ ਦਾ ਕਤਲ 'ਗਊ ਤਸਕਰੀ' ਦੇ ਸ਼ੱਕ ਕਾਰਨ ਹੋਇਆ ਹੈ।

ਰਕਬਰ ਦੇ ਪਰਿਵਾਰ ਦੇ ਮਰਦ ਮੈਂਬਰ ਘਰ ਦੇ ਬਾਹਰ ਬੈਠੇ ਸਨ। ਉਨ੍ਹਾਂ ਵਿੱਚ ਮੌਜੂਦ ਅਸਲਮ ਉਸ ਤਬਾਹੀ ਵਾਲੀ ਰਾਤ ਰਕਬਰ ਦਾ ਇਕੋ ਇਕ ਸਾਥੀ ਸੀ, ਜਿਸਨੇ ਸਭ ਕੁਝ ਅੱਖੀਂ ਦੇਖਿਆ ਸੀ ।

ਜਿਵੇਂ ਉਹ ਬੋਲਦਾ ਹੈ, ਡਰ ਦਾ ਇੱਕ ਪਰਛਾਵਾਂ ਉਸ ਦੇ ਚਿਹਰੇ 'ਤੇ ਅਜੇ ਵੀ ਹੈ। "ਇਹ 20 ਜੁਲਾਈ 2018 ਦੀ ਸ਼ਾਮ ਸੀ, ਜਦੋਂ ਮੈਂ ਅਤੇ ਰਕਬਰ ਪਿੰਡ ਲਾੜਪੁਰ ਲਈ ਚੱਲੇ ਸੀ। ਲਾੜਪੁਰ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਪੈਂਦਾ ਹੈ ਪਰ ਇਹ ਸਾਡੇ ਪਿੰਡ ਤੋਂ ਕੋਈ ਜ਼ਿਆਦਾ ਦੂਰ ਨਹੀਂ ਹੈ । ਹਨੇਰਾ ਹੁੰਦੇ-ਹੁੰਦੇ ਅਸੀਂ ਲਾੜਪੁਰ ਪਹੁੰਚ ਗਏ। "

ਗਊਆਂ

ਅਸਲਮ ਨੇ ਅੱਗੇ ਦੱਸਿਆ ਕਿ ਲੱਦਪੁਰ ਵਿੱਚ 60 ਹਜ਼ਾਰ ਰੁਪਏ 'ਚ ਰਕਬਰ ਨੇ 2 ਦੁੱਧ ਵਾਲੀਆਂ ਗਊਆਂ ਖਰੀਦੀਆਂ ਸੀ ।

ਦੋਵਾਂ ਨੇ ਕਈ ਟਰੱਕ ਮਾਲਕਾਂ ਨੂੰ ਵਾਪਸ ਕੋਲਗਾਓਂ ਜਾਣ ਲਈ ਪੁੱਛਿਆ ਪਰ ਕਿਸੇ ਦੇ ਵੀ ਸਹਿਮਤ ਨਾ ਹੋਣ 'ਤੇ ਉਨ੍ਹਾਂ ਨੇ ਪੈਦਲ ਹੀ ਗਊਆਂ ਨੂੰ ਆਪਣੇ ਘਰ ਲਿਜਾਉਣ ਦਾ ਫੈਸਲਾ ਕੀਤਾ।

"ਸਾਨੂੰ ਲੱਗਾ ਸੀ ਕਿ ਕੋਲਗਾਓਂ ਬਹੁਤ ਦੂਰ ਨਹੀਂ ਹੈ। ਰਕਬਰ ਨੇ ਮੈਨੂੰ ਕਿਹਾ ਕਿ ਗਊਆਂ ਨੂੰ ਪੈਦਲ ਲਿਜਾ ਕੇ ਅਸੀਂ ਕਿਰਾਏ ਦਾ ਪੈਸਾ ਬਚਾ ਲਵਾਂਗੇ ਅਤੇ ਘਰ ਵਾਪਸੀ 'ਤੇ ਬੱਚਿਆਂ ਲਈ ਕੁਝ ਖਰੀਦ ਲਵਾਂਗੇ।

ਜਦੋਂ ਉਹ ਦੋਵੇਂ ਲਾਲਵੰਡੀ ਪਿੰਡ ਦੇ ਨੇੜੇ ਜੰਗਲਾਂ ਵਿਚੋਂ ਲੰਘ ਰਹੇ ਸਨ , ਉਨ੍ਹਾਂ ਦੇ ਘਰਾਂ ਤੋਂ ਸਿਰਫ 12 ਕਿਲੋਮੀਟਰ ਦੂਰ, ਗੁੰਡਿਆਂ ਦਾ ਇਕ ਸਮੂਹ ਅਚਾਨਕ ਉਨ੍ਹਾਂ ਦੇ ਸਾਹਮਣੇ ਆ ਗਿਆ ।

"6-7 ਲੋਕਾਂ ਨੇ ਸਾਡੇ 'ਤੇ ਅਚਾਨਕ ਹਮਲਾ ਕਰ ਦਿੱਤਾ। ਉਨ੍ਹਾਂ ਵਿੱਚੋਂ ਇੱਕ ਨੇ ਬੰਦੂਕ ਕੱਢੀ ਅਤੇ ਅਚਾਨਕ ਗਊਆਂ ਦੇ ਆਲੇ ਦੁਆਲੇ ਘੁੰਮਣਾ ਸ਼ੁਰੂ ਕਰ ਦਿੱਤਾ । ਰਕਬਰ ਨੇ ਗਊਆਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਪਤਾ ਲੱਗਣ ਤੋਂ ਪਹਿਲਾਂ ਕਿ ਉਹ ਕੀ ਕਰ ਰਹੇ ਸਨ। ਉਨ੍ਹਾਂ ਨੇ ਸਾਨੂੰ ਦੋਹਾਂ ਨੂੰ ਫੜ ਲਿਆ। ਮੈਂ ਤਾਂ ਕਿਸੇ ਤਰ੍ਹਾਂ ਖ਼ੁਦ ਨੂੰ ਬਚਾ ਕੇ ਕਪਾਹ ਦੇ ਖੇਤਾਂ ਵਿੱਚ ਲੁਕ ਗਿਆ। ਪਰ ਰਕਬਰ ਫੜਿਆ ਗਿਆ , ਭੀੜ ਨੇ ਲੱਕੜਾਂ ਨਾਲ ਰਕਬਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।"

ਅਸਲਮ

ਰਕਬਰ ਦੇ ਬਜ਼ੁਰਗ ਪਿਤਾ ਸੁਲੇਮਾਨ ਹਾਲੇ ਵੀ ਉਸਦੇ ਟੁੱਟੇ ਹੋਏ ਹੱਥ ਨੂੰ ਯਾਦ ਕਰਦੇ ਹਨ।

"ਪੋਸਟਮਾਰਟਮ ਦੀ ਰਿਪੋਰਟ ਮੁਤਾਬਕ ਉਸਦੇ ਸਰੀਰ 'ਤੇ 13 ਮੁੱਖ ਸੱਟਾਂ ਆਈਆ ਸਨ। ਉਹ ਜ਼ਰੂਰ ਆਪਣੇ ਹੱਥਾਂ ਨਾਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇਗਾ। ਇਸ ਕਰਕੇ ਹੀ ਉਸਦੇ ਦੋਵੇਂ ਹੱਥਾਂ ਦੀਆਂ ਹੱਡੀਆਂ ਅਤੇ ਉਂਗਲਾਂ ਟੁੱਟ ਗਈਆਂ ਸਨ। ਉਸ ਦੀ ਰੀੜ੍ਹ ਦੀ ਹੱਡੀ, ਧੌਣ, ਮੋਢੇ, ਲੱਤਾਂ ਦੇ ਨਾਲ ਉਸ ਦੇ ਸਰੀਰ ਦੀ ਹਰ ਹੱਡੀ ਟੁੱਟ ਗਈ ਸੀ।"

ਉਹ ਪੁੱਛਦੇ ਹਨ, "ਅਜਿਹਾ ਕਿਉਂ ਹੋਇਆ ? ਸਿਰਫ ਇਸ ਲਈ ਕਿ ਉਹ ਗਊ ਖਰੀਦ ਕੇ ਲਿਆਇਆ ਸੀ ਜਿਸਦਾ ਦੁੱਧ ਵੇਚ ਕੇ ਉਹ ਆਪਣੇ ਸੱਤ ਬੱਚਿਆਂ ਨੂੰ ਪਾਲਣਾ ਚਾਹੁੰਦਾ ਸੀ?"

ਉਨ੍ਹਾਂ ਦੇ ਝੁਰੜੀਆਂ ਨਾਲ ਭਰੇ ਚਿਹਰੇ 'ਤੇ ਹੰਝੂ ਡਿੱਗਦੇ ਹਨ ਅਤੇ ਉਹ ਆਪਣਾ ਸਿਰ ਉੱਪਰ ਚੁੱਕ ਆਸਮਾਨ ਵੱਲ ਦੇਖਦੇ ਹਨ।

ਇਹ ਵੀ ਪੜ੍ਹੋ:

ਇੱਕ ਪਾਸੇ ਜਿੱਥੇ ਰਕਬਰ ਦਾ ਪਰਿਵਾਰ ਹਰ ਰੋਜ਼ ਉਸਦੇ ਆਖ਼ਰੀ ਘੰਟਿਆਂ ਦੌਰਾਨ ਵਾਪਰੇ ਭਾਵਨਾਤਮਕ ਤੂਫ਼ਾਨ ਤੋਂ ਲੰਘਦਾ ਹੈ, ਉੱਥੇ ਇਸ ਕੇਸ ਦੀ ਕਾਨੂੰਨੀ ਸੁਣਵਾਈ ਇਕ ਨਵੀਂ ਲੜਾਈ ਵਿੱਚ ਬਦਲ ਗਈ ਹੈ।

ਪਰਿਵਾਰ ਦਾ ਇਲਜ਼ਾਮ ਹੈ ਕਿ ਮੁਲਜ਼ਮਾਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਮਾਮਲੇ ਵਿੱਚ ਜਾਣਬੁੱਝ ਕੇ ਚਾਰਜਸ਼ੀਟ ਮਾੜੀ ਬਣਾਈ ਗਈ ਹੈ। ਉਨ੍ਹਾਂ ਦੇ ਵਕੀਲ ਅਸਦ ਹਯਾਤ ਮੁਤਾਬਕ, " ਕਾਫ਼ੀ ਸਬੂਤਾਂ ਅਤੇ ਘਟਨਾ ਸਥਾਨ 'ਤੇ ਮੌਜੂਦ ਗਵਾਹਾਂ ਦੇ ਬਿਆਨ ਦਰਜ ਹੋਣ ਦੇ ਬਾਵਜੂਦ, ਰਕਬਰ ਦੇ ਕਤਲ ਦੇ ਸਾਜ਼ਿਸ਼ ਵਿੱਚ ਸ਼ਾਮਲ ਲੋਕਾਂ 'ਤੇ ਆਖਰੀ ਚਾਰਜਸ਼ੀਟ ਵਿੱਚ ਦੋਸ਼ ਲਗਾਏ ਗਏ ਹਨ।"

ਐਫ. ਆਈ. ਆਰ. ਕੀ ਕਹਿੰਦੀ ਹੈ

ਸਬ-ਇੰਸਪੈਕਟਰ ਮੋਹਨ ਸਿੰਘ ਵੱਲੋਂ ਅਲਵਰ ਦੀ ਰਾਮਗੜ੍ਹ ਪੁਲਿਸ ਸਟੇਸ਼ਨ ਵਿੱਚ ਦਰਜ, ਐਫ.ਆਈ.ਆਰ. ਕਹਿੰਦੀ ਹੈ ਕਿ 20 ਅਤੇ 21 ਜੁਲਾਈ ਦੀ ਉਸ ਰਾਤ ਨੂੰ ਮੋਹਨ ਸਿੰਘ ਸਮੇਤ ਦੋ ਸਿਪਾਹੀ ਅਤੇ ਇੱਕ ਡਰਾਈਵਰ ਦੀ ਪੁਲਿਸ ਟੀਮ ਗਸ਼ਤ ਕਰ ਰਹੇ ਸਨ। ਉਸ ਰਾਤ ਕਰੀਬ 12 ਵੱਜ ਕੇ 41 ਮਿੰਟ 'ਤੇ, ਉਨ੍ਹਾਂ ਨੂੰ ਇੱਕ ਸਥਾਨਕ ਗਊ ਰੱਖਿਅਕ ਜਥੇਬੰਦੀ ਨਾਲ ਸਬੰਧਿਤ ਨਵਲ ਕਿਸ਼ੋਰ ਸ਼ਰਮਾ ਦਾ ਫ਼ੋਨ ਆਇਆ ਸੀ। ਸ਼ਰਮਾ ਨੇ ਪੁਲਿਸ ਨੂੰ ਦੱਸਿਆ ਕਿ ਲਾਲਵੰਡੀ ਵਿੱਚ ਕੁਝ 'ਗਊ ਤਸਕਰਾਂ' ਨੂੰ ਪਿੰਡ ਵਾਲਿਆਂ ਨੇ ਫੜ ਲਿਆ ਹੈ।

ਪੁਲਿਸ ਸ਼ਰਮਾ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਦੇਖਿਆ ਕਿ ਇੱਕ ਜ਼ਖ਼ਮੀ ਆਦਮੀ ਚਿੱਕੜ ਵਿੱਚ ਡੁੱਬ ਗਿਆ ਅਤੇ ਉਸ ਦੁਆਲੇ ਦੋ ਸਥਾਨਕ ਲੋਕ ਅਤੇ ਦੋ ਗਊਆਂ ਖੜ੍ਹੀਆਂ ਸਨ। ਐਫ.ਆਈ.ਆਰ ਕਹਿੰਦੀ ਹੈ ਕਿ ਜ਼ਖਮੀ ਆਦਮੀ ਨੇ ਆਪਣੇ ਆਪ ਦੀ ਪਛਾਣ ਰਕਬਰ ਵੱਜੋਂ ਕੀਤੀ ਅਤੇ ਉਸ ਨੇ ਪੁਲਿਸ ਨੂੰ ਦੱਸਿਆ ਕਿ ਆਲੇ-ਦੁਆਲੇ ਖੜ੍ਹੇ ਦੋ ਸਥਾਨਕ ਵਿਅਕਤੀਆਂ ਪਰਮਜੀਤ ਅਤੇ ਧਰਮਿੰਦਰ ਨੇ ਉਸ ਨੂੰ ਕੁੱਟਿਆ ਹੈ। ਮੋਹਨ ਸਿੰਘ ਅੱਗੇ ਲਿਖਦੇ ਹਨ ਕਿ ਉਨ੍ਹਾਂ ਨੇ ਆਪਣੇ ਇਕ ਕਾਂਸਟੇਬਲ ਨੂੰ ਮੌਕੇ 'ਤੇ ਗਊਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਛੱਡ ਦਿੱਤਾ ਅਤੇ ਆਪ ਜੀਪ ਵਿੱਚ ਰਕਬਰ ਨੂੰ ਨਾਲ ਲੈ ਹਸਪਤਾਲ ਲਈ ਰਵਾਨਾ ਹੋ ਗਏ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਚਾਰਜਸ਼ੀਟ ਕੀ ਕਹਿੰਦੀ ਹੈ

ਅਲਵਰ ਦੀ ਸੈਸ਼ਨ ਅਦਾਲਤ ਵਿੱਚ 7 ਦਸੰਬਰ ਨੂੰ ਦਾਖਲ ਚਾਰਜਸ਼ੀਟ ਵਿੱਚ ਧਰਮਿੰਦਰ ਯਾਦਵ, ਪਰਮਜੀਤ ਅਤੇ ਨਰੇਸ਼ ਕੁਮਾਰ ਦਾ ਨਾਮ ਰਕਬਰ ਦੇ ਕਤਲ ਦੇ ਮੁੱਖ ਦੋਸ਼ੀ ਵਜੋਂ ਦਰਜ ਕੀਤਾ ਗਿਆ ਸੀ।

ਗਊਆਂ

ਸਬ ਇੰਸਪੈਕਟਰ ਮੋਹਨ ਸਿੰਘ ਵੱਲੋਂ 21 ਅਗਸਤ ਨੂੰ ਪੇਸ਼ ਕੀਤੇ ਬਿਆਨ ਜ਼ੁਰਮ ਦੀ ਇਕ ਵੱਖਰੀ ਤਸਵੀਰ ਪੇਸ਼ ਕਰਦੇ ਹਨ। ਇਸ ਬਿਆਨ ਵਿੱਚ ਮੋਹਨ ਸਿੰਘ ਨੇ ਕਿਹਾ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਚਿੱਕੜ ਵਿੱਚ ਮੌਜੂਦ ਜਖ਼ਮੀ ਰਕਬਰ ਨੇ ਕਿਹਾ ਕਿ ਉਸਦੇ ਚਾਰੇ ਪਾਸੇ ਖੜ੍ਹੇ ਚਾਰ ਵਿਅਕਤੀਆਂ ਪਰਮਜੀਤ , ਨਰਿੰਦਰ , ਧਰਮਿੰਦਰ ਅਤੇ ਵਿਜੇ ਸ਼ਰਮਾ ਨੇ ਉਸ ਨੂੰ ਮਾਰਿਆ ਹੈ, ਇੱਕ ਹੋਰ ਯੋਗੇਸ਼ ਉਰਫ਼ ਮੌਂਟੀ ਨਾਂ ਦਾ ਸ਼ਖ਼ਸ ਵੀ ਉੱਥੇ ਮੌਜਦ ਸੀ।

ਉਹ ਅੱਗੇ ਕਹਿੰਦੇ ਹਨ ਕਿ ਉਨ੍ਹਾਂ ਨੇ ਰਕਬਰ ਨੂੰ ਬਾਹਰ ਕੱਢਿਆ ਅਤੇ ਉਸਨੂੰ ਨੇੜਲੀ ਸੜਕ 'ਤੇ ਲਿਜਾ ਕੇ ਉਸ 'ਤੋਂ ਚਿੱਕੜ ਸਾਫ਼ ਕੀਤਾ। "ਉਸ ਸਮੇਂ ਹਲਕੀ ਬੂੰਦਾਬਾਦੀ ਹੋ ਰਹੀ ਸੀ ਅਤੇ ਹਨੇਰਾ ਸੀ। ਰਕਬਰ ਨੇ ਸਾਨੂੰ ਦੱਸਿਆ ਸੀ ਕਿ ਉਸ ਦਾ ਸਾਥੀ ਅਸਲਮ ਕਪਾਹ ਦੇ ਖੇਤਾਂ ਵਿੱਚ ਲੁਕ ਗਿਆ ਹੈ। ਅਸੀਂ ਪਹਿਲਾਂ ਕਪਾਹ ਦੇ ਖੇਤਾਂ ਵਿਚ ਅਸਲਮ ਨੂੰ ਲੱਭਣ ਗਏ ਪਰ ਉਸ ਨੂੰ ਲੱਭਣ ਵਿੱਚ ਨਾਕਾਮ ਰਹੇ। ਫਿਰ ਨਵਲ ਕਿਸ਼ੋਰ ਨੇ ਕਿਹਾ ਕਿ ਉਸਦਾ ਇਕ ਭਰਾ ਕ੍ਰਿਸ਼ਨਾ ਨੇੜੇ ਹੀ ਰਹਿੰਦਾ ਹੈ ਅਤੇ ਟੈਂਪੂ ਚਲਾਉਂਦਾ ਹੈ। ਉਸ ਨੇ ਸੁਝਾਅ ਦਿੱਤਾ ਕਿ ਗਊਆਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਗਊਸ਼ਾਲਾ ਲਈ ਉਸਦੇ ਟੈਂਪੂ ਵਿਚ ਲੱਦ ਦਿੱਤਾ ਜਾਵੇ ।

ਆਪਣੇ ਬਿਆਨ ਵਿੱਚ ਸਬ-ਇੰਸਪੈਕਟਰ ਮੋਹਨ ਸਿੰਘ ਕਹਿੰਦੇ ਹਨ ਰਕਬਰ ਵੱਲੋਂ ਨਾਮ ਲਏ ਗਏ ਚਾਰ ਆਦਮੀ ਗਊਆਂ ਨੂੰ ਲਾਲਵੰਡੀ ਪਿੰਡ ਲੈ ਗਏ ਜਦੋਂ ਕਿ ਪੁਲਿਸ ਦੀ ਟੀਮ ਉਨ੍ਹਾਂ ਪਿੱਛੇ ਆਪਣੀ ਜੀਪ 'ਚ ਗਈ ।

ਫਿਰ ਟੈਂਪੂ ਡਰਾਈਵਰ ਨੂੰ ਜਗਾਉਣ ਅਤੇ ਗਊਆਂ ਨੂੰ ਗਊਸ਼ਾਲਾ ਵਿੱਚ ਛੱਡਣ ਦਾ ਹੁਕਮ ਦਿੱਤਾ ਗਿਆ । ਫਿਰ ਪੁਲਿਸ ਟੀਮ ਪੁਲਿਸ ਥਾਣੇ ਚਲੀ ਗਈ ਅਤੇ ਮੁੜ ਗਊਆਂ ਨੂੰ ਦੇਖਣ ਲਈ ਗਊਸ਼ਾਲਾ ਗਈ ਅਤੇ ਢਾਈ ਘੰਟੇ ਤੋਂ ਵੱਧ ਸਮੇਂ ਬਾਅਦ ਘਟਨਾ ਸਥਾਨ 'ਤੇ ਪਹੁੰਚਣ ਮਗਰੋਂ ਪੁਲਿਸ ਸਿਰਫ 4 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਨਜ਼ਦੀਕੀ ਕਮਿਊਨਿਟੀ ਹਸਪਤਾਲ ਵਿੱਚ ਰਕਬਰ ਨੂੰ ਲੈ ਕੇ ਗਈ ।

ਪਟੀਸ਼ਨ193 ਦੇ ਅਧੀਨ

ਪੀੜਤ ਦੇ ਵਕੀਲਾਂ ਨੇ ਸੀਆਰਪੀਸੀ ਦੀ ਧਾਰਾ 193 ਅਧੀਨ ਪਟੀਸ਼ਨ ਦਰਜ ਕੀਤੀ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਪੁਲੀਸ ਨੂੰ ਰਕਬਰ ਦੀ ਗੰਭੀਰ ਸਥਿਤੀ ਦਾ ਪਤਾ ਸੀ। ਫਿਰ ਵੀ ਉਨ੍ਹਾਂ ਨੇ ਉਸ ਨੂੰ ਹਸਪਤਾਲ ਲਿਜਾਣ ਵਿੱਚ ਕਾਫੀ ਸਮਾਂ ਲਗਾਇਆ, ਜੋ ਘਟਨਾ ਵਾਲੀ ਥਾਂ ਤੋਂ ਸਿਰਫ 4 ਕਿਲੋਮੀਟਰ ਦੂਰ ਸੀ । ਦਸਤਾਵੇਜ਼ ਵਿੱਚ ਲਿਖਿਆ ਹੈ, "ਪੁਲਿਸ ਵੱਲੋਂ ਜੀਪ ਵਿੱਚ ਪਏ ਇੱਕ ਮਰ ਰਹੇ ਆਦਮੀ ਦੀ ਜ਼ਿੰਦਗੀ ਤੋਂ ਉੱਪਰ ਗਊਆਂ ਦੀ ਸੁਰੱਖਿਆ ਨੂੰ ਤਰਜੀਹ ਦੇਣਾ ਅਣਗਹਿਲੀ ਅਤੇ ਲਾਪਰਵਾਹੀ ਹੈ।''

ਭੀੜ ਹਿੰਸਾ ਦੇ ਪ੍ਰਬੰਧਨ ਲਈ ਜਾਰੀ ਕੀਤੇ ਗਏ ਸੁਪਰੀਮ ਕੋਰਟ ਦੇ ਜੁਲਾਈ 2018 ਦੇ ਦਿਸ਼ਾ ਨਿਰਦੇਸ਼ ਦਾ ਹਵਾਲਾ ਦਿੰਦੇ ਹੋਏ ਪੂਰੀ ਪੁਲਿਸ ਟੀਮ ਨੂੰ ਜੁਰਮ ਵਿੱਚ ਸ਼ਾਮਲ ਹੋਣ ਦੀ ਪਟੀਸ਼ਨ ਦਾਇਰ ਕਰਦੀ ਹੈ। ਇਹ ਰਕਬਰ ਦੀ ਹੱਤਿਆ ਦੀ ਅਪਰਾਧਿਕ ਸਾਜ਼ਿਸ਼ ਵਿੱਚ ਹਿੱਸਾ ਲੈਣ ਲਈ ਵਿਜੈ ਸ਼ਰਮਾ, ਨਵਲ ਕਿਸ਼ੋਰ , ਯੋਗੇਸ਼ ਅਤੇ ਉਨ੍ਹਾਂ ਦੇ ਪਿਤਾ ਦਾਰਾ ਦੇ ਖਿਲਾਫ਼ ਵੀ ਮੁਕੱਦਮਾ ਦਰਜ ਕਰਨ ਦੀ ਬੇਨਤੀ ਕਰਦੀ ਹੈ ।

ਅਸਦ ਅੱਗੇ ਕਹਿੰਦਾ ਹੈ, "ਫੋਨ ਕਾਲ ਦੇ ਰਿਕਾਰਡ ਦੇ ਵੇਰਵੇ ਅਤੇ ਸਾਰੇ ਚਸ਼ਮਦੀਦ ਗਵਾਹਾਂ ਦੇ ਬਿਆਨ ਰਕਬਰ ਨੂੰ ਮਾਰਨ ਲਈ ਇਨ੍ਹਾਂ ਸਾਰਿਆਂ ਦੀ ਸਮੂਹਿਕ ਭਾਗੀਦਾਰੀ ਨੂੰ ਬਿਆਨ ਕਰਦੇ ਹਨ। ਕਿਉਂਕਿ ਇਨ੍ਹਾਂ ਸਾਰੇ ਲੋਕਾਂ ਨੂੰ ਚਾਰਜਸ਼ੀਟ ਵਿਚੋਂ ਕੱਢ ਦਿੱਤਾ ਗਿਆ ਸੀ ਇਸ ਲਈ ਉਨ੍ਹਾਂ ਨੂੰ ਧਾਰਾ 193 ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪਿਆ। "

ਭੀੜ ਦੇ ਝਗੜਿਆਂ ਦੇ ਮੁਕੱਦਮੇ ਵਿੱਚ ਇਕ ਨਮੂਨੇ ਵੱਲ ਸੰਕੇਤ ਕਰਦੇ ਹੋਏ ਉਹ ਅੱਗੇ ਕਹਿੰਦਾ ਹੈ, "ਜਾਂਚ ਏਜੰਸੀਆਂ ਪੀੜਤ ਦੇ ਪਰਿਵਾਰ ਵਾਲਿਆਂ ਨਾਲ ਖਿਡੌਣਿਆਂ ਦੀ ਤਰ੍ਹਾਂ ਵਤੀਰਾ ਕਰਦੀਆਂ ਹਨ। ਸਾਰੇ ਮੰਨੇ-ਪ੍ਰਮੰਨੇ ਕੇਸਾਂ ਵਿੱਚ, ਜ਼ਬਰਦਸਤ ਵਿਜ਼ੂਅਲ ਅਤੇ ਹਾਲਾਤ ਸਬੰਧੀ ਗਵਾਹਾਂ ਦੀ ਮੌਜੂਦਗੀ ਦੇ ਬਾਵਜੂਦ, ਮੁਲਜ਼ਮ ਨੂੰ ਛੱਡ ਦਿੱਤਾ ਜਾ ਰਿਹਾ ਹੈ। ਚਾਰਜਸ਼ੀਟਾਂ ਨੂੰ ਘੱਟ ਕੀਤਾ ਜਾ ਰਿਹਾ ਹੈ ਕਿਉਂਕਿ ਹਰ ਕੋਈ ਸੋਚਦਾ ਹੈ ਕਿ ਬੇਬਸ ਪੀੜਤ ਪਰਿਵਾਰ ਵਾਪਸ ਨਹੀਂ ਲੜ ਸਕਦੇ ।"

ਪਹਿਲੂ ਖ਼ਾਨ

ਇਸ ਸਾਲ ਸਤੰਬਰ ਵਿੱਚ ਆਪਣੇ ਪਿਤਾ ਪਹਿਲੂ ਖ਼ਾਨ ਦੇ ਕਤਲ ਦੇ ਮਾਮਲੇ ਵਿੱਚ ਗਵਾਹੀ ਦੇਣ ਜਾ ਰਹੇ ਉਨ੍ਹਾਂ ਦੇ ਪੁੱਤਰ ਇਰਸ਼ਾਦ ਅਤੇ ਆਰਿਸ਼ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਸੀ।

ਅਪ੍ਰੈਲ 2017 ਵਿੱਚ ਨੈਸ਼ਨਲ ਹਾਈਵੇ-8 'ਤੇ ਖੂਨ ਨਾਲ ਭਿੱਜੇ, ਤੜਫਦੇ ਪਹਿਲੂ ਖਾਨ ਦੀਆਂ ਤਸਵੀਰਾਂ ਭਾਰਤ ਵਿੱਚ ਵਧ ਰਹੀਆਂ ਭੀੜ ਵੱਲੋਂ ਕੀਤੇ ਕਤਲ ਦੀਆਂ ਵਾਰਦਾਤਾਂ ਦਾ ਪ੍ਰਤੀਕ ਬਣ ਗਈਆਂ।

ਪਹਿਲੂ ਖ਼ਾਨ ਦੀ ਮਾਂ

29 ਸਤੰਬਰ ਦੀ ਸਵੇਰ ਜਦੋਂ ਇਰਸ਼ਾਦ, ਆਰਿਫ, ਅਤੇ ਗਵਾਹ ਅਜ਼ਮਤ ਆਪਣੇ ਵਕੀਲ ਅਸਦ ਹਯਾਤ ਨਾਲ ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਪੈਣ ਵਾਲੇ ਆਪਣੇ ਪਿੰਡ ਜੈਸਿੰਘਪੁਰ ਤੋਂ ਰਾਜਸਥਾਨ ਦੀ ਬਹਿਰੋੜ ਕੋਰਟ ਵਿੱਚ ਗਵਾਹੀ ਦੇਣ ਜਾ ਰਹੇ ਸਨ, ਉਸ ਵੇਲੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ।

ਜੈਸਿੰਘਪੁਰ ਦੇ ਆਪਣੇ ਘਰ ਵਿੱਚ ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਇਰਸ਼ਾਦ ਨੇ ਕਿਹਾ, "ਅਸੀਂ ਸਾਰੇ ਬੁਲੈਰੋ ਗੱਡੀ ਵਿੱਚ ਸੀ। ਹਰਿਆਣਾ ਦਾ ਟੋਲ ਟੈਕਸ ਕਟਵਾ ਕੇ ਅੱਗੇ ਵਧ ਹੀ ਰਹੇ ਸੀ ਕਿ ਇੱਕ ਕਾਲੀ ਸਕਾਰਪਿਓ ਨੇ ਸਾਨੂੰ ਓਵਰ-ਟੇਕ ਕੀਤਾ।''

"ਅੰਦਰੋ ਗੱਡੀ ਰੋਕਣ ਦੀਆਂ ਆਵਾਜ਼ਾ ਆਉਣ ਲਗੀਆਂ। ਗੱਡੀ ਦੇ ਪਿੱਛੇ ਕੋਈ ਨੰਬਰ ਪਲੇਟ ਵੀ ਨਹੀਂ ਸੀ ਅਤੇ ਉਸੇ ਵੇਲੇ ਸਾਨੂੰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ।''

"ਅਸੀਂ ਡਰ ਦੇ ਮਾਰੇ ਸ਼ਾਹਜਹਾਂਪੁਰ ਵਾਲੇ ਕਟ ਤੋਂ ਮੁੜ ਗਏ ਅਤੇ ਅਲਵਰ ਵਿੱਚ ਸਿੱਧਾ ਐਸਪੀ ਸਾਹਿਬ ਕੋਲ ਪਹੁੰਚੇ।''

ਘਟਨਾ ਦੇ ਚਾਰ ਦਿਨਾਂ ਵਿਚਾਲੇ ਹੀ ਅਲਵਰ ਪੁਲਿਸ ਨੇ ਪਹਿਲੂ ਦੇ ਪਰਿਵਾਰ ਵਾਲਿਆਂ ਦੇ ਦਾਅਵਿਆਂ ਨੂੰ ਗਲਤ ਦੱਸਦੇ ਹੋਏ ਕਿਹਾ ਕਿ ਗਵਾਹਾਂ 'ਤੇ ਹਮਲੇ ਦੇ ਸਾਰੇ ਇਲਜ਼ਾਮ ਝੂਠੇ ਹਨ ਅਤੇ ਸੀਸੀਟੀਵੀ ਕੈਮਰਿਆਂ ਤੋਂ ਉਨ੍ਹਾਂ ਨੂੰ ਹਮਲੇ ਦੇ ਵਕਤ ਕਿਸੀ ਗੱਡੀ ਦੇ ਉਸ ਰਾਹ ਤੋਂ ਲੰਘਣ ਦੇ ਸੁਰਾਗ ਨਹੀਂ ਮਿਲੇ ਹਨ।

ਪੁਲਿਸ ਨੇ ਨਤੀਜਿਆਂ ਤੇ ਪ੍ਰਤੀਕਿਰਿਆ ਦਿੰਦੇ ਹੋਏ ਇਰਸ਼ਾਦ ਕਹਿੰਦੇ ਹਨ, "ਅਸੀਂ ਉਂਝ ਵੀ ਬਹਿਰੋੜ ਤੋਂ ਆਪਣਾ ਕੇਸ ਅਲਵਰ ਜ਼ਿਲ੍ਹਾ ਅਦਾਲਤ ਜਾਂ ਦਿੱਲੀ ਟਰਾਂਸਫਰ ਕਰਵਾਉਣ ਦੀ ਅਰਜ਼ੀ ਪਾਈ ਹੋਈ ਹੈ।''

"ਬਹਿਰੋੜ ਅਤੇ ਨੀਮਰਾਣਾ ਦੀ ਪੁਲਿਸ ਤੇ ਸਾਨੂੰ ਉਂਝ ਵੀ ਕੋਈ ਭਰੋਸਾ ਨਹੀਂ ਰਿਹਾ। ਅੱਬਾ ਦੇ ਕਾਤਲਾਂ ਨੂੰ ਇੱਕ-ਇੱਕ ਕਰਕੇ ਛੁਡਵਾਉਣ ਤੋਂ ਇਲਾਵਾ ਪੁਲਿਸ ਨੇ ਕੀਤਾ ਹੀ ਕੀ ਹੈ?''

ਇਰਸ਼ਾਦ ਦੀ ਗੈਰ-ਭਰੋਸਗੀ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਪਹਿਲੂ ਖ਼ਾਨ ਨੇ ਮਰਨ ਤੋਂ ਪਹਿਲਾਂ ਜਿਨ੍ਹਾਂ 6 ਲੋਕਾਂ ਨੇ ਨਾਂ ਲਏ ਸਨ, ਉਨ੍ਹਾਂ ਦਾ ਨਾਂ ਚਾਰਜਸ਼ੀਟ ਤੋਂ ਹਟਣਾ।

ਦੱਖਣੀ ਦਿੱਲੀ ਦੇ ਆਪਣੇ ਦਫ਼ਤਰ ਵਿੱਚ ਬੀਬੀਸੀ ਤੋਂ ਗੱਲ ਕਰਦੇ ਹੋਏ ਇਰਸ਼ਾਦ ਦੇ ਵਕੀਲ ਅਸਦ ਹਯਾਤ ਕਹਿੰਦੇ ਹਨ, "ਮੌਤ ਤੋਂ ਪਹਿਲਾਂ ਜ਼ਖਮੀ ਪਹਿਲੂ ਨੇ ਹਸਪਤਾਲ ਵਿੱਚ ਜਗਮਾਲ ਦਾ ਨਾਂ ਲੈਂਦੇ ਹੋਏ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੇ ਹੀ ਉਸ ਨੂੰ ਕੁੱਟਿਆ ਹੈ। ਇਹ ਉਨ੍ਹਾਂ ਦਾ ਮੌਤ ਤੋਂ ਪਹਿਲਾਂ ਦਾ ਬਿਆਨ ਸੀ।''

ਪੁਲਿਸ ਨੇ ਸ਼ੁਰੂ ਵਿੱਚ ਉਨ੍ਹਾਂ 'ਤੇ ਇਨਾਮ ਐਲਾਨ ਕਰਕੇ ਉਨ੍ਹਾਂ ਨੂੰ ਫੜਿਆ ਵੀ ਪਰ ਬਾਅਦ ਵਿੱਚ ਉਨ੍ਹਾਂ ਨੂੰ ਕਲੀਟ ਚਿੱਟ ਦੇ ਦਿੱਤੀ। ਸਪਲੀਮੈਂਟਰੀ ਚਾਰਜਸ਼ੀਟ ਵਿੱਚ ਇਨ੍ਹਾਂ ਸਾਰਿਆਂ ਲੋਕਾਂ ਦੇ ਨਾਂ ਹਟਾ ਦਿੱਤੇ ਗਏ ਹਨ ਅਤੇ 9 ਮੁਲਜ਼ਮਾਂ ਦੇ ਨਾਂ ਦਰਜ ਕੀਤੇ ਗਏ ਹਨ। 9 ਵਿੱਚੋਂ 8 ਮੁਲਜ਼ਮ ਜ਼ਮਾਨਤ 'ਤੇ ਰਿਹਾ ਚੁੱਕੇ ਹਨ।''

ਲਿੰਚਿੰਗ

ਕੇਸ ਦੇ ਅਲਵਰ ਜਾਂ ਦਿੱਲੀ ਟਰਾਂਸਫਰ ਕੀਤੇ ਜਾਣ ਦੀ ਅਰਜ਼ੀ 'ਤੇ ਫੈਸਲਾ ਆਉਣ ਤੋਂ ਬਾਅਦ ਅਸਦ ਉਨ੍ਹਾਂ 6 ਲੋਕਾਂ ਨੂੰ ਮੁੜ ਮੁਲਜ਼ਮ ਬਣਾਉਣ ਲਈ ਸੀਆਰਪੀਸੀ ਦੀ ਧਾਰਾ-193 ਤਹਿਤ ਇੱਕ ਨਵੀਂ ਅਰਜ਼ੀ ਲਗਾਉਣ ਦੀ ਤਿਆਰੀ ਕਰ ਰਹੇ ਹਨ।

ਵਕੀਲ ਅਸਦ ਹਯਾਤ ਕਹਿੰਦੇ ਹਨ, "ਇਹ 6 ਲੋਕ ਮੁਲਜ਼ਮ ਸਨ ਜਾਂ ਨਹੀਂ, ਇਹ ਤਾਂ ਅਦਾਲਤ ਤੈਅ ਕਰੇਗੀ ਨਾ? ਜਦੋਂ ਮ੍ਰਿਤਕ ਪਹਿਲੂ ਨੇ ਮਰਨ ਤੋਂ ਪਹਿਲਾਂ ਇਨ੍ਹਾਂ ਦਾ ਨਾਂ ਲਿਆ, ਚਸ਼ਮਦੀਦ ਗਵਾਹ ਅਤੇ ਹਮਲੇ ਵਿੱਚ ਜ਼ਖਮੀ ਹੋਏ ਉਨ੍ਹਾਂ ਦੇ ਪੁੱਤਰ ਇਰਸ਼ਾਦ ਅਤੇ ਆਰਿਫ ਨੇ ਉਨ੍ਹਾਂ ਦਾ ਨਾਂ ਲਿਆ ਤਾਂ ਪੁਲਿਸ ਇੰਨੇ ਅਹਿਮ ਗਵਾਹਾਂ ਦੇ ਬਿਆਨਾਂ ਨੂੰ ਅਣਗੌਲਿਆਂ ਕਰਕੇ ਖੁਦ ਇਨ੍ਹਾਂ 6 ਲੋਕਾਂ ਨੂੰ ਕਲੀਨ ਚਿੱਟ ਕਿਵੇਂ ਦੇ ਸਕਦੀ ਹੈ?''

ਉੱਧਰ ਜੈਸਿੰਘਪੁਰ ਵਿੱਚ ਪਹਿਲੂ ਦਾ ਪਰਿਵਾਰ ਆਪਣੀ ਟੁੱਟੀ ਜ਼ਿੰਦਗੀ ਦੇ ਟੁਕੜੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਆਪਣੇ ਘਰ ਦੇ ਵਿਹੜੇ ਵਿੱਚ ਬੈਠੇ ਇਰਸ਼ਾਦ ਕਹਿੰਦੇ ਹਨ, "ਜੈਪੁਰ-ਅਲਵਰ ਅਤੇ ਦਿੱਲੀ ਭਟਕਦੇ ਇੱਕ ਸਾਲ ਗੁਜ਼ਾਰ ਦਿੱਤਾ। ਸਾਨੂੰ ਇਨਸਾਫ਼ ਤਾਂ ਨਹੀਂ ਮਿਲਿਆ, ਬਲਕਿ ਸਾਡੇ 'ਤੇ ਪੁਲਿਸ ਨੇ ਗਊ-ਤਸਕਰੀ ਦਾ ਮੁਕੱਦਮਾ ਕਰ ਦਿੱਤਾ।"

ਆਪਣੀ ਰੋਂਦੀ ਹੋਈ ਦਾਦੀ ਨੂੰ ਚੁੱਪ ਕਰਾਵਾਉਂਦੇ ਹੋਏ ਇਰਸ਼ਾਦ ਅੱਗੇ ਹੱਥ ਜੋੜਦੇ ਹਨ, "ਸਾਡੇ ਨਾਲ ਜੋ ਗਲਤ ਹੋਇਆ ਉਹ ਸਾਰੀ ਦੁਨੀਆਂ ਦੇ ਸਾਹਮਣੇ ਹੈ। ਇੰਟਰਨੈੱਟ ਤੇ ਅੱਜ ਵੀ ਸਾਡੇ ਨਾਲ ਕੁੱਟਮਾਰ ਅਤੇ ਮੇਰੇ ਅੱਬਾ ਦੇ ਕਤਲ ਦਾ ਵੀਡੀਓ ਮੌਜੂਦ ਹੈ। ਉਹ ਲੋਕ ਸਾਨੂੰ ਕੁੱਟਦੇ ਹੋਏ ਕਹਿ ਰਹੇ ਸਨ ਕਿ ਇਹ ਮੁਸਲਮਾਨ ਹਨ, ਇਨ੍ਹਾਂ ਨੂੰ ਮਾਰੋ।"

"ਇਹ ਮੁੱਲੇ ਬੀਫ ਖਾਂਦੇ ਹਨ, ਗਊ ਤਸਕਰੀ ਕਰਦੇ ਹਨ, ਇਹ ਅੱਤਵਾਦੀ ਹਨ, ਇਨ੍ਹਾਂ ਨੂੰ ਮਾਰੋ, ਇਨ੍ਹਾਂ ਨੂੰ ਪਾਕਿਸਤਾਨ ਭੇਜੋ। ਮੇਰੇ ਅੱਬਾ ਨੇ ਗਊ ਦੀ ਖਰੀਦ ਦੀ ਰਸੀਦਾਂ ਦਿਖਾਈਆਂ, ਹੱਥ-ਪੈਰ ਜੋੜਦੇ ਹੋਏ ਕਿਹਾ ਕਿ ਦੁੱਧ ਦੇਣ ਵਾਲੀ ਗਊ ਨੂੰ ਦੁੱਧ ਵੇਚਣ ਲਈ ਲਿਜਾ ਰਹੇ ਹਨ। ਪਰ ਉੱਥੇ ਕਿਸੇ ਨੂੰ ਸਾਡੀ ਗੱਲ ਸੁਣਨ ਦਾ ਹੋਸ਼ ਕਿੱਥੇ ਸੀ?"

"ਸਾਨੂੰ ਕੁੱਟਦੇ ਹੋਏ ਉਹ ਲੋਕ ਕਹਿ ਰਹੇ ਸੀ ਕਿ ਉਹ ਗਊ-ਰੱਖਿਅਕ ਹਨ। ਬਜਰੰਗ ਦਲ ਤੋਂ ਹਨ ਅਤੇ ਸਰਕਾਰ ਉਨ੍ਹਾਂ ਦੇ ਨਾਲ ਹੈ। ਸੱਚ ਹੀ ਕਹਿ ਰਹੇ ਸੀ ਸ਼ਾਇਦ। ਤਾਂ ਹੀ ਤਾਂ ਉਨ੍ਹਾਂ ਦੇ ਨਾਂ ਜੋ ਮੇਰੇ ਅੱਬਾ ਨੇ ਲਿਖਵਾਏ ਹਨ ਉਨ੍ਹਾਂ ਨੂੰ ਕਲੀਨ ਚਿੱਟ ਦੇ ਕੇ ਰਿਹਾਅ ਕਰ ਦਿੱਤਾ ਗਿਆ ਹੈ।"

ਇਹ ਵੀ ਪੜ੍ਹੋ:

"ਬਾਕੀ ਜਿਨ੍ਹਾਂ ਨੌ ਮੁਲਜ਼ਮਾਂ ਦੇ ਨਾਂ ਪੁਲਿਸ ਨੇ ਆਪਣੀ ਚਾਰਜਸ਼ੀਟ ਵਿੱਚ ਦਰਜ ਕੀਤੇ ਸਨ ਉਨ੍ਹਾਂ ਨੂੰ ਇਹ ਕਹਿ ਕੇ ਛੱਡ ਦਿੱਤਾ ਕਿ ਉਨ੍ਹਾਂ ਦੇ ਖਿਲਾਫ਼ ਸਿੱਧੇ ਸਬੂਤ ਨਹੀਂ ਹਨ। ਜੇ ਕਿਸੇ ਕੋਲ ਸਬੂਤ ਨਹੀਂ ਹਨ ਤਾਂ ਮੇਰੇ ਅੱਬਾ ਨੂੰ ਕਿਸ ਨੇ ਮਾਰਿਆ? ਕਿਸ ਨੇ ਮਾਰਿਆ ਮੈਨੂੰ ਅਤੇ ਮੇਰੇ ਭਰਾ ਨੂੰ? ''

ਇਲਾਜ ਤੋਂ ਆਰਿਫ ਅਤੇ ਇਰਸ਼ਾਦ ਦੇ ਸਰੀਰ ਦੇ ਜ਼ਖਮ ਤਾਂ ਭਰ ਗਏ ਹਨ ਪਰ ਉਨ੍ਹਾਂ ਦੇ ਜ਼ਹਿਨ ਤੋਂ ਅੱਜ ਵੀ ਭੀੜ ਦਾ ਖੌਫ਼ ਨਹੀਂ ਜਾਂਦਾ।

ਇਰਸ਼ਾਦ ਕਹਿੰਦੇ ਹਨ, "ਮੇਰਾ ਸਰੀਰ ਟੁੱਟਦਾ ਹੈ। ਮੈਨੂੰ ਨਹੀਂ ਲਗਦਾ ਹੈ ਹੁਣ ਕਦੇ ਮੈਂ ਕੋਈ ਕੰਮ ਕਰ ਸਕਾਂਗਾ। ਮੇਰੇ ਭਰਾ ਆਰਿਫ ਦਾ ਇੱਕ ਹੱਥ ਠੀਕ ਤਰੀਕੇ ਨਾਲ ਕੰਮ ਨਹੀਂ ਕਰਦਾ। ਰੋਟੀ ਕਮਾਈ ਸਭ ਬੰਦ ਹੈ।''

"ਬਹਿਰੋੜ ਦੇ ਉਸ ਰਸਤੇ ਤੇ ਆਦਮੀ ਆ ਗਿਆ ਹੈ। ਸਾਡਾ...ਅਸੀਂ ਜਦੋਂ ਵੀ ਸੁਣਵਾਈ ਲਈ ਉੱਥੇ ਵਾਪਸ ਜਾਂਦੇ ਹਨ, ਸਾਨੂੰ ਖੌਫ਼ ਲਗਦਾ ਹੈ। ਸਾਨੂੰ ਆਪਣੀ ਜਾਨਾਂ ਦਾ ਵੀ ਡਰ ਲਗਦਾ ਹੈ। ਇਸ ਲਈ ਹੁਣ ਸਾਨੂੰ ਸਭ ਤੋਂ ਪਹਿਲਾਂ ਆਪਣੇ ਕੇਸ ਨੂੰ ਅਲਵਰ ਜਾਂ ਦਿੱਲੀ ਟਰਾਂਸਫਰ ਕਰਵਾਉਣਾ ਚਾਹੁੰਦੇ ਹਨ।''

ਮੁਹੰਮਦ ਅਖ਼ਲਾਕ

ਜਦੋਂ ਮੈਂ ਨਵੰਬਰ ਦੇ ਆਖ਼ਰੀ ਹਫ਼ਤੇ ਦੌਰਾਨ ਮੁਹੰਮਦ ਸਰਤਾਜ ਨਾਲ ਮੁਲਾਕਾਤ ਕੀਤੀ , ਉਹ ਨੋਇਡਾ ਦੇ ਸੂਰਜਪੁਰ ਸੈਸ਼ਨ ਅਦਾਲਤ ਵਿੱਚ ਇਕ ਹੋਰ ਸੁਣਵਾਈ ਵਿੱਚ ਹਿੱਸਾ ਲੈਣ ਲਈ ਜਾਣ ਦੀ ਤਿਆਰੀ ਕਰ ਰਿਹਾ ਸੀ।

ਸਤੰਬਰ 2015 ਵਿੱਚ, ਉਸ ਦੇ ਪਿਤਾ ਮੁਹੰਮਦ ਅਖ਼ਲਾਕ ਨੂੰ ਪੱਛਮੀ ਉੱਤਰ ਪ੍ਰਦੇਸ਼ ਦੇ ਬੀਸਾਡਾ ਪਿੰਡ ਵਿੱਚ ਇਕ ਭੀੜ ਨੇ ਮੌਤ ਦੇ ਘਾਟ ਉਤਾਰ ਦਿੱਤਾ ਸੀ।

ਮੁਹੰਮਦ ਅਖ਼ਲਾਕ

ਸਰਤਾਜ ਭਾਰਤੀ ਹਵਾਈ ਫੌਜ ਲਈ ਕੰਮ ਕਰਦਾ ਹੈ ਅਤੇ ਉਸਦੇ ਸੇਵਾ ਨਿਯਮਾਂ ਅਨੁਸਾਰ, ਉਹ ਮੀਡੀਆ ਨਾਲ ਗੱਲ ਨਹੀਂ ਕਰ ਸਕਦਾ ਇਸ ਲਈ ਉਹ ਇੰਟਰਵਿਊ ਤੋਂ ਇਨਕਾਰ ਕਰਦਾ ਹੈ ਪਰ ਇਸ ਸੁਣਵਾਈ ਲਈ ਅਦਾਲਤ ਵਿੱਚ ਆਉਣ ਦੀ ਇਜਾਜ਼ਤ ਦਿੰਦਾ ਹੈ ।

ਸ਼ੁਰੂਆਤ ਵਿੱਚ, ਇਹ ਉਨ੍ਹਾਂ ਨੂੰ ਠੀਕ ਉਸ ਤਰ੍ਹਾਂ ਦੀ ਹੀ ਸੁਣਵਾਈ ਲੱਗਦੀ ਹੈ, ਜਿਨ੍ਹਾਂ ਵਿਚ ਸਰਤਾਜ ਆਪਣੇ ਪਿਤਾ ਦੇ ਕਤਲ ਤੋਂ ਬਾਅਦ ਲਗਾਤਾਰ ਸ਼ਾਮਲ ਹੋ ਰਿਹਾ ਹੈ । ਪਰ ਸੀ.ਆਰ.ਪੀ.ਸੀ ਦੀ ਧਾਰਾ 193 ਦੇ ਤਹਿਤ ਦਾਇਰ ਕੀਤੀ ਇੱਕ ਪਟੀਸ਼ਨ ਨਾਲ , ਉਸਦੇ ਵਕੀਲ ਅਸਦ ਹਯਾਤ ਕਹਿੰਦੇ ਹਨ ਕਿ ਇਹ ਤਿੰਨ ਸਾਲਾਂ ਦੀ ਕਾਨੂੰਨੀ ਲੜਾਈ ਵਿੱਚ ਇਕ ਮਹੱਤਵਪੂਰਨ ਦਿਨ ਹੈ ।

ਚਾਰਜਸ਼ੀਟ ਦੇ ਸੰਖੇਪ ਬਿਆਨਾਂ ਦੇ ਨਾਲ, ਆਰ.ਟੀ.ਆਈ. ਰਾਹੀਂ ਇਕੱਠੀ ਕੀਤੀ ਗਈ ਫੋਨ ਕਾਲ ਰਿਕਾਰਡਿੰਗ ਅਤੇ ਸਬੂਤ, ਇਸ ਸੈਕਸ਼ਨ 193 ਦੀ ਅਪੀਲ ਇੱਕ ਸਮਾਂਤਰ ਜਾਂਚ ਵਾਂਗ ਦਿਖਾਈ ਦਿੰਦੀ ਹੈ ।

ਅਦਾਲਤ ਜਾਂਦੇ ਵੇਲੇ, ਅਸਦ ਮੇਰੇ ਨਾਲ ਕੇਸ ਸਬੰਧੀ ਦਸਤਾਵੇਜਾਂ ਨੂੰ ਸਾਂਝਾ ਕਰਦੇ ਹੋਏ ਕਹਿੰਦੇ ਹਨ ਕਿ 18 ਮੁਲਜ਼ਮ ਅਜੇ ਵੀ ਜ਼ਮਾਨਤ 'ਤੇ ਬਾਹਰ ਹਨ । ਇਸ ਤੋਂ ਵੀ ਉਪਰ ਹਾਲੇ ਤੱਕ ਸੰਜੇ ਰਾਣਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ। ਇਹ ਉਹ ਵਿਅਕਤੀ ਜਿਸ ਨੇ ਸਭ ਤੋਂ ਪਹਿਲਾਂ ਪੁਲਿਸ ਨੂੰ ਫੋਨ ਕਰਕੇ ਬੁਲਾਇਆ ਸੀ ਅਤੇ ਪਿੰਡ ਵਿੱਚ ਕਥਿਤ ਤੌਰ 'ਤੇ ਗਊ ਦੇ ਕਤਲੇਆਮ ਬਾਰੇ ਦੱਸਿਆ ਸੀ। ਹਾਲਾਂਕਿ ਸਾਡੇ ਕੋਲ ਆਰ.ਟੀ.ਆਈ. ਰਾਹੀਂ ਲਏ ਗਏ ਸਥਿਤੀ ਸਬੰਧੀ ਸਬੂਤ ਹਨ ਅਤੇ ਸਹਾਇਕ ਦਸਤਾਵੇਜ਼ ਹਨ ਜੋ ਉਨ੍ਹਾਂ ਦੀ ਹਾਜ਼ਰੀ ਅਤੇ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਮੂਲੀਅਤ ਸਾਬਤ ਕਰਨ ਲਈ ਕਾਫ਼ੀ ਹਨ ।

ਅਖਲਾਕ ਦੀ ਪਤਨੀ ਦੇ ਨਾਂ 'ਤੇ ਦਾਇਰ ਕੀਤੀ ਗਈ ਧਾਰਾ 193 ਦੀ ਪਟੀਸ਼ਨ ਵਿੱਚ ਅਦਾਲਤ ਦੇ ਦੋਸ਼ ਪੱਤਰ ਵਿੱਚ ਸੰਜੇ ਰਾਣਾ ਸਮੇਤ ਅੱਠ ਹੋਰ ਪਿੰਡ ਵਾਸੀਆਂ ਦੇ ਨਾਂ ਸ਼ਾਮਲ ਕਰਨ ਲਈ ਬੇਨਤੀ ਕੀਤੀ ਗਈ।

ਅੱਗੇ ਪਟੀਸ਼ਨ ਪੜ੍ਹਦੇ ਹੋਏ ਕਹਿੰਦੇ ਹਨ, " ਪਿੰਡ ਦੇ ਮੰਦਰ ਤੋਂ ਗਊ ਦੇ ਕਤਲੇਆਮ ਦਾ ਐਲਾਨ ਕਰਨ ਵਾਲੇ ਸੁਖਦਾਸ ਦੇ ਨਾਂ ਸਬੰਧੀ ਨਾ ਤਾਂ ਜਾਂਚ ਕੀਤੀ ਗਈ ਅਤੇ ਨਾ ਹੀ ਕੇਸ ਵਿੱਚ ਗਵਾਹ ਬਣਾਇਆ ਗਿਆ। ਇੱਕ ਮਹੱਤਵਪੂਰਣ ਗਵਾਹ ਹੋਣ ਦੇ ਬਾਵਜੂਦ, ਉਸ ਨੂੰ ਕਿਸੇ ਵੀ ਮੁਲਜ਼ਮ ਦੀ ਪਛਾਣ ਲਈ ਕਿਸੇ ਵੀ ਸੁਣਵਾਈ ਵਿੱਚ ਪੇਸ਼ ਨਹੀਂ ਕੀਤਾ ਗਿਆ। ਇਸ ਦੇ ਉਲਟ, ਪਿੰਡ ਵਾਸੀਆਂ ਨੇ ਉਸ ਨੂੰ ਪਿੰਡ ਵਿਚੋਂ ਬਾਹਰ ਕੱਢ ਦਿੱਤਾ। ਉਪਲਬਧ ਸਬੂਤਾਂ ਦੇ ਅਨੁਸਾਰ, ਘਟਨਾ ਸਥਾਨ ਤੋਂ ਕਿਸੇ ਵੀ ਗਊ ਦੇ ਕਤਲ ਹੋਣ ਦੇ ਨਿਸ਼ਾਨ ਨਹੀਂ ਮਿਲੇ । ਇਹ ਝੂਠੇ ਐਲਾਨ ਸਿਰਫ਼ ਭੀੜ ਨੂੰ ਭੜਕਾਉਣ ਲਈ ਕੀਤੇ ਗਏ ਸਨ।"

ਜਦੋਂ ਅਸੀਂ ਅਦਾਲਤ ਪਹੁੰਚਦੇ ਹਾਂ, ਸਰਤਾਜ ਨੂੰ ਸੁਣਵਾਈ ਦੀ ਨਵੀਂ ਤਰੀਕ ਦਿੱਤੀ ਜਾਂਦੀ ਹੈ। ਉਸ ਵੇਲੇ ਪਟੀਸ਼ਨ ਸਵੀਕਾਰ ਨਹੀਂ ਕੀਤੀ ਗਈ ਸੀ। ਅਦਾਲਤ ਦੇ ਕੋਰੀਡੋਰ ਤੋਂ ਬਾਹਰ ਨਿਕਲਦੇ ਹੋਏ ਸਰਤਾਜ ਦੇ ਚਿਹਰੇ 'ਤੇ ਉਦਾਸੀ ਦਾ ਇਕ ਪਰਛਾਵਾਂ ਨਜ਼ਰ ਆ ਰਿਹਾ ਸੀ।

"ਚਾਰ ਮਹੀਨਿਆਂ ਪਹਿਲਾਂ ਸੁਪਰੀਮ ਕੋਰਟ ਨੇ ਹੇਠਲੀਆਂ ਅਦਾਲਤਾਂ ਲਈ ਭੀੜ-ਭੜੱਕੇ ਦੇ ਕੇਸਾਂ ਸਬੰਧੀ ਰੋਜ਼ਾਨਾ ਸੁਣਵਾਈ ਕਰਨੀ ਲਾਜ਼ਮੀ ਕੀਤੀ ਸੀ। ਅਸਦ ਕਹਿੰਦੇ ਹਨ, ਤੁਸੀਂ ਆਪਣੇ ਆਪ ਦੇਖ ਸਕਦੇ ਹੋ ਕਿ ਸੁਪਰੀਮ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਨ ਦੀ ਜ਼ਮੀਨੀ ਹਕੀਕਤ ਕੀ ਹੈ।''

ਦੂਜੇ ਪਾਸੇ, ਹੁਣ ਅਖ਼ਲਾਕ ਦੇ ਕਤਲ ਦਾ ਮੁਲਜ਼ਮ ਹਰੀ ਓਮ ਸਿਸੋਦੀਆ 2019 ਵਿੱਚ ਗ੍ਰੇਟਰ ਨੋਇਡਾ ਤੋਂ ਲੋਕ ਸਭਾ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ। ਉੱਤਰ ਪ੍ਰਦੇਸ਼ ਦੀ ਨਵੀਂ ਰਾਜਨੀਤਿਕ ਸੰਸਥਾ "ਨਵਨਿਰਮਾਨ ਸੈਨਾ" ਨੇ ਆਪਣੀ ਪਾਰਟੀ ਤੋਂ ਉਸ ਨੂੰ ਆਪਣਾ ਉਮੀਦਵਾਰ ਬਣਾਉਣ ਦਾ ਐਲਾਨ ਕੀਤਾ ਹੈ ।

ਹਾਫਿਜ਼ ਜੁਨੈਦ

ਇਸੇ ਤਰ੍ਹਾਂ, ਹਾਫਿਜ਼ ਜੁਨੈਦ ਦੇ ਮਾਮਲੇ ਵਿੱਚ, ਜੂਨ 2010 'ਚ ਇੱਕ ਨਾਬਾਲਗ ਮੁੰਡੇ ਨੂੰ ਰੇਲ ਗੱਡੀ ਵਿੱਚ ਹੀ ਮਾਰ ਦਿੱਤਾ ਗਿਆ ਸੀ। ਪੀੜਤਾਂ ਅਤੇ ਮੌਕੇ ਦੇ ਗਵਾਹਾਂ ਦੀ ਸ਼ਿਕਾਇਤ ਅਨੁਸਾਰ ਉਨ੍ਹਾਂ ਦੇ ਬਿਆਨਾਂ ਨੂੰ ਤੋੜਿਆ ਮਰੋੜਿਆ ਜਾ ਰਿਹਾ ਹੈ ਤਾਂ ਜੋ ਚਾਰਜਸ਼ੀਟ ਵਿੱਚ ਗੰਭੀਰ ਇਲਜ਼ਾਮ ਹਟਾਏ ਜਾ ਸਕਣ ।

ਜੂਨੈਦ ਦੀ ਮਾਂ

ਹਮਲੇ ਦੌਰਾਨ ਜੁਨੈਦ ਦੇ ਵੱਡੇ ਭਰਾ ਸ਼ਕੀਰ ਅਤੇ ਹਾਸ਼ੀਮ ਵੀ ਬੁਰੀ ਤਰ੍ਹਾਂ ਜ਼ਖਮੀ ਹੋਏ ਸਨ। ਬਲੱਬਗੜ੍ਹ ਸਥਿਤ ਘਰ ਵਿੱਚ ਮੇਰੇ ਨਾਲ ਗੱਲਬਾਤ ਦੌਰਾਨ ਸ਼ਕੀਰ ਨੇ ਕਿਹਾ, "ਪੜਤਾਲ ਦੌਰਾਨ ਅਸੀਂ ਪੁਲਿਸ ਨੂੰ ਵਾਰ-ਵਾਰ ਦੱਸਿਆ ਕਿ ਸਾਡੇ 'ਤੇ ਫਿਰਕੂ ਟਿੱਪਣੀ ਕੀਤੀ ਗਈ ਸੀ। ਉਹ ਸਾਨੂੰ ਵਾਰ-ਵਾਰ ਕਹਿ ਰਹੇ ਸੀ 'ਮਾਰੋ ਇਨ ਮੁੱਲੋਂ ਕੋ ', ਯੇ ਬੀਫ (ਮਾਸ)ਖਾਤੇ ਹੈ' (ਇਨ੍ਹਾਂ ਮੁਸਲਮਾਨਾਂ ਨੂੰ ਮਾਰੋ, ਇਹ ਮਾਸ ਖਾਂਦੇ ਹਨ )।

" ਸਾਡੇ 'ਤੇ ਹਮਲਾ ਕੀਤਾ ਗਿਆ ਕਿਉਂਕਿ ਅਸੀਂ ਮੁਸਲਮਾਨ ਸੀ। ਪਰ ਫਿਰ ਵੀ ਆਈ.ਪੀ.ਸੀ. ਦੀ ਧਾਰਾ 34 ਦਾ ਚਾਰਜਸ਼ੀਟ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਜੋ ਕਿ ਇੱਕ ਅਪਰਾਧਿਕ ਸਾਜ਼ਿਸ਼ ਵਿੱਚ 'ਸਾਂਝੇ ਇਰਾਦੇ' ਦਾ ਸੰਕੇਤ ਦਿੰਦੀ ਹੈ । ਚਾਰਜਸ਼ੀਟ ਵਿੱਚ ਇਸ ਮਾਮਲੇ ਨੂੰ ਰੇਲ ਵਿੱਚ ਸੀਟ ਨੂੰ ਲੈ ਕੇ ਛਿੜੇ ਵਿਵਾਦ ਦੇ ਰੂਪ 'ਚ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਹ ਪੁੱਛਦਾ ਹੈ, "ਜਦੋਂ ਅਸੀਂ ਮੌਕੇ 'ਤੇ ਮੌਜੂਦ ਗਵਾਹ ਅਤੇ ਪੀੜਤ ਕਹਿੰਦੇ ਹਾਂ ਕਿ ਇਹ ਫਿਰਕੂ ਹਮਲਾ ਸੀ ਤਾਂ ਫਿਰ ਚਾਰਜਸ਼ੀਟ 'ਚ ਇਸ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ? "

ਜੂਨੈਦ

ਮਾਮਲੇ ਵਿੱਚ ਇਕ ਨਵੀਂ ਜਾਂਚ ਲਈ ਪਰਿਵਾਰ ਨੇ ਸੁਪਰੀਮ ਕੋਰਟ 'ਚ ਅਪੀਲ ਕੀਤੀ ਹੈ। ਇਸ ਦੌਰਾਨ, ਜੁਨੈਦ ਦੇ ਮਾਤਾ-ਪਿਤਾ ਦੋਹਾਂ ਦੀ ਸਿਹਤ ਕਾਫ਼ੀ ਖਰਾਬ ਹੋ ਗਈ ਹੈ ਕਿਉਂਕਿ ਮੁਲਜ਼ਮ ਜ਼ਮਾਨਤ 'ਤੇ ਰਿਹਾਅ ਹੋਣ ਲੱਗਾ ਹੈ। ਉਸ ਦੇ ਪਿਤਾ ਨੂੰ ਦੌਰਾ ਪੈ ਗਿਆ ਹੈ, ਜਦਕਿ ਮਾਂ ਨੂੰ ਇੱਕ ਅੱਖ ਤੋਂ ਦਿੱਖਣਾ ਬੰਦ ਹੋ ਗਿਆ ਹੈ। ਇਸ ਇੰਟਰਵਿਊ ਦੌਰਾਨ ਮਾਪੇ ਅਜੇ ਵੀ ਕਈ ਵਾਰ ਬੇਹੱਦ ਉੱਚੀ-ਉੱਚੀ ਰੋਂਦੇ ਹਨ ।

ਮੁੱਖ ਮੁਲਜ਼ਮ ਨਰੇਸ਼ ਜੋ ਕਿ ਪੀੜਤਾਂ ਨੂੰ ਕੁੱਟਣ ਦੀ ਸ਼ੁਰੂਆਤ ਕਰਨ ਵਾਲਾ ਪਹਿਲਾ ਸ਼ਖ਼ਸ ਸੀ, ਉਸ ਨੇ ਜ਼ਮਾਨਤ ਦੀ ਮੰਗ ਕਰਦੇ ਸਮੇਂ ਆਈ ਪੀ ਸੀ ਦੀ ਧਾਰਾ 34 ਦੀ ਗੈਰਹਾਜ਼ਰੀ ਦਾ ਇਸਤੇਮਾਲ ਕੀਤਾ ਸੀ। ਹੁਣ ਜੇਲ੍ਹ ਤੋਂ ਬਾਹਰ, ਉਹ 2019 ਦੀਆਂ ਲੋਕ ਸਭਾ ਚੋਣਾਂ ਲੜਨ ਦੀ ਵੀ ਯੋਜਨਾ ਬਣਾ ਰਿਹਾ ਹੈ। ਨਵਨਿਰਮਾਣ ਸਿਆਸੀ ਪਾਰਟੀ ਨੇ ਫਰੀਦਾਬਾਦ ਤੋਂ ਉਸ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ ।

ਆਪਣੇ ਚਿਹਰੇ ਤੋਂ ਹੰਝੂ ਸਾਫ਼ ਕਰਦੇ ਹੋਏ ਜੁਨੈਦ ਦੇ ਪਿਤਾ ਕਹਿੰਦੇ ਹਨ, "ਇਹ ਲੋਕ ਕੌਣ ਹਨ ਜਿਨ੍ਹਾਂ ਨੇ ਚੋਣ ਉਮੀਦਵਾਰ ਵਜੋਂ ਮੁਲਜ਼ਮਾਂ ਨੂੰ ਦਾਅਵੇਦਾਰ ਬਣਾਉਣਾ ਹੈ? ਇਹ ਸਾਰੀਆਂ ਕਹਾਣੀਆਂ ਸਾਨੂੰ ਡੂੰਘਾ ਝੰਜੋੜਦੀਆਂ ਹਨ। ਇਹ ਦਿਲ ਤੋੜਨ ਵਾਲੀਆਂ ਕਹਾਣੀਆਂ ਹਨ । ਪਰ ਮੈਂ ਚੁੱਪ ਨਹੀਂ ਰਹਿਣਾ ਚਾਹੁੰਦਾ, ਜੇ ਮੇਰੇ ਬੱਚੇ ਦਾ ਕਾਤਲ ਚੋਣ ਲੜਨ ਜਾ ਰਿਹਾ ਹੈ ਤਾਂ ਮੈਂ ਆਪਣੇ ਪੁੱਤਰ ਸ਼ਾਕੀਰ ਨੂੰ ਵੀ ਉਸ ਦੇ ਵਿਰੁੱਧ ਖੜ੍ਹਾ ਕਰਾਂਗਾ। ਆਓ ਆਪਾਂ ਦੇਖੀਏ ਕਿ ਸਾਡੇ ਦੇਸ਼ ਦੇ ਲੋਕਾਂ ਵਿੱਚ ਕਿੰਨੀ ਕੁ ਮਨੁੱਖਤਾ ਬਾਕੀ ਰਹਿ ਗਈ ਹੈ। "

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)