ਭਾਰਤ ਵਿੱਚ ਪੋਰਨ ਇੰਡਸਟਰੀ ਬਾਰੇ ਕੀ ਸੋਚਦੀ ਹੈ ਸਨੀ ਲਿਓਨੀ: BBC SPECIAL

ਤਸਵੀਰ ਸਰੋਤ, TWITTER/SUNNYLEONE
- ਲੇਖਕ, ਦਿਵਿਆ ਆਰਿਆ
- ਰੋਲ, ਬੀਬੀਸੀ ਪੱਤਰਕਾਰ
ਸਨੀ ਲਿਓਨੀ ਦੀ ਜ਼ਿੰਦਗੀ 'ਤੇ ਬਣੀ ਵੈੱਬ-ਸੀਰੀਜ਼ ਕਰਨਜੀਤ ਕੌਰ ਦੇ ਟਰੇਲਰ ਵਿੱਚ ਇੱਕ ਪੱਤਰਕਾਰ ਉਨ੍ਹਾਂ ਤੋਂ ਪੁੱਛਦਾ ਹੈ, "ਕਿਸੇ ਪ੍ਰੌਸਟੀਟਿਊਟ (ਵੇਸਵਾ) ਅਤੇ ਪੌਰਨ ਸਟਾਰ ਵਿੱਚ ਕੀ ਫ਼ਰਕ ਹੁੰਦਾ ਹੈ?"
ਜਵਾਬ ਵਿੱਚ ਸਨੀ ਲਿਓਨੀ ਕਹਿੰਦੀ ਹੈ, "ਇੱਕ ਸਿਮੀਲੈਰਿਟੀ ਹੈ - ਗਟਸ"।
ਇਹੀ 'ਗਟਸ' ਯਾਨਿ ਹਿੰਮਤ ਸਨੀ ਲਿਓਨੀ ਦੀ ਚਾਲ, ਚਿਹਰੇ ਅਤੇ ਗੱਲਾਂ ਵਿੱਚ ਵਿਖਾਈ ਦਿੱਤੀ ਜਦੋਂ ਉਹ ਮੁੰਬਈ ਦੇ ਇੱਕ ਹੋਟਲ ਵਿੱਚ ਇੰਟਰਵਿਊ ਲਈ ਮੈਨੂੰ ਮਿਲੀ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਦੱਸਿਆ ਕਿ ਕਰਨਜੀਤ ਕੌਰ ਲਈ ਇੱਕ ਪੱਤਰਕਾਰ ਦੇ ਨਾਲ ਉਹ ਇੰਟਰਵਿਊ ਦਾ ਸੀਨ ਸ਼ੂਟ ਕਰਨਾ ਬਹੁਤ ਮੁਸ਼ਕਿਲ ਸੀ।
ਸਨੀ ਲਿਓਨੀ ਦੇ ਬਾਰੇ ਕਿਉਂ ਹੈ ਇੱਕ ਖਾਸ ਰਾਏ
ਸਨੀ ਨੇ ਕਿਹਾ, "ਮੈਨੂੰ ਬਹੁਤ ਅਸਹਿਜ ਲੱਗਿਆ ਕਿਉਂਕਿ ਉਹ ਬਹੁਤ ਬੁਰੇ ਸਵਾਲ ਸਨ ਪਰ ਅਸੀਂ ਉਨ੍ਹਾਂ ਨੂੰ ਰੱਖਿਆ ਕਿਉਂਕਿ ਇਹ ਸਵਾਲ ਲੋਕਾਂ ਦੇ ਮਨ ਵਿੱਚ ਹੁੰਦੇ ਹਨ ਅਤੇ ਮੈਂ ਉਨ੍ਹਾਂ ਦਾ ਜਵਾਬ ਦੇਣਾ ਚਾਹੁੰਦੀ ਸੀ।"
ਸਨੀ ਲਿਓਨੀ ਪਿਛਲੇ ਪੰਜ ਸਾਲਾਂ ਵਿੱਚ ਭਾਰਤ 'ਚ ਸਭ ਤੋਂ ਵੱਧ 'ਗੂਗਲ' ਕੀਤਾ ਗਿਆ ਨਾਮ ਹੈ। ਲੋਕ ਉਨ੍ਹਾਂ ਨੂੰ ਦੇਖਣਾ ਚਾਹੁੰਦੇ ਹਨ, ਉਨ੍ਹਾਂ ਬਾਰੇ ਜਾਣਨਾ ਚਾਹੁੰਦੇ ਹਨ ਪਰ ਕਾਫ਼ੀ ਹੱਦ ਤੱਕ ਉਨ੍ਹਾਂ ਬਾਰੇ ਆਪਣੀ ਰਾਏ ਪਹਿਲਾਂ ਹੀ ਬਣਾ ਚੁੱਕੇ ਹਨ।
ਸਨੀ ਮੰਨਦੀ ਹੈ ਕਿ ਉਨ੍ਹਾਂ ਬਾਰੇ ਇੱਕ ਤਰ੍ਹਾਂ ਦੀ ਰਾਏ ਬਣਨ ਦਾ ਕਾਰਨ ਉਹ ਖ਼ੁਦ ਹਨ।
"ਮੈਂ ਆਪਣੀ ਸੋਚ ਅਤੇ ਆਪਣੀ ਜ਼ਿੰਦਗੀ ਨੂੰ ਲੈ ਕੇ ਬਿਲਕੁਲ ਪਾਰਦਰਸ਼ੀ ਹਾਂ, ਪਰ ਲੋਕ ਮੈਨੂੰ ਮੇਰੇ ਪੇਸ਼ੇ ਨਾਲ ਜੋੜ ਕੇ ਹੀ ਦੇਖਦੇ ਹਨ, ਇਸ ਵਿੱਚ ਉਨ੍ਹਾਂ ਦੀ ਕੋਈ ਗ਼ਲਤੀ ਵੀ ਨਹੀਂ, ਪਰ ਸਮੇਂ ਦੇ ਨਾਲ ਮੈਂ ਵੀ ਬਦਲੀ ਹਾਂ ਤੇ ਉਮੀਦ ਹੈ ਕਿ ਲੋਕ ਵੀ ਮੇਰੇ ਵਿਅਕਤੀਤਵ ਵਿੱਚ ਇਸ ਬਦਲਾਅ ਨੂੰ ਸਮਝਣਗੇ।"

ਉਹ ਬਾਲੀਵੁੱਡ ਵਿੱਚ 'ਆਈਟਮ ਨੰਬਰ' ਕਹੇ ਜਾਣ ਵਾਲੇ ਗਾਣਿਆਂ ਤੋਂ ਬਾਅਦ ਹੁਣ ਫ਼ਿਲਮਾਂ ਵਿੱਚ ਪੂਰੇ ਕਿਰਦਾਰ ਨਿਭਾ ਚੁੱਕੀ ਹੈ। ਹਾਲ ਹੀ ਵਿੱਚ ਉਨ੍ਹਾਂ ਦੀ ਖ਼ੁਦ ਦੀ ਪਰਫਿਊਮ, 'ਦਿ ਲਸਟ' ਵੀ ਲਾਂਚ ਹੋਈ ਹੈ।
ਸਨੀ ਦੇ ਨਾਮ 'ਤੇ ਵਿਵਾਦ
ਮੈਂ ਪੁੱਛਿਆ ਕਿ ਇਹ ਨਾਮ ਵੀ ਤਾਂ ਉਨ੍ਹਾਂ ਦੇ ਖਾਸ ਅਕਸ ਨੂੰ ਅੱਗੇ ਲੈ ਜਾਂਦਾ ਹੈ।
ਉਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਐਨੀ ਘੱਟ ਉਮਰ ਵਿੱਚ ਆਪਣੇ ਨਾਮ ਦੀ ਪਰਫਿਊਮ ਹੋਣਾ ਕਿਸੇ ਵੀ ਕੁੜੀ ਲਈ ਸੁਪਨੇ ਵਰਗਾ ਹੁੰਦਾ ਹੈ ਅਤੇ ਜਦੋਂ ਉਹ ਸੱਚ ਹੋਇਆ ਤਾਂ ਉਨ੍ਹਾਂ ਨੂੰ ਇਹੀ ਨਾਮ ਪਸੰਦ ਆਇਆ।
ਸਨੀ ਦਾ ਕਹਿਣਾ ਸੀ, "ਬਾਕੀ ਪਰਫਿਊਮ ਬ੍ਰਾਂਡ ਵੀ ਤਾਂ ਅਜਿਹੇ ਨਾਮ ਰੱਖਦੇ ਹਨ, ਜਿਵੇਂ ਸਿਡਕਸ਼ਨ ਜਾਂ ਫਾਇਰ ਐਂਡ ਆਈਸ।"
'ਕਰਨਜੀਤ ਕੌਰ', ਸਨੀ ਲਿਓਨੀ ਦਾ ਅਸਲ ਨਾਮ ਹੈ।

ਤਸਵੀਰ ਸਰੋਤ, T SERIES
ਉਨ੍ਹਾਂ ਦੀ ਜ਼ਿੰਦਗੀ 'ਤੇ ਬਣੀ ਵੈੱਬ ਸੀਰੀਜ਼ ਨੂੰ ਇਹ ਨਾਮ ਦਿੱਤੇ ਜਾਣ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਰੋਧ ਕੀਤਾ ਸੀ ਅਤੇ ਕਿਹਾ ਸੀ ਕਿ 'ਕੌਰ' ਨਾਮ ਸਿੱਖ ਧਰਮ ਵਿੱਚ ਬਹੁਤ ਮਹੱਤਵ ਰੱਖਦਾ ਹੈ ਜਦਕਿ ਸਨੀ ਦਾ ਕੰਮ ਪੋਰਨ ਨਾਲ ਜੁੜਿਆ ਹੈ।
ਸਨੀ ਦੇ ਸਾਹਮਣੇ ਜਦੋਂ ਮੈਂ ਇਹ ਗੱਲ ਰੱਖੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਨਾਮ ਉਨ੍ਹਾਂ ਦੇ ਪਾਸਪੋਰਟ 'ਤੇ ਹੈ। ਉਨ੍ਹਾਂ ਦੇ ਮਾਤਾ-ਪਿਤਾ ਨੇ ਇਹ ਨਾਮ ਰੱਖਿਆ ਸੀ ਹੁਣ ਇਸ 'ਤੇ ਸਫ਼ਾਈ ਦੇਣ ਲਈ ਉਹ ਇਸ ਦੁਨੀਆਂ ਵਿੱਚ ਨਹੀਂ ਹਨ।
ਇਹ ਵੀ ਪੜ੍ਹੋ:
ਉਨ੍ਹਾਂ ਨੇ ਕਿਹਾ, "ਮੇਰਾ ਅਸਲੀ ਨਾਮ ਕਰਨਜੀਤ ਕੌਰ ਹੈ ਅਤੇ ਸਿਰਫ਼ ਕੰਮ ਦਾ ਨਾਮ ਸਨੀ ਲਿਓਨੀ ਹੈ।"
ਪੌਰਨ ਇੰਡਸਟਰੀ ਵਿੱਚ ਆਪਣੇ ਨਾਮ ਨੂੰ ਲੈ ਕੇ ਸਨੀ ਲਿਓਨੀ ਕਦੇ ਸ਼ਰਮਿੰਦਾ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਉਨ੍ਹਾਂ ਦੀ ਪਸੰਦ ਸੀ।

ਭਾਰਤ ਵਿੱਚ ਨਿੱਜੀ ਤੌਰ 'ਤੇ ਪੌਰਨ ਦੇਖਣ 'ਤੇ ਕੋਈ ਰੋਕ ਨਹੀਂ ਹੈ ਪਰ ਪੌਰਨ ਵੀਡੀਓ, ਤਸਵੀਰਾਂ ਆਦਿ ਬਣਾਉਣਾ ਜਾਂ ਵੰਡਣਾ ਗ਼ੈਰ-ਕਾਨੂੰਨੀ ਹੈ।
ਦੁਨੀਆਂ ਦੀ ਸਭ ਤੋਂ ਵੱਡੀ ਪੌਰਨ ਵੈੱਬਸਾਈਟ 'ਪੌਰਨਹੱਬ' ਦੇ ਮੁਤਾਬਕ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਤੋਂ ਬਾਅਦ ਭਾਰਤ ਵਿੱਚ ਸਭ ਤੋਂ ਵੱਧ ਪੌਰਨ ਦੇਖਿਆ ਜਾਂਦਾ ਹੈ।
ਤਾਂ ਕੀ ਭਾਰਤ ਵਿੱਚ ਵੀ ਕਾਨੂੰਨੀ ਤੌਰ 'ਤੇ ਪੌਰਨ ਇੰਡਸਟਰੀ ਹੋਣੀ ਚਾਹੀਦੀ ਹੈ?
ਇਸ ਸਵਾਲ ਦਾ ਜਵਾਬ ਦੇਣ ਵਿੱਚ ਸਨੀ ਇੱਕ ਪਲ ਵੀ ਝਿਜਕੀ ਨਹੀਂ, ਉਨ੍ਹਾਂ ਕਿਹਾ, "ਇਹ ਮੇਰਾ ਫ਼ੈਸਲਾ ਨਹੀਂ, ਭਾਰਤ ਸਰਕਾਰ ਅਤੇ ਇੱਥੋਂ ਦੇ ਲੋਕਾਂ ਦਾ ਹੋਵੇਗਾ।"
ਪਰ ਕੀ ਅਜਿਹਾ ਉਦਯੋਗ ਹੋਣ ਨਾਲ ਸਰੀਰਕ ਸਬੰਧਾਂ ਦੇ ਬਾਰੇ ਵਿੱਚ ਸਹਿਜਤਾ ਅਤੇ ਖੁੱਲਾਪਣ ਹੋਵੇਗਾ? ਅਮਰੀਕਾ ਵਿੱਚ ਉਨ੍ਹਾਂ ਦਾ ਤਜ਼ਰਬਾ ਕੀ ਕਹਿੰਦਾ ਹੈ?
ਜਵਾਬ ਵਿੱਚ ਸਨੀ ਨੇ ਕਿਹਾ ਕਿ ਉਨ੍ਹਾਂ ਦੀ ਨਿੱਜੀ ਪਸੰਦ ਕਿਸੇ ਹੋਰ 'ਤੇ ਥੋਪੀ ਨਹੀਂ ਜਾਣੀ ਚਾਹੀਦੀ। ਸਮਾਜ ਦੀ ਸੋਚ ਹਰ ਪਰਿਵਾਰ ਤੋਂ ਬਣਦੀ ਹੈ ਅਤੇ ਹਰ ਕੁੜੀ ਦੀ ਉਨ੍ਹਾਂ ਦੇ ਮਾਪਿਆਂ ਦੀ ਪਰਵਰਿਸ਼ ਨਾਲ।
ਸਨੀ ਦੇ ਮਾਤਾ-ਪਿਤਾ ਉਨ੍ਹਾਂ ਦੇ ਇਸ ਫ਼ੈਸਲੇ ਦੇ ਖ਼ਿਲਾਫ਼ ਸਨ। ਉਹ ਮੰਨਦੀ ਹੈ ਕਿ ਉਨ੍ਹਾਂ ਨੂੰ ਇੱਕ ਬਹੁਤ ਆਜ਼ਾਦ ਖਿਆਲ ਕੁੜੀ ਦੀ ਤਰ੍ਹਾਂ ਵੱਡਾ ਕੀਤਾ ਗਿਆ ਜਿਸ ਕਾਰਨ ਉਹ ਆਪਣੇ ਮਾਤਾ-ਪਿਤਾ ਦੀ ਇੱਜ਼ਤ ਵੀ ਕਰਦੀ ਹੈ ਅਤੇ ਆਪਣੀ ਪਸੰਦ ਦੇ ਫ਼ੈਸਲੇ ਵੀ ਲੈ ਸਕੀ ਹੈ।

ਤਸਵੀਰ ਸਰੋਤ, Twitter
ਹੁਣ ਸਨੀ ਦੇ ਆਪਣੇ ਬੱਚੇ ਹਨ। ਉਨ੍ਹਾਂ ਨੇ ਇੱਕ ਕੁੜੀ ਨੂੰ ਗੋਦ ਲਿਆ ਹੈ ਅਤੇ ਸਰੋਗੇਸੀ ਨਾਲ ਦੋ ਮੁੰਡੇ ਹਨ।
ਕੀ ਉਨ੍ਹਾਂ ਨੂੰ ਉਹ ਜ਼ਿੰਦਗੀ ਦੇ ਫ਼ੈਸਲੇ ਲੈਣ ਦੀ ਇਜਾਜ਼ਤ ਦੇ ਸਕੇਗੀ?
ਸਨੀ ਨੇ ਕਿਹਾ, "ਬੇਸ਼ੱਕ, ਮੈਂ ਚਾਹਾਂਗੀ ਕਿ ਉਹ ਬੁਲੰਦੀਆਂ ਛੂਹਣ, ਅੰਤਰਿਕਸ਼ ਤੱਕ ਜਾਣ ਪਰ ਉਨ੍ਹਾਂ ਦੇ ਫ਼ੈਸਲੇ ਅਤੇ ਰਸਤੇ ਉਨ੍ਹਾਂ ਦੇ ਖ਼ੁਦ ਦੇ ਹੋਣਗੇ।"
ਮੇਰਾ ਆਖ਼ਰੀ ਸਵਾਲ ਸ਼ਾਇਦ ਸਭ ਤੋਂ ਮੁਸ਼ਕਿਲ ਸੀ। ਉਹ ਸਨੀ ਲਿਓਨੀ ਦੇ ਬਾਰੇ ਵਿੱਚ ਤਾਂ ਸੀ ਪਰ ਸ਼ਾਇਦ ਉਸਦਾ ਜਵਾਬ ਕਰਨਜੀਤ ਕੌਰ ਨੂੰ ਦੇਣਾ ਸੀ।
ਕੀ ਤੁਸੀਂ ਆਪਣੇ ਪਿਛਲੇ ਪੇਸ਼ੇ ਬਾਰੇ ਆਪਣੇ ਬੱਚਿਆਂ ਨੂੰ ਸਮਝਾ ਸਕੋਗੇ?
ਸਨੀ ਨੂੰ ਇਹ ਚੰਗਾ ਤਾਂ ਨਹੀਂ ਲੱਗਿਆ।
ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਨੇ ਜੋ ਵੀ ਫ਼ੈਸਲੇ ਲਏ ਉਸ ਕਾਰਨ ਆਮ ਲੋਕਾਂ ਵਿੱਚ ਬਣੀ ਸਮਝ ਅਤੇ ਧਾਰਨਾਵਾਂ ਨਾਲ ਜਿਉਣਾ ਸੌਖਾ ਨਹੀਂ ਹੈ।
ਇਹ ਵੀ ਪੜ੍ਹੋ:
ਪਰ ਉੱਥੇ ਹੀ 'ਗਟਸ' ਦੇ ਨਾਲ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਇਹ ਉਨ੍ਹਾਂ ਦਾ ਸਰੋਕਾਰ ਨਹੀਂ। ਉਨ੍ਹਾਂ ਦੀ ਲੰਬੇ ਸਮੇਂ ਤੋਂ ਮਾਂ ਬਣਨ ਦੀ ਚਾਹਤ ਸੀ ਅਤੇ ਉਹ ਉਸ ਤਜ਼ਰਬੇ ਦੇ ਹਰ ਪਲ ਨੂੰ ਜੀਅ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਜਦੋਂ ਸਮੇਂ ਆਵੇਗਾ ਤਾ ਆਪਣੇ ਪੱਖ ਦੀ ਸੱਚਾਈ ਬੱਚਿਆਂ ਸਾਹਮਣੇ ਜ਼ਰੂਰ ਰੱਖੇਗੀ।













