ਹਿੰਦੂ ਹੋਣ ਦੇ ਬਾਵਜੂਦ ਪਰਿਵਾਰ ਨੇ ਇਸ ਲਈ ਦਫ਼ਨਾਈ ਸੀ ਲਾਸ਼

ਗੋਬਿੰਦ ਦੀ ਪਤਨੀ
ਤਸਵੀਰ ਕੈਪਸ਼ਨ, ਗੋਬਿੰਦ ਦੀ ਪਤਨੀ ਥੋਈਬੀ ਦੀ ਚਿੰਤਾ ਆਪਣੀ ਧੀ ਦੇ ਵੱਡੇ ਹੋਣ ਦੇ ਨਾਲ ਵੱਧਦੀ ਜਾ ਰਹੀ ਹੈ
    • ਲੇਖਕ, ਨਿਤੀਨ ਸ਼੍ਰੀਵਾਸਤਵ
    • ਰੋਲ, ਬੀਬੀਸੀ ਪੱਤਰਕਾਰ, ਇੰਫਾਲ ਤੋਂ

ਪਹਾੜੀ ਇਲਾਕਿਆਂ ਵਿੱਚ ਸਵੇਰ ਜਲਦੀ ਹੁੰਦੀ ਹੈ। ਇੰਫ਼ਾਲ ਦੀ ਖ਼ੂਬਸੂਰਤ ਘਾਟੀ ਤੋਂ ਕਰੀਬ 10 ਕਿੱਲੋਮੀਟਰ ਦੂਰ ਇੱਕ ਪਿੰਡ ਵਿੱਚ ਆਮ ਵਾਂਗ ਚਹਿਲ-ਪਹਿਲ ਹੈ।

ਮੁਰਗੀਆਂ ਰੁਕ-ਰੁਕ ਕੇ ਬਾਂਗ ਦਿੰਦੀਆਂ ਹਨ ਅਤੇ ਪਾਲਤੂ ਬਕਰੀਆਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਂਦੀਆਂ ਹਨ।

ਇੱਕ-ਦੋ ਕਮਰੇ ਵਾਲੇ ਘਰ ਦੇ ਅੰਦਰ ਇੱਕ ਮਾਂ ਆਪਣੀ ਨੌਂ ਸਾਲਾ ਕੁੜੀ ਨੂੰ ਨਾਸ਼ਤਾ ਕਰਵਾ ਰਹੀ ਹੈ। ਸਲੇਟੀ ਰੰਗ ਦੀ ਸਕੂਲੀ ਵਰਦੀ ਪਹਿਨੇ, ਚਾਵਲ ਦਾ ਸੂਪ ਪੀਣ ਤੋਂ ਬਾਅਦ ਮੁਸਕੁਰਾਉਂਦੀ ਹੋਈ ਇਲੁਹੇਨਬੀ ਨੇ ਮਾਂ ਬੋਲੀ 'ਚ ਮਾਂ ਤੋਂ ਪੁੱਛਿਆ, "ਦਿੱਲੀ ਤੋਂ ਆਏ ਇਹ ਲੋਕ ਪਾਪਾ ਨੂੰ ਜਾਣਦੇ ਹਨ?"

ਇੱਕ ਜ਼ਬਰਦਸਤੀ ਵਾਲੀ ਮੁਸਕੁਰਾਹਟ ਨਾਲ ਉਨ੍ਹਾਂ ਦੀ ਮਾਂ, ਥੋਈਬੀ ਨੇ ਜਵਾਬ ਦਿੱਤਾ, "ਹੋ ਸਕਦਾ ਹੈ ਪਰ ਤੂੰ ਅਜੇ ਸਕੂਲ ਵੱਲ ਧਿਆਨ ਦੇ ਅਤੇ ਟਿਫ਼ਨ ਖ਼ਤਮ ਕਰ ਲਵੀਂ।"

ਇਲੁਹੇਨਬੀ ਸਿਰਫ਼ 40 ਦਿਨ ਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਇੰਫ਼ਾਲ ਦੇ ਹਾਈ ਸਿਕਊਰਟੀ ਜ਼ੋਨ ਵੱਲ ਨਿਕਲੇ ਸਨ, ਹੁਣ ਉਹ ਰੋਜ਼ ਪੁੱਛਦੀ ਹੈ, ਪਾਪਾ ਘਰ ਕਦੋਂ ਵਾਪਸ ਆਉਣਗੇ।

ਇਹ ਵੀ ਪੜ੍ਹੋ:

ਗੋਬਿੰਦ ਅਤੇ ਨੋਬੀ ਦੀਆਂ ਲਾਸ਼ਾਂ ਇੱਥੇ ਦਫ਼ਨ ਹਨ
ਤਸਵੀਰ ਕੈਪਸ਼ਨ, ਗੋਬਿੰਦ ਅਤੇ ਨੋਬੀ ਦੀਆਂ ਲਾਸ਼ਾਂ ਇੱਥੇ ਦਫ਼ਨ ਹਨ

ਜਵਾਬ ਕਿਸੇ ਦੇ ਕੋਲ ਨਹੀਂ ਕਿਉਂਕਿ ਗੋਬਿੰਦ ਕਦੇ ਨਹੀਂ ਪਰਤਣਗੇ। ਸਾਲ 2009 ਵਿੱਚ ਉਹ ਇੱਕ ਕਥਿਤ ਫ਼ਰਜ਼ੀ ਮੁੱਠਭੇੜ ਵਿੱਚ ਮਾਰੇ ਗਏ ਸਨ ਅਤੇ ਦੋ ਦਿਨ ਬਾਅਦ ਕਿਸੇ ਨੇ ਟੀਵੀ 'ਤੇ ਖ਼ਬਰ ਦੇਖ ਕੇ ਘਰ ਦੱਸਿਆ।

ਗੋਬਿੰਦ ਦੀ ਪਤਨੀ ਥੋਈਬੀ ਨੇ ਕਿਹਾ, "ਉਹ ਸਿਰਫ਼ ਬਾਜ਼ਾਰ ਤੋਂ ਸਾਮਾਨ ਲੈਣ ਗਏ ਸਨ ਜਦੋਂ ਦੇਰ ਰਾਤ ਵਾਪਿਸ ਨਹੀਂ ਮੁੜੇ ਤਾਂ ਅਸੀਂ ਲੱਭਣਾ ਸ਼ੁਰੂ ਕੀਤਾ।''

"ਕੁੜੀ ਨੂੰ ਅੱਜ ਤੱਕ ਨਹੀਂ ਪਤਾ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਅਸੀਂ ਉਸ ਨੂੰ ਕਿਹਾ ਹੈ ਕਿ ਉਹ ਦਿੱਲੀ ਵਿੱਚ ਨੌਕਰੀ ਕਰਦੇ ਹਨ।''

"ਸੱਸ-ਸਹੁਰਾ ਬਿਮਾਰ ਰਹਿੰਦੇ ਹਨ ਅਤੇ ਗੋਬਿੰਦ ਨੂੰ ਯਾਦ ਕਰਕੇ ਰੋਂਦੇ ਰਹਿੰਦੇ ਹਨ। ਗੋਬਿੰਦ ਚਾਹੁੰਦੇ ਸਨ ਕਿ ਉਨ੍ਹਾਂ ਦੀ ਧੀ ਆਈਐਸ ਅਫ਼ਸਰ ਬਣੇ, ਪਤਾ ਨਹੀਂ ਅੱਗੇ-ਅੱਗੇ ਕੀ ਹੋਵੇਗਾ"

ਗੋਬਿੰਦ ਦੀ ਲਾਸ਼ ਨੂੰ ਦਫ਼ਨਾਇਆ ਕਿਉਂ ਗਿਆ?

ਗੋਬਿੰਦ ਦੀ ਮ੍ਰਿਤਕ ਦੇਹ ਦੋ ਦਿਨ ਬਾਅਦ ਮਿਲੀ ਸੀ ਅਤੇ ਜਦੋਂ ਪਰਿਵਾਰ ਅਤੇ ਪਿੰਡ ਵਾਲਿਆਂ ਦੀ ਮੁੜ ਪੋਸਟਮਾਰਟਮ ਦੀ ਮੰਗ ਨਹੀਂ ਮੰਨੀ ਗਈ ਤਾਂ ਪਰਿਵਾਰ ਨੇ ਇੱਕ ਵੱਡਾ ਫ਼ੈਸਲਾ ਲਿਆ।

ਹਿੰਦੂ ਹੋਣ ਦੇ ਬਾਵਜੂਦ ਉੇਨ੍ਹਾਂ ਦੇ ਪਰਿਵਾਰ ਨੇ ਗੋਬਿੰਦ ਦੀ ਲਾਸ਼ ਨੂੰ ਦਫ਼ਨਾਉਣ ਦਾ ਫ਼ੈਸਲਾ ਕੀਤਾ ਤਾਂ ਜੋ ਭਵਿੱਖ ਵਿੱਚ ਕਿਸੇ ਤਰ੍ਹਾਂ ਫੋਰੈਂਸਿਕ ਜਾਂਚ 'ਚ ਮਦਦ ਮਿਲੇ।

ਦਰਅਸਲ, ਲਾਸ਼ਾਂ ਦੋ ਨੌਜਵਾਨਾਂ ਦੀਆਂ ਦਬਾਈਆਂ ਗਈਆਂ ਸਨ। ਗੋਬਿੰਦ ਉਸ ਸ਼ਾਮ ਆਪਣੇ ਦੋਸਤ ਨੋਬੀ ਨਾਲ ਬਾਹਰ ਨਿਕਲੇ ਸਨ ਅਤੇ ਨੋਬੀ ਦੀ ਲਾਸ਼ ਵੀ ਉਨ੍ਹਾਂ ਦੇ ਨਾਲ ਮਿਲਿਆ ਸੀ।

ਨੋਬੀ ਦੇ ਮਾਤਾ-ਪਿਤਾ
ਤਸਵੀਰ ਕੈਪਸ਼ਨ, ਨੋਬੀ ਦੇ ਪਿਤਾ ਬਸਨਥ ਲਗਭਗ ਰੋਜ਼ ਹੀ ਉਸ ਖੇਤ ਵਿੱਚ ਜਾਂਦੇ ਜਿੱਥੇ ਨੋਬੀ ਅਤੇ ਗੋਬਿੰਦ ਦੀਆਂ ਲਾਸ਼ਾਂ ਦਫ਼ਨ ਹਨ

ਨੋਬੀ ਦੇ ਪਿਤਾ ਖ਼ੁਦ ਮਣੀਪੁਰ ਰਾਇਫ਼ਲਸ ਤੋਂ ਰਿਟਾਇਰ ਹੋਏ ਸਨ, ਉਨ੍ਹਾਂ ਨੇ ਵੀ ਗੋਬਿੰਦ ਦੀ ਹੀ ਤਰ੍ਹਾਂ ਨੋਬੀ ਦੀ ਲਾਸ਼ ਨੂੰ ਵੀ ਦਫਨਾਉਣ ਦਾ ਫ਼ੈਸਲਾ ਲਿਆ।

ਨੋਬੀ ਦੇ ਪਿਤਾ ਬਸਨਥ ਲਗਭਗ ਰੋਜ਼ ਹੀ ਉਸ ਖੇਤ ਵਿੱਚ ਜਾਂਦੇ ਜਿੱਥੇ ਨੋਬੀ ਅਤੇ ਗੋਬਿੰਦ ਦੀਆਂ ਲਾਸ਼ਾਂ ਦਫ਼ਨ ਹਨ।

ਉਨ੍ਹਾਂ ਨੇ ਦੱਸਿਆ, "ਸੋਚਿਆ ਸੀ ਕਿ ਉਹ ਸਾਡੇ ਬੁਢਾਪੇ 'ਚ ਲਾਠੀ ਬਣੇਗਾ, ਪਰ ਹੋਇਆ ਕੁਝ ਹੋਰ। ਨਿਆਂਇਕ ਜਾਂਚ ਵਿੱਚ ਕਿਹਾ ਗਿਆ ਕਿ ਦੋਵਾਂ ਦਾ ਕਿਸੇ ਅੱਤਵਾਦੀ ਸੰਗਠਨ ਨਾਲ ਕੋਈ ਨਾਤਾ ਨਹੀਂ ਸੀ।''

"ਫਿਰ ਦੋਵਾਂ ਪਰਿਵਾਰਾਂ ਨੂੰ ਸਾਢੇ ਪੰਜ ਲੱਖ ਰੁਪਏ ਦਾ ਮੁਆਵਜ਼ਾ ਜ਼ਰੂਰ ਮਿਲਿਆ ਪਰ ਲੱਖਾਂ ਡਾਲਰ ਵੀ ਬੇਕਾਰ ਹਨ ਜਵਾਨ ਪੁੱਤ ਨੂੰ ਗੁਆਉਣ ਤੋਂ ਬਾਅਦ।"

ਫਰਜ਼ੀ ਐਨਕਾਊਂਟਰ 'ਚ 1528 ਲੋਕ ਮਾਰੇ ਜਾ ਚੁੱਕੇ ਹਨ

ਭਾਰਤ ਦੇ ਪੂਰਬੀ ਉੱਤਰ ਸੂਬੇ ਮਣੀਪੁਰ ਵਿੱਚ ਲੰਬੇ ਸਮੇਂ ਤੱਕ ਚੱਲੇ ਅੱਤਵਾਦ ਅਤੇ ਹਿੰਸਾ ਦੇ ਨਿਸ਼ਾਨ ਅੱਜ ਵੀ ਤਾਜ਼ਾ ਹਨ।

ਸੂਬੇ ਵਿੱਚ ਪਿਛਲੇ ਕਈ ਦਹਾਕਿਆਂ ਤੋਂ ਵੱਖਵਾਦੀ ਹਿੰਸਾ ਦਾ ਕਹਿਰ ਰਿਹਾ ਹੈ ਅਤੇ ਦਰਜਨਾਂ ਸੰਗਠਨ ਵੱਖਰੇ ਸੂਬੇ ਦੀ ਮੰਗ ਕਰਦੇ ਰਹੇ ਹਨ।

ਮਣੀਪੁਰ

ਤਸਵੀਰ ਸਰੋਤ, Deepak Jasrotia/BBC

ਤਸਵੀਰ ਕੈਪਸ਼ਨ, ਮਣੀਪੁਰ ਸਰਕਾਰ ਦਾ ਦਾਅਵਾ ਹੈ ਕਿ ਸਾਲ 2000 ਤੋਂ ਲੈ ਕੇ 2012 ਤੱਕ ਕਰੀਬ 120 ਪੁਲਿਸ ਕਰਮੀ ਅਤੇ ਅਰਧ ਸੈਨਿਕ ਬਲਾਂ ਦੇ ਜਵਾਨ ਬਾਗੀਆਂ ਹੱਥੋਂ ਮਾਰੇ ਜਾ ਚੁੱਕੇ ਹਨ

ਪੀਪਲਜ਼ ਲਿਬਰੇਸ਼ਨ ਆਰਮੀ ਆਫ਼ ਮਣੀਪੁਰ, ਨੈਸ਼ਨਲ ਸੋਸ਼ਲਿਸਟ ਕਾਊਂਸਲ ਆਫ਼ ਨਾਗਾਲੈਂਡ (ਐਨਐਸਸੀਐਨ) ਦਾ ਆਈਜਕ ਮੁਈਵਾ ਗੁੱਟ ਅਤੇ ਪਾਬੰਦੀਸ਼ੁਦਾ ਐਨਐਸਸੀਐਨ ਖਾਪਲਾਂਗ ਗੁੱਟ ਵਰਗੇ ਦੋ ਦਰਜਨ ਤੋਂ ਵੱਧ ਗੁੱਟਾਂ ਦੀ ਮੌਜੂਦਗੀ ਨਾਲ ਸੂਬੇ ਵਿੱਚ ਲਗਾਤਾਰ ਤਣਾਅ ਬਣਿਆ ਰਿਹਾ ਹੈ।

ਮਨੁੱਖੀ ਅਧਿਕਾਰ ਸੰਗਠਨਾਂ ਦਾ ਦਾਅਵਾ ਹੈ ਕਿ ਸਾਲ 1979 ਤੋਂ ਲੈ ਕੇ 2012 ਤੱਕ ਤਰੀਬ 1528 ਲੋਕ ਮਣੀਪੁਰ ਵਿੱਚ ਫ਼ਰਜ਼ੀ ਐਨਕਾਊਂਟਰ 'ਚ ਮਾਰੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ:

ਇਨ੍ਹਾਂ ਵਿੱਚ 98 ਨਾਬਾਲਿਗ ਅਤੇ 31 ਔਰਤਾਂ ਵੀ ਸ਼ਾਮਲ ਹਨ। ਜਿਨ੍ਹਾਂ ਲੋਕਾਂ ਨੂੰ ਅਜਿਹੀ ਫ਼ਰਜ਼ੀ ਮੁਠਭੇੜਾਂ 'ਚ ਮਾਰਿਆ ਗਿਆ, ਉਨ੍ਹਾਂ ਵਿੱਚੋਂ ਜ਼ਿਆਦਾਤਰ ਗ਼ਰੀਬ ਜਾਂ ਬੇਰੁਜ਼ਗਾਰ ਸਨ।

ਦੂਜੇ ਪਾਸੇ ਮਣੀਪੁਰ ਸਰਕਾਰ ਦਾ ਦਾਅਵਾ ਹੈ ਕਿ ਸਾਲ 2000 ਤੋਂ ਲੈ ਕੇ 2012 ਤੱਕ ਕਰੀਬ 120 ਪੁਲਿਸ ਮੁਲਾਜ਼ਮ ਅਤੇ ਨੀਮ ਫੌਜੀ ਦਸਤਿਆਂ ਦੇ ਜਵਾਨ ਬਾਗੀਆਂ ਹੱਥੋਂ ਮਾਰੇ ਜਾ ਚੁੱਕੇ ਹਨ।

ਸੁਪਰੀਮ ਕੋਰਟ ਨੇ ਪਿਛਲੇ ਸਾਲ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਸੀਬੀਆਈ ਜਾਂਚ ਦੇ ਹੁਕਮ ਵੀ ਦਿੱਤੇ ਹਨ ਅਤੇ ਜਾਂਚ ਜਾਰੀ ਹੈ ਪਰ ਵੱਖਵਾਦ ਦੀ ਹਿੰਸਾ 'ਚ ਜਿਹੜਾ ਪਰਿਵਾਰਾਂ ਦਾ ਨੁਕਸਾਨ ਹੋਇਆ ਸੀ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਕੋਈ ਅੰਤ ਨਹੀਂ ਹੈ।

ਮਣੀਪੁਰ 'ਚ ਹਾਲਾਤ ਪਹਿਲਾਂ ਨਾਲੋਂ ਬਿਹਤਰ

ਮਨੁੱਖੀ ਅਧਿਕਾਰ ਕਾਰਕੁੰਨ ਓਨਿਲ ਸ਼ੇਤਰੀਮਈਯੁਮ ਅਤੇ ਉਨ੍ਹਾਂ ਦੇ ਸਾਥੀ ਕਈ ਸਾਲਾਂ ਤੋਂ ਪੀੜਤ ਪਰਿਵਾਰਾਂ ਦੀ ਮਦਦ ਕਰਨ ਦੀ ਕੋਸ਼ਿਸ਼ 'ਚ ਹਨ।

ਓਨਿਲ ਨੇ ਕਿਹਾ, "ਜਿਨ੍ਹਾਂ ਦੇ ਪਤੀ ਮਾਰੇ ਗਏ ਉਨ੍ਹਾਂ ਨੂੰ ਸਮਾਜਿਕ ਬਾਈਕਾਟ ਨਾਲ ਲੜਨਾ ਪਿਆ, ਰਾਤ ਨੂੰ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲੱਗ ਗਈ।''

"ਉਨ੍ਹਾਂ ਨੂੰ ਆਪਣਾ ਪਰਿਵਾਰ ਵੀ ਚਲਾਉਣਾ ਪੈ ਰਿਹਾ ਹੈ ਅਤੇ ਉਨ੍ਹਾਂ ਬੱਚਿਆਂ ਨੂੰ ਵੀ ਵੱਡਾ ਕਰਨਾ ਪਿਆ ਹੈ ਜਿਨ੍ਹਾਂ ਦੇ ਪਿਤਾ 'ਤੇ ਅੱਤਵਾਦੀ ਹੋਣ ਦਾ ਇਲਜ਼ਾਮ ਹੈ। ਉੱਪਰੋਂ ਮਾਨਸਿਕ ਸੱਟ ਪਹੁੰਚੀ, ਉਹ ਵੱਖਰੀ। ਹੁਣ ਉਨ੍ਹਾਂ ਨੂੰ ਇਨਸਾਫ਼ ਦੀ ਉਡੀਕ ਹੈ।"

ਓਨਿਲ ਸ਼ੇਤਰੀਮਈਯੁਮ

ਤਸਵੀਰ ਸਰੋਤ, Deepak Jasrotia/BBC

ਤਸਵੀਰ ਕੈਪਸ਼ਨ, ਓਨਿਲ ਸ਼ੇਤਰੀਮਈਯੁਮ, ਮਨੁੱਖੀ ਅਧਿਕਾਰ ਕਾਰਕੁਨ

ਹਾਲਾਂਕਿ ਸੱਚਾਈ ਇਹ ਵੀ ਹੈ ਕਿ ਫਿਲਹਾਲ ਮਣੀਪੁਰ ਵਿੱਚ ਹਾਲਾਤ ਪਹਿਲਾਂ ਨਾਲੋਂ ਕਾਫ਼ੀ ਬਿਹਤਰ ਦਿਖਦੇ ਹਨ। ਰਾਜਧਾਨੀ ਇੰਫ਼ਾਲ ਵਿੱਚ ਕਈ ਨਵੇਂ ਹੋਟਲ ਅਤੇ ਸ਼ੌਪਿੰਗ ਮਾਲ ਖੁੱਲ੍ਹ ਚੁੱਕੇ ਹਨ ਅਤੇ ਸੂਬੇ ਵਿੱਚ ਸੈਲਾਨੀਆਂ ਦਾ ਆਉਣਾ-ਜਾਣਾ ਸ਼ੁਰੂ ਹੋਇਆ ਹੈ।

ਪਿਛਲੇ ਸਾਲਾਂ ਵਿੱਚ ਜੇ ਹਰ ਦੂਜੇ ਜਾਂ ਤੀਜੇ ਦਿਨ ਸਿਆਸੀ ਅਤੇ ਸਮਾਜਿਕ ਮੰਗਾਂ ਨੂੰ ਲੈ ਕੇ ਬੰਦ ਦਾ ਸੱਦਾ ਦਿੱਤਾ ਜਾਂਦਾ ਸੀ ਤਾਂ ਹੁਣ ਉਸਦੀ ਗਿਣਤੀ ਘੱਟ ਹੋਈ ਹੈ।

ਪਰ ਅੱਜ ਵੀ ਜਦੋਂ ਬੰਦ ਐਲਾਨਿਆ ਜਾਂਦਾ ਹੈ ਤਾਂ ਸਭ ਕੁਝ ਸਕੂਲ, ਹਸਪਤਾਲ, ਬੱਸ ਅੱਡੇ ਅਤੇ ਦੁਕਾਨਾਂ ਬੰਦ ਰਹਿੰਦੀਆਂ ਹਨ।

ਮਣੀਪੁਰ
ਤਸਵੀਰ ਕੈਪਸ਼ਨ, ਫਰਜ਼ੀ ਮੁਠਭੇੜ ਦੇ ਸੈਂਕੜੇ ਮਾਮਲਿਆਂ ਦੀ ਜਾਂਚ ਹੋ ਰਹੀ ਹੈ

ਮੇਰੀ ਪਿਛਲੀ ਮਣੀਪੁਰ ਯਾਤਰਾ 2012 ਵਿੱਚ ਹੋਈ ਸੀ ਅਤੇ ਉਦੋਂ ਇੱਕ ਚੀਜ਼ ਸੜਕਾਂ 'ਤੇ ਹਰ ਸਮੇਂ ਦਿਖ ਜਾਂਦੀ ਸੀ।

ਲਾਲ ਰੰਗ ਦੇ ਝੰਡਿਆਂ ਵਾਲੀ ਫੌਜੀ ਬਖ਼ਤਰਬੰਦ ਗੱਡੀਆਂ ਜਿਹੜੀਆਂ ਦਿਨ-ਰਾਤ ਗਸ਼ਤ 'ਤੇ ਰਹਿੰਦੀਆਂ ਸੀ।

ਹੁਣ ਉਨ੍ਹਾਂ ਦੀ ਤਾਦਾਦ ਵੀ ਕਾਫ਼ੀ ਘੱਟ ਹੈ ਅਤੇ ਰਾਜਧਾਨੀ ਇੰਫ਼ਾਲ ਤੋਂ ਵਿਵਾਦਤ AFSPA ਯਾਨਿ ਸਸ਼ਤਰ ਬਲ ਵਿਸ਼ੇਸ਼ ਅਧਿਕਾਰ ਕਾਨੂੰਨ ਹਟਾ ਲਿਆ ਗਿਆ ਹੈ।

ਹਾਲਾਂਕਿ ਸੂਬੇ ਦੇ ਦੂਜੇ ਇਲਾਕਿਆਂ ਵਿੱਚ ਇਹ ਕਾਨੂੰਨ ਅੱਜ ਵੀ ਲਾਗੂ ਹੈ ਜਿਹੜਾ ਸੁਰੱਖਿਆ ਬਲਾਂ ਨੂੰ ਬਿਨਾਂ ਵਾਰੰਟ ਦੇ ਘਰਾਂ ਦੀ ਤਲਾਸ਼ੀ ਵਰਗੇ ਕਈ ਵਿਸ਼ੇਸ਼ ਅਧਿਕਾਰ ਦਿੰਦਾ ਹੈ।

ਇੰਫ਼ਾਲ ਬੰਦ ਦੌਰਾਨ ਵਿਰੋਧ ਪ੍ਰਦਰਸ਼ਨ
ਤਸਵੀਰ ਕੈਪਸ਼ਨ, ਇੰਫ਼ਾਲ ਬੰਦ ਦੌਰਾਨ ਵਿਰੋਧ ਪ੍ਰਦਰਸ਼ਨ

ਮਣੀਪੁਰ ਅਤੇ ਮਿਆਂਮਾਰ ਸਰਹੱਦ 'ਤੇ ਤਾਇਨਾਤ ਭਾਰੀ ਫੌਜੀਆਂ ਦੀ 57 ਮਾਊਂਟੇਨ ਡਿਵੀਜ਼ਨ ਦੇ ਜੀਓਸੀ ਮੇਜਰ ਜਨਰਲ ਵੀਕੇ ਮਿਸ਼ਰਾ ਮੁਤਾਬਕ, "ਸੁਰੱਖਿਆ ਬਲਾਂ ਦੀਆਂ ਚੁਣੌਤੀਆਂ ਅੱਜ ਵੀ ਉਸੇ ਤਰ੍ਹਾਂ ਹੀ ਹਨ ਜਿਵੇਂ ਪਹਿਲਾਂ ਸਨ।"

ਉਨ੍ਹਾਂ ਨੇ ਕਿਹਾ, "ਜੇ ਆਪਰੇਸ਼ਨ ਕਰਨੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਰਨਾ ਹੀ ਪੈਂਦਾ ਹੈ। ਜਿੱਥੋਂ ਤੱਕ ਮਨੁੱਖੀ ਅਧਿਕਾਰ ਦੀ ਉਲੰਘਣਾ ਦੇ ਇਲਜ਼ਾਮਾਂ ਦੀ ਗੱਲ ਹੈ, ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਸਾਡੇ ਸਿਸਟਮ ਵਿੱਚ ਵਸਿਆ ਹੋਇਆ ਹੈ।"

ਧੀ ਦੇ ਵੱਡੇ ਹੋਣ ਨਾਲ ਵਧ ਰਹੀ ਚਿੰਤਾ

ਮਨੁੱਖੀ ਅਧਿਕਾਰ ਕਾਰਕੁਨ ਬਬਲੂ ਲੋਈਤੋਂਗਮ ਮੁਤਾਬਕ, "ਉਹ ਦੌਰ ਦੂਜਾ ਸੀ ਜਦੋਂ ਅਜਿਹੇ ਸਖ਼ਤ ਕਾਨੂੰਨ ਦੀ ਲੋੜ ਸੀ। ਅੱਜ ਇਸ ਦੀ ਕੀ ਲੋੜ? ਦੂਜੀ ਗੱਲ ਇਹ ਵੀ ਹੈ ਕਿ ਉਸ ਕਾਨੂੰਨ ਦੇ ਤਹਿਤ ਹੋਈਆਂ ਵਾਰਦਾਤਾਂ ਦੀ ਵਿਆਪਕ ਜਾਂਚ ਵੀ ਜਾਰੀ ਹੈ।"

ਅੱਤਵਾਦ ਅਤੇ ਹਿੰਸਾ ਵਿਚਾਲੇ ਮਣੀਪੁਰ ਵਿੱਚ ਇੱਕ ਸਿਆਸੀ ਸਰਕਾਰ ਵੀ ਰਹੀ ਹੈ ਅਤੇ ਇਨੀਂ ਦਿਨੀਂ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ ਹਨ ਜਿਹੜੇ ਸਾਬਕਾ ਕਾਂਗਰਸੀ ਹਨ।

ਮੇਜਰ ਜਨਰਲ ਵੀਕੇ ਸ਼ਰਮਾ
ਤਸਵੀਰ ਕੈਪਸ਼ਨ, ਮੇਜਰ ਜਨਰਲ ਵੀਕੇ ਸ਼ਰਮਾ

ਉਨ੍ਹਾਂ ਦੀ ਖ਼ੁਦ ਦੀ ਰਾਏ ਤਾਂ AFSPA ਕਾਨੂੰਨ ਤੋਂ ਥੋੜ੍ਹੀ ਵੱਖਰੀ ਦਿਖਾਈ ਦਿੱਤੀ ਪਰ ਦੂਜੇ ਸਿਆਸੀ ਅਤੇ ਗੈ਼ਰ-ਸਿਆਸੀ ਸਮੀਕਰਣਾਂ ਦਾ ਥੋੜ੍ਹਾ ਦਬਾਅ ਵੀ ਦਿਖਿਆ।

ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ, "ਮੇਰੇ ਡੇਢ ਸਾਲ ਦੇ ਕਾਰਜਕਾਲ ਵਿੱਚ ਕੋਈ ਵੱਡੀ ਅੱਤਵਾਦੀ ਹਿੰਸਾ ਦੀ ਵਾਰਦਾਤ ਨਹੀਂ ਹੋਈ।''

"ਮੈਂ ਖ਼ੁਦ ਕੇਂਦਰ ਸਰਕਾਰ ਨੂੰ ਕਹਿ ਕੇ ਆਫ਼ਸਪਾ ਨੂੰ ਹਟਾਉਣਾ ਚਾਹੁੰਦਾ ਹਾਂ ਪਰ ਕੁਝ ਦੂਜੇ ਦੇਸਾਂ ਨਾਲ ਸਾਡੀ ਸਰਹੱਦ ਜੁੜੀ ਹੋਈ ਹੈ ਅਤੇ ਥੋੜ੍ਹਾ ਅੱਤਵਾਦ ਵੀ ਹੈ। ਪਰ ਅੱਜ ਦੇ ਹਾਲਾਤਾਂ ਨੂੰ ਦੇਖਦੇ ਹੋਏ ਅਸੀਂ ਇਸ ਨੂੰ ਹਟਾਉਣ 'ਤੇ ਵਿਚਾਰ ਕਰ ਸਕਦੇ ਹਾਂ।"

ਇਹ ਵੀ ਪੜ੍ਹੋ:

ਸਿਆਸੀ ਪੱਧਰ 'ਤੇ ਮਣੀਪੁਰ ਅੱਜ ਇੱਕ ਮੁਸ਼ਕਿਲ ਦੁਰਾਹੇ 'ਤੇ ਖੜ੍ਹਾ ਹੈ।

ਪਰ ਜਿਨ੍ਹਾਂ ਲੋਕਾਂ ਨੇ ਇੱਥੋਂ ਤੱਕ ਦੇ ਸਫ਼ਰ ਵਿੱਚ ਆਪਣਿਆਂ ਨੂੰ ਗੁਆਇਆ ਹੈ, ਉਨ੍ਹਾਂ ਦੇ ਦਿਲਾਂ ਵਿੱਚ ਅੱਗੇ ਕੀ ਹੋਵੇਗਾ, ਇਹ ਜਾਣਨ ਦੀ ਦਿਲਚਸਪੀ ਬਹੁਤ ਘੱਟ ਹੈ।

ਮਣੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ
ਤਸਵੀਰ ਕੈਪਸ਼ਨ, ਮਣੀਪੁਰ ਦੇ ਮੁੱਖ ਮੰਤਰੀ ਐਨ ਬਿਰੇਨ ਸਿੰਘ

ਕਥਿਤ ਫ਼ਰਜ਼ੀ ਮੁਠਭੇੜ ਦੇ ਸ਼ਿਕਾਰ ਹੋਏ ਗੋਬਿੰਦ ਦੀ ਪਤਨੀ ਦੀ ਚਿੰਤਾ ਆਪਣੀ ਧੀ ਦੇ ਵੱਡੇ ਹੋਣ ਦੇ ਨਾਲ ਵੱਧਦੀ ਜਾ ਰਹੀ ਹੈ।

ਵਿਦਾ ਲੈਣ ਤੋਂ ਪਹਿਲਾਂ ਉਨ੍ਹਾਂ ਨੇ ਮੈਨੂੰ ਕਿਹਾ ਸੀ, "ਧੀ ਤੋਂ ਕਦੋਂ ਤੱਕ ਲੁਕਾ ਸਕਾਂਗੀ ਕਿ ਉਸਦਾ ਬਾਪ ਦਿੱਲੀ ਵਿੱਚ ਨੌਕਰੀ ਨਹੀਂ, ਨੇੜੇ ਦੇ ਖੇਤਾਂ ਵਿੱਚ ਦਫ਼ਨ ਹੈ।"

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੀਆਂ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)