ਜਦੋਂ ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ 'ਮੈਂ ਕੁਆਰਾ ਹਾਂ ਪਰ ਬ੍ਰਹਮਚਾਰੀ ਨਹੀਂ'

ਤਸਵੀਰ ਸਰੋਤ, Getty Images
- ਲੇਖਕ, ਨਵੀਨ ਨੇਗੀ
- ਰੋਲ, ਬੀਬੀਸੀ ਪੱਤਰਕਾਰ
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਮੌਤ 16 ਅਗਸਤ 2018 ਨੂੰ ਹੋਈ। ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਵੱਡਾ ਇਕੱਠ ਦੇਖਣ ਨੂੰ ਮਿਲਿਆ ਸੀ।
ਵਾਜਪਾਈ ਨੂੰ ਅਗਨੀ ਦੇਣ ਵਾਲੀ ਇੱਕ ਔਰਤ ਸੀ ਅਤੇ ਇਸ ਔਰਤਾ ਦਾ ਨਾਮ ਹੈ ਨਮਿਤਾ ਭੱਟਾਚਾਰਿਆ। ਨਮਿਤਾ, ਅਟਲ ਬਿਹਾਰੀ ਵਾਜਪਾਈ ਦੀ ਮੂੰਹ ਬੋਲੀ ਧੀ ਹਨ।
ਇਹ ਵੀ ਪੜ੍ਹੋ:
ਨਮਿਤਾ ਰਾਜਕੁਮਾਰੀ ਕੌਲ ਅਤੇ ਪ੍ਰੋਫ਼ੈਸਰ ਬੀ ਐਨ ਕੌਲ ਦੀ ਧੀ ਹਨ, ਉਨ੍ਹਾਂ ਨੂੰ ਵਾਜਪਾਈ ਨੇ ਗੋਦ ਲਿਆ ਸੀ।
ਨਮਿਤਾ ਕੌਲ ਦੇ ਪਤੀ ਰੰਜਨ ਭੱਟਾਚਾਰਿਆ ਵਾਜਪਾਈ ਦੇ ਪ੍ਰਧਾਨ ਮੰਤਰੀ ਕਾਲ ਵਿੱਚ ਓਐਸਡੀ (ਆਫ਼ਿਸਰ ਆਨ ਸਪੈਸ਼ਲ ਡਿਊਟੀ) ਸਨ। ਉਨ੍ਹਾਂ ਦਾ ਹੋਟਲ ਦਾ ਕਾਰੋਬਾਰ ਵੀ ਰਿਹਾ ਹੈ।
ਸੀਨੀਅਰ ਪੱਤਰਕਾਰ ਵਿਨੋਦ ਮਹਿਤਾ ਆਪਣੇ ਇੱਕ ਲੇਖ ਵਿੱਚ ਦੱਸਦੇ ਹਨ ਕਿ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸਨ ਉਸ ਦੌਰਾਨ ਪੀਐੱਮ ਦਫ਼ਤਰ ਵਿੱਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਬ੍ਰਜੇਸ਼ ਮਿਸ਼ਰਾ, ਪ੍ਰਧਾਨ ਮੰਤਰੀ ਦੇ ਸਕੱਤਰ ਐਨ ਕੇ ਸਿੰਘ ਤੋਂ ਬਾਅਦ ਤੀਜੇ ਮਹੱਤਵਪੂਰਨ ਸ਼ਖ਼ਸ ਰੰਜਨ ਭੱਟਾਚਾਰਿਆ ਸੀ।
ਵਿਨੋਦ ਮਹਿਤਾ ਲਿਖਦੇ ਹਨ ਕਿ ਅਟਲ ਆਪਣੀ ਧੀ ਅਤੇ ਜਵਾਈ 'ਤੇ ਬਹੁਤ ਭਰੋਸਾ ਕਰਦੇ ਸਨ। ਉਨ੍ਹਾਂ ਦੇ ਪ੍ਰਧਾਨ ਮੰਤਰੀ ਰਹਿਣ ਤੱਕ 7 ਰੇਸ ਕੋਰਸ ਵਿੱਚ ਨਮਿਤਾ ਅਤੇ ਰੰਜਨ ਦਾ ਚੰਗਾ ਦਬਦਬਾ ਸੀ।

ਤਸਵੀਰ ਸਰੋਤ, ddnews
ਵਿਆਹ ਨਾ ਕਰਵਾਉਣ ਵਾਲੇ ਅਟਲ ਬਿਹਾਰੀ ਵਾਜਪਾਈ ਦਾ ਨਮਿਤਾ ਦੀ ਮਾਂ ਰਾਜਕੁਮਾਰੀ ਕੌਲ ਦੇ ਨਾਲ ਰਿਸ਼ਤਾ ਹਮੇਸ਼ਾ ਚਰਚਾ ਵਿੱਚ ਰਿਹਾ ਹੈ, ਹਾਲਾਂਕਿ ਵਾਜਪਾਈ ਨੇ ਇਸ ਰਿਸ਼ਤੇ ਬਾਰੇ ਕਦੇ ਕੁਝ ਨਹੀਂ ਕਿਹਾ।
ਲੇਖ ਮੁਤਾਬਕ ਜਦੋਂ ਵਾਜਪਾਈ ਪ੍ਰਧਾਨ ਮੰਤਰੀ ਸਨ ਉਦੋਂ ਰਾਜਕੁਮਾਰੀ ਕੌਲ, ਕੁੜੀ ਨਮਿਤਾ ਅਤੇ ਜਵਾਈ ਰੰਜਨ ਦੇ ਨਾਲ ਪੀਐੱਮ ਨਿਵਾਸ ਵਿੱਚ ਹੀ ਰਹਿੰਦੀ ਸੀ।
'ਮੈਂ ਕੁਆਰਾ ਹਾਂ ਪਰ ਬ੍ਰਹਮਚਾਰੀ ਨਹੀਂ'
ਅਟਲ, ਜਿਹੜੇ ਹਮੇਸ਼ਾ ਆਪਣੀ ਸਿਆਸੀ ਜ਼ਿੰਦਗੀ ਵਿੱਚ ਕਿਸੇ ਖੁੱਲ੍ਹੀ ਕਿਤਾਬ ਵਰਗੇ ਮਹਿਸੂਸ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਵਿਰੋਧੀ ਵੀ ਪਿਆਰ ਭਰੀਆਂ ਨਜ਼ਰਾਂ ਅਤੇ ਸਨਮਾਨ ਨਾਲ ਵੇਖਦੇ ਹਨ।
ਉਸੇ ਅਟਲ ਦੀ ਨਿੱਜੀ ਜ਼ਿੰਦਗੀ ਵਿੱਚ ਜਾਂ ਇੰਜ ਕਹੀਏ ਕਿ ਪ੍ਰੇਮ ਰੂਪੀ ਖੁਸ਼ੀਆਂ ਦੇ ਆਉਣ ਅਤੇ ਚਲੇ ਜਾਣ ਦਾ ਸਿਲਸਿਲਾ ਓਨਾ ਹੀ ਲੁਕਿਆ ਹੋਇਆ ਨਜ਼ਰ ਆਉਂਦਾ ਹੈ।

ਤਸਵੀਰ ਸਰੋਤ, Pti
ਅਟਲ ਬਿਹਾਰੀ ਵਾਜਪਾਈ ਨੇ ਵਿਆਹ ਨਹੀਂ ਕਰਵਾਇਆ। ਉਨ੍ਹਾਂ ਦੇ ਵਿਆਹ ਨਾਲ ਜੁੜਿਆ ਸਵਾਲ ਜਦੋਂ ਉਨ੍ਹਾਂ ਦੇ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਕਿਹਾ-ਮੈਂ ਕੁਆਰਾ ਹਾਂ ਪਰ ਬ੍ਰਹਮਚਾਰੀ ਨਹੀਂ।'
ਇੱਕ ਮਜ਼ਬੂਤ ਬੁਲਾਰਾ, ਕਵੀ, ਆਜ਼ਾਦ ਭਾਰਤ ਦੇ ਇੱਕ ਵੱਡੇ ਨੇਤਾ ਅਤੇ ਤਿੰਨ ਵਾਰ ਦੇਸ ਦੇ ਪ੍ਰਧਾਨ ਮੰਤਰੀ ਬਣੇ, ਕੀ ਉਹ ਇਕੱਲੇ ਸਨ।
ਅਟਲ ਦਾ ਪਰਿਵਾਰ
ਅਟਲ ਬਿਹਾਰੀ ਵਾਜਪਾਈ ਦੇ 'ਪਰਿਵਾਰ' 'ਤੇ ਦੱਬੀ ਜ਼ੁਬਾਨ ਵਿੱਚ ਹਮੇਸ਼ਾ ਹੀ ਕੁਝ ਨਾ ਕੁਝ ਚਰਚਾ ਹੁੰਦੀ ਰਹੀ, ਹਾਲਾਂਕਿ ਇਸਦਾ ਅਸਰ ਉਨ੍ਹਾਂ ਦੀ ਸਿਆਸੀ ਜ਼ਿੰਦਗੀ 'ਤੇ ਕਦੇ ਨਹੀਂ ਵਿਖਿਆ।
ਵਾਜਪਾਈ ਦਾ ਸਬੰਧ ਉਨ੍ਹਾਂ ਦੇ ਕਾਲਜ ਦੇ ਦਿਨਾਂ ਦੀ ਦੋਸਤ ਰਾਜਕੁਮਾਰੀ ਕੌਲ ਦੇ ਨਾਲ ਹਮੇਸ਼ਾ ਜੋੜਿਆ ਗਿਆ। ਦੋਵੇਂ ਗਵਾਲੀਅਰ ਦੇ ਮਸ਼ਹੂਰ ਵਿਕਟੋਰੀਆ ਕਾਲਜ (ਰਾਣੀ ਲਕਸ਼ਮੀ ਬਾਈ ਕਾਲਜ) ਵਿੱਚ ਇਕੱਠੇ ਪੜ੍ਹਦੇ ਸਨ।
ਸ਼੍ਰੀਮਤੀ ਕੌਲ ਨੇ ਦਿੱਲੀ ਯੂਨੀਵਰਸਟੀ ਦੇ ਪ੍ਰੋਫ਼ੈਸਰ ਬੀਐਨ ਕੌਲ ਨਾਲ ਵਿਆਹ ਕਰਵਾ ਲਿਆ।

ਤਸਵੀਰ ਸਰੋਤ, NG Han Guan/AFP/Getty Images
ਅਟਲ ਰਾਜਕੁਮਾਰੀ ਕੌਲ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਦੇ ਵੀ ਗਹਿਰੇ ਦੋਸਤ ਸਨ।
ਪੁਰਾਣੀਆਂ ਗੱਲਾਂ ਯਾਦ ਕਰਦੇ ਹੋਏ ਕੌਮਾਂਤਰੀ ਮਾਮਲਿਆਂ ਦੇ ਜਾਣਕਾਰ ਅਤੇ ਪ੍ਰੋਫ਼ੈਸਰ ਪੁਸ਼ਪੇਸ਼ ਪੰਤ ਦੱਸਦੇ ਹਨ , ''50 ਸਾਲ ਪਹਿਲਾਂ ਮੈਂ ਦਿੱਲੀ ਦੇ ਰਾਮਜਸ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕੀਤਾ ਸੀ। ਹੋਸਟਲ ਦੇ ਵਾਰਡਨ ਪ੍ਰੋਫ਼ੈਸਰ ਕੌਲ ਸਨ। ਉਨ੍ਹਾਂ ਨੇ ਮੈਨੂੰ ਛੋਟਾ ਭਰਾ ਸਮਝ ਕੇ ਹਮੇਸ਼ਾ ਮੈਨੂੰ ਰਾਹ ਦਿਖਾਇਆ। ਵਿਦਿਆਰਥੀਆਂ ਲਈ ਉਹ ਅਤੇ ਰਾਜਕੁਮਾਰੀ ਕੌਲ ਮਾਪਿਆਂ ਵਰਗੇ ਸਨ।''
''ਵਾਜਪਾਈ ਜੀ ਕੌਲ ਜੋੜੇ ਦੇ ਪਰਿਵਾਰਕ ਮਿੱਤਰ ਸਨ। ਜਦੋਂ ਉਹ ਉਨ੍ਹਾਂ ਕੋਲ ਹੁੰਦੇ ਤਾਂ ਕਿਸੇ ਵੱਡੇ ਲੀਡਰ ਦੀ ਹੈਸੀਅਤ ਨਾਲ ਨਹੀਂ ਹੁੰਦੇ। ਵਿਦਿਆਰਥੀਆਂ ਨਾਲ ਅਣਅਧਿਕਾਰਤ ਤਰੀਕੇ ਨਾਲ ਜੋ ਕੁਝ ਬਣਦਾ, ਉਹ ਮਿਲ-ਵੰਡ ਕੇ ਖਾਂਦੇ, ਗੱਲਾਂ ਕਰਦੇ ਅਤੇ ਠਹਾਕੇ ਲਗਾਉਂਦੇ।''
ਪੀਐੱਮ ਆਵਾਸ ਵਿੱਚ ਸ਼੍ਰੀਮਤੀ ਕੌਲ
ਜਦੋਂ ਪ੍ਰੋਫ਼ੈਸਰ ਕੌਲ ਅਮਰੀਕਾ ਚਲੇ ਗਏ ਤਾਂ ਸ਼੍ਰੀਮਤੀ ਕੌਲ ਅਟਲ ਦੇ ਨਿਵਾਸ ਸਥਾਨ 'ਤੇ ਉਨ੍ਹਾਂ ਨਾਲ ਰਹਿਣ ਆ ਗਈ।
ਵਾਜਪਾਈ ਜਦੋਂ ਪ੍ਰਧਾਨ ਮੰਤਰੀ ਬਣੇ ਤਾਂ ਸ਼੍ਰੀਮਤੀ ਕੌਲ ਦਾ ਪਰਿਵਾਰ 7 ਰੇਸ ਕੋਰਸ ਵਿੱਚ ਸਥਿਤ ਪ੍ਰਧਾਨ ਮੰਤਰੀ ਆਵਾਸ ਵਿੱਚ ਹੀ ਰਹਿੰਦਾ ਸੀ। ਉਨ੍ਹਾਂ ਦੀਆਂ ਦੋ ਕੁੜੀਆਂ ਸਨ। ਜਿਨ੍ਹਾਂ ਵਿੱਚੋਂ ਛੋਟੀ ਕੁੜੀ ਨਮਿਤਾ ਨੂੰ ਅਟਲ ਨੇ ਗੋਦ ਲੈ ਲਿਆ ਸੀ।
ਅਟਲ ਅਤੇ ਕੌਲ ਨੇ ਕਦੇ ਵੀ ਆਪਣੇ ਰਿਸ਼ਤਿਆਂ ਨੂੰ ਨਾਮ ਨਹੀਂ ਦਿੱਤਾ ਸੀ। ਸੈਵੀ ਮੈਗਜ਼ੀਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਸ਼੍ਰੀਮਤੀ ਕੌਲ ਨੇ ਕਿਹਾ, "ਮੈਂ ਅਤੇ ਅਟਲ ਬਿਹਾਰੀ ਵਾਜਪਾਈ ਨੇ ਕਦੇ ਇਸ ਗੱਲ ਦੀ ਲੋੜ ਮਹਿਸੂਸ ਨਹੀਂ ਕੀਤੀ ਕਿ ਇਸ ਰਿਸ਼ਤੇ ਬਾਰੇ ਕੋਈ ਸਫ਼ਾਈ ਦਿੱਤੀ ਜਾਵੇ।''
ਇਹ ਵੀ ਪੜ੍ਹੋ:

ਤਸਵੀਰ ਸਰੋਤ, Getty Images
ਅਟਲ ਬਿਹਾਰੀ ਦੀ ਜ਼ਿੰਦਗੀ ਵਿੱਚ ਸ਼੍ਰੀਮਤੀ ਕੌਲ ਦਾ ਕਿੰਨਾ ਅਸਰ ਸੀ ਇਸਦਾ ਜ਼ਿਕਰ ਸਾਨੂੰ ਕਰਨ ਥਾਪਰ ਦੀ ਹਾਲ ਹੀ ਵਿੱਚ ਪ੍ਰਕਾਸ਼ਿਤ ਕਿਤਾਬ 'ਡੇਵਿਲਸ ਐਡਵੋ: ਦਿ ਅਨਟੋਲਡ ਸਟੋਰੀ' ਵਿੱਚ ਮਿਲਦਾ ਹੈ।
ਕਰਨ ਆਪਣੀ ਕਿਤਾਬ ਵਿੱਚ ਲਿਖਦੇ ਹਨ, ''ਜਦੋਂ ਵੀ ਮਿਸਟਰ ਵਾਜਪਾਈ ਦਾ ਇੰਟਰਵਿਊ ਕਰਨ ਲਈ ਅਪਾਇਨਮੈਂਟ ਲੈਣਾ ਹੁੰਦਾ, ਤਾਂ ਹਮੇਸ਼ਾ ਸ਼੍ਰੀਮਤੀ ਕੌਲ ਨਾਲ ਗੱਲ ਕਰਨੀ ਪੈਂਦੀ ਸੀ। ਜੇਕਰ ਕੌਲ ਇੱਕ ਵਾਰ ਇੰਟਰਵਿਊ ਲਈ ਕਮਿਟਮੈਂਟ ਕਰ ਦਿੰਦੀ ਤਾਂ ਅਟਲ ਵੀ ਮਨਾ ਨਹੀਂ ਕਰਦੇ ਸੀ।''
ਸਾਲ 2014 ਵਿੱਚ ਜਦੋਂ ਸ੍ਰੀਮਤੀ ਕੌਲ ਦਾ ਦੇਹਾਂਤ ਹੋਇਆ ਤਾਂ ਉਨ੍ਹਾਂ ਦੇ ਸਸਕਾਰ ਲਈ ਭਾਜਪਾ ਦੇ ਕਈ ਸੀਨੀਅਰ ਲੀਡਰ ਜਿਨ੍ਹਾਂ ਵਿੱਚ ਲਾਲ ਕ੍ਰਿਸ਼ਨ ਅਡਵਾਨੀ, ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਅਰੁਣ ਜੇਟਲੀ ਅਤੇ ਰਵੀ ਸ਼ੰਕਰ ਪ੍ਰਸਾਦ ਲੋਧੀ ਰੋਡ ਪਹੁੰਚੇ ਸਨ।

ਤਸਵੀਰ ਸਰੋਤ, Getty Images
ਸ਼੍ਰੀਮਤੀ ਕੌਲ ਦੇ ਦੇਹਾਂਤ ਤੋਂ ਕੁਝ ਦਿਨ ਬਾਅਦ ਬੀਬੀਸੀ ਨੇ ਉਨ੍ਹਾਂ ਦੀ ਦੋਸਤ ਤਲਤ ਜ਼ਮੀਰ ਨਾਲ ਗੱਲਬਾਤ ਕੀਤੀ।
ਉਸ ਵੇਲੇ ਤਲਤ ਨੇ ਕੌਲ ਅਤੇ ਅਟਲ ਦੇ ਰਿਸ਼ਤੇ ਦੀ ਡੂੰਘਾਈ ਨੂੰ ਕੁਝ ਇੰਜ ਦੱਸਿਆ ਸੀ, ''ਉਹ ਬਹੁਤ ਹੀ ਸੋਹਣੀ ਕਸ਼ਮੀਰੀ ਮਹਿਲਾ ਸੀ, ਬੜਾ ਹੀ ਮਿੱਠਾ ਬੋਲਦੀ ਸੀ, ਉਨ੍ਹਾਂ ਦੀ ਬਹੁਤ ਹੀ ਸਾਫ਼ ਉਰਦੂ ਜ਼ੁਬਾਨ ਸੀ। ਮੈਂ ਜਦੋਂ ਵੀ ਉਨ੍ਹਾਂ ਨੂੰ ਮਿਲਣ ਪ੍ਰਧਾਨ ਮੰਤਰੀ ਨਿਵਾਸ ਜਾਂਦੀ ਸੀ ਤਾਂ ਦੇਖਦੀ ਸੀ ਉੱਥੇ ਸਾਰੇ ਲੋਕ ਉਨ੍ਹਾਂ ਨੂੰ ਮਾਤਾ ਜੀ ਕਹਿੰਦੇ ਸਨ।''
''ਅਟਲ ਜੀ ਦੇ ਖਾਣੇ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਦੀ ਸੀ। ਰਸੋਈਆ ਜਾ ਕੇ ਉਨ੍ਹਾਂ ਨੂੰ ਹੀ ਪੁੱਛਦਾ ਸੀ ਕਿ ਅੱਜ ਖਾਣੇ ਵਿੱਚ ਕੀ ਬਣਾਇਆ ਜਾਵੇ। ਉਨ੍ਹਾਂ ਨੂੰ ਟੀਵੀ ਦੇਖਣ ਦਾ ਬਹੁਤ ਸ਼ੌਕ ਸੀ ਅਤੇ ਸਾਰੇ ਸੀਰੀਅਲਜ਼ ਡਿਸਕਸ ਕਰਦੇ ਸਨ। ਉਹ ਕਹਿੰਦੇ ਸਨ ਕਿ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਜਦੋਂ ਪੈਦਾ ਹੋਏ ਸੀ ਤਾਂ ਉਹ ਉਨ੍ਹਾਂ ਨੂੰ ਦੇਖਣ ਹਸਪਤਾਲ ਗਈ ਸੀ ਕਿਉਂਕਿ ਉਨ੍ਹਾਂ ਦੇ ਪਿਤਾ ਜਾਨਿਸਾਰ ਅਖ਼ਤਰ ਗਵਾਲੀਅਰ ਦੇ ਵਿਕਟੋਰੀਆ ਕਾਲਜ ਵਿੱਚ ਉਨ੍ਹਾਂ ਨੂੰ ਪੜ੍ਹਾਉਂਦੇ ਸਨ। ਉਹ ਜਾਵੇਦ ਨਾਲ ਸਪੰਰਕ ਵਿੱਚ ਵੀ ਰਹਿੰਦੀ ਸੀ।''
ਇਹ ਵੀ ਪੜ੍ਹੋ:
ਅਟਲ ਅਤੇ ਸ਼੍ਰੀਮਤੀ ਕੌਲ ਦਾ ਰਿਸ਼ਤਾ ਬੇਨਾਮ ਰਿਹਾ, ਜਿਸਦੇ ਤਮਾਮ ਕਿੱਸੇ ਸਿਆਸੀ ਗਲਿਆਰਿਆਂ ਅਤੇ ਪੱਤਰਕਾਰਾਂ ਦੀ ਨੋਟਬੁੱਕ ਵਿੱਚ ਦਰਜ ਹੈ।
ਸ਼੍ਰੀਮਤੀ ਕੌਲ ਨਾਲ ਆਪਣੇ ਰਿਸ਼ਤੇ ਬਾਰੇ ਸ਼ਾਇਦ ਉਹ ਇਨ੍ਹਾਂ ਸਤਰਾਂ ਵਿੱਚ ਕਹਿ ਗਏ...
ਜਨਮ-ਮਰਣ ਅਵਿਰਤ ਫੇਰਾ
ਜੀਵਨ ਬੰਜਾਰੋਂ ਕਾ ਡੇਰਾ
ਆਜ ਯਹਾਂ, ਕੱਲ ਕਹਾਂ ਕੂਚ ਹੈ
ਕੌਣ ਜਾਨਤਾ ਕਿਧਰ ਸਵੇਰਾ
ਅੰਧਿਆਰਾ ਆਕਾਸ਼ ਅਸੀਮਿਤ, ਪ੍ਰਾਣੋ ਕੇ ਪੰਖੋਂ ਕੋ ਤੋਲੇਂ!
ਅਪਨੇ ਹੀ ਮਨ ਸੇ ਕੁਛ ਬੋਲੇਂ!












