ਕਿਉਂ ਪੈਦਾ ਹੁੰਦੇ ਹਨ ਚਾਰ ਹੱਥਾਂ ਤੇ ਚਾਰ ਪੈਰਾਂ ਵਾਲੇ ਬੱਚੇ?

ਚਾਰ ਪੈਰਾਂ ਵਾਲਾ ਬੱਚਾ

ਤਸਵੀਰ ਸਰੋਤ, Nikhilesh Pratap

ਤਸਵੀਰ ਕੈਪਸ਼ਨ, ਗੋਰਖਪੁਰ ਵਿੱਚ ਇੱਕ ਬੱਚਾ ਚਾਰ ਪੈਰਾਂ ਅਤੇ ਦੋ ਲਿੰਗ ਵਾਲਾ ਪੈਦਾ ਹੋਇਆ ਪਰ ਪੈਦਾ ਹੋਣ ਤੋਂ ਦੋ ਦਿਨ ਬਾਅਦ ਹੀ ਉਸਦੀ ਮੌਤ ਹੋ ਗਈ
    • ਲੇਖਕ, ਮੀਨਾ ਕੋਟਵਾਲਾ
    • ਰੋਲ, ਬੀਬੀਸੀ ਪੱਤਰਕਾਰ

ਉੱਤਰ-ਪ੍ਰਦੇਸ਼ ਦੇ ਗੋਰਖਪੁਰ ਵਿੱਚ ਇੱਕ ਬੱਚਾ ਚਾਰ ਪੈਰਾਂ ਅਤੇ ਦੋ ਲਿੰਗ ਵਾਲਾ ਪੈਦਾ ਹੋਇਆ ਪਰ ਪੈਦਾ ਹੋਣ ਤੋਂ ਦੋ ਦਿਨ ਬਾਅਦ ਹੀ ਉਸਦੀ ਮੌਤ ਹੋ ਗਈ।

ਇਹ ਮਾਮਲਾ ਗੋਰਖਪੁਰ ਦੇ ਸਹਿਜਨਵਾ ਪਿੰਡ ਦਾ ਹੈ, ਜਿੱਥੋਂ ਦੇ ਸਰਕਾਰੀ ਹਸਪਤਾਲ ਵਿੱਚ 15 ਸਤੰਬਰ ਨੂੰ ਇਸ ਬੱਚੇ ਦਾ ਜਨਮ ਹੋਇਆ ਸੀ।

ਇਸ ਪਰਿਵਾਰ ਦੇ ਗੁਆਂਢ ਵਿੱਚ ਰਹਿਣ ਵਾਲੀ ਇੱਕ ਔਰਤ ਨੇ ਦੱਸਿਆ ਕਿ ਬੱਚਾ ਪੈਦਾ ਹੋਣ ਤੋਂ ਦੋ ਦਿਨ ਬਾਅਦ ਹੀ ਪੂਰਾ ਹੋ ਗਿਆ।

ਇਹ ਵੀ ਪੜ੍ਹੋ:

ਉਹ ਕਹਿੰਦੀ ਹੈ,"ਬੱਚੇ ਦੇ ਚਾਰ ਪੈਰਾਂ ਦੇ ਨਾਲ ਦੋ ਲਿੰਗ ਸਨ, ਜਿਸ ਕਾਰਨ ਬੱਚਾ ਟਾਇਲਟ ਹੀ ਨਹੀਂ ਕਰ ਸਕਦਾ ਸੀ। ਇਸ ਤੋਂ ਇਲਾਵਾ ਸਰੀਰ ਵਿੱਚ ਮਲ ਤਿਆਗਣ ਦੀ ਵੀ ਥਾਂ ਨਹੀਂ ਸੀ।"

ਸੋਨੋਗ੍ਰਾਫ਼ੀ

ਤਸਵੀਰ ਸਰੋਤ, SPL

ਤਸਵੀਰ ਕੈਪਸ਼ਨ, ਡਾਕਟਰ ਦੱਸਦੇ ਹਨ ਕਿ ਚਾਰ ਜਾਂ ਪੰਜ ਮਹੀਨੇ ਦੇ ਗਰਭ ਵਿੱਚ ਸੋਨੋਗ੍ਰਾਫ਼ੀ ਕਰਵਾਉਣ 'ਤੇ ਇਹ ਪਤਾ ਲੱਗ ਜਾਂਦਾ ਹੈ ਕਿ ਬੱਚੇ ਦੇ ਹਾਲਾਤ ਕੀ ਹਨ

ਉਹ ਕਹਿੰਦੀ ਹੈ ਜਦੋਂ ਵੀ ਸੋਨੋਗ੍ਰਾਫ਼ੀ ਰਿਪੋਰਟ ਦੀ ਗੱਲ ਹੋਈ ਇਹੀ ਦੱਸਿਆ ਗਿਆ ਕਿ ਸਭ ਠੀਕ ਹੈ।

ਬਿਮਾਰੀ ਜਾਂ ਅਜੂਬਾ?

ਭਾਰਤ ਵਿੱਚ ਇਸ ਤਰ੍ਹਾਂ ਦੇ ਬੱਚਿਆਂ ਨੂੰ ਵੱਖ-ਵੱਖ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ। ਕੋਈ ਇਨ੍ਹਾਂ ਨੂੰ ਸ਼ੁਭ ਮੰਨਦਾ ਹੈ,ਕੋਈ ਅਸ਼ੁਭ ਅਤੇ ਕੋਈ ਅਨੋਖਾ। ਪਰ ਕੀ ਅਸਲ 'ਚ ਇਸ ਤਰ੍ਹਾਂ ਦੇ ਬੱਚਿਆਂ ਦਾ ਜਨਮ ਕੋਈ ਅਜੂਬਾ ਹੈ ਜਾਂ ਕੋਈ ਬਿਮਾਰੀ?

ਬੱਚਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਡਾਕਟਰ ਮੁਤਾਬਕ ਜੇਕਰ ਮਾਂ ਦੀ ਕੁੱਖ ਵਿੱਚ ਅੰਡਾ ਪੂਰੀ ਤਰ੍ਹਾਂ ਦੋ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ ਤਾਂ ਬੱਚੇ ਜੁੜਵਾ ਹੋਣਗੇ

ਮੈਕਸ ਹਸਪਤਾਲ ਦੇ ਬਾਲ ਰੋਗ ਮਾਹਿਰ ਡਾਕਟਰ ਕਪਿਲ ਵਿਦਿਆਰਥੀ ਕਹਿੰਦੇ ਹਨ ਕਿ ਅਜਿਹੇ ਬੱਚਿਆਂ ਦਾ ਜਨਮ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ।

ਦਰਅਸਲ, ਇਹ ਪੂਰਾ ਮਾਮਲਾ ਜੁੜਵਾ ਬੱਚੇ ਨਾਲ ਜੁੜਿਆ ਹੈ। ਮਾਂ ਦੀ ਕੁੱਖ ਵਿੱਚ ਅੰਡਾ ਬਣਨ ਤੋਂ ਬਾਅਦ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ਕਾਰਨ ਕੁੱਖ ਵਿੱਚ ਜੁੜਵਾ ਬੱਚੇ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੇ।

ਡਾਕਟਰ ਵਿਦਿਆਰਥੀ ਆਪਣੀ ਗੱਲ ਨੂੰ ਕੁਝ ਇਸ ਤਰ੍ਹਾਂ ਸਮਝਾਉਂਦੇ ਹਨ।

ਇਹ ਵੀ ਪੜ੍ਹੋ:

"ਅਜਿਹੇ ਮਾਮਲਿਆਂ ਵਿੱਚ ਆਂਡੇ ਦਾ ਜਿੰਨਾ ਹਿੱਸਾ ਜੁੜਿਆ ਹੁੰਦਾ ਹੈ ਓਨਾ ਵਿਕਸਿਤ ਨਾ ਹੋ ਕੇ ਬਾਕੀ ਹਿੱਸਾ ਵਿਕਸਿਤ ਹੋ ਜਾਂਦਾ ਹੈ ਅਤੇ ਸਰੀਰ ਦੇ ਅੰਗ ਬਣ ਜਾਂਦੇ ਹਨ। ਮਤਲਬ ਜੇਕਰ ਕੋਈ ਅੰਡਾ ਪੂਰੀ ਤਰ੍ਹਾਂ ਦੋ ਹਿੱਸਿਆਂ ਵਿੱਚ ਵੰਡਿਆ ਨਾ ਹੋਵੇ ਤਾਂ ਜਦੋਂ ਬੱਚਾ ਪੈਦਾ ਹੋਵੇਗਾ ਉਸਦੇ ਸਰੀਰ ਦੇ ਅੰਗ ਜੁ਼ੜੇ ਹੋਏ ਹੋ ਸਕਦੇ ਹਨ।"

ਉਹ ਕਹਿੰਦੇ ਹਨ, "ਜੇਕਰ ਮਾਂ ਦੀ ਕੁੱਖ ਵਿੱਚ ਅੰਡਾ ਪੂਰੀ ਤਰ੍ਹਾਂ ਦੋ ਹਿੱਸਿਆ ਵਿੱਚ ਵੰਡਿਆ ਜਾਂਦਾ ਹੈ ਤਾਂ ਬੱਚੇ ਜੁੜਵਾ ਹੋਣਗੇ। ਜੇਕਰ ਅੰਡੇ ਪੂਰੀ ਤਰ੍ਹਾਂ ਵੰਡੇ ਨਹੀਂ ਗਏ ਤਾਂ ਦੋ ਤਰ੍ਹਾਂ ਦੇ ਜੁੜਵਾ ਬੱਚੇ ਪੈਦਾ ਹੋ ਸਕਦੇ ਹਨ।"

ਦੋ ਤਰ੍ਹਾਂ ਦੇ ਜੋੜੇ ਬੱਚੇ

ਮੈਕਸ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਪੀ ਧਰਮਿੰਦਰ ਦੱਸਦੇ ਹਨ ਕਿ ਗੋਰਖਪੁਰ ਵਿੱਚ ਪੈਦਾ ਹੋਇਆ ਬੱਚਾ 'ਪੈਰਾਸਿਟਿਕ ਟਵਿਨ' ਦੀ ਇੱਕ ਉਦਾਹਰਣ ਹੈ।

ਬੱਚਾ
ਤਸਵੀਰ ਕੈਪਸ਼ਨ, ਜੇਕਰ ਬੱਚੇ ਦੇ ਸਰੀਰ ਦਾ ਹੇਠਾਂ ਵਾਲਾ ਹਿੱਸਾ ਜੁੜਿਆ ਹੋਇਆ ਹੈ ਤਾਂ ਉਸ ਨੂੰ ਆਪਰੇਸ਼ਨ ਨਾਲ ਵੱਖ ਕੀਤਾ ਜਾ ਸਕਦਾ ਹੈ

ਸੌਖੇ ਸ਼ਬਦਾਂ ਵਿੱਚ ਸਮਝਾਉਂਦੇ ਹੋਏ ਡਾਕਟਰ ਧਰਮਿੰਦਰ ਕਹਿੰਦੇ ਹਨ, "ਜੁੜਵਾ ਬੱਚੇ ਹੋਣੇ ਤਾਂ ਸੀ ਪਰ ਉਹ ਕਿਸੇ ਕਾਰਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਸਕੇ। ਇਸ ਕਾਰਨ ਪੂਰੀ ਤਰ੍ਹਾਂ ਵਿਕਸਿਤ ਨਾ ਹੋਣ 'ਤੇ ਇੱਕ ਹੀ ਬੱਚੇ ਦੇ ਅੰਦਰ ਅੰਗ ਬਣ ਗਏ।"

ਇਸ ਤਰ੍ਹਾਂ ਕੰਜਾਇੰਡ ਟਵਿਨ ਵੀ ਹੁੰਦੇ ਹਨ, ਅਜਿਹੇ ਬੱਚੇ ਜਿਹੜੇ ਵਿਕਸਿਤ ਤਾਂ ਹੁੰਦੇ ਹਨ ਪਰ ਉਨ੍ਹਾਂ ਦੇ ਸਰੀਰ ਦਾ ਕੁਝ ਹਿੱਸਾ ਜਾਂ ਕੋਈ ਇੱਕ ਹਿੱਸਾ ਜੁੜਿਆ ਹੁੰਦਾ ਹੈ।

ਦੋਵਾਂ ਤਰ੍ਹਾਂ ਦੇ ਮਾਮਲਿਆਂ ਵਿੱਚ ਬੱਚਿਆਂ ਦਾ ਆਪਰੇਸ਼ਨ ਕਰਕੇ ਵੱਖ ਕੀਤਾ ਜਾ ਸਕਦਾ ਹੈ।

ਡਾਕਟਰ ਧਰਮਿੰਦਰ ਦਾ ਕਹਿਣਾ ਹੈ ਕਿ ਜੇਕਰ ਬੱਚੇ ਦੇ ਸਰੀਰ ਦਾ ਹੇਠਾਂ ਵਾਲਾ ਹਿੱਸਾ ਜੁੜਿਆ ਹੋਇਆ ਹੈ ਤਾਂ ਉਸ ਨੂੰ ਆਪਰੇਸ਼ਨ ਨਾਲ ਵੱਖ ਕੀਤਾ ਜਾ ਸਕਦਾ ਹੈ।

ਜੇਕਰ ਰੀੜ੍ਹ ਦੀ ਹੱਡੀ ਵਾਲਾ ਹਿੱਸਾ ਜੁੜਿਆ ਹੋਇਆ ਹੋਵੇ ਤਾਂ ਉਸ ਨੂੰ ਵੱਖ ਕਰਨਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ ਕਿਉਂਕਿ ਹੋ ਸਕਦਾ ਹੈ ਕਿ ਅਜਿਹਾ ਕਰਨ ਨਾਲ ਬੱਚੇ ਦਾ ਲਿੰਗ ਕੰਮ ਨਾ ਕਰੇ।

ਕੀ ਹੋ ਸਕਦਾ ਹੈ ਇਲਾਜ?

ਜੇਕਰ ਮਾਂ ਦੀ ਕੁੱਖ ਵਿੱਚ ਅਜਿਹਾ ਬੱਚਾ ਪਲ ਰਿਹਾ ਹੈ ਤਾਂ ਇਸਦੇ ਬਾਰੇ ਪਤਾ ਲੱਗ ਸਕਦਾ ਹੈ ਅਤੇ ਜੇਕਰ ਮਾਤਾ-ਪਿਤਾ ਚਾਹੁਣ ਤਾਂ ਗਰਭਪਾਤ ਕਰਵਾ ਸਕਦੇ ਹਨ।

ਜੁੜਵਾ ਬੱਚੇ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਾਲ ਰੋਗ ਮਾਹਿਰ ਡਾ. ਪੀ ਧਰਮਿੰਦਰ ਦਾ ਮੰਨਣਾ ਹੈ ਕਿ ਆਈਵੀਐਫ਼ ( ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੇ ਕਾਰਨ ਜੁੜਵਾਂ ਬੱਚਿਆਂ ਦੇ ਮਾਮਲੇ ਵੱਧ ਸਾਹਮਣੇ ਆਏ ਹਨ

ਡਾਕਟਰ ਦੱਸਦੇ ਹਨ ਕਿ ਚਾਰ ਜਾਂ ਪੰਜ ਮਹੀਨੇ ਦੇ ਗਰਭ ਵਿੱਚ ਸੋਨੋਗ੍ਰਾਫ਼ੀ ਕਰਵਾਉਣ 'ਤੇ ਇਹ ਪਤਾ ਲੱਗ ਜਾਂਦਾ ਹੈ ਕਿ ਬੱਚੇ ਦੇ ਹਾਲਾਤ ਕੀ ਹਨ।

ਡਾਕਟਰ ਧਰਮਿੰਦਰ ਇਹ ਵੀ ਦੱਸਦੇ ਹਨ ਕਿ ਅਜਿਹੇ ਮਾਮਲਿਆਂ ਵਿੱਚ ਇੱਕ ਹੋਰ ਤਰੀਕਾ ਅਪਣਾਇਆ ਜਾਂਦਾ ਹੈ।

ਉਹ ਕਹਿੰਦੇ ਹਨ, "ਜੇਕਰ ਗਰਭਵਤੀ ਮਹਿਲਾ ਦੀ ਕੁੱਖ ਵਿੱਚ ਇੱਕ ਤੋਂ ਵੱਧ ਬੱਚੇ ਹਨ ਅਤੇ ਇੱਕ ਸਹੀ ਤਰ੍ਹਾਂ ਵਿਕਸਿਤ ਹੋ ਰਿਹਾ ਹੈ ਅਤੇ ਬਾਕੀ ਨਹੀਂ ਤਾਂ ਇਸ ਨੂੰ ਇੰਜੈਕਟ ਕਰਕੇ ਖ਼ਤਮ ਕੀਤਾ ਜਾ ਸਕਦਾ ਹੈ। ਤਾਂ ਜੋ ਜਿਹੜਾ ਬੱਚਾ ਸਹੀ ਤਰ੍ਹਾਂ ਵਿਕਸਿਤ ਹੋ ਰਿਹਾ ਹੈ ਉਸ ਨੂੰ ਮਾਂ ਵੱਲੋਂ ਮਿਲਣ ਵਾਲਾ ਪੋਸ਼ਣ ਪੂਰਾ ਮਿਲੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਮਾਂ ਦਾ ਪੋਸ਼ਣ ਉਨ੍ਹਾਂ ਸਾਰਿਆਂ ਬੱਚਿਆਂ ਵਿੱਚ ਵੰਡਿਆ ਜਾਂਦਾ ਹੈ ਅਤੇ ਇੱਕ ਵੀ ਬੱਚਾ ਸਰੀ ਤਰ੍ਹਾਂ ਵਿਕਸਿਤ ਨਹੀਂ ਹੁੰਦਾ।"

ਜੁੜਵਾ ਬੱਚੇ ਪੈਦਾ ਹੋਣ ਦਾ ਕਾਰਨ

ਬਾਲ ਰੋਗ ਮਾਹਿਰ ਡਾ. ਪੀ ਧਰਮਿੰਦਰ ਦਾ ਮੰਨਣਾ ਹੈ ਕਿ ਆਈਵੀਐਫ਼ ( ਇਨ ਵਿਟਰੋ ਫਰਟੀਲਾਈਜ਼ੇਸ਼ਨ) ਦੇ ਕਾਰਨ ਜੁੜਵਾਂ ਬੱਚਿਆਂ ਦੇ ਮਾਮਲੇ ਵੱਧ ਸਾਹਮਣੇ ਆਏ ਹਨ।

ਜੁੜਵਾ ਬੱਚੇ

ਤਸਵੀਰ ਸਰੋਤ, iStock

ਤਸਵੀਰ ਕੈਪਸ਼ਨ, ਡਾ. ਧਰਮਿੰਦਰ ਦਾ ਕਹਿਣਾ ਹੈ ਕਿ ਇਹ ਮਾਮਲੇ ਆਈਵੀਐਫ਼ ਦੇ ਕਾਰਨ ਵੱਧ ਤਾਂ ਹੁੰਦੇ ਹਨ ਪਰ ਇਹ ਉਨ੍ਹਾਂ ਔਰਤਾਂ ਵਿੱਚ ਵੀ ਹੋ ਸਕਦੇ ਹਨ ਜੋ ਕੁਦਰਤੀ ਤਰੀਕੇ ਨਾਲ ਗਰਭਧਾਰਨ ਕਰ ਰਹੀ ਹੈ

ਉਹ ਕਹਿੰਦੇ ਹਨ, "ਆਈਵੀਐਫ਼ ਦੀ ਵਰਤੋਂ ਕਰਨ 'ਤੇ ਔਰਤ ਦੇ ਸਰੀਰ ਵਿੱਚ ਇੱਕ ਤੋਂ ਵੱਧ ਆਂਡੇ ਪਹੁੰਚ ਜਾਂਦੇ ਹਨ। ਜਿਸ ਕਾਰਨ ਬੱਚਿਆਂ ਵਿੱਚ ਜੁੜਵਾ ਹੋਣ ਦੇ ਮਾਮਲੇ ਵਧ ਜਾਂਦੇ ਹਨ ਯਾਨਿ ਜਿੰਨੇ ਅੰਡੇ ਓਨੇ ਬੱਚੇ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।''

ਆਈਵੀਐਫ਼, ਅਜਿਹੀ ਤਕਨੀਕ ਹੈ ਜਿਸਦੇ ਜ਼ਰੀਏ ਅੰਡਾਣੂ ਅਤੇ ਸ਼ੁਕਰਾਣੂ ਨੂੰ ਲੈਬੋਰਟਰੀ ਵਿੱਚ ਇੱਕ ਪਰਖ ਨਲੀ ਦੇ ਅੰਦਰ ਮਿਲਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨਾਲ ਬਣੇ ਭਰੂਣ ਨੂੰ ਮਾਂ ਦੀ ਕੁੱਖ ਵਿੱਚ ਰੱਖ ਦਿੱਤਾ ਜਾਂਦਾ ਹੈ।

ਹਾਲਾਂਕਿ ਡਾ. ਧਰਮਿੰਦਰ ਦਾ ਕਹਿਣਾ ਹੈ ਕਿ ਇਹ ਮਾਮਲੇ ਆਈਵੀਐਫ਼ ਦੇ ਕਾਰਨ ਵੱਧ ਤਾਂ ਹੁੰਦੇ ਹਨ ਪਰ ਇਹ ਉਨ੍ਹਾਂ ਔਰਤਾਂ ਵਿੱਚ ਵੀ ਹੋ ਸਕਦੇ ਹਨ ਜੋ ਕੁਦਰਤੀ ਤਰੀਕੇ ਨਾਲ ਗਰਭਧਾਰਨ ਕਰ ਰਹੀ ਹੈ।

ਇਹ ਵੀ ਪੜ੍ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)