ਹਰਿਆਣਾ ਦੇ ਪਲਵਲ ’ਚ ਮੱਝ ਚੋਰੀ ਕਰਨ ਦੇ 'ਚ ਸ਼ੱਕ 'ਚ ਨੌਜਵਾਨ ਦਾ ਕਤਲ

ਦਿੱਲੀ ਨਾਲ ਲੱਗਦੇ ਹਰਿਆਣਾ ਦੇ ਪਲਵਲ ਵਿੱਚ ਮੱਝ ਚੋਰੀ ਕਰਨ ਦੇ ਸ਼ੱਕ ਵਿੱਚ ਵੀਰਵਾਰ ਰਾਤ ਨੂੰ ਇੱਕ ਨੌਜਵਾਨ ਦੀ ਕੁੱਟ-ਕੁੱਟ ਦੇ ਹੱਤਿਆ ਕਰ ਦਿੱਤੀ ਗਈ।
ਸਥਾਨਕ ਪੁਲਿਸ ਨੇ ਬੀਬੀਸੀ ਨੂੰ ਦੱਸਿਆ ਕਿ ਵੀਰਵਾਰ ਰਾਤ ਨੂੰ ਬਹਿਰੋਲਾ ਪਿੰਡ ਵਿੱਚ ਲੋਕਾਂ ਨੇ ਮੱਝ ਚੋਰੀ ਕਰਨ ਦੇ ਸ਼ੱਕ ਵਿੱਚ ਤਿੰਨ ਨੌਜਵਾਨਾਂ ਦਾ ਪਿੱਛਾ ਕੀਤਾ। ਇਨ੍ਹਾਂ ਵਿਚੋਂ ਦੋ ਨੌਜਵਾਨ ਭੱਜ ਗਏ, ਜਦਕਿ ਇੱਕ ਨੂੰ ਲੋਕਾਂ ਨੇ ਘੇਰ ਲਿਆ ਅਤੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।
ਪਲਵਲ ਦੇ ਸਦਰ ਥਾਣੇ ਦੇ ਏਐਸਆਈ ਸੁਰੇਸ਼ ਕੁਮਾਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜ੍ਹੋ:
ਮਰਨ ਵਾਲੇ ਦੀ ਸ਼ਨਾਖ਼ਤ ਨਹੀਂ
ਏਐਸਆਈ ਸੁਰੇਸ਼ ਕੁਮਾਰ ਨੇ ਬੀਬੀਸੀ ਪੱਤਰਕਾਰ ਅਨੰਤ ਅਵਸਥੀ ਨੂੰ ਦੱਸਿਆ, "ਰਾਤ ਵੇਲੇ ਤਿੰਨ ਨੌਜਵਾਨ ਮੱਝਾਂ ਚੋਰੀ ਕਰਨ ਆਏ ਸਨ। ਜਦੋਂ ਇਨ੍ਹਾਂ ਨੌਜਵਾਨਾਂ ਨੇ ਮੱਝਾਂ ਲਈ ਲਾਈ ਗਈ ਮੱਛਰਦਾਨੀ ਖੋਲੀ ਤਾਂ ਉਥੇ ਸੁੱਤੇ ਲੋਕ ਜਾਗ ਗਏ, ਜਿਸ ਤੋਂ ਬਾਅਦ ਦੋ ਮੁੰਡੇ ਭੱਜ ਗਏ ਅਤੇ ਇੱਕ ਨੂੰ ਕਾਬੂ ਆ ਗਿਆ।"

ਤਸਵੀਰ ਸਰੋਤ, AFP
"ਇਸ ਤੋਂ ਬਾਅਦ ਉਸ ਮੁੰਡੇ ਨੂੰ ਕੁੱਟਿਆ ਗਿਆ। ਜਾਂਚ ਦੌਰਾਨ ਉਸ ਦੇ ਸਰੀਰ 'ਤੇ ਕਈ ਅੰਦਰੂਨੀ ਸੱਟਾਂ ਪਾਈਆਂ ਗਈਆਂ। ਘਟਨਾ ਵਿੱਚ ਮਰਨ ਵਾਲੇ ਨੌਜਵਾਨ ਦੀ ਅਜੇ ਸ਼ਨਾਖ਼ਤ ਨਹੀਂ ਸਕੀ। ਮਾਰੇ ਗਏ ਨੌਜਵਾਨ ਦੀ ਉਮਰ ਦੀ 28 ਸਾਲਾਂ ਦੀ ਹੈ।"
ਮ੍ਰਿਤਕ ਦੀ ਲਾਸ਼ ਨੂੰ ਸ਼ਨਾਖ਼ਤ ਹੋਣ ਤੱਕ ਪਲਵਲ ਦੇ ਮੁਰਦਾਘਰ 'ਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ:
ਇੱਕ ਵਿਅਕਤੀ ਗ੍ਰਿਫ਼ਤਾਰ
ਸੁਰੇਸ਼ ਕੁਮਾਰ ਮੁਤਾਬਕ, ਇਸ ਮਾਮਲੇ ਵਿੱਚ ਹੁਣ ਤੱਕ 45 ਸਾਲਾ ਰਾਮਕਿਸ਼ਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਰਾਜਸਥਾਨ ਦੇ ਅਲਵਰ ਵਿੱਚ ਹਰਿਆਣਾ ਦੇ ਨੂੰਹ ਦੇ ਰਹਿਣ ਵਾਲੇ ਰਕਬਰ ਖ਼ਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ।
ਰਕਬਰ 'ਤੇ ਅੱਧੀ ਰਾਤ ਨੂੰ ਭੀੜ ਨੇ ਇਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਦੋਂ ਗਊਆਂ ਨਾਲ ਪੈਦਲ ਹਰਿਆਣਾ ਜਾ ਰਿਹਾ ਸੀ। ਇਸ ਤੋਂ ਬਾਅਦ ਹਸਪਤਾਲ ਜਾਂਦਿਆਂ ਉਸ ਦੀ ਮੌਤ ਹੋ ਗਈ।

ਤਸਵੀਰ ਸਰੋਤ, Facebook
ਉਸ ਤੋਂ ਕੁਝ ਸਮੇਂ ਪਹਿਲਾਂ ਆਸਾਮ ਦੇ ਕਾਰਬੀ-ਆਂਗਲੋਂਗ ਜ਼ਿਲ੍ਹੇ ਵਿੱਚ ਭੀੜ ਨੇ ਦੋ ਨੌਜਵਾਨਾਂ ਨੂੰ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਪੀਐਮ ਮੋਦੀ ਅਤੇ ਕੋਰਟ ਦੀ ਹੋ ਰਹੀ ਹੈ ਅਨਸੁਣੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਸੁਪਰੀਮ ਕੋਰਟ ਵੀ ਭੀੜ ਵੱਲੋਂ ਵੀ ਹੋ ਰਹੀਆਂ ਹਿੰਸਕ ਘਟਨਾਵਾਂ ਨੂੰ ਰੋਕਣ ਦੀ ਗੱਲ ਕਹੀ ਗਈ ਹੈ।
ਸੁਪਰੀਮ ਕੋਰਟ ਨੇ ਟਿੱਪਣੀ ਕਰਦੇ ਹੋਏ ਕਿਹਾ ਕਿ ਮੌਬ ਲਿੰਚਿੰਗ ਨੂੰ ਇੱਕ ਵੱਖ ਅਪਰਾਧ ਦੀ ਸ਼੍ਰੇਣੀ ਵਿੱਚ ਰੱਖਿਆ ਜਾਵੇ ਅਤੇ ਸਰਕਾਰ ਨੂੰ ਇਸ ਨੂੰ ਰੋਕਣ ਲਈ ਕਾਨੂੰਨ ਬਣਾਉਣਾ ਚਾਹੀਦਾ ਹੈ।
ਚੀਫ਼ ਜਸਟਿਸ ਦੀਪਕ ਮਿਸ਼ਰਾ ਨੇ ਕਿਹਾ ਸੀ, "ਡਰ ਅਤੇ ਗੜਬੜੀ ਦੇ ਮਾਹੌਲ ਵਿੱਚ, ਸੂਬੇ ਨੂੰ ਸਕਾਰਾਤਮਕ ਕਾਰਜ ਕਰਨਾ ਪੈਂਦਾ ਹੈ। ਹਿੰਸਾ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ।"
ਇਹ ਵੀ ਪੜ੍ਹੋ:
ਅਦਾਲਤ ਨੇ ਕਿਹਾ, "ਲੋਕਤੰਤਰ ਦੀਆਂ ਭਿਆਨਕ ਗਤੀਵੀਧਿਆਂ ਨੂੰ ਇੱਕ ਨਵਾਂ ਮਾਪਦੰਡ ਬਣਾਉਣ ਦੀ ਆਗਿਆ ਨਹੀਂ ਦਿੱਤੀ ਜਾ ਸਕਦੀ ਹੈ ਅਤੇ ਇਸ ਨੂੰ ਸਖ਼ਤੀ ਨਾਲ ਦਬਾਇਆ ਜਾਣਾ ਚਾਹੀਦਾ ਹੈ।"
ਸੁਪਰੀਮ ਕੋਰਟ ਨੇ ਟਿੱਪਣੀ ਸਮਾਜਿਕ ਵਰਕਰ ਤਹਿਸੀਨ ਪੂਨਾਵਾਲਾ ਅਤੇ ਮਹਾਤਮਾ ਗਾਂਧੀ ਦੇ ਪੜਪੋਤੇ ਤੁਸ਼ਾਰ ਗਾਂਧੀ ਵੱਲੋਂ ਗਊ ਰੱਖਿਅਕਾਂ ਦੀ ਹਿੰਸਾ ਦੀ ਜਾਂਚ ਕਰਨ ਸੰਬੰਧੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਦੌਰਾਨ ਕੀਤੀ ਸੀ।












