ਪੰਜਾਬ ਦੇ ਲਿਸ਼ਕਦੇ ਯਤੀਮਖਾਨਿਆਂ ਦਾ ਇੱਕ ਕਾਲਾ ਪੱਖ ਵੀ ਹੈ

ਸਤਨਾਮ ਕੌਰ ਜਲੰਧਰ ਵਿੱਚ ਯੂਨੀਕ ਹੋਮ ਚਲਾਉਂਦੀ ਹੈ

ਤਸਵੀਰ ਸਰੋਤ, MaNISHA BHALLA

ਤਸਵੀਰ ਕੈਪਸ਼ਨ, ਸਤਨਾਮ ਕੌਰ ਜਲੰਧਰ ਵਿੱਚ ਯੂਨੀਕ ਹੋਮ ਚਲਾਉਂਦੀ ਹੈ
    • ਲੇਖਕ, ਮਨੀਸ਼ਾ ਭੱਲਾ
    • ਰੋਲ, ਬੀਬੀਸੀ ਪੰਜਾਬੀ ਲਈ

60 ਸਾਲਾ ਬੀਬੀ ਪ੍ਰਕਾਸ਼ ਕੌਰ ਮੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦਿੰਦੀ ਹੈ।

'ਯੂਨੀਕ ਹੋਮਜ਼ ਫਾਰ ਗਰਲਜ਼' ਦੀ ਆਲੀਸ਼ਾਨ ਇਮਾਰਤ ਸਾਹਮਣੇ ਘਾਹ ਦੇ ਮੈਦਾਨ 'ਤੇ ਨੰਗੇ ਪੈਰਾਂ ਨਾਲ ਟਹਿਲਦੇ ਹੋਏ ਲੱਕ 'ਤੇ ਹੱਥ ਰੱਖ ਕੇ ਕਹਿੰਦੀ ਹੈ, "ਮੈਨੂੰ ਛੇੜ ਨਾ, ਮੈਂ ਬਹੁਤ ਪੱਕ ਚੁੱਕੀ ਹਾਂ, ਪਹਿਲਾਂ ਮੈਨੂੰ ਦੱਸ ਕਿ ਮੁਜ਼ੱਫਰਪੁਰ ਵਾਲੇ ਆਦਮੀ ਨੂੰ ਸਜ਼ਾ ਹੋਵੇਗੀ ਜਾਂ ਨਹੀਂ?''

ਫਿਰ ਕਹਿੰਦੀ ਹੈ, "ਮਨ ਕਰਦਾ ਹੈ ਕਿ ਕਿਤੇ ਦੂਰ ਚਲੀ ਜਾਵਾਂ ਤੇ ਵਾਹਿਗੁਰੂ ਦਾ ਨਾਮ ਜਪਾਂ।''

ਇਹ ਵੀ ਪੜ੍ਹੋ:

26 ਸਾਲ ਤੋਂ ਪ੍ਰਕਾਸ਼ ਕੌਰ ਪੰਜਾਬ ਦੇ ਜਲੰਧਰ ਵਿੱਚ ਇਸ ਯੂਨੀਕ ਹੋਮ ਜ਼ਰੀਏ ਅਨਾਥ ਅਤੇ ਛੱਡੀਆਂ ਗਈਆਂ ਬੱਚੀਆਂ ਨੂੰ ਘਰ ਅਤੇ ਮਾਂ ਦਾ ਪਿਆਰ ਦੇ ਰਹੇ ਹਨ। ਪ੍ਰਕਾਸ਼ ਕੌਰ ਦੀ ਆਪਣੀ ਜ਼ਿੰਦਗੀ ਵੀ ਯਤੀਮਖਾਨੇ ਵਿੱਚ ਬੀਤੀ ਹੈ।

ਅੱਗੇ ਗੱਲਬਾਤ ਲਈ ਉਹ ਇਸ ਸ਼ਰਤ 'ਤੇ ਰਾਜ਼ੀ ਹੁੰਦੇ ਹਨ ਕਿ ਨਾ ਇਨ੍ਹਾਂ ਨੂੰ ਯਤੀਮ ਕਹਿਣਾ ਤੇ ਨਾ ਹੀ ਇਹ ਯਤੀਮਖਾਨਾ ਹੈ, ਇਹ ਘਰ ਹੈ ਮੇਰੀਆਂ ਧੀਆਂ ਦਾ।

ਬੇਰੁਖੀ ਦੇ ਪ੍ਰਤੀਕ ਯਤੀਮਖਾਨੇ

ਪੰਜਾਬ ਵਿੱਚ ਯਤੀਮਖਾਨੇ ਇੱਥੋਂ ਦੇ ਸਮਾਜ ਵਿੱਚ ਦਹਾਕਿਆਂ ਤੋਂ ਧੀਆਂ ਦੀ ਇੱਛਾ ਨਾ ਹੋਣ ਦੇ ਗਵਾਹ ਰਹੇ ਹਨ। ਜਲੰਧਰ ਦੇ ਯੂਨੀਕ ਹੋਮ ਫਾਰ ਗਰਲਜ਼ ਵਿੱਚ 60 ਕੁੜੀਆਂ ਹਨ।

ਬੀਬੀ ਪ੍ਰਕਾਸ਼ ਕੌਰ ਆਪਣੇ ਪਰਸ ਵਿੱਚੋਂ ਇੱਕ ਤਸਵੀਰ ਕੱਢ ਕੇ ਮੇਰੇ ਸਾਹਮਣੇ ਰੱਖਦੀ ਹੈ ਅਤੇ ਕਹਿੰਦੀ ਹੈ, "ਇਹ ਮੇਰੀ ਰੂਬਾ (ਬਦਲਿਆ ਨਾਂ) ਹੈ। ਇਹ ਦੇਖ, ਇਹ ਅਨਾਥ ਹੈ? ਕੱਪੜੇ ਦੇਖ ਇਸ ਦੇ।''

ਰੂਬਾ ਲੰਡਨ ਵਿੱਚ ਪੜ੍ਹਾਈ ਕਰ ਰਹੀ ਹੈ। ਫਿਰ ਉਹ ਮੇਰੇ ਸਾਹਮਣੇ ਤਸਵੀਰਾਂ ਦਾ ਢੇਰ ਲਗਾ ਦਿੰਦੀ ਹੈ ਅਤੇ ਕਹਿੰਦੀ ਹੈ, "ਮੈਂ ਤਾਂ ਆਪਣੇ ਬੱਚਿਆਂ ਦੀ ਸ਼ੌਪਿੰਗ ਵੀ ਕਦੇ ਭਾਰਤ ਤੋਂ ਨਹੀਂ ਕੀਤੀ।''

ਪੰਜਾਬ ਵਿੱਚ ਕਈ ਬੱਚਿਆਂ ਨੂੰ ਲਵਾਰਿਸ ਛੱਡ ਦਿੱਤਾ ਜਾਂਦਾ ਹੈ

ਤਸਵੀਰ ਸਰੋਤ, MaNISHA BHALLA

ਤਸਵੀਰ ਕੈਪਸ਼ਨ, ਪੰਜਾਬ ਵਿੱਚ ਕਈ ਬੱਚਿਆਂ ਨੂੰ ਲਵਾਰਿਸ ਛੱਡ ਦਿੱਤਾ ਜਾਂਦਾ ਹੈ

ਗੱਲਬਾਤ ਦੌਰਾਨ ਦੋ ਔਰਤਾਂ ਆਉਂਦੀਆਂ ਹਨ। ਪ੍ਰਕਾਸ਼ ਕੌਰ ਉਨ੍ਹਾਂ ਨੂੰ ਆਲੂ-ਪਿਆਜ਼ ਛਿੱਲਣ ਦਾ ਹੁਕਮ ਦਿੰਦੇ ਹਨ। ਮੈਂ ਪੁੱਛਿਆ ਕਿ ਅੱਜ ਆਲੂ-ਪਿਆਜ਼ ਦੀ ਸਬਜ਼ੀ ਬਣੇਗੀ? ਕਹਿਣ ਲੱਗੀ ਨਹੀਂ ਮੀਂਹ ਦਾ ਮੌਸਮ ਹੈ ਤਾਂ ਬੱਚੀਆਂ ਦਾ ਪਕੌੜੇ ਖਾਣ ਨੂੰ ਦਿਲ ਕਰ ਰਿਹਾ ਹੈ।

ਨਹੀਂ ਬਦਲੀ ਮਾਨਸਿਕਤਾ

ਯੂਨੀਕ ਹੋਮ ਸਣੇ ਪੰਜਾਬ ਦੇ ਤਮਾਮ ਯਤੀਮਖਾਨਿਆਂ ਦੀ ਇਹ ਇਕਤਰਫਾ ਤਸਵੀਰ ਹੈ। ਪੰਜਾਬ ਦੇ ਮੁੱਖ ਸ਼ਹਿਰਾਂ ਦੇ ਯਤੀਮਖਾਨਿਆਂ ਦਾ ਦੌਰਾ ਕਰਨ 'ਤੇ ਦੇਖਿਆ ਕਿ ਸ਼ਾਨਦਾਰ ਇਮਾਰਤਾਂ, ਬੱਚਿਆਂ ਲਈ ਚੰਗਾ ਖਾਣਾ, ਰਹਿਣ ਲਈ ਚੰਗਾ ਪ੍ਰਬੰਧ, ਕਰੀਅਰ ਕੌਂਸਲਰ ਦਾ ਆਉਣਾ, ਪੀਟੀਐੱਮ ਵਿੱਚ ਜਾਣਾ, ਸਮੇਂ ਸਿਰ ਹੈਲਥ ਚੈੱਕਅਪ ਹੋਣਾ ਅਤੇ ਉਨ੍ਹਾਂ ਦੀ ਪੜ੍ਹਾਈ-ਲਿਖਾਈ ਵੀ ਠੀਕ-ਠਾਕ ਹੈ।

ਕਈ ਵਾਰ ਫੰਡਿੰਗ ਦੇ ਖਰਚ ਵਿੱਚ ਗੜਬੜੀ ਨੂੰ ਲੈ ਕੇ ਕਈ ਯਤੀਮਖਾਨੇ ਚਰਚਾ ਵਿੱਚ ਆਉਂਦੇ ਰਹੇ ਹਨ ਪਰ ਇਹ ਚਮਕਦੀ ਤਸਵੀਰ ਇੱਕਤਰਫ਼ਾ ਹੈ।

ਇਸ ਤਸਵੀਰ ਦਾ ਦੂਜਾ ਪਾਸਾ ਕਾਲਾ ਵੀ ਹੈ। ਉਹ ਇਹ ਹੈ ਕਿ ਪੰਜਾਬ ਵਿੱਚ ਪੈਦਾ ਹੋਣ ਤੋਂ ਬਾਅਦ ਸੁੰਨਸਾਨ ਥਾਂਵਾਂ 'ਤੇ, ਝਾੜੀਆਂ ਵਿੱਚ, ਕੂੜੇਦਾਨਾਂ ਵਿੱਚ ਰੋਜ਼ ਨਵਜੰਮੀ ਕੁੜੀਆਂ ਨੂੰ ਸੁੱਟਣ ਦੀਆਂ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ।

ਇਹ ਕੁੜੀਆਂ ਪੁਲਿਸ ਜਾਂ ਹੈਲਪਪਾਈਨ ਵੱਲੋਂ ਯਤੀਮਖਾਨਿਆਂ ਵਿੱਚ ਭੇਜੀਆਂ ਜਾਂਦੀਆਂ ਹਨ ਤਾਂ ਕੁਝ ਲੋਕ ਸਿੱਧੇ ਇਨ੍ਹਾਂ ਦੇ ਬਾਹਰ ਲੱਗੇ ਪੰਘੂੜਿਆਂ ਵਿੱਚ ਧੀਆਂ ਨੂੰ ਸੁਲਾ ਜਾਂਦੇ ਹਨ।

ਪੰਜਾਬ ਵਿੱਚ ਯਤੀਮਖਾਣਿਆਂ ਵਿੱਚ ਬੱਚਿਆਂ ਨੂੰ ਕਾਫੀ ਸਹੂਲਤਾਂ ਮਿਲਦੀਆਂ ਹਨ

ਤਸਵੀਰ ਸਰੋਤ, MaNISHA BHALLA

ਤਸਵੀਰ ਕੈਪਸ਼ਨ, ਪੰਜਾਬ ਵਿੱਚ ਯਤੀਮਖਾਣਿਆਂ ਵਿੱਚ ਬੱਚਿਆਂ ਨੂੰ ਕਾਫੀ ਸਹੂਲਤਾਂ ਮਿਲਦੀਆਂ ਹਨ

ਪੰਜਾਬ ਵਿੱਚ ਸਾਲ 2001 ਵਿੱਚ ਸੀਐੱਸਆਰ ( ਚਾਈਲਡ ਸੈਕਸ ਰੇਸ਼ੋ) 798 ਸੀ ਜੋ ਸਾਲ 2011 ਵਿੱਚ ਵਧ ਕੇ 846 ਹੋ ਗਿਆ। ਅੰਕੜੇ ਬੇਸ਼ਕ ਬਦਲ ਗਏ ਹਨ ਪਰ ਧੀਆਂ ਨੂੰ ਸੁੱਟਣ ਦੀ ਮਾਨਸਿਕਤਾ ਵਿੱਚ ਖਾਸਾ ਫ਼ਰਕ ਨਹੀਂ ਆਇਆ ਹੈ।

'ਉਨ੍ਹਾਂ ਨੂੰ ਨਹੀਂ ਚਾਹੀਦੇ ਬਿਮਾਰ ਬੇਟੇ'

ਲੁਧਿਆਣਾ ਦੇ ਤਲਵੰਡੀ ਖੁਰਦ ਪਿੰਡ ਵਿੱਚ ਸਵਾਮੀ ਗੰਗਾਨੰਦ ਜੀ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦਾ ਯਤੀਮਖ਼ਾਨਾ ਦੇਸ-ਵਿਦੇਸ਼ ਵਿੱਚ ਮਸ਼ਹੂਰ ਹੈ।

ਇੱਥੋਂ ਦੇ ਪੰਘੂੜੇ ਵਿੱਚ ਧੀਆਂ ਤਾਂ ਲੋਕ ਪਾ ਜਾਂਦੇ ਹਨ ਪਰ ਅਜਿਹੇ ਮੁੰਡੇ ਵੀ ਹੀ ਹਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਨਕਾਰ ਦਿੱਤਾ ਹੈ। ਇਸ ਨੂੰ ਚਲਾਉਣ ਵਾਲੇ ਸਰਦਾਰ ਕੁਲਦੀਪ ਸਿੰਘ ਅਤੇ ਬੀਬੀ ਜਸਬੀਰ ਕੌਰ 6 ਮਹੀਨਿਆਂ ਦੇ ਸੁਮੇਲ ਨੂੰ ਪਾਲਣੇ ਤੋਂ ਚੁੱਕ ਲੈਂਦੇ ਹਨ।

ਜਸਬੀਰ ਕੌਰ ਕਹਿੰਦੀ ਹੈ, "ਇਸ ਨੂੰ ਸੁੱਟ ਦਿੱਤਾ ਗਿਆ ਸੀ ਕਿਉਂਕਿ ਇਸ ਦੇ ਫੇਫੜਿਆਂ ਵਿੱਚ ਇਨਫੈਕਸ਼ਨ ਸੀ। ਇਲਾਜ ਵਿੱਚ ਪੰਜ ਲੱਖ ਰੁਪਏ ਖਰਚ ਹੋਏ ਇਸ ਲਈ ਅਸੀਂ ਸਾਰੇ ਇਸ ਨੂੰ ਪੰਜ ਲੱਖ ਦਾ ਹਾਰ ਕਹਿੰਦੇ ਹਾਂ।''

ਪੁਲਿਸ ਵੀ ਕਈ ਵਾਰ ਛਾਪਿਆਂ ਦੌਰਾਨ ਬੱਚਿਆਂ ਦੇ ਤਸਕਰਾਂ ਨੂੰ ਕਈ ਬੱਚਿਆਂ ਨੂੰ ਛੁਡਾਇਆ ਹੈ

ਤਸਵੀਰ ਸਰੋਤ, MaNISHA BHALLA

ਤਸਵੀਰ ਕੈਪਸ਼ਨ, ਪੁਲਿਸ ਵੀ ਕਈ ਵਾਰ ਛਾਪਿਆਂ ਦੌਰਾਨ ਬੱਚਿਆਂ ਦੇ ਤਸਕਰਾਂ ਨੂੰ ਕਈ ਬੱਚਿਆਂ ਨੂੰ ਛੁਡਾਇਆ ਹੈ

ਇੱਥੇ ਰਹਿਣ ਵਾਲੇ ਸੁਮੇਲ ਅਤੇ ਬਲਬੀਰ ਲਾਇਲਾਜ ਬਿਮਾਰੀ ਨਾਲ ਪੀੜਤ ਹਨ।

ਪਾਲਣ ਵਿੱਚ ਤਿੰਨ ਦਿਨ ਦੀ ਵੰਦਨਾ ਲੁਧਿਆਣਾ ਕੋਲ ਡਾਬਾ ਵਿੱਚ ਇੱਕ ਕੂੜੇਦਾਨ ਵਿੱਚੋਂ ਮਿਲੀ ਸੀ। ਉਸ ਦੀਆਂ ਅੱਖਾਂ ਨਹੀਂ ਸਨ। 7ਵੀਂ ਜਮਾਤ ਵਿੱਚ ਪੜ੍ਹਨ ਵਾਲੀ ਇੱਕ 12 ਸਾਲ ਦੀ ਕੁੜੀ ਨੇ ਇੱਕ ਧੀ ਨੂੰ ਜਨਮ ਦਿੱਤਾ ਤਾਂ ਉਸ ਦਾ ਪਰਿਵਾਰ ਬੱਚੀ ਨੂੰ ਇੱਥੇ ਹੀ ਛੱਡ ਗਿਆ।

ਕੁਝ ਕਰਨ ਦੀ ਚਾਹਤ

ਦੋ ਦਿਨਾਂ ਦੀ ਪ੍ਰਭਸੀਰਤ ਨੂੰ ਪਟਿਆਲਾ ਵਿੱਚ ਉਸ ਦੇ ਪਰਿਵਾਰ ਨੇ ਇੱਕ ਕੂੜੇਦਾਨ ਨੇੜੇ ਸੁੱਟ ਦਿੱਤਾ ਸੀ। ਉਸ ਦੀਆਂ ਵੀ ਅੱਖਾਂ ਨਹੀਂ ਸਨ।

ਅਰਮਾਨ ਦੇ ਪਾਲਣੇ ਦੇ ਨੇੜੇ ਖੜ੍ਹੇ ਹੋ ਜਾਓ ਤਾਂ ਤੁਸੀਂ ਉਸ ਨੂੰ ਗੋਦ ਵਿੱਚ ਲਏ ਬਿਨਾਂ ਨਹੀਂ ਰਹਿ ਸਕਦੇ ਕਿਉਂਕਿ ਉਹ ਕਿਸੇ ਨੂੰ ਦੇਖਦੇ ਹੀ ਪਾਲਣੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਦੀ ਹੈ।

ਗੋਦ ਵਿੱਚ ਆਉਂਦੇ ਹੀ ਉਸ ਦੀਆਂ ਬਾਵਾਂ ਖਿੜ ਜਾਂਦੀਆਂ ਹਨ। ਇਸ ਦੇ ਪਿਤਾ ਉਸ ਨੂੰ ਇੱਕ ਮੁਹੱਲੇ ਦੇ ਖਾਲੀ ਪਲਾਟ ਵਿੱਚ ਸੁੱਟ ਗਏ ਸਨ ਕਿਉਂਕਿ ਉਨ੍ਹਾਂ ਦੀਆਂ ਪਹਿਲਾਂ ਤੋਂ ਦੋ ਧੀਆਂ ਅਤੇ ਇੱਕ ਬੇਟਾ ਸੀ।

ਕਈ ਵਾਰ ਪੰਜਾਬ ਵਿੱਚ ਬੱਚਿਆਂ ਨੂੰ ਬਹੁਤ ਹੀ ਮਾੜੇ ਹਾਲਾਤ ਵਿੱਚ ਲਾਵਾਰਿਸ ਛੱਡ ਦਿੱਤਾ ਜਾਂਦਾ ਹੈ

ਤਸਵੀਰ ਸਰੋਤ, MaNISHA BHALLA

ਤਸਵੀਰ ਕੈਪਸ਼ਨ, ਕਈ ਵਾਰ ਪੰਜਾਬ ਵਿੱਚ ਬੱਚਿਆਂ ਨੂੰ ਬਹੁਤ ਹੀ ਮਾੜੇ ਹਾਲਾਤ ਵਿੱਚ ਲਾਵਾਰਿਸ ਛੱਡ ਦਿੱਤਾ ਜਾਂਦਾ ਹੈ

ਮਨਤੇਜ ਨਾਂ ਦੇ ਮੁੰਡੇ ਨੂੰ ਰੇਲਵੇ ਸਟੇਸ਼ਨ 'ਤੇ ਇੱਕ ਬੱਚਾ ਚੋਰੀ ਗੈਂਗ ਵੇਚ ਰਿਹਾ ਸੀ ਤਾਂ ਪੁਲਿਸ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਉਹ ਤਿੰਨ ਸਾਲ ਤੋਂ ਇੱਥੇ ਹੈ।

ਖੇਤਾਂ ਵਿੱਚ ਮੱਕੇ ਦੀ ਲਹਿਰਾਉਂਦੀ ਫਸਲ ਵਿਚਾਲੇ ਇਸ ਯਤੀਮਖਾਨੇ ਵਿੱਚ 47 ਬੱਚੇ ਹਨ। ਇੱਥੇ ਵੱਡੇ ਮੁੰਡਿਆਂ ਨੂੰ ਨਹੀਂ ਲਿਆ ਜਾਂਦਾ ਹੈ। ਇਨ੍ਹਾਂ ਵਿੱਚੋਂ ਤਿੰਨ ਮੁੰਡੇ ਅਤੇ ਬਾਕੀ ਕੁੜੀਆਂ ਹਨ।

ਵਧੇਰੇ ਬੱਚਿਆਂ ਦੀਆਂ ਅੱਖਾਂ ਵਿੱਚ ਸੁਫ਼ਨੇ ਅਤੇ ਊਰਜਾ ਨੂੰ ਵੇਖ ਕੇ ਲੱਗਦਾ ਹੈ ਕਿ ਕੁਝ ਕਰਨ ਲਈ ਜ਼ਰੂਰੀ ਨਹੀਂ ਕਿ ਚਾਂਦੀ ਦਾ ਚਮਚ ਮੂੰਹ ਵਿੱਚ ਲੈ ਕੇ ਪੈਦਾ ਹੋਇਆ ਜਾਵੇ।

ਹਰ ਬੱਚੇ ਦਾ ਹੈ ਇੱਕ ਸੁਫ਼ਨਾ

ਇਸ ਆਸ਼ਰਮ ਵਿੱਚ ਰਹਿ ਰਹੀ 12 ਸਾਲਾ ਜਯੋਤੀ ਪਾਬਲਾ ਨੇੜਲੇ ਸੇਂਟ ਕਬੀਰ ਸਕੂਲ ਵਿੱਚ ਛੇਵੀਂ ਜਮਾਤ ਵਿੱਚ ਪੜ੍ਹ ਰਹੀ ਹੈ। ਜਯੋਤੀ ਕੋਲ ਆਪਣੀ ਮਾਂ ਦੀਆਂ ਘੱਟ ਯਾਦਾਂ ਹਨ। ਉਸ ਦੀ ਮਾਂ ਨੇ ਉਸ ਨੂੰ ਗੋਦ ਲਿਆ ਸੀ। ਕੁਝ ਸਾਲ ਪਹਿਲਾਂ ਉਸ ਦੀ ਮਾਂ ਦੀ ਕੈਂਸਰ ਨਾਲ ਮੌਤ ਹੋ ਗਈ। ਉਹ ਤਿੰਨ ਸਾਲ ਤੋਂ ਇੱਥੇ ਹੈ।

ਜਯੋਤੀ ਕਹਿੰਦੀ ਹੈ, "ਮੰਮੀ ਦੀ ਯਾਦ ਕਦੇ-ਕਦੇ ਆਉਂਦੀ ਹੈ ਪਰ ਇੱਥੇ ਦੋਸਤਾਂ ਨਾਲ ਉਸ ਨੂੰ ਚੰਗਾ ਲੱਗਦਾ ਹੈ। ਜਯੋਤੀ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹੈ।''

ਇਹ ਵੀ ਪੜ੍ਹੋ:

ਉਹ ਦੱਸਦੀ ਹੈ, "ਮੇਰੇ ਸਾਹਮਣੇ ਜੱਜ ਆਂਟੀ ਨੇ ਮੇਰੀ ਮਾਂ ਨੂੰ ਬਹੁਤ ਰੁਲਾਇਆ, ਉਨ੍ਹਾਂ ਦੀ ਬੇਇੱਜ਼ਤੀ ਕੀਤੀ ਸੀ, ਘਰ ਆ ਕੇ ਮੰਮੀ ਬਹੁਤ ਰੋਂਦੀ ਸੀ, ਮੈਨੂੰ ਗੁੱਸਾ ਆਉਂਦਾ ਸੀ, ਮੈਂ ਉਸੇ ਵੇਲੇ ਸੋਚ ਲਿਆ ਕਿ ਮੈਂ ਜੱਜ ਬਣਾਂਗੀ।''

13 ਸਾਲਾ ਤਨੂਜਾ ਨੂੰ ਆਪਣੇ ਬਾਰੇ ਵਿੱਚ ਜਾਣਕਾਰੀ ਨਹੀਂ ਹੈ। ਉਹ ਨੌਂ ਸਾਲਾਂ ਤੋਂ ਇੱਥੇ ਹੈ। ਉਹ ਦੱਸਦੀ ਹੈ ਕਿ ਉਸ ਨੇ ਗਣਿਤ ਦੀ ਪੜ੍ਹਾਈ ਕਰਨੀ ਹੈ।

ਸ਼ੈਲਟਰ ਹੋਮ

ਤਸਵੀਰ ਸਰੋਤ, MaNISHA BHALLA

ਤਸਵੀਰ ਕੈਪਸ਼ਨ, ਖੇਤਾਂ ਵਿੱਚ ਮੱਕੇ ਦੀ ਲਹਿਰਾਉਂਦੀ ਫਸਲ ਵਿਚਾਲੇ ਇਸ ਯਤੀਮਖਾਨੇ ਵਿੱਚ 47 ਬੱਚੇ ਹਨ

ਮਨਪ੍ਰੀਤ ਕੌਰ ਬੀਏ ਦੀ ਪੜ੍ਹਾਈ ਕਰ ਰਹੀ ਹੈ। ਆਸ਼ਰਮ ਵਾਲਿਆਂ ਨੇ ਵੀ ਨਾਭਾ ਦੇ ਇੱਕ ਚੰਗੇ ਪਰਿਵਾਰ ਵਿੱਚ ਉਸ ਦਾ ਵਿਆਹ ਕੀਤਾ ਸੀ। ਹੁਣ ਉਹ ਗਰਭਵਤੀ ਹੈ।

ਹਾਮਲਾ ਹੋਣ ਕਾਰਨ ਆਸ਼ਰਮ ਵਾਲਿਆਂ ਨੇ ਉਸ ਦੇ ਸਹੁਰਿਆਂ ਨੂੰ ਕਿਹਾ ਕਿ ਉਹ ਬੀਏ ਕਰ ਰਹੀ ਹੈ ਤੇ ਆਸ਼ਰਮ ਤੋਂ ਉਸ ਦਾ ਕਾਲਜ ਨੇੜੇ ਹੈ ਇਸ ਲਈ ਡਿਲੀਵਰੀ ਤੱਕ ਉਹ ਆਸ਼ਰਮ ਵਿੱਚ ਹੀ ਰਹੇਗੀ।

ਮਨਪ੍ਰੀਤ ਦੇ ਪਤੀ ਇੱਕ ਕੰਪਨੀ ਵਿੱਚ ਕੰਮ ਕਰਦੇ ਹਨ। ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਦਾਦਾ-ਦਾਦੀ ਭਾਈ-ਭੈਣ ਨੂੰ ਇੱਥੇ ਛੱਡ ਕੇ ਚਲੇ ਗਏ ਸਨ ਪਰ ਬਾਅਦ ਵਿੱਚ ਉਹ ਇਸ ਦੇ ਭਰਾ ਨੂੰ ਇੱਥੋਂ ਲੈ ਗਏ ਪਰ ਮਨਪ੍ਰੀਤ ਨੂੰ ਛੱਡ ਗਏ।

ਸਾਲ 2003 ਵਿੱਚ ਇਹ ਆਸ਼ਰਮ ਸ਼ੁਰੂ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕੁੱਲ ਚਾਰ ਕੁੜੀਆਂ ਦਾ ਵਿਆਹ ਕੀਤਾ ਗਿਆ ਹੈ। ਜਸਬੀਰ ਕੌਰ ਅਤੇ ਕੁਲਦੀਪ ਸਿੰਘ ਅਨੁਸਾਰ, ਸਮਾਜ ਦੀ ਤੈਅ ਮਾਨਸਿਕਤਾ ਹੈ ਕਿ ਧੀਆਂ ਚਾਹੀਦੀਆਂ ਹੀ ਨਹੀਂ ਅਤੇ ਮੁੰਡਾ ਸਿਹਤਮੰਦ ਚਾਹੀਦਾ ਹੈ।

ਧੀਆਂ ਨਾ ਸੁੱਟੋ, ਸਾਨੂੰ ਦਿਓ

ਸਾਲ 1975 ਤੋਂ ਚੱਲ ਰਹੇ ਲੁਧਿਆਣਾ ਦੇ ਨਿਸ਼ਕਾਮ ਸੇਵਾ ਆਸ਼ਰਮ ਵਿੱਚ ਕੁੱਲ 36 ਬੱਚੇ ਹਨ। ਇਨ੍ਹਾਂ ਵਿੱਚ ਚਾਰ ਮੁੰਡੇ ਹਨ ਬਾਕੀ ਕੁੜੀਆਂ ਹਨ। ਸਾਰੇ ਬੱਚੇ ਸਕੂਲ ਜਾਂਦੇ ਹਨ।

ਇੱਥੋਂ ਦੀ ਇੰਚਾਰਜ ਸ਼ਰੂਤੀ ਬਾਂਸਲ ਦਾ ਕਹਿਣਾ ਹੈ ਕਿ ਇੱਥੋਂ ਦੀਆਂ ਕੁੜੀਆਂ 12ਵੀਂ ਦੀ ਪੜ੍ਹਾਈ ਤੋਂ ਬਾਅਦ ਫੈਸ਼ਨ ਡਿਜ਼ਾਇਨਿੰਗ ਅਤੇ ਇੰਜੀਨੀਅਰਿੰਗ ਵਰਗੇ ਕੋਰਸ ਕਰ ਰਹੀਆਂ ਹਨ।

ਸਾਲ 1947 ਵਿੱਚ ਜਲੰਧਰ ਦੇ ਮਾਤਾ ਪੁਸ਼ਪਾ ਗੁਜਰਾਲ ਨਾਰੀ ਨਿਕੇਤਨ ਟਰੱਸਟ ਵਿੱਚ ਰਹਿਣ ਵਾਲੀ 20 ਸਾਲਾ ਅੰਮ੍ਰਿਤ ਦਾ ਸੁਫ਼ਨਾ ਰਿਹਾ ਹੈ ਕਿ ਉਹ ਜਾਂ ਤਾਂ ਪੁਲਿਸ ਅਫ਼ਸਰ ਜਾਂ ਫੌਜੀ ਅਫ਼ਸਰ ਬਣੇ।

ਮਾਤਾ-ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਦਾਦਾ-ਦਾਦੀ ਉਸ ਨੂੰ ਇੱਥੇ ਛੱਡ ਗਏ ਸਨ। ਅੰਮ੍ਰਤ ਦੱਸਦੀ ਹੈ ਕਿ ਪੜ੍ਹਾਈ ਦੌਰਾਨ ਕਈ ਵਾਰੀ ਪਤਾ ਨਹੀਂ ਲਗਦਾ ਹੈ ਕਿ ਅਸੀਂ ਕੀ ਕਰੀਏ, ਕਿਸ ਲਾਈਨ ਵਿੱਚ ਜਾਈਏ ਪਰ ਇੱਥੇ ਕਰੀਅਰ ਕੌਂਸਲਰ ਆਉਂਦੇ ਹਨ।

11 ਸਾਲ ਦੀ ਅਰਸ਼ਦੀਪ ਨੂੰ ਕੇਵਲ ਅੰਗਰੇਜ਼ੀ ਬੋਲਣ ਦਾ ਸ਼ੌਕ ਹੈ। ਉਹ ਦੱਸਦੀ ਹੈ ਕਿ ਉਸ ਨੇ ਸ਼ਾਨਦਾਰ ਅੰਗਰੇਜ਼ੀ ਬੋਲਣਾ ਸਿੱਖਣਾ ਹੈ।

ਇੱਥੇ ਕੁੱਲ 41 ਕੁੜੀਆਂ ਹਨ ਅਤੇ 4 ਮੁੰਡੇ ਹਨ। ਇੱਥੋਂ ਦੀ ਡਾਇਰੈਕਟਰ ਨਵਿਤਾ ਜੋਸ਼ੀ ਦੱਸਦੇ ਹਨ ਕਿ ਧੀਆਂ ਅੱਜ ਵੀ ਭਾਰ ਹਨ ਅਤੇ ਗਲਤ ਰਿਸ਼ਤਿਆਂ ਤੋਂ ਆਏ ਬੱਚਿਆਂ ਦੀ ਸਮਾਜ ਵਿੱਚ ਕੋਈ ਥਾਂ ਨਹੀਂ ਹੈ।

ਜਲੰਧਰ ਵਿੱਚ ਚਾਈਲਡ ਹੈਲਪਲਾਈਨ ਚਲਾਉਣ ਵਾਲੇ ਸੁਰਿੰਦਰ ਸੈਣੀ ਅਨੁਸਾਰ ਉਨ੍ਹਾਂ ਕੋਲ ਪੂਰੇ ਪੰਜਾਬ ਤੋਂ ਹਰ ਰੋਜ਼ ਦੋ-ਤਿੰਨ ਬੱਚਿਆਂ ਨੂੰ ਸੁੱਟਣ ਦੀਆਂ ਖ਼ਬਰਾਂ ਆਉਂਦੀਆਂ ਹਨ।

ਸ਼ੈਲਟਰ ਹੋਮ

ਤਸਵੀਰ ਸਰੋਤ, MaNISHA BHALLA

ਕਦੇ ਝਾੜੀਆਂ ਵਿੱਚ, ਕਦੇ ਖੂਹ ਵਿੱਚ , ਨਾਲੀਆਂ ਵਿੱਚ, ਗਲੀਆਂ ਵਿੱਚ , ਕੂੜੇਦਾਨ ਵਿੱਚ ਪਲਾਸਟਿਕ ਬੈਗ ਵਿੱਚ ਨਾਜ਼ੁਕ ਹਾਲਤ ਵਿੱਚ ਕੁੜੀਆਂ ਮਿਲਦੀਆਂ ਹਨ ਜਿਨ੍ਹਾਂ ਨੂੰ ਕੁੱਤਿਆਂ ਨੇ ਵੱਢਿਆ ਹੁੰਦਾ ਹੈ ਅਤੇ ਚੀਟੀਆਂ ਖਾ ਰਹੀਆਂ ਹੁੰਦੀਆਂ ਹਨ।

ਉਹ ਗਰੀਬੀ, ਦਹੇਜ ਪ੍ਰਥਾ, ਆਲੀਸ਼ਾਨ ਵਿਆਹਾਂ ਦੇ ਮਹਿੰਗੇ ਰਿਵਾਜ਼ ਅਤੇ ਅਸੁਰੱਖਿਆ ਕਾਰਨ ਇੱਕ ਤਬਕਾ ਧੀਆਂ ਨਹੀਂ ਚਾਹੁੰਦਾ ਹੈ।

ਪੁੱਤਰ ਦੀ ਚਾਹਤ ਪੰਜਾਬ ਸਣੇ ਪੂਰੇ ਦੇਸ ਵਿੱਚ ਹੈ ਜਿਸ ਕਾਰਨ ਕੁਝ ਘਰਾਂ ਦੀਆਂ ਧੀਆਂ ਯਤੀਮਖਾਨਿਆਂ ਦੇ ਪਾਲਣੇ ਵਿੱਚ ਪਲਦੀਆਂ ਹਨ। ਯੂਨੀਕ ਹੋਮ ਦੀ ਅਲਕਾ ਦੀਦੀ ਕਹਿੰਦੀ ਹੈ ਧੀਆਂ ਨੂੰ ਬੇਰਹਿਮੀ ਨਾਲ ਨਾ ਸੁੱਟੋ, ਸਾਨੂੰ ਦੇ ਦਿਓ।

ਉਹ ਕਹਿੰਦੇ ਹਨ, "ਪੰਜਾਬ ਦੇ ਸਮਾਜ ਵਿੱਚ ਜਦੋਂ ਤੋੱਕ 'ਹਾਏ ਮੁੰਡਾ, ਹਾਏ ਮੁੰਡਾ' ਖ਼ਤਮ ਨਹੀਂ ਹੋਵੇਗਾ ਉਦੋਂ ਤੱਕ ਧੀਆਂ ਕੂੜੇਦਾਨਾਂ ਵਿੱਚ ਸੁੱਟੀਆਂ ਜਾਣਗੀਆਂ।

ਪੰਜਾਬ ਵਿੱਚ ਜਲੰਧਰ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਲੁਧਿਆਣਾ ਸਣੇ ਕਈ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਘੂੜਾ ਵੀ ਲਗਾਇਆ ਹੈ ਤਾਂ ਕੀ ਬੱਚਿਆਂ ਨੂੰ ਸੁੱਟਣ ਦੀ ਬਜਾਏ ਉਸ ਦੇ ਵਿੱਚ ਰੱਖ ਦਿੱਤਾ ਜਾਵੇ।

ਕੁਝ ਹੋਰ ਪਹਿਲੂ ਵੀ ਹਨ

ਹਾਲ ਹੀ ਵਿੱਚ ਰਾਜਪੁਰਾ ਦੇ ਐਸਓਐਸ ਚਿਲਡਰਨ ਵਿਲੇਜ ਤੋਂ ਤਿੰਨ ਮੁੰਡੇ ਅਤੇ ਦੋ ਕੁੜੀਆਂ ਕੰਧ ਤੋੜ ਕੇ ਭੱਜ ਗਏ। ਇੱਥੋਂ ਤਿੰਨ ਸਾਲ ਵਿੱਚ 15 ਤੋਂ ਵੱਧ ਬੱਚੇ ਭੱਜ ਚੁੱਕੇ ਹਨ, ਜਦਕਿ 6 ਮਹੀਨੇ ਦੇ ਅੰਦਰ ਬੱਚਿਆਂ ਦੇ ਭੱਜਣ ਦੀ ਇੱਕ ਦੂਜੀ ਘਟਨਾ ਹੈ।

ਇਨ੍ਹਾਂ ਵਿੱਚੋਂ ਇੱਕ ਬੱਚੀ ਨੇ ਖੌਫ਼ਨਾਕ ਸੱਚ ਨੂੰ ਉਜਾਗਰ ਕੀਤਾ ਹੈ ਉਨ੍ਹਾਂ ਨਾਲ ਛੇੜਛਾੜ ਕੀਤੀ ਜਾਂਦੀ ਸੀ, ਜ਼ਬਰਦਸਤੀ ਬਲੂ ਫ਼ਿਲਮ ਦਿਖਾਈ ਜਾਂਦੀ ਸੀ। ਇਸ ਬੱਚੀ ਨੇ ਹੋਮ ਵਿੱਚ ਉੱਥੇ ਹੀ ਰਹਿ ਰਹੇ ਇੱਕ ਮੁੰਡੇ 'ਤੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਦੱਸਿਆ ਕਿ ਅਨਾਥ ਬੱਚਿਆਂ ਲਈ ਬਣਾਏ ਇਸ ਬਾਲਗ੍ਰਾਮ ਵਿੱਚ ਮੁੰਡੇ ਵੀ ਰਹਿੰਦੇ ਹਨ, ਇਨ੍ਹਾਂ ਵਿੱਚ ਕਈ ਨੌਜਵਾਨ ਵੀ ਹਨ, ਜਿਹੜੇ ਕਾਫ਼ੀ ਦਿਨਾਂ ਤੋਂ ਇੱਥੇ ਰਹਿ ਰਹੇ ਹਨ। ਉਹ ਹੁਣ ਉੱਥੇ ਰਹਿਣ ਵਾਲੀਆਂ ਕੁੜੀਆਂ ਦੇ ਨਾਲ ਸਰੀਰਕ ਛੇੜਛਾੜ ਕਰਦੇ ਹਨ। ਫੋਨ 'ਤੇ ਹੋਮ ਦੇ ਡਾਇਰੈਕਟਰ ਅਨੂਪ ਸਿੰਘ ਨੇ ਦੱਸਿਆ ਕਿ ਬਲਾਤਕਾਰ ਵਾਲੀ ਗੱਲ ਝੂਠ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹੋਮ ਦੇ ਨਿਯਮ ਬਹੁਤ ਸਖ਼ਤ ਹਨ, ਜਿਸ ਤੋਂ ਤੰਗ ਆ ਕੇ ਬੱਚੇ ਇੱਥੋਂ ਭੱਜਣਾ ਚਾਹੁੰਦੇ ਹਨ।

ਇਸ ਤੋਂ ਇਲਾਵਾ ਕਈ ਸਾਲ ਪਹਿਲਾਂ ਜਲੰਧਰ ਦੇ ਦੇ ਸ਼ੈਲਟਰ ਹੋਮਜ਼ ਵਿੱਚ ਰਹਿਣ ਵਾਲੀਆਂ ਕੁੜੀਆਂ ਨੇ ਵੀ ਇਸ ਤਰ੍ਹਾਂ ਹੀ ਸਰੀਰਕ ਸ਼ੋਸ਼ਣ ਦੇ ਇਲਜ਼ਾਮ ਸਨ ਪਰ ਜਾਂਚ ਤੋਂ ਬਾਅਦ ਇਨ੍ਹਾਂ ਹੋਮਜ਼ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਸੀ।

ਸਾਲ 1996 ਵਿੱਚ ਸ਼ੁਰੂ ਹੋਏ ਐਸਓਐਸ ਚਿਲਡਰਨ ਵਿਲੇਜ ਵਿੱਚ ਕੁੱਲ 182 ਬੱਚੇ ਹਨ, ਜਿਸ ਵਿੱਚ 96 ਮੁੰਡੇ ਅਤੇ 86 ਕੁੜੀਆਂ ਹਨ। ਅਨੂਪ ਸਿੰਘ ਦੱਸਦੇ ਹਨ ਕਿ ਇਹ ਮੇਰੇ ਲਈ ਵੀ ਹੈਰਾਨੀ ਵਾਲਾ ਮੁੱਦਾ ਹੈ ਕਿ ਇੱਥੇ ਮੁੰਡਿਆਂ ਦੀ ਗਿਣਤੀ ਵੱਧ ਕਿਉਂ ਹੈ।

ਇੱਥੇ ਰਹਿਣ ਲਈ ਉਨ੍ਹਾਂ ਬੱਚਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਜਿਨ੍ਹਾਂ ਦੇ ਮਾਤਾ-ਪਿਤਾ ਦੋਵਾਂ ਦੀ ਮੌਤ ਹੋ ਚੁੱਕੀ ਹੋਵੇ ਜਾਂ ਬੱਚਿਆਂ ਨੂੰ ਮਾਪਿਆਂ ਵੱਲੋਂ ਛੱਡ ਦਿੱਤਾ ਗਿਆ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)