ਜਗੀਰ ਕੌਰ ਨੇ ਹਾਈਕੋਰਟ 'ਚੋਂ ਬਰੀ ਹੋਣ ਤੋਂ ਬਾਅਦ ਦਿੱਤੀ ਵਿਰੋਧੀਆਂ ਨੂੰ ਨਸੀਹਤ

ਤਸਵੀਰ ਸਰੋਤ, Getty Images
ਬੀਬੀ ਜਗੀਰ ਕੌਰ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਆਪਣੀ ਧੀ ਨੂੰ ਜ਼ਬਰਨ ਤਾਲਾਬੰਦੀ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ।
ਮਾਰਚ 2012 ਵਿੱਚ ਪਟਿਆਲਾ ਦੀ ਸੀਬੀਆਈ ਅਦਾਲਤ ਵੱਲੋਂ ਅਕਾਲੀ ਦਲ ਆਗੂ ਤੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਨੂੰ ਆਪਣੀ ਧੀ ਨੂੰ ਜ਼ਬਰਨ ਤਾਲਾਬੰਦੀ ਅਤੇ ਗਰਭਪਾਤ ਕਰਵਾਉਣ ਦੇ ਮਾਮਲੇ ਵਿੱਚ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ। ਬੀਬੀ ਜਗੀਰ ਕੌਰ ਨੂੰ ਧੀ ਦੇ ਕਤਲ ਦੇ ਇਲਜ਼ਾਮਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਸਜ਼ਾ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਜਗੀਰ ਕੌਰ ਨੇ ਸਜ਼ਾ ਦੇ ਖਿਲਾਫ਼ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਸੀ। ਉਸੇ ਪਟੀਸ਼ਨ 'ਤੇ ਹਾਈ ਕੋਰਟ ਨੇ ਅਕਤੂਬਰ ਵਿੱਚ ਫੈਸਲਾ ਰਾਖਵਾਂ ਰੱਖ ਲਿਆ ਸੀ।
ਫ਼ੈਸਲੇ ਤੋਂ ਬਾਅਦ ਪਹਿਲੀ ਟਿੱਪਣੀ
'ਸਿਆਸੀ ਲੋਕਾਂ ਨੂੰ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਕਿ ਦੂਜੇ ਬੰਦੇ ਦੀ ਨਿੱਜੀ ਜ਼ਿੰਦਗੀ ਬਰਬਾਦ ਹੋ ਜਾਵੇ', ਇਹ ਸ਼ਬਦ ਹਾਈਕੋਰਟ ਵੱਲੋਂ ਆਪਣੀ ਹੀ ਧੀ ਦੀ ਜਬਰਨ ਤਾਲਾਬੰਦੀ ਤੇ ਗਰਭਪਾਤ ਕਰਵਾਉਣ ਦੇ ਮਾਮਲੇ ਚੋਂ ਬਰੀ ਕੀਤੀ ਗਈ ਅਕਾਲੀ ਆਗੂ ਜਗੀਰ ਕੌਰ ਦੀ ਪਹਿਲੀ ਟਿੱਪਣੀ ਹੈ।

ਤਸਵੀਰ ਸਰੋਤ, Getty Images
ਜਗੀਰ ਕੌਰ ਨੇ ਕਿਹਾ, 'ਅਦਾਲਤ ਦੇ ਫ਼ੈਸਲੇ ਨਾਲ ਉਨ੍ਹਾਂ ਲੋਕਾਂ ਨੂੰ ਜਵਾਬ ਮਿਲ ਗਿਆ ਹੈ, ਜਿਹੜੇ ਮੇਰੇ ਖ਼ਿਲਾਫ਼ ਨਿੱਜੀ ਦੂਸ਼ਣ ਕਰਦੇ ਸੀ। ਮੈਂ ਤਾਂ ਇਹੀ ਕਹਾਂਗੀ ਕਿ ਰੱਬ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ'।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗੀਰ ਕੌਰ ਨੇ ਕਿਹਾ ਕਿ ਇਲਾਕੇ ਦੀਆਂ ਸੰਗਤਾਂ ਅਤੇ ਉਨ੍ਹਾਂ ਦੇ ਪਾਰਟੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੇ ਔਖੀ ਘੜੀ ਵਿਚ ਜਿਵੇਂ ਸਾਥ ਦਿੱਤਾ ਉਸ ਲਈ ਉਹ ਉਨ੍ਹਾਂ ਦੀ ਧੰਨਵਾਦੀ ਹੈ।
ਅਸਲੀ ਟਕਸਾਲੀ ਅਕਾਲੀ ਕੌਣ
ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਜੋ ਸੇਵਾ ਦੇਵੇਗੀ ਉਹ ਖਿੜੇ ਮੱਥੇ ਸਵਿਕਾਰ ਕਰਨਗੇ।
ਜਗੀਰ ਕੌਰ ਦਾ ਕਹਿਣਾ ਸੀ, 'ਹਾਈਕੋਰਟ ਦੇ ਇਸ ਫ਼ੈਸਲੇ ਤੋਂ ਬਾਅਦ ਮੈਂ ਅਜ਼ਾਦ ਮਹਿਸੂਸ ਕਰ ਰਹੀ ਹਾਂ ਅਤੇ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ। ਮੈਂ ਆਪਣੀ ਇਹ ਜ਼ਿੰਦਗੀ ਪਾਰਟੀ,ਸਮਾਜ ਤੇ ਧਰਮ ਲੇਖੇ ਲਾਵਾਂਗੀ'।
ਟਕਸਾਲੀ ਆਗੂਆਂ ਵੱਲੋਂ ਪਾਰਟੀ ਵਿੱਚੋਂ ਬਗਾਵਤ ਕਰਨ ਸਬੰਧੀ ਪੁੱਛੇ ਜਾਣ ਉੱਤੇ ਜਗੀਰ ਕੌਰ ਨੇ ਉਲਟਾ ਸਵਾਲ ਕੀਤਾ, 'ਤੁਹਾਡੀ ਨਜ਼ਰ ਵਿਚ ਟਕਸਾਲੀ ਕੌਣ ਹਨ, ਮੈਂ 35 ਸਾਲ ਤੋਂ ਅਕਾਲੀ ਦਲ ਵਿਚ ਹਾਂ ਤੇ 85 ਸਾਲ ਤੋਂ ਮੇਰੇ ਪਰਿਵਾਰ ਇਸ ਪਾਰਟੀ ਨੂੰ ਸਮਰਪਿਤ ਸੀ'।
'ਇਸੇ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ 7 ਦਹਾਕਿਆਂ ਤੋਂ ਅਕਾਲੀ ਦਲ ਕੰਮ ਕਰ ਰਹੇ ਨੇ ਤੇ 35 ਸਾਲ ਤੋਂ ਸੁਖਬੀਰ ਬਾਦਲ ਪਾਰਟੀ ਲਈ ਕੰਮ ਕਰ ਰਹੇ ਹਨ, ਕੀ ਉਹ ਟਕਸਾਲੀ ਨਹੀਂ ਹਨ, ਟਕਸਾਲੀ ਸੇਵਾ ਨਾਲ ਹੁੰਦਾ ਹੈ , ਉਮਰ ਨਾਲ ਨਹੀਂ ।'
ਕੀ ਹੇਠਲੀ ਅਦਾਲਤ ਦਾ ਫੈਸਲਾ
ਜਗੀਰ ਕੌਰ ਦੇ ਵਕੀਲ ਵਿਨੋਦ ਘਈ ਨੇ ਦੱਸਿਆ, "ਬੀਬੀ ਜਗੀਰ ਕੌਰ ਸਣੇ 4 ਮੁਲਜ਼ਮਾਂ ਨੂੰ ਸੀਬੀਆਈ ਕੋਰਟ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਸੀ।''
"4 ਮੁਲਜ਼ਮਾਂ ਵਿੱਚ ਦਲਵਿੰਦਰ ਕੌਰ ਢੇਸੀ, ਪਰਮਜੀਤ ਰਾਏਪੁਰ ਤੇ ਨਿਸ਼ਾਨ ਸਿੰਘ। ਇਨ੍ਹਾਂ ਚਾਰਾਂ ਦੀ ਅਪੀਲਾਂ ਨੂੰ ਅਦਾਲਤ ਨੇ ਮੰਨ ਲਿਆ ਹੈ ਅਤੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਹੈ।''
"ਸੀਬੀਆਈ ਵੱਲੋਂ ਕਤਲ ਦੇ ਮਾਮਲੇ ਵਿੱਚ ਉਨ੍ਹਾਂ ਦੇ ਬਰੀ ਹੋਣ ਦੇ ਖਿਲਾਫ ਜੋ ਅਪੀਲ ਦਾਇਰ ਕੀਤੀ ਸੀ ਉਸ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ ਹੈ।''
"ਸੀਬੀਆਈ ਵੱਲੋਂ ਜਗੀਰ ਕੌਰ ਦੀ ਧੀ ਦੇ ਗਰਭਵਤੀ ਹੋਣ ਦੀ ਗੱਲ ਵੀ ਸਾਬਿਤ ਨਹੀਂ ਹੋ ਸਕੀ ਹੈ। ਉਨ੍ਹਾਂ ਕੋਲ ਗੈਰ - ਕੁਦਰਤੀ ਮੌਤ ਅਤੇ ਲਾਸ਼ ਨੂੰ ਟਿਕਾਣੇ ਲਗਾਉਣ ਦਾ ਵੀ ਕੋਈ ਸਬੂਤ ਨਹੀਂ ਸੀ।''
ਬੀਬੀ ਜਗੀਰ ਕੌਰ ਨੇ ਫੈਸਲੇ ਤੋਂ ਬਾਅਦ ਰਾਹਤ ਮਹਿਸੂਸ ਕੀਤੀ ਹੈ।
ਬੀਬੀਸੀ ਪੰਜਾਬੀ ਨਾਲ ਗੱਲਬਾਤ ਵਿੱਚ ਜਗੀਰ ਕੌਰ ਨੇ ਕਿਹਾ, ''ਮੈਨੂੰ ਅਦਾਲਤ 'ਤੇ ਪੂਰਾ ਭਰੋਸਾ ਸੀ। ਇਸ ਫੈਸਲਾ ਮੇਰੇ ਲਈ ਵੱਡੀ ਰਾਹਤ ਲੈ ਕੇ ਆਇਆ ਹੈ। ਇਸ ਫੈਸਲੇ ਦੇ ਆਉਣ ਤੱਕ ਦਾ ਵਕਤ ਮੇਰੇ ਅਤੇ ਮੇਰੇ ਪਰਿਵਾਰ ਲਈ ਕਾਫੀ ਔਖਾ ਸੀ।''
ਕੀ ਸੀ ਪੂਰਾ ਮਾਮਲਾ?
- 20 ਅਪ੍ਰੈਲ, 2000 ਨੂੰ ਹਰਪ੍ਰੀਤ ਕੌਰ ਉਰਫ਼ ਰੋਜ਼ੀ ਦੀ ਭੇਦ ਭਰੀ ਹਾਲਤ 'ਚ ਮੌਤ ਹੋ ਗਈ ਸੀ।
- ਇਸ ਤੋਂ ਇੱਕ ਦਿਨ ਬਾਅਦ ਬੀਬੀ ਜਗੀਰ ਕੌਰ ਦੇ ਪਿੰਡ ਵਿੱਚ ਰੋਜ਼ੀ ਦਾ ਅੰਤਿਮ ਸੰਸਕਾਰ ਬਿਨਾਂ ਪੋਸਟ-ਮਾਰਟਮ ਤੋਂ ਕਰ ਦਿੱਤਾ ਗਿਆ ਸੀ।
- ਪਿੰਡ ਦੇ ਨੌਜਵਾਨ ਕਮਲਜੀਤ ਸਿੰਘ ਨੇ ਹਰਪ੍ਰੀਤ ਕੌਰ (ਰੋਜ਼ੀ) ਨਾਲ ਵਿਆਹੇ ਹੋਣ ਦਾ ਦਾਅਵਾ ਕੀਤਾ ਅਤੇ ਬੀਬੀ ਜਗੀਰ ਕੌਰ 'ਤੇ ਇਲਜ਼ਾਮ ਲਗਾਉਂਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਸੀ।
- ਕਮਲਜੀਤ ਸਿੰਘ ਨੇ ਇਹ ਦਾਅਵਾ ਕੀਤਾ ਸੀ ਕਿ ਹਰਪ੍ਰੀਤ ਕੌਰ (ਰੋਜ਼ੀ) ਤੇ ਉਸਦਾ ਵਿਆਹ ਹੀ ਰੋਜ਼ੀ ਦੇ ਕਤਲ ਦਾ ਕਾਰਨ ਬਣਿਆ ਹੈ। ਉਸਨੇ ਇਲਜ਼ਾਮ ਲਗਾਇਆ ਸੀ ਕਿ ਹਰਪ੍ਰੀਤ ਦੇ ਕਤਲ ਤੋਂ ਇੱਕ ਮਹੀਨਾ ਪਹਿਲਾਂ ਉਸ ਦਾ ਜਬਰਦਸਤੀ ਗਰਭਪਾਤ ਕਰ ਦਿੱਤਾ ਗਿਆ ਸੀ।

ਤਸਵੀਰ ਸਰੋਤ, Getty Images
- 2010 ਵਿੱਚ ਕਮਲਜੀਤ ਸਿੰਘ ਅਚਾਨਕ ਗਾਇਬ ਹੋ ਗਿਆ ਅਤੇ ਅਦਾਲਤ ਦੀਆਂ ਸੁਣਵਾਈਆਂ ਤੋਂ ਗ਼ੈਰ-ਹਾਜ਼ਿਰ ਰਿਹਾ।
- ਬਾਅਦ ਵਿੱਚ ਉਹ ਆਪਣੇ ਦਾਅਵਿਆਂ ਤੋਂ ਮੁਕਰ ਗਿਆ ਸੀ।
- ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਪੁਲੀਸ ਦੀ ਸਪੈਸ਼ਲ ਜਾਂਚ ਟੀਮ ਦੇ ਇਸ ਮਾਮਲੇ 'ਚ ਫੇਲ੍ਹ ਹੋਣ ਤੋਂ ਬਾਅਦ ਹੀ ਕੇਸ ਸੀਬੀਆਈ ਨੂੰ ਸੌਂਪਿਆ ਗਿਆ ਸੀ।

ਤਸਵੀਰ ਸਰੋਤ, Getty Images
- ਜਗੀਰ ਕੌਰ ਦੇ ਆਪਣੀ ਗਰਭਵਤੀ ਧੀ ਦੇ ਕਤਲ ਦੇ ਮਾਮਲੇ 'ਚ ਇੱਕ ਦਹਾਕਾ ਪਹਿਲਾਂ ਸੀਬੀਆਈ ਨੇ ਜਗੀਰ ਕੌਰ ਅਤੇ ਹੋਰਨਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ। ਸੀਬੀਆਈ ਨੇ ਇਸ ਮਾਮਲੇ 'ਚ 134 ਲੋਕਾਂ ਨੂੰ ਬਤੌਰ ਗਵਾਹ ਸ਼ਾਮਿਲ ਕੀਤਾ ਸੀ।
- ਇਸ ਮਾਮਲੇ 'ਚ ਫਗਵਾੜਾ ਦੇ ਇੱਕ ਜੋੜੇ ਦਲਵਿੰਦਰ ਕੌਰ ਢੇਸੀ ਅਤੇ ਪਰਮਜੀਤ ਕੌਰ ਰਾਇਪੁਰ ਨੂੰ ਜਬਦਰਸਤੀ ਗਰਭਪਾਤ ਕਰਨ, ਕਤਲ 'ਚ ਸ਼ਾਮਿਲ ਹੋਣ ਅਤੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਕੀਤਾ ਸੀ।
- ਇਸ ਤੋਂ ਬਾਅਦ ਬਲਵਿੰਦਰ ਸਿੰਘ ਸੋਹੀ ਨਾਂ ਦੇ ਇੱਕ ਸਰਕਾਰੀ ਡਾਕਟਰ ਦੀ 2008 ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ ਜੋ ਇਸ ਮਾਮਲੇ ਵਿੱਚ ਅਹਿਮ ਗਵਾਹ ਸਨ।
- ਇਸ ਦੌਰਾਨ ਅਦਾਲਤ ਨੇ ਪਰਮਜੀਤ ਸਿੰਘ, ਦਲਵਿੰਦਰ ਕੌਰ ਢੇਸੀ ਅਤੇ ਨਿਸ਼ਾਨ ਸਿੰਘ ਨੂੰ ਜਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਰੋਜ਼ੀ ਨੂੰ ਅਗਵਾ ਕਰਨ ਲਈ ਦੋਸ਼ੀ ਠਹਿਰਾਇਆ ਸੀ। ਨਿਸ਼ਾਨ ਸਿੰਘ ਜਗੀਰ ਕੌਰ ਦੇ ਕਰੀਬੀਆਂ ਵਿੱਚੋਂ ਇੱਕ ਸਨ।
- ਹਰਪ੍ਰੀਤ ਕੌਰ ਦਾ ਜਬਰਦਸਤੀ ਗਰਭਪਾਤ ਕਰਨ ਕਰਕੇ ਦਲਵਿੰਦਰ ਅਤੇ ਪਰਮਜੀਤ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਦੋਵਾਂ ਨੂੰ ਪੰਜ ਸਾਲ ਦੀ ਜੇਲ੍ਹ ਹੋਈ ਸੀ।
- ਦੋ ਹੋਰਨਾਂ ਨੂੰ ਇਸ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ।












