ਪਿਤਾ ਨੇ ਪੁੱਤ ਦੀ ਪੜ੍ਹਾਈ ਲਈ ਸਭ ਕੁਝ ਵੇਚਿਆ ਪਰ ਕਤਲ ਨੇ ਸਭ ਤੇ ਪਾਣੀ ਫੇਰ ਦਿੱਤਾ-ਗਰਾਊਂਡ ਰਿਪੋਰਟ

ਤਸਵੀਰ ਸਰੋਤ, PRITAM ROY/BBC
- ਲੇਖਕ, ਫੈਸਲ ਮੁਹੰਮਦ ਅਲੀ
- ਰੋਲ, ਬੀਬੀਸੀ ਪੱਤਰਕਾਰ, ਥੈਰੋਈਜ਼ਮ, ਮਣੀਪੁਰ ਤੋਂ
ਕੌਣ ਸੀ ਫਾਰੁਕ ਖ਼ਾਨ?
ਮਾਂ ਦਾ ਦੁਲਾਰਾ, ਕਾਮਯਾਬੀ ਵੱਲ ਕਦਮ ਵਧਾਉਂਦਾ 26 ਸਾਲ ਦਾ ਨੌਜਵਾਨ, ਬਾਈਕ ਚੋਰ, ਜਾਂ ਫਿਰ ਮਣੀਪੁਰ ਦੀ ਲਿੰਚਿੰਗ ਦੇ ਲੰਬੇ ਇਤਿਹਾਸ ਵਿੱਚ ਇੱਕ ਹੋਰ ਨਾਂ!
ਫਾਰੁਕ ਖ਼ਾਨ ਨਾਲ ਪੁਲਿਸ ਮੁਤਾਬਿਕ ਪਹਿਲਾਂ ਕਿਸੇ ਬੰਦ ਥਾਂ ਵਿੱਚ ਤਸ਼ੱਦਦ ਕੀਤਾ ਗਿਆ, ਫਿਰ ਭੀੜ ਜੋ ਉਸ 'ਤੇ ਸਕੂਟਰ ਚੋਰੀ ਦਾ ਇਲਜ਼ਾਮ ਲਗਾ ਰਹੀ ਸੀ, ਉਸ ਨੇ ਪਿੰਡ ਦੇ ਫੁੱਟਬਾਲ ਮੈਦਾਨ ਵਿੱਚ ਲਿਜਾ ਕੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ।
ਇਹ ਵੀ ਪੜ੍ਹੋ:
ਅਦਾਲਤ ਦੇ ਸਾਹਮਣੇ ਬੁੱਧਵਾਰ ਨੂੰ ਪੰਜ ਮੁਲਜ਼ਮਾਂ ਨੇ ਅਦਾਲਤੀ ਹਿਰਾਸਤ ਲਈ ਅਰਜ਼ੀ ਦਿੱਤੀ। ਅਰਜ਼ੀ ਵਿੱਚ ਪੁਲਿਸ ਨੇ ਪੱਥਰ ਦੇ ਉਨ੍ਹਾਂ ਟੁਕੜਿਆਂ ਅਤੇ ਲਾਠੀਆਂ ਨੂੰ ਵੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਹੈ ਜਿਨ੍ਹਾਂ ਨਾਲ ਫਾਰੁਕ ਦੀ ਮੌਤ ਹੋਈ ਸੀ।
ਥੈਰੋਈਜ਼ਮ ਪਿੰਡ ਵਿੱਚ ਫਾਰੁਕ ਨਾਲ ਕੁੱਟਮਾਰ ਹੋਈ ਸੀ। ਉਸੇ ਪਿੰਡ ਤੋਂ ਪੁਲਿਸ ਨੇ ਬੁਰੇ ਤਰੀਕੇ ਨਾਲ ਜਲੀ ਹੋਈ ਪੱਛਮ ਬੰਗਾਲ ਦੀ ਨੰਬਰ ਪਲੇਟ ਦੀ ਇੱਕ ਕਾਰ ਵੀ ਬਰਾਮਦ ਕੀਤੀ ਹੈ।
ਮੁਲਜ਼ਮਾਂ ਅਨੁਸਾਰ ਫ਼ਾਰੁਕ ਅਤੇ ਉਨ੍ਹਾਂ ਦੇ ਦੋ ਸਾਥੀ ਪਿੰਡ ਵਿੱਚ ਰੌਲਾ ਪੈਣ ਤੋਂ ਬਾਅਦ ਉਸੇ ਕਾਰ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਪਿੰਡ ਵਾਲੇ ਫ਼ਾਰੁਕ ਨੂੰ ਕਾਬੂ ਕਰਨ ਵਿੱਚ ਕਾਮਯਾਬ ਹੋ ਗਏ।
ਕੇਸ ਦੀ ਜਾਂਚ ਕਰ ਰਹੀ ਟੀਮ ਦੇ ਮੁਖੀ ਐਸ ਹੇਮੰਤਾ ਨੇ ਬੀਬੀਸੀ ਨੂੰ ਦੱਸਿਆ ਕਿ ਮਣੀਪੁਰ ਪੁਲਿਸ ਪੱਛਮ ਬੰਗਾਲ ਪੁਲਿਸ ਦੀ ਮਦਦ ਨਾਲ ਬਰਾਮਦ ਹੋਈ ਕਾਰ ਦੀ ਨਿਸ਼ਾਨਦੇਹੀ ਦੀ ਕੋਸ਼ਿਸ਼ ਕਰ ਰਹੀ ਹੈ।
ਫਾਰੁਕ ਕੋਲ ਨਹੀਂ ਸੀ ਕਾਰ
ਫਾਰੁਕ ਦੇ ਚਾਚਾ ਮੁਜਬੁੱਰ ਰਹਿਮਾਨ ਕਹਿੰਦੇ ਹਨ, "ਫਾਰੁਕ ਨੇ ਹਾਲ ਵਿੱਚ ਹੀ ਤਾਂ ਨਵਾਂ ਰੈਸਟੋਰੈਂਟ ਸ਼ੁਰੂ ਕੀਤਾ ਸੀ। ਨਾਲ ਹੀ ਉਨ੍ਹਾਂ ਨੇ ਫੂਡ ਪੈਕਜਿੰਗ ਦਾ ਵਪਾਰ ਵੀ ਸ਼ੁਰੂ ਕੀਤਾ ਸੀ ਪਰ ਉਸ ਦੇ ਕੋਲ ਕੋਈ ਕਾਰ ਨਹੀਂ ਸੀ।''
"ਉਹ ਬਾਹਰ ਰਹਿਣਾ ਚਾਹੁੰਦਾ ਸੀ ਪਰ ਮੈਂ ਮਨ੍ਹਾ ਕਰ ਦਿੱਤਾ ਕਿ ਬਾਪੂ ਬਹੁਤ ਬਿਮਾਰ ਹਨ...ਇਹ ਕਹਿੰਦੇ-ਕਹਿੰਦੇ ਮਾਂ ਰਹਮਜ਼ਾਨ ਦੇ ਬੁੱਲ ਕੰਬਣ ਲੱਗਦੇ ਹਨ ਅਤੇ ਬਾਕੀ ਗੱਲ ਹੰਝੂਆਂ ਨਾਲ ਪੂਰੀ ਹੁੰਦੀ ਹੈ।''

ਤਸਵੀਰ ਸਰੋਤ, PRITAM ROY/BBC
ਰੈਸਟੋਰੈਂਟ ਚਲਾਉਣ ਵਾਲੇ ਫਾਰੁਕ ਲਈ ਦੇਰ ਰਾਤ ਘਰ ਆਉਣਾ ਕੋਈ ਨਵੀਂ ਗੱਲ ਨਹੀਂ ਸੀ। 12 ਸਤੰਬਰ ਨੂੰ ਵੀ ਅਜਿਹਾ ਹੀ ਹੋਇਆ, ਬਿਮਾਰ-ਬਜ਼ੁਰਗ ਮਾਪੇ ਸੌਂ ਗਏ ਸਨ।
ਫਿਰ ਸਵੇਰ ਤੋਂ ਹੀ ਵਟਸਐੱਪ 'ਤੇ ਭੀੜ ਤੇ ਫਾਰੁਕ ਵਾਲੀ ਵੱਖ-ਵੱਖ ਵੀਡੀਓਜ਼ ਸ਼ੇਅਰ ਹੋਣ ਲੱਗੀਆਂ।
ਭਰਾ ਫਰਹਾਨ ਘਬਰਾ ਕੇ ਫ਼ਾਰੁਕ ਤੇ ਉਸ ਦੇ ਦੋਸਤਾਂ ਨੂੰ ਫੋਨ ਕਰਨ ਲੱਗੇ ਪਰ ਇਸੇ ਦੌਰਾਨ ਫ਼ਾਰੁਕ ਦੇ ਫੋਨ ਤੋਂ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ ਅਤੇ ਉਹ ਇੰਫਾਲ ਮੈਡੀਕਲ ਕਾਲਜ ਪਹੁੰਚਿਆ।
ਖੇਤੀ ਮਹਿਕਮੇ ਵਿੱਚ ਕੰਮ ਕਰਨ ਵਾਲੇ ਫਰਹਾਨ ਅਹਿਮਦ ਕਹਿੰਦੇ ਹਨ, "ਮੈਂ ਜਦੋਂ ਉੱਥੇ ਪਹੁੰਚਿਆ ਤਾਂ ਮੇਰਾ ਕੱਲ੍ਹ ਤੱਕ ਜਿ਼ੰਦਾ ਭਰਾ ਮੁਰਦਾ ਘਰ ਵਿੱਚ ਪਿਆ ਸੀ।''
ਪੁਲਿਸ ਨੇ ਜਦੋਂ ਫਾਰੁਕ ਦੇ ਸਰੀਰ ਨੂੰ ਕਬਜ਼ੇ ਵਿੱਚ ਲਿਆ ਸੀ ਤਾਂ ਉਸ ਦੇ ਜਿਸਮ 'ਤੇ ਡੂੰਘੀਆਂ ਸੱਟਾਂ ਦੇ ਨਿਸ਼ਾਨ ਸਨ ਅਤੇ ਸਿਰ ਵਿੱਚ ਫਰੈਕਚਰ ਸੀ।
ਦਿਲ ਦੀ ਬਿਮਾਰੀ ਦੇ ਮਰੀਜ਼ ਬਾਪ ਨਸੀਬ ਅਲੀ ਨੂੰ ਹਾਦਸੇ ਬਾਰੇ ਉਦੋਂ ਪਤਾ ਲੱਗਾ ਜਦੋਂ ਉਨ੍ਹਾਂ ਨੇ ਘਰ ਦੇ ਗਮਗੀਨ ਮਾਹੌਲ ਨੂੰ ਨੋਟਿਸ ਕੀਤਾ।

ਤਸਵੀਰ ਸਰੋਤ, PRITAM ROY/BBC
ਉਹ ਕਹਿੰਦੇ ਹਨ, "ਮੈਂ ਉਸ ਦੀ ਪੜ੍ਹਾਈ ਲਈ ਆਪਣੇ ਖੇਤ ਵੇਚ ਦਿੱਤੇ, ਕਰਜ਼ ਲਿਆ, ਪੈਨਸ਼ਨ ਗਿਰਵੀ ਰੱਖ ਦਿੱਤੀ, ਉਹੀ ਮੇਰੀ ਆਖਰੀ ਉਮੀਦ ਸੀ।''
ਚਸ਼ਮਾ ਵੀ ਉਨ੍ਹਾਂ ਦੀਆਂ ਸੁੱਜੀਆਂ ਅੱਖਾਂ ਨੂੰ ਲੁਕਾ ਨਹੀਂ ਸਕਿਆ।
'ਉਹ ਅਜਿਹਾ ਨਹੀਂ ਕਰ ਸਕਦਾ ਸੀ'
ਇੰਫਾਲ ਪੱਛਮ ਦੇ ਐਸਪੀ ਯੋਗੇਸ਼ਚੰਦਰ ਹਾਓਬਿਜ਼ਾਮ ਨੇ ਬੀਬੀਸੀ ਨੂੰ ਦੱਸਿਆ ਕਿ ਜਿਨ੍ਹਾਂ ਪੰਜ ਲੋਕਾਂ ਨੂੰ ਹੁਣ ਤੱਕ ਗ੍ਰਿਫ਼ਤਾਰ ਕੀਤਾ ਗਿਆ ਹੈ, ਉਨ੍ਹਾਂ ਤੋਂ ਇਲਾਵਾ ਪੁਲਿਸ ਨੇ ਲਿੰਚਿੰਗ ਵਿੱਚ ਸ਼ਾਮਿਲ 6 ਹੋਰ ਲੋਕਾਂ ਦੀ ਪਛਾਣ ਕਰ ਲਈ ਹੈ।
ਉਨ੍ਹਾਂ ਅਨੁਸਾਰ ਉਹ ਜਲਦ ਹੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।
ਪੁਲਿਸ ਦੋਵੇਂ ਮਾਮਲਿਆਂ, ਸਕੂਟਰ ਚੋਰੀ ਦੇ ਇਲਜ਼ਾਮਾਂ ਅਤੇ ਲਿੰਚਿੰਗ ਦੀ ਜਾਂਚ ਨਾਲੋਂ-ਨਾਲ ਕਰ ਰਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਕਤਲ ਦੀ ਜਾਂਚ ਕਰਨਾ ਉਸ ਦਾ ਮੁੱਢਲਾ ਕੰਮ ਹੈ ਕਿਉਂਕਿ ਕਿਸੇ ਨੂੰ ਕਾਨੂੰਨ ਹੱਥ ਵਿੱਚ ਲੈਣ ਦਾ ਹੱਕ ਨਹੀਂ।

ਤਸਵੀਰ ਸਰੋਤ, PRITAM ROY/BBC
ਦੂਜੇ ਪਾਸੇ ਥੈਰੋਇਜ਼ਮ ਵਿੱਚ 50-60 ਔਰਤਾਂ ਧਰਨੇ 'ਤੇ ਬੈਠੀਆਂ ਹਨ ਅਤੇ ਮੰਗ ਕਰ ਰਹੀਆਂ ਹਨ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਛੱਡਿਆ ਜਾਵੇ ਕਿਉਂਕਿ ਉਹ ਬੇਗੁਨਾਹ ਹਨ।
ਈਸ਼ਾਂਗਥੇਮ ਰੋਮਾ ਕਹਿੰਦੇ ਹਨ, "ਚੋਰੀ ਕਰਨ 'ਤੇ ਕੋਈ ਕਿਸੇ ਨੂੰ ਇਨਾਮ ਨਹੀਂ ਦਿੰਦਾ ਬਲਕਿ ਉਸ ਨੂੰ ਕੁੱਟਿਆ ਜਾਂਦਾ ਹੈ। ਹਰ ਥਾਂ ਇਹੀ ਹੁੰਦਾ ਹੈ ਭਾਵੇਂ ਉਹ ਅਮਰੀਕਾ ਹੋਵੇ ਜਾਂ ਪਾਕਿਸਤਾਨ। ਉਹ ਇੱਥੇ ਸਵੇਰੇ ਤਿੰਨ ਵਜੇ ਕੀ ਕਰ ਰਿਹਾ ਸੀ।''
ਇਹ ਵੀ ਪੜ੍ਹੋ:
ਫਿਰ ਉਹ ਜ਼ੋਰ- ਜ਼ੋਰ ਨਾਲ ਕਹਿਣ ਲੱਗਦੀ ਹੈ, "ਕਹਿ ਦਿਓ ਸਾਰਿਆਂ ਨੂੰ ਕਿ ਜੇ ਤੁਹਾਡੇ ਘਰ ਵਿੱਚ ਚੋਰ ਆਏ ਤਾਂ ਤੁਹਾਨੂੰ ਆਪਣੀ ਹਿਫ਼ਾਜ਼ਤ ਕਰਨੀ ਹੋਵੇਗੀ ਅਤੇ ਜੇ ਲੋੜ ਪਏ ਤਾਂ.... ਇਹ ਕਹਿੰਦੇ-ਕਹਿੰਦੇ ਉਹ ਥੋੜ੍ਹਾ ਰੁਕ ਜਾਂਦੀ ਹੈ ਅਤੇ ਅੱਗੇ ਬੋਲਦੀ ਹੈ, "ਤਾਂ ਉਸ ਨੂੰ ਘੱਟੋ-ਘੱਟ ਥੱਪੜ ਤਾਂ ਜ਼ਰੂਰ ਮਾਰਨਾ ਚਾਹੀਦਾ ਹੈ।''
ਭੀੜ ਉਨ੍ਹਾਂ ਦੇ ਕਹਿਣ 'ਤੇ ਹਾਅ ਦਾ ਨਾਅਰਾ ਬੁਲੰਦ ਕਰਦੀ ਹੈ।
ਬੈਂਗਲੁਰੂ ਵਿੱਚ ਗ੍ਰੈਜੁਏਸ਼ਨ ਦੇ ਦਿਨਾਂ ਵਿੱਚ ਫਾਰੁਕ ਦੇ ਦੋਸਤ ਬੁੱਧੀ ਗਿਆਨ ਚੋਰੀ ਦੇ ਇਲਜ਼ਾਮ 'ਤੇ ਕਹਿੰਦੇ ਹਨ, "ਅਸੀਂ ਚਾਰ ਸਾਲ ਇੱਕ ਹੀ ਘਰ ਵਿੱਚ ਰਹੇ, ਇੱਕ ਹੀ ਟੇਬਲ 'ਤੇ ਨਾਲ ਖਾਣਾ ਖਾਧਾ, ਘੁੰਮੇ-ਫਿਰੇ, ਪਾਰਟੀ ਕੀਤੀ।''
"ਮੈਨੂੰ ਨਹੀਂ ਲੱਗਦਾ ਕਿ ਉਸ ਦਾ ਕਿਰਦਾਰ ਅਜਿਹਾ ਸੀ ਕਿ ਉਹ ਇਸ ਤਰ੍ਹਾਂ ਦਾ ਕੋਈ ਕੰਮ ਕਰ ਸਕਦਾ ਸੀ।''
ਉਨ੍ਹਾਂ ਦੇ ਨਾਲ ਬੇਨਹਰ ਐਸ ਵੀ ਹਨ, ਜੋ ਕਹਿੰਦੇ ਹਨ ਕਿ ਭਾਵੇਂ ਕਿੰਨੀਆਂ ਮੁਸ਼ਕਿਲਾਂ ਹੋਣ, ਉਹ ਉਨ੍ਹਾਂ ਦਾ ਸਾਹਮਣਾ ਕਰਦਾ ਸੀ, ਇਸ ਤਰ੍ਹਾਂ ਦੇ ਸ਼ਾਰਟਕਟ ਵਿੱਚ ਉਸ ਦਾ ਯਕੀਨ ਨਹੀਂ ਸੀ।
ਬੇਨਹਰ ਫ਼ਾਰੁਕ ਖ਼ਾਨ ਦੇ ਪੱਕੇ ਮਿੱਤਰਾਂ ਵਿੱਚੋਂ ਸਨ ਜੋ ਉਸ ਦੇ ਕੁਝ ਮਹੀਨਿਆਂ ਪਹਿਲਾਂ ਸ਼ੁਰੂ ਹੋਏ ਰੈਸਟਰੋਰੈਂਟ ਵਿਚ ਵੀ ਜਾ ਚੁੱਕੇ ਹਨ ਅਤੇ ਫ਼ਾਰੁਕ ਨੇ ਉਨ੍ਹਾਂ ਨੂੰ ਆਪਣਾ ਨਵਾਂ ਪੈਕਡ ਪ੍ਰੋਜੈਕਟ ਵੀ ਦਿਖਾਇਆ ਸੀ।
ਲਿੰਚਿੰਗ ਦਾ ਕਾਰਨ ਫਿਰਕੂ ਸੀ?
ਪੁਲਿਸ ਜਾਂਚ ਦੀ ਪ੍ਰਕਿਰਿਆ ਜਾਰੀ ਹੈ ਪਰ ਫ਼ਾਰੁਕ ਦੇ ਆਪਣੇ ਪਿੰਡ ਹੌਰਈਬੀ ਤੋਂ ਦੂਰ ਅੱਧੀ ਰਾਤ ਦੇ ਬਾਅਦ ਥੋਰੋਈਜ਼ਮ ਵਿੱਚ ਹੋਣ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ ਜਾਰੀ ਹਨ।
ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਨਾਲ ਮੌਜੂਦ ਦੋ ਲੋਕਾਂ ਵਿੱਚੋਂ ਇੱਕ ਦਾ ਥੋਰੋਈਜ਼ਮ ਵਿੱਚ ਕਿਸੇ ਤੋਂ ਪੈਸੇ ਦਾ ਲੈਣ-ਦੇਣ ਸੀ।
ਇਹ ਗੱਲਾਂ ਸਿਰਫ ਕੁਝ-ਕੁਝ ਸੈਕਿੰਡ ਦੇ ਉਨ੍ਹਾਂ ਵੀਡੀਓਜ਼ ਦੇ ਆਧਾਰ 'ਤੇ ਕੀਤੀ ਜਾ ਰਹੀਆਂ ਹਨ। ਵੀਡੀਓਜ਼ ਵਿੱਚ ਪੁੱਛੇ ਜਾਣ 'ਤੇ ਦੋ ਲੋਕਾਂ ਦਾ ਨਾਂ ਲੈ ਰਹੇ ਹਨ। ਇਨ੍ਹਾਂ ਵੀਡੀਓਜ਼ ਵਿੱਚ ਫਾਰੁਕ ਦੇ ਸਰੀਰ 'ਤੇ ਜ਼ਖ਼ਮ ਦੇ ਨਿਸ਼ਾਨ ਦਿਖ ਰਹੇ ਹਨ।

ਤਸਵੀਰ ਸਰੋਤ, PRITAM ROY/BBC
ਫਿਲਹਾਲ ਉਨ੍ਹਾਂ ਦੇ ਨਾਲ 13 ਸਤੰਬਰ ਦੀ ਸਵੇਰ ਨੂੰ ਮੌਜੂਦ ਦੋਵੇਂ ਲੋਕ ਫਰਾਰ ਦੱਸੇ ਜਾ ਰਹੇ ਹਨ।
ਫਾਰੁਕ ਦੇ ਮੋਬਾਈਲ ਫੋਨ ਰਿਕਾਰਡਜ਼ ਦੀ ਜਾਂਚ ਹੋ ਰਹੀ ਹੈ, ਨਾਲ ਹੀ ਪੁਲਿਸ ਸ਼ਾਇਦ ਇਹ ਵੀ ਤੈਅ ਕਰਨ ਦੀ ਕੋਸ਼ਿਸ਼ ਕਰੇਗੀ ਕਿ ਜਦੋਂ ਪਿੰਡ ਵਾਲੇ ਫਾਰੁਕ ਨੂੰ ਕਥਿਤ ਤੌਰ 'ਤੇ 3.30 ਤੋਂ 4 ਵਜੇ ਸਵੇਰੇ ਫੜਨ ਦਾ ਦਾਅਵਾ ਕਰ ਰਹੇ ਹਨ ਤਾਂ ਪੁਲਿਸ ਸਟੇਸ਼ਨ ਮੁਖੀ ਨੂੰ ਮਾਮਲੇ ਦੀ ਜਾਣਕਾਰੀ ਸਵੇਰੇ 7.15 ਤੇ ਕਿਸ ਤਰ੍ਹਾਂ ਮਿਲੀ?
ਪ੍ਰਸ਼ਾਸਨ ਨੇ ਇੱਕ ਸਬ ਇੰਸਪੈਕਟਰ ਅਤੇ ਵਿਲੇਜ ਡਿਫੈਂਸ਼ ਫੋਰਸ ਦੇ ਤਿੰਨ ਲੋਕਾਂ ਨੂੰ ਸਸਪੈਂਡ ਕਰ ਦਿੱਤਾ ਹੈ ਜਿਨ੍ਹਾਂ ਦੇ ਖਿਲਾਫ਼ ਇਲਜ਼ਾਮ ਹਨ ਕਿ ਮੌਕੇ 'ਤੇ ਪਹੁੰਚਣ ਦੇ ਬਾਵਜੂਦ ਉਨ੍ਹਾਂ ਨੇ ਪੀੜਤ ਨੂੰ ਭੀੜ ਤੋਂ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਪ੍ਰਦਰਸ਼ਨ ਤੇ ਕੈਂਡਲ ਲਾਈਟ ਰੈਲੀਆਂ
ਲਿੰਚਿੰਗ ਦੀ ਇਸ ਤਾਜ਼ਾ ਘਟਨਾ ਤੋਂ ਬਾਅਦ ਪੂਰੇ ਸੂਬੇ ਵਿੱਚ ਮੌਬ-ਜਸਟਿਸ ਤੇ ਲਿੰਚਿੰਗ ਖਿਲਾਫ਼ ਪ੍ਰਦਰਸ਼ਨ 'ਤੇ ਕੈਂਡਲ ਲਾਈਟ ਰੈਲੀਆਂ ਕੱਢੀਆਂ ਜਾ ਰਹੀਆਂ ਹਨ।
ਪ੍ਰਸ਼ਾਸਨ ਤੇ ਪੁਲਿਸ ਨੇ ਖੁਦ ਵੀ ਹਰ ਜ਼ਿਲ੍ਹੇ ਵਿੱਚ ਅਜਿਹੀਆਂ ਰੈਲੀਆਂ ਦਾ ਪ੍ਰਬੰਧ ਕੀਤਾ ਹੈ।
ਮਨੁੱਖੀ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਮਣੀਪੁਰ ਵਿੱਚ ਸਰੀਰਕ ਸ਼ੋਸ਼ਣ ਅਤੇ ਬਲਾਤਕਾਰ ਤੋਂ ਲੈ ਕੇ ਚੋਰੀ ਦੇ ਨਾਂ 'ਤੇ ਮੌਬ-ਜਸਟਿਸ ਅਤੇ ਲਿੰਚਿੰਗ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ
ਪਰ ਪ੍ਰਸ਼ਾਸਨ ਵੱਲੋਂ ਇਸ ਤਰ੍ਹਾਂ ਦੀ ਪਹਿਲ ਪਹਿਲੀ ਵਾਰ ਨਜ਼ਰ ਆਈ ਹੈ।
ਮਣੀਪੁਰ ਹਿਊਮਨ ਰਾਈਟਜ਼ ਅਲਰਟ ਦੇ ਇੱਕ ਕਾਰਕੁਨ ਦਾ ਕਹਿਣਾ ਹੈ ਕਿ ਇਹ ਬਹੁਗਿਣਤੀ ਮੈਤਈ ਜਨਜਾਤੀ ਵਿਚਾਲੇ ਮੁਸਲਮਾਨਾਂ ਦੀ ਵਾਰ-ਵਾਰ ਹੋ ਰਹੀ ਲਿੰਚਿੰਗ ਦੇ ਅਪਰਾਧ ਬੋਧ ਦੀ ਝਲਕ ਹੋ ਸਕਦੀ ਹੈ।

ਤਸਵੀਰ ਸਰੋਤ, PRITAM ROY/BBC
ਦਿੱਲੀ ਮਣੀਪੁਰ ਮੁਸਲਿਮ ਵਿਦਿਆਰਥੀ ਸੰਗਠਨ ਨੇ ਇਲਜ਼ਾਮ ਲਾਇਆ ਹੈ ਕਿ ਬੀਤੇ ਕੁਝ ਸਾਲਾਂ ਵਿੱਚ ਸੂਬੇ ਵਿੱਚ ਘੱਟੋ-ਘੱਟ 7 ਮਾਮਲੇ ਮੁਸਲਮਾਨਾਂ ਦੀ ਲਿੰਚਿੰਗ ਦੇ ਮਾਮਲੇ ਸਾਹਮਣੇ ਆਏ ਹਨ।
ਸੰਗਠਨ ਦੇ ਅਜ਼ੀਮੁੱਦੀਨ ਸ਼ੇਖ ਦਾ ਦਾਅਵਾ ਹੈ ਕਿ ਪੰਗਲਾਂ ਦਾ ਕਤਲ ਮਜ਼ਹਬੀ ਨਫ਼ਰਤ ਦਾ ਨਤੀਜਾ ਹੈ।
ਜੇ ਮਨੁੱਖੀ ਅਧਿਕਾਰ ਕਾਰਕੁਨ ਖੇਤਰੀਮਯੁਮ ਔਨਿਲ ਦਾ ਕਹਿਣਾ ਹੈ ਕਿ ਮਣੀਪੁਰ ਵਿੱਚ ਲਿੰਚਿੰਗ ਦੀਆਂ ਘਟਨਾਵਾਂ ਨੂੰ ਭਾਰਤ ਦੇ ਦੂਜੇ ਹਿੱਸੇ ਵਿੱਚ ਹੋ ਰਹੀਆਂ ਇਸੇ ਤਰੀਕੇ ਦੀਆਂ ਘਟਨਾਵਾਂ ਵਾਂਗ ਨਹੀਂ ਦੇਖਿਆ ਜਾ ਸਕਦਾ।

ਤਸਵੀਰ ਸਰੋਤ, PRITAM ROY/BBC
ਉਹ ਕਹਿੰਦੇ ਹਨ, "ਫਿਰਕੂਵਾਦ ਦੇ ਰੰਗ ਨੂੰ ਇੱਥੇ ਲੱਭਣਾ ਉੱਤਰ ਭਾਰਤ ਵਿੱਚ ਜਾਰੀ ਟਰੈਂਡ ਨੂੰ ਮਣੀਪੁਰ ਵਿੱਚ ਫਿਟ ਕਰਨ ਦੀ ਕੋਸ਼ਿਸ਼ ਕਰਨ ਵਰਗਾ ਹੈ। ਸਾਡੇ ਖੇਤਰ ਵਿੱਚ ਇਹ ਨਸਲੀ ਤਣਾਅ ਦਾ ਨਤੀਜਾ ਹੈ ਜੋ ਕਿ ਬਿਲਕੁੱਲ ਵੱਖ ਹੈ।''
ਅੰਗਰੇਜ਼ੀ ਅਖ਼ਬਾਰ ਇਮਫਾਲ ਫ੍ਰੀ ਪ੍ਰੈੱਸ ਦੇ ਪ੍ਰਦੀਪ ਪੰਜੌਬਮ ਵੀ ਫਾਰੁਕ ਦੀ ਲਿੰਚਿੰਗ ਨੂੰ ਫਿਰਕੂਵਾਦ ਨਾਲ ਨਹੀਂ ਜੋੜਦੇ ਹਨ।
ਉਹ ਕਹਿੰਦੇ ਹਨ, "ਪੰਗਲ (ਮੁਸਲਮਾਨ) ਭਾਈਚਾਰੇ ਦੇ ਕੁਝ ਲੋਕਾਂ 'ਤੇ ਛੋਟੀਆਂ ਚੋਰੀਆਂ ਵਿੱਚ ਸ਼ਾਮਿਲ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾ ਇੱਕ ਖ਼ਾਸ ਤਰੀਕੇ ਦਾ ਅਕਸ ਤਿਆਰ ਹੋ ਗਿਆ ਹੈ।
ਮੇਰੇ ਖਿਆਲ ਹੈ ਕਿ ਇਹ ਵੀ ਇੱਕ ਕਾਰਨ ਸੀ ਕਿ ਉਸ ਨੌਜਵਾਨ ਨਾਲ ਇੰਨੀ ਕੁੱਟਮਾਰ ਹੋਈ।
ਬੁੱਧ ਗਿਆਨ ਕਹਿੰਦੇ ਹਨ ਕਿ ਉਹ ਮਾਮਲੇ ਨੂੰ ਫਿਰਕੂ ਰੰਗ ਨਹੀਂ ਦੇਣਾ ਚਾਹੁੰਦੇ।

ਤਸਵੀਰ ਸਰੋਤ, FREE PRESS IMPHAL
ਉਨ੍ਹਾਂ ਕਿਹਾ, "ਇਸ ਤੋਂ ਇਨਕਾਰ ਕਰਨਾ ਸਹੀ ਨਹੀਂ ਹੋਵੇਗਾ ਕਿ ਘੱਟ ਗਿਣਤੀਆਂ ਪ੍ਰਤੀ ਉਸ ਤਰ੍ਹਾਂ ਦੀ ਭਾਵਨਾ ਮੌਜੂਦ ਨਹੀਂ ਹੈ। ਬਹੁਗਿਣਤੀ ਲੋਕਾਂ ਵਿੱਚ ਆਪਣੀ ਸਰਦਾਰੀ ਦੀ ਭਾਵਨਾ ਅਤੇ ਨਫ਼ਰਤ ਹੈ...ਸਾਡੇ ਲੋਕਾਂ ਨੂੰ ਖਾਸ ਪਛਾਣ ਵਿੱਚ ਦੇਖਣ ਦੀ ਆਦਤ ਬਾਰੇ ਸੋਚਣਾ ਹੋਵੇਗਾ।''
ਬੁੱਧ ਗਿਆ ਕਹਿੰਦੇ ਹਨ ਕਿ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਪੋਸਟ ਵਿੱਚ ਥੈਰੋਈਜ਼ਮ ਦੇ ਲੋਕਾਂ ਨੂੰ ਸਵਾਲ ਕੀਤਾ ਸੀ ਕਿ ਜੇ ਮੈਂ ਫਾਰੁਕ ਦੀ ਥਾਂ ਹੁੰਦਾ ਤਾਂ ਕੀ ਉਹ ਮੇਰੇ ਨਾਲ ਵੀ ਉਹੀ ਕਰਦੇ ਜੋ ਉਨ੍ਹਾਂ ਨੇ ਮੇਰੇ ਦੋਸਤ ਨਾਲ ਕੀਤਾ?
ਇਹ ਵੀ ਪੜ੍ਹੋ:
ਤੁਹਾਨੂੰ ਇਹ ਵੀਡੀਓ ਪਸੰਦਾ ਆ ਸਕਦਾ ਹੈ
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












