ਭਾਰਤ 'ਚ ਫੇਕ ਨਿਊਜ਼ ਪ੍ਰਚਾਰ ਕਿਵੇਂ ਬਣ ਰਿਹੈ

"ਫੇਕ ਨਿਊਜ਼ ਅੱਜ ਨਹੀਂ ਸ਼ੁਰੂ ਹੋਈ, ਇਹ ਪਹਿਲਾਂ ਵੀ ਸੀ ਪਰ ਹੁਣ ਇਹ ਇੱਕ ਪ੍ਰੋਪੇਗੈਂਡਾ ਦੀ ਤਰ੍ਹਾਂ ਹੋ ਰਿਹਾ ਹੈ, ਇਹ ਪੂਰੀ ਕੜੀ ਹੈ।" ਇਹ ਕਹਿਣਾ ਹੈ ਪੱਤਰਕਾਰ ਹਰਤੋਸ਼ ਬਲ ਦਾ। ਬੀਬੀਸੀ ਪੰਜਾਬੀ ਦੇ ਅੰਮ੍ਰਿਤਸਰ ਵਿੱਚ ਕੀਤੇ ਗਏ ਬਿਓਂਡ ਫੇਕ ਨਿਊਜ਼ ਪ੍ਰੋਗਰਾਮ ਦੌਰਾਨ ਹਰਤੋਸ਼ ਬੱਲ ਨੇ ਦੱਸਿਆ ਕਿ ਕਿਸ ਤਰ੍ਹਾਂ ਸਾਡੇ ਵਾਤਾਵਰਨ ਵਿੱਚ ਫੇਕ ਨਿਊਜ਼ ਫੈਲਾਈ ਜਾ ਰਹੀ ਹੈ ਅਤੇ ਇਸ ਲਈ ਜ਼ਿੰਮੇਵਾਰ ਕੌਣ ਹਨ।

ਉਦਾਹਰਨ ਦਿੰਦਿਆ ਹਰਤੋਸ਼ ਬਲ ਕਹਿੰਦੇ ਹਨ, "ਹਾਦਸਾ ਅੰਮ੍ਰਿਤਸਰ ਵਿੱਚ ਹੁੰਦਾ ਹੈ ਤਾਂ ਸੋਸ਼ਲ ਮੀਡੀਆ ਉੱਤੇ ਖਬਰ ਫੈਲਦੀ ਹੈ ਕਿ ਡਰਾਈਵਰ ਮੁਸਲਮਾਨ ਸੀ। ਇਸ ਤਰ੍ਹਾਂ ਫੇਕ ਨਿਊਜ਼ ਸ਼ੁਰੂ ਹੋਈ।"

ਇਹ ਵੀ ਪੜ੍ਹੋ:

"ਇਸੇ ਤਰ੍ਹਾਂ ਰਾਫੇਲ ਡੀਲ ਬਾਰੇ ਸੋਸ਼ਲ ਮੀਡੀਆ ਉੱਤੇ ਕਿਹਾ ਜਾ ਰਿਹਾ ਕਿ 2012 ਵਿੱਚ ਵੀ ਅੰਬਾਨੀ ਨੂੰ ਇਹ ਡੀਲ ਮਿਲੀ ਸੀ।

ਪਰ ਕੋਈ ਵੀ ਇਹ ਨਹੀਂ ਦੱਸਦਾ ਕਿ ਇਹ ਡੀਲ ਮੁਕੇਸ਼ ਅੰਬਾਨੀ ਨੂੰ ਮਿਲੀ ਸੀ ਪਰ ਉਹ ਸਾਲ ਬਾਅਦ ਤੋੜ ਦਿੱਤੀ ਗਈ ਸੀ ਅਤੇ ਵਾਪਸ ਹਿੰਦੁਸਤਾਨ ਐਰੋਨੋਟਿਕਸ ਨੂੰ ਦੇ ਦਿੱਤੀ ਗਈ ਸੀ।

ਪ੍ਰਧਾਨ ਮੰਤਰੀ ਮੋਦੀ ਦੇ ਆਉਣ ਤੋਂ ਅਨਿਲ ਅੰਬਾਨੀ ਨੂੰ ਇਹ ਡੀਲ ਦੇ ਦਿੱਤੀ ਗਈ। ਇਹ ਗਲਤ ਜਾਣਕਾਰੀ ਹੈ ਜੋ ਕਿ ਅੰਬਾਨੀ ਦੇ ਨਾਮ ਨਾਲ ਦਿੱਤੀ ਜਾ ਰਹੀ ਹੈ।"

ਫੇਕ ਨਿਊਜ਼ ਰਾਹੀਂ ਪ੍ਰਾਪੇਗੰਡਾ ਕਿਵੇਂ ਫੈਲਾਇਆ ਜਾ ਰਿਹਾ ਹੈ?

ਪ੍ਰਾਪੇਗੰਡਾ ਕੀ ਹੁੰਦਾ ਹੈ, ਉਹ ਵੀ ਹਰਤੋਸ਼ ਬਲ ਨੇ ਸਮਝਾਇਆ। ਉਨ੍ਹਾਂ ਕਿਹਾ, "ਜਦੋਂ ਇਹ ਕਿਹਾ ਜਾਂਦਾ ਹੈ ਕਿ ਸਵੱਛ ਭਾਰਤ ਬੜੀ ਕਾਮਯਾਬ ਮੁਹਿੰਮ ਹੈ ਜਾਂ ਗੁੜਗਾਂਵ ਡੈਫੇਕੇਸ਼ਨ ਫਰੀ ਹੈ।"

ਹਰਤੋਸ਼ ਬਲ ਦਾ ਦਾਅਵਾ ਹੈ ਕਿ ਇਹ ਸਭ ਕੁਝ ਸਰਕਾਰ ਦੇ ਨਾਲ ਜੁੜੀਆਂ ਗੱਲਾਂ ਹਨ। ਫੇਕ ਨਿਊਜ਼ ਪਹਿਲਾਂ ਵੀ ਸੀ ਪਰ ਸਾਲ 2014 ਤੋਂ ਬਾਅਦ ਇਸ ਦਾ ਦਾਇਰਾ ਵੱਧ ਗਿਆ ਹੈ।

ਉਨ੍ਹਾਂ ਕਿਹਾ, "ਸਾਡੇ ਈਕੋਸਿਸਟਮ ਵਿੱਚ ਜਿਸ ਤਰ੍ਹਾਂ ਫੇਕ ਨਿਊਜ਼ ਫੈਲ ਰਹੀ ਹੈ ਉਹ ਹਾਕਮ ਧਿਰ ਨਾਲ ਜੁੜੀ ਹੋਈ ਹੈ।

ਸੋਸ਼ਲ ਮੀਡੀਆ ਉੱਤੇ ਇਹ ਵੀ ਦਾਅਵਾ ਕੀਤਾ ਗਿਆ ਕਿ ਅਸੀਂ ਦੇਸਭਗਤ ਹਾਂ, ਦੇਸ ਦੀ ਗੱਲ ਕਰਦੇ ਹਾਂ, ਬਾਕੀ ਲੋਕ ਦੇਸ ਦੇ ਖਿਲਾਫ਼ ਗੱਲ ਕਰਦੇ ਹਨ। ਪਰ ਕੋਈ ਇਹ ਨਹੀਂ ਜਾਂਚ ਕਰਦਾ ਕਿ ਇਹ ਸੱਚ ਹੈ ਜਾਂ ਨਹੀਂ।"

ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਿਤਾ ਉੱਤੇ ਵੀ ਸਵਾਲ ਚੁੱਕੇ। ਹਰਤੋਸ਼ ਬਲ ਨੇ ਕਿਹਾ ਕਿ ਪੱਤਰਕਾਰਿਤਾ ਵਿੱਚ ਸੰਪਾਦਕੀ ਵਿੱਚ ਅੱਜ-ਕੱਲ੍ਹ ਤੱਥਾਂ ਦੀ ਘਾਟ ਹੋ ਰਹੀ ਹੈ। ਪੱਤਰਕਾਰਿਤਾ ਵਿੱਚ ਰਿਪੋਰਟ ਤੇ ਤੱਥ ਘੱਟਦੇ ਜਾ ਰਹੇ ਹਨ। ਆਮ ਆਦਮੀ ਤਾਂ ਤੱਥ ਦੇਖਦਾ ਹੀ ਨਹੀਂ ਹੈ।

ਉਨ੍ਹਾਂ ਤੋਂ ਜਦੋਂ ਸਵਾਲ ਕੀਤਾ ਗਿਆ ਕਿ ਕੀ ਸਿਰਫ਼ ਸੱਤਾਧਿਰ ਹੀ ਫੇਕ ਨਿਊਜ਼ ਲਈ ਜ਼ਿੰਮੇਵਾਰ ਹੈ ਤਾਂ ਉਨ੍ਹਾਂ ਨੇ ਕਿਹਾ ਕਿ "ਸੱਤਾ ਵਿੱਚ ਭਾਜਪਾ ਹੈ, ਇਸ ਲਈ ਸਵਾਲ ਉਨ੍ਹਾਂ ਤੋਂ ਬਣਦਾ ਹੈ। ਬਰਾਬਰੀ ਦਾ ਮੁਕਾਬਲਾ ਨਹੀਂ ਹੈ। ਜਿਸ ਨੇ ਅੱਗ ਲਾਈ ਹੈ ਅਤੇ ਜਿਸ ਨੇ ਅੱਗ ਬੁਝਾਈ ਹੈ ਉਸ ਨੂੰ ਇੱਕੋ ਨਜ਼ਰ ਨਾਲ ਨਹੀਂ ਦੇਖਿਆ ਜਾ ਰਿਹਾ ਹੈ।"

ਫੇਕ ਨਿਊਜ਼ ਦੀ ਪਰਿਭਾਸ਼ਾ ਉੱਤੇ ਵੀ ਸਵਾਲ ਕੀਤੇ ਜਾਂਦੇ ਰਹੇ ਹਨ। ਜੇ ਖਬਰ ਗਲਤ ਹੈ, ਕੋਈ ਘਟਨਾ ਵਾਪਰੀ ਹੀ ਨਹੀਂ ਹੈ ਤਾਂ ਇਹ ਫੇਕ ਹੈ। ਸੋਸ਼ਲ ਮੀਡੀਆ ਉੱਤੇ ਖ਼ਬਰਾਂ ਦੀ ਸ਼ਕਲ ਵਿਚ ਗ਼ਲਤ ਤੇ ਗੁਮਰਾਹਕੁਨ ਜਾਣਕਾਰੀ ਦੇ ਪਸਾਰ ਖ਼ਿਲਾਫ਼ ਬੀਬੀਸੀ ਦੀ 'ਬਿਓਂਡ ਫ਼ੇਕ ਨਿਊਜ਼' ਮੁਹਿੰਮ ਸ਼ੁਰੂ ਕੀਤੀ ਹੈ।

'ਬਿਓਂਡ ਫ਼ੇਕ ਨਿਊਜ਼' ਪ੍ਰੋਜੈਕਟ ਤਹਿਤ ਭਾਰਤ ਦੇ ਸੱਤ ਸ਼ਹਿਰਾਂ ਵਿੱਚ 12 ਨਵੰਬਰ ਨੂੰ ਪ੍ਰੋਗਰਾਮ ਹੋਏ। ਬੀਬੀਸੀ ਪੰਜਾਬੀ ਸਰਵਿਸ ਦਾ ਪ੍ਰੋਗਰਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿਚ ਹੋਇਆ।

ਸਾਈਬਰ ਸੈਕਿਊਰਿਟੀ ਮਾਹਿਰ ਦਾ ਕੀ ਕਹਿਣਾ ਹੈ?

ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਾਈਬਰ ਸਕਿਉਰਿਟੀ ਰਿਸਰਚ ਸੈਂਟਰ ਦੀ ਮੁਖੀ ਡਾ. ਦਿਵਿਆ ਬਾਂਸਲ ਦਾ ਕਹਿਣਾ ਹੈ, "ਸਾਡੇ ਭਾਰਤ ਵਿੱਚ 1.5 ਬਿਲੀਅਨ ਤੋਂ ਜ਼ਿਆਦਾ ਵਟੱਸਐਪ ਯੂਜ਼ਰ ਹਨ, ਫੇਸਬੁੱਕ ਯੂਜ਼ਰ 294 ਮਿਲੀਅਨ ਤੋਂ ਜ਼ਿਆਦਾ ਹਨ, ਅਤੇ ਇੰਸਟਾਗਰਾਮ ਤੇ 71 ਮਿਲੀਅਨ ਤੋਂ ਵੱਧ ਯੂਜ਼ਰ ਹਨ।

ਸਾਡੀ ਪੀੜ੍ਹੀ ਨੂੰ ਗੱਲ ਕਰਨ ਲਈ ਫੋਨ ਦੀ ਲੋੜ ਨਹੀਂ, ਅਸੀਂ ਸਿੱਧਾ ਚੈਟ ਕਰਦੇ ਹਾਂ। ਅਸੀਂ ਅਖਬਾਰਾਂ ਵੀ ਨਹੀਂ ਚੁੱਕਦੇ, ਅਸੀਂ ਖ਼ਬਰ ਵੈੱਬਸਾਈਟਾਂ ਦੇ ਅਰਲਟ ਲਾਏ ਹੋਏ ਹਨ, ਡਿਜੀਟਲ ਖ਼ਬਰਾਂ ਪੜ੍ਹਦੇ ਹਾਂ। ਅਜਿਹੇ ਡਿਜੀਟਲ ਦੌਰ ਵਿੱਚ ਹਿੰਸਾ, ਧਰਮ, ਜਾਤੀ ਆਧਾਰਿਤ ਮੈਸੇਜ ਵੀ ਫੈਲ ਰਹੇ ਹਨ।"

ਇਹ ਵੀ ਪੜ੍ਹੋ:

ਉਨ੍ਹਾਂ ਅੱਗੇ ਕਿਹਾ, "ਸੋਸ਼ਲ ਮੀਡੀਆ ਉੱਤੇ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਕਿ ਇਹ ਬੱਚਾ ਅਗਵਾ ਹੋ ਗਿਆ ਹੈ, ਇਸ ਦੀ ਰਿਪੋਰਟ ਕਰੋ।

ਇਸੇ ਤਰ੍ਹਾਂ 8 ਨਵੰਬਰ, 2016 ਨੂੰ ਜਦੋਂ ਨੋਟਬੰਦੀ ਦੀ ਖਬਰ ਆਈ ਤਾਂ ਇਹ ਵੀ ਖਬਰ ਫੈਲੀ ਕਿ 200 ਦੇ ਨੋਟ ਵਿੱਚ ਚਿਪ ਲੱਗੀ ਹੈ।

ਜਿਸ ਰਾਹੀਂ ਨਜ਼ਰ ਰੱਖੀ ਜਾਵੇਗੀ, ਜਿਸ ਦੇ ਧਰਤੀ ਹੇਠ 200 ਮੀਟਰ ਤੱਕ ਸਿਗਨਲ ਜਾ ਸਕਣਗੇ, ਨੋਟ ਕਿਸ ਕੋਲ ਹੈ ਟਰੈਕ ਹੋਵੇਗਾ।

ਇਹ ਸਿਰਫ਼ ਸੋਸ਼ਲ ਮੀਡੀਆ ਉੱਤੇ ਹੀ ਨਹੀਂ, ਕਈ ਟੀਵੀ ਚੈਨਲਾਂ ਨੇ ਵੀ ਇਹ ਖਬਰ ਚਲਾਈ। ਪਰ ਕੀ ਇਹ ਭਰੋਸਾ ਕਰਨ ਵਾਲੀ ਹੈ, ਇਸ ਬਾਰੇ ਕਿਸੇ ਨੇ ਵੀ ਨਹੀਂ ਸੋਚਿਆ।"

"ਅੰਮ੍ਰਿਤਸਰ ਟਰੇਨ ਐਕਸੀਡੈਂਟ ਸਬੰਧੀ ਵੀ ਫੇਕ ਨਿਊਜ਼ ਫੈਲੀ ਕਿ ਡਰਾਈਵਰ ਨੇ ਸੁਸਾਈਡ ਕਰ ਲਿਆ ਹੈ।"

ਫੇਕ ਨਿਊਜ਼ ਫੈਲਣ ਦੇ ਕਾਰਨ

ਅਜਿਹੀਆਂ ਫੇਕ ਖਬਰਾਂ ਫੈਲਣ ਦੇ ਕਾਰਨ ਵੀ ਡਾ. ਬਾਂਸਲ ਨੇ ਸਾਂਝੇ ਕੀਤੇ। ਉਨ੍ਹਾਂ ਕਿਹਾ, "ਡਿਜੀਟਲ ਪਲੇਟਫਾਰਮ ਕਾਰਨ ਇਹ ਜ਼ਿਆਦਾ ਫੈਲ ਰਹੀਆਂ ਹਨ। ਪਹਿਲਾਂ ਕੋਈ ਵੀ ਖ਼ਬਰ ਐਡੀਟਰ ਦੀ ਇਜਾਜ਼ਤ ਬਿਨਾਂ ਪਬਲਿਸ਼ ਨਹੀਂ ਹੁੰਦੀ ਸੀ। ਅੱਜ-ਕੱਲ੍ਹ ਕੋਈ ਵੀ ਖਬਰ ਪਬਲਿਸ਼ ਕਰ ਸਕਦਾ ਹੈ।"

ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਿਰਫ਼ ਭਾਜਪਾ ਨੂੰ ਹੀ ਨਿਸ਼ਾਨਾ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ, "ਹਰ ਪਾਰਟੀ ਦਾ ਆਈਟੀ ਸੈੱਲ ਹੈ, ਸੋਸ਼ਲ ਮੀਡੀਆ ਸੈੱਲ ਹੈ। ਮੈਨੂੰ ਲੱਗਦਾ ਹੈ ਕਿ ਸਾਨੂੰ ਸਰਕਾਰ ਤੋਂ ਸਵਾਲ ਚੁੱਕਣੇ ਚਾਹੀਦੇ ਹਨ ਪਰ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਸਿੱਖਿਅਤ ਕਰ ਦਿੱਤਾ ਗਿਆ ਹੈ ਕਿ ਰਿਅਲ ਨਿਊਜ਼ ਆਵੇ ਉਸ ਦੀ ਵੀ ਜਾਂਚ ਕਰੋ ਅਤੇ ਫੇਕ ਨੂੰ ਇੰਨਾ ਅਸਲੀ ਬਣਾ ਦਿੱਤਾ ਗਿਆ ਹੈ ਕਿ ਅਸੀਂ ਜਾਂਚ ਬਾਰੇ ਸੋਚਦੇ ਹੀ ਨਹੀਂ।"

ਉਨ੍ਹਾਂ ਨੇ ਇਸ ਲਈ ਗੂਗਲ, ਵਟਸਐਪ, ਫੇਕਬੁੱਕ ਨੂੰ ਵੀ ਜ਼ਿੰਮੇਵਾਰ ਦੱਸਿਆ ਤੇ ਕਿਹਾ ਕਿ ਉਨ੍ਹਾਂ ਨੇ ਸਾਡੇ ਦਿਮਾਗ ਨੂੰ ਇਸ ਤਰ੍ਹਾਂ ਬਣਾ ਦਿੱਤਾ ਹੈ ਕਿ ਆਮ ਆਦਮੀ ਲਈ ਫੇਕ ਨਿਊਜ਼ ਨੂੰ ਸਮਝਣਾ ਔਖਾ ਹੈ। ਫੇਸਬੁੱਕ ਦਾ 'ਨਿਊਜ਼ ਐਲਗੋਰਿਧਮ' ਲੋਕਾਂ ਨੂੰ ਰੁੱਝੇ ਹੋਏ ਰੱਖਣਾ ਹੈ।

ਇਹ ਵੀ ਪੜ੍ਹੋ:

ਡਾ. ਬਾਂਸਲ ਨੇ ਜੰਮੂ-ਕਸ਼ਮੀਰ ਵਿੱਚ ਹੁੰਦੇ ਪਥਰਾਅ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ, "ਨੌਜਵਾਨਾਂ ਨੂੰ ਭੜਕਾਉਣ ਦਾ ਕੰਮ ਵੀ ਸੋਸ਼ਲ ਮੀਡੀਆ ਉੱਤੇ ਖੁਲ੍ਹੇ ਤੌਰ ਉੱਤੇ ਕੀਤਾ ਜਾ ਰਿਹਾ ਹੈ।

ਪਹਿਲਾਂ ਨਕਾਬ ਪਾ ਕੇ ਨੌਜਵਾਨਾਂ ਦੇ ਵੀਡੀਓ ਹੁੰਦੇ ਸੀ ਪਰ ਹੁਣ ਉਹ ਪੋਸਟਰ ਬੁਆਏ ਬਣ ਗਏ ਹਨ। ਉਹ ਹੁਣ ਡਰਦੇ ਨਹੀਂ ਕਿਉਂਕਿ ਸੋਸ਼ਲ ਮੀਡੀਆ ਉੱਤੇ ਕਿਸੇ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ।"

ਹਾਲਾਂਕਿ ਇਸ ਦੌਰਾਨ ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੱਤਰਕਾਰਾਂ ਦੇ ਨਾਲ-ਨਾਲ ਆਮ ਆਦਮੀ ਨੂੰ ਵੀ ਕੋਈ ਮੈਸੇਜ ਫਾਰਵਰਡ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)