ਸਰਦਾਰ ਸਿੰਘ: ਕੌਮਾਂਤਰੀ ਹਾਕੀ ਨੂੰ ਅਲਵਿਦਾ ਕਹਿਣ ਵਾਲੇ ਭਾਰਤੀ ਸਿਤਾਰੇ ਬਾਰੇ ਜਾਣੋ ਖਾਸ ਗੱਲਾਂ

ਸਰਦਾਰ ਸਿੰਘ ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Getty Images

ਭਾਰਤੀ ਟੀਮ ਦੇ ਕਪਤਾਨ ਰਹੇ ਸਰਦਾਰ ਸਿੰਘ ਨੇ ਕੌਮਾਂਤਰੀ ਹਾਕੀ ਤੋਂ ਸਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਦੀ ਅਗਵਾਈ ਵਿਚ ਜਕਾਰਤਾ ਏਸ਼ੀਆਈ ਖੇਡਾਂ ਵਿਚ ਭਾਰਤੀ ਟੀਮ ਫਾਇਨਲ ਵਿਚ ਨਹੀਂ ਪਹੁੰਚ ਸਕੀ ਅਤੇ ਕਾਂਸੀ ਦੇ ਤਮਗੇ ਨਾਲ ਵਾਪਸ ਵਤਨ ਪਰਤੀ।

ਖ਼ਬਰ ਏਜੰਸੀ ਪੀਟੀਆਈ ਨਾਲ ਕੌਮਾਂਤਰੀ ਹਾਕੀ ਤੋਂ ਆਪਣੀ ਸੇਵਾਮੁਕਤੀ ਦੀ ਪੁਸ਼ਟੀ ਕਰਦਿਆ ਸਰਦਾਰ ਸਿੰਘ ਨੇ ਕਿਹਾ,' ਹਾਂ, ਮੈਂ ਕੌਮਾਂਤਰੀ ਹਾਕੀ ਤੋਂ ਸੇਵਾਮੁਕਤ ਹੋ ਰਿਹਾ ਹਾਂ, ਮੈਂ ਆਪਣੇ ਕਰੀਅਰ ਦੌਰਾਨ ਕਾਫ਼ੀ ਹਾਕੀ ਖੇਡ ਚੁੱਕਿਆ ਹਾਂ, 12 ਸਾਲ ਦਾ ਸਮਾਂ ਕਾਫ਼ੀ ਲੰਬਾ ਹੁੰਦਾ ਹੈ। ਹੁਣ ਨਵੀਂ ਪੀੜ੍ਹੀ ਦੇ ਕਮਾਂਡ ਸੰਭਾਲਣ ਦਾ ਮੌਕਾ ਆ ਗਿਆ ਹੈ।

ਰੋਚਕ ਗੱਲ ਇਹ ਹੈ ਕਿ ਜਾਕਰਤਾ ਏਸ਼ੀਆਈ ਖੇਡਾਂ ਦੌਰਾਨ ਸਰਦਾਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਉਹ 2020 ਦੀਆਂ ਟੋਕੀਓ ਓਲੰਪਿਕ ਖੇਡਾਂ ਵਿਚ ਹਿੱਸਾ ਲੈਣਗੇ।

ਸਰਦਾਰ ਨੇ ਕਿਹਾ, 'ਮੈਂ ਇਹ ਫ਼ੈਸਲਾ ਆਪਣੇ ਚੰਡੀਗੜ੍ਹ ਵਿਚ ਰਹਿ ਰਹੇ ਪਰਿਵਾਰ , ਦੋਸਤਾਂ -ਮਿੱਤਰਾਂ , ਹਾਕੀ ਇੰਡੀਆ ਨਾਲ ਸਲਾਹ ਮਸ਼ਵਰੇ ਨਾਲ ਲੈ ਰਿਹਾ ਹਾਂ, ਮੈਨੂੰ ਲੱਗਦਾ ਹੈ ਹੁਣ ਉਹ ਸਮਾਂ ਆ ਗਿਆ ਹੈ ਜਦੋਂ ਹਾਕੀ ਤੋਂ ਪਿਛਲੀ ਜ਼ਿੰਦਗੀ ਬਾਰੇ ਸੋਚਿਆ ਜਾਵੇ।'

ਸਰਦਾਰ ਸਿੰਘ ਦਾ ਖੇਡ ਸਫ਼ਰ

ਸਰੀਰਕ ਚੁਸਤੀ-ਫੁਰਤੀ ਲਈ ਦੇਸ-ਵਿਦੇਸ਼ ਵਿੱਚ ਜਾਣੇ ਜਾਂਦੇ ਸਰਦਾਰ ਸਿੰਘ ਦੇ ਖੇਡ ਸਫ਼ਰ 'ਤੇ ਆਓ ਪਾਈਏ ਇੱਕ ਝਾਤ꞉

32 ਸਾਲਾ ਨੇ ਸੀਨੀਅਰ ਹਾਕੀ ਵਿਚ 2006 ਦੌਰਾਨ ਪਾਕਿਸਤਾਨ ਖ਼ਿਲਾਫ਼ ਆਪਣਾ ਪਹਿਲਾ ਮੈਚ ਖੇਡਿਆ ਸੀ।

ਸਰਦਾਰ ਸਿੰਘ ਭਾਰਤੀ ਹਾਕੀ ਟੀਮ

ਤਸਵੀਰ ਸਰੋਤ, Getty Images

2008 ਵਿੱਚ ਉਨ੍ਹਾਂ ਨੇ ਸਭ ਤੋਂ ਨੌਜਵਾਨ ਖਿਡਾਰੀ ਵਜੋਂ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ। ਇਹ ਟੀਮ ਟੂਰਨਾਮੈਂਟ ਵਿੱਚ ਚਾਂਦੀ ਦਾ ਤਗਮਾ ਘਰ ਲਿਆਉਣ ਵਿੱਚ ਕਾਮਯਾਬ ਰਹੀ ਸੀ।

2010 ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਅਜ਼ਲਾਨ ਸ਼ਾਹ ਹਾਕੀ ਕੱਪ ਵਿੱਚ ਸੋਨ ਤਗਮਾ ਜਿੱਤਿਆ।

ਇਹ ਵੀ ਪੜ੍ਹੋ:

ਸਰਦਾਰ ਸਿੰਘ ਨੂੰ 2012 ਵਿੱਚ ਅਰਜਨ ਤੇ 2015 ਵਿੱਚ ਪਦਮਸ਼੍ਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਨੇ 2012 ਦੀਆਂ ਲੰਡਨ ਉਲੰਪਿਕ ਵਿੱਚ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਇਸ ਦੌਰਾਨ ਇੱਕ ਬਰਤਾਨਵੀ ਖਿਡਾਰਨ ਨੇ ਉਨ੍ਹਾਂ ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਾਏ ਸਨ।

ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਟੀਮ ਨੇ ਕਾਮਨਵੈਲਥ ਅਤੇ ਏਸ਼ੀਆਈ ਖੇਡਾਂ ਵਿੱਚ ਸੋਨ ਤਗਮੇ ਵੀ ਜਿੱਤੇ ਤੇ ਟੀਮ ਰੀਓ ਉਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣੀ।

ਉਹ ਹਰਿਆਣਾ ਪੁਲਿਸ ਵਿੱਚ ਡੀ ਐਸ ਪੀ ਦੇ ਅਹੁਦੇ 'ਤੇ ਤਾਇਨਾਤ ਹਨ ਤੇ ਉਨ੍ਹਾਂ ਦੀ ਟੀਮ ਵੱਲੋਂ ਖੇਡਦੇ ਵੀ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)