ਕਈ ਡੇਰਾ ਪ੍ਰੇਮੀਆਂ ਨੇ ਜੇਲ੍ਹ ਦੇ ਸਾਈਨ ਬੋਰਡ 'ਤੇ ਬਣਾਇਆ ਪੂਜਾ ਅਸਥਾਨ

ਡੇਰਾ ਸ਼ਰਧਾਲੂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਕਈ ਡੇਰਾ ਪ੍ਰੇਮੀ ਸੁਨਾਰੀਆ ਜੇਲ੍ਹ ਦੇ ਬੋਰਡ ਥੱਲੇ ਪੂਜਾ ਕਰ ਰਹੇ ਹਨ
    • ਲੇਖਕ, ਸੱਤ ਸਿੰਘ
    • ਰੋਲ, ਰੋਹਤਕ ਤੋਂ ਬੀਬੀਸੀ ਲਈ

ਸੁਨਾਰੀਆ ਜੇਲ੍ਹ ਵਿੱਚ ਚੇਲੀਆਂ ਨਾਲ ਬਲਾਤਕਾਰ ਦੀ ਵੀਹ ਸਾਲੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਪੈਰੋਕਾਰਾਂ ਨੇ ਜੇਲ੍ਹ ਦੇ ਸਾਈਨ ਬੋਰਡ ਕੋਲ ਖੜ੍ਹੇ ਹੋ ਕੇ ਅਰਦਾਸ ਕਰਨੀ ਸ਼ੁਰੂ ਕਰ ਦਿੱਤੀ ਸੀ।

ਕਥਿਤ ਤੌਰ 'ਤੇ ਇਸ ਤੋਂ ਤੰਗ ਆ ਕੇ ਸਥਾਨਕ ਪੁਲਿਸ ਨੇ ਮੰਗਲਵਾਰ ਨੂੰ ਉਹ ਸਾਈਨ ਬੋਰਡ ਹੀ ਪੁੱਟ ਕੇ ਸੁੱਟ ਦਿੱਤਾ।

ਰਾਮ ਰਹੀਮ ਦਿੱਲੀ-ਹਿਸਾਰ ਸ਼ਾਹ ਰਾਹ ਉੱਪਰ ਮੁਕਾਮੀ ਸੁਨਾਰੀਆ ਜੇਲ੍ਹ ਵਿੱਚ ਬੰਦ ਹਨ। ਉਨ੍ਹਾਂ ਦੇ ਚੇਲਿਆਂ ਵੱਲੋਂ ਸਾਈਨ ਬੋਰਡ ਕੋਲ ਖੜ੍ਹੇ ਹੋ ਕੇ ਸੈਲਫੀਆਂ ਲੈਣ ਅਤੇ ਅਰਦਾਸ ਕਰਨ ਕਰਕੇ ਸਥਾਨਕ ਪੁਲਿਸ ਪ੍ਰੇਸ਼ਾਨ ਸੀ।

ਸ਼ਿਵਾਜੀ ਨਗਰ ਦੇ ਐਸਐਚਓ ਅਤੇ ਸਬ ਇੰਸਪੈਕਟਰ ਦਵਿੰਦਰ ਕੁਮਾਰ ਨੇ ਰਾਮ ਰਹੀਮ ਦੇ ਅੱਠ ਚੇਲਿਆਂ ਨੂੰ ਉਨ੍ਹਾਂ ਦੀ ਟਵੇਰਾ ਕਾਰ ਸਮੇਤ ਹਿਰਾਸਤ ਵਿੱਚ ਲਿਆ।

ਡੇਰਾ ਸ਼ਰਧਾਲੂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪ੍ਰਸ਼ਾਸਨ ਵੱਲੋਂ ਕੁਝ ਬੋਰਡ ਪੇਂਟ ਹੀ ਕਰ ਦਿੱਤੇ ਗਏ ਹਨ

ਇਹ ਚੇਲੇ ਸਾਈਨ ਬੋਰਡ ਕੋਲ ਕਾਰ ਰੋਕ ਕੇ ਖੜ੍ਹੇ ਸਨ ਅਤੇ ਹੱਥ ਜੋੜ ਕੇ ਸੁਨਾਰੀਆ ਜੇਲ੍ਹ ਵਿੱਚ ਬੰਦ ਆਪਣੇ 'ਪਿਤਾ ਜੀ' ਨੂੰ ਅਰਦਾਸ ਕਰ ਰਹੇ ਸਨ।

ਪੁਲਿਸ ਨੇ ਇਨ੍ਹਾਂ ਚੇਲਿਆਂ ਨੂੰ ਭਾਰਤੀ ਦੰਡਾਵਲੀ ਦੀ ਧਾਰਾ 107/150 ਤਹਿਤ ਕੇਸ ਦਰਜ ਕਰਕੇ ਅਤੇ ਮੁੜ ਇਹ ਕੰਮ ਨਾ ਦੁਹਰਾਉਣ ਦੀ ਚੇਤਾਵਨੀ ਦੇ ਕੇ ਰਿਹਾ ਕਰ ਦਿੱਤਾ।

ਇਹ ਘਟਨਾ ਕੋਈ ਪਹਿਲੀ ਵਾਰ ਨਹੀਂ ਸੀ ਵਾਪਰੀ।

ਇਸ ਸਾਈਨ ਬੋਰਡ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਹੀ ਉਹ ਜੇਲ੍ਹ ਹੈ ਜਿੱਥੇ ਬਾਬਾ ਇੱਕ ਖ਼ਾਸ ਸੈਲ ਵਿੱਚ ਸਜ਼ਾ ਕੱਟ ਰਿਹਾ ਹੈ।

ਡੇਰਾ ਸ਼ਰਧਾਲੂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਡੇਰਾ ਸ਼ਰਧਾਲੂ ਸਾਈਨ ਬੋਰਡਾਂ ਨੂੰ ਮੱਥਾ ਟੇਕ ਰਹੇ ਹਨ

ਚੇਲਿਆਂ ਦੇ ਸਾਈਨ ਬੋਰਡ ਕੋਲ ਗੱਡੀਆਂ ਖੜ੍ਹੀਆਂ ਕਰਕੇ ਅਰਦਾਸ ਕਰਨੀ ਅਤੇ ਡੇਰੇ ਪ੍ਰਤੀ ਵਫ਼ਾਦਾਰੀ ਪ੍ਰਗਟਾਉਣ ਲਈ ਸੈਲਫੀਆਂ ਲੈ ਕੇ ਸੋਸ਼ਲ ਮੀਡੀਆ 'ਤੇ ਪਾਉਣਾ ਇੱਕ ਆਮ ਨਜ਼ਾਰਾ ਸੀ।

ਕੁਝ ਫਿਤੂਰੀ ਚੇਲਿਆਂ ਨੇ ਬੋਰਡ ਖੁਰਚ ਕੇ 'MSG' ਬਣਾ ਦਿੱਤਾ ਸੀ ਅਤੇ ਕੁਝ ਨੇ 'I Love you Papaji' ਤੋਂ ਇਲਾਵਾ ਆਪਣਾ ਟਰੇਡਮਾਰਕ ਜਕਾਰਾ "ਧੰਨ ਧੰਨ ਸਤਗੁਰ ਤੇਰਾ ਹੀ ਆਸਰਾ" ਲਿਖ ਦਿੱਤਾ ਸੀ।

ਜਦੋਂ ਰਾਮ ਰਹੀਮ ਨੂੰ ਸੀਬੀਆਈ ਨੇ 25 ਅਗਸਤ, 2017 ਨੂੰ ਸਜ਼ਾ ਸੁਣਾਈ ਸੀ ਤਾਂ ਸ਼ਾਹ ਰਾਹ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਰਹਿੰਦੀ ਸੀ। ਹੌਲੀ-ਹੌਲੀ ਪੁਲਿਸ ਦੀ ਨਫ਼ਰੀ ਘਟ ਗਈ ਅਤੇ ਇੱਥੇ ਚੇਲੇ ਜੁੜਨੇ ਸ਼ੁਰੂ ਹੋ ਗਏ।

ਡੇਰਾ ਸ਼ਰਧਾਲੂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਡੇਰਾ ਪ੍ਰੇਮੀਆਂ ਤੋਂ ਪ੍ਰੇਸ਼ਾਨ ਹੋ ਕੇ ਪ੍ਰਸ਼ਾਸਨ ਬੋਰਡ ਹਟਾ ਰਿਾਹ ਹੈ

ਸ਼ਿਵਾਜੀ ਨਗਰ ਪੁਲਿਸ ਸਟੇਸ਼ਨ ਦੇ ਇੰਚਾਰਜ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਡੇਰਾ ਸ਼ਰਧਾਲੂਆਂ ਦਾ ਉੱਥੇ ਜੁੜਨਾ ਅਤੇ ਫੇਰ ਉਨ੍ਹਾਂ ਨੂੰ ਫੜਨ ਜਾਂ ਨਸਾਉਣ ਲਈ ਉੱਥੇ ਪਹੁੰਚਣਾ ਉਨ੍ਹਾਂ ਲਈ ਸਿਰ ਦਰਦ ਬਣ ਗਿਆ ਸੀ।

ਇਹੀ ਇੱਕ ਬਿੰਦੂ ਸੀ ਜਿੱਥੋਂ ਸ਼ਰਧਾਲੂਆਂ ਨੂੰ ਇਸ ਜੇਲ੍ਹ ਬਾਰੇ ਪਤਾ ਚਲਦਾ ਸੀ।

ਰਾਜਿੰਦਰ ਕੁਮਾਰ ਨੇ ਦੱਸਿਆ ਕਿ ਇਸ ਸਾਈਨ ਬੋਰਡ ਉੱਪਰ "ਸੁਨਾਰੀਆ ਜੇਲ੍ਹ" ਲਿਖਿਆ ਹੋਇਆ ਸੀ ਅਤੇ ਕੌਮੀ ਰਾਜ ਮਾਰਗ ਅਥਾਰਟੀ ਦੇ ਅਧਿਕਾਰੀਆਂ ਵੱਲੋਂ ਹੀ ਪੁਟਿਆ ਗਿਆ ਸੀ ਨਾ ਕਿ ਪੁਲਿਸ ਵੱਲੋਂ।

ਉਨ੍ਹਾਂ ਇਹ ਵੀ ਦੱਸਿਆ ਕਿ ਅਜਿਹਾ ਸ਼ਰਧਾਲੂਆਂ ਦੇ ਜੁੜਨ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਭਰੋਸੇ ਵਿੱਚ ਲੈ ਕੇ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਡੇਰੇ ਨਾਲ ਰਾਮ ਰਹੀਮ ਪ੍ਰਤੀ ਵਫ਼ਾਦਾਰੀ ਪ੍ਰਗਟਾਉਣ ਲਈ ਸੈਲਫੀਆਂ ਲੈ ਕੇ ਸੋਸ਼ਲ ਮੀਡੀਆ 'ਤੇ ਪਾਉਂਦੇ ਸਨ।

ਉਹ ਥਾਂ ਜਿੱਥੋਂ ਪੁਲਿਸ ਨੇ ਬੋਰਡ ਪੁੱਟਿਆ।

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਉਹ ਥਾਂ ਜਿੱਥੋਂ ਪੁਲਿਸ ਨੇ ਬੋਰਡ ਪੁੱਟਿਆ।

ਇਹ ਬੋਰਡ ਕੌਮੀ ਰਾਜ ਮਾਰਗ ਅਥਾਰਟੀ ਦੇ ਮੈਨੇਜਰ ਬਿਜੇਂਦਰ ਸਿੰਘ ਤਿਵਾਰੀ ਦੇ ਅਧਿਕਾਰਖੇਤਰ ਵਿੱਚ ਆਉਂਦਾ ਸੀ।

ਉਹ ਇਸ ਗੱਲੋਂ ਹੈਰਾਨ ਹਨ ਕਿ ਕੋਈ ਸਰਕਾਰੀ ਜਾਂ ਗੈਰ-ਸਰਕਾਰੀ ਸੰਗਠਨ ਉਨ੍ਹਾਂ ਦੀ ਜਾਣਕਾਰੀ ਵਿੱਚ ਲਿਆਂਦੇ ਬਿਨਾਂ ਕਿਵੇਂ ਬੋਰਡ ਪੁੱਟ ਸਕਦਾ ਹੈ।

ਉਨ੍ਹਾਂ ਕਿਹਾ, "ਨਾ ਤਾਂ ਪੁਲਿਸ ਅਤੇ ਨਾ ਹੀ ਪ੍ਰਸ਼ਾਸਨ ਨੇ ਸਾਨੂੰ ਬੋਰਡ ਹਟਾਉਣ ਲਈ ਸੰਪਰਕ ਕੀਤਾ। ਸਾਈਨ ਬੋਰਡ ਲੋਕਾਂ ਨੂੰ ਲੈਂਡਮਾਰਕ ਬਾਰੇ ਜਾਣਕਾਰੀ ਦੇਣ ਲਈ ਅਤੇ ਰਾਹ ਦੱਸਣ ਲਈ ਲਾਏ ਜਾਂਦੇ ਹਨ ਅਤੇ ਇਹ ਨਹਾਈ ਦੇ ਨਿਯਮਾਂ ਦੀ ਸਾਫ਼ ਉਲੰਘਣਾ ਹੈ।"

ਤਿਵਾੜੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਮੌਕੇ ਦਾ ਦੌਰਾ ਕੀਤਾ ਹੈ ਜਿੱਥੋਂ ਬੋਰਡ ਗਾਇਬ ਹੈ।

ਉਨ੍ਹਾਂ ਅੱਗੇ ਦੱਸਿਆ, "ਸਾਈਨ ਬੋਰਡ ਹਟਾਉਣ ਵਾਲਿਆਂ ਖਿਲਾਫ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।"

ਡੇਰਾ ਸ਼ਰਧਾਲੂ

ਤਸਵੀਰ ਸਰੋਤ, Sat Singh/BBC

ਤਸਵੀਰ ਕੈਪਸ਼ਨ, ਪ੍ਰਸ਼ਾਸਨ ਵੱਲੋਂ ਸਾਈਨ ਬੋਰਡ ਹਟਾਉਣ ਕਰਕੇ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਖਫ਼ਾ ਹੈ

ਰੋਹਤਕ ਦੇ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਇਸ ਦਾਅਵੇ ਨੂੰ ਖਾਰਜ ਕੀਤਾ ਕਿ ਬੋਰਡ ਸਥਾਨਕ ਪੁਲਿਸ ਨੇ ਹਟਾਇਆ ਹੈ।

ਉਨ੍ਹਾਂ ਕਿਹਾ ਕਿ ਜੇ ਸਾਈਨ ਬੋਰਡ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾਂ ਹਟਾਇਆ ਗਿਆ ਸੀ ਤਾਂ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਸ਼ਿਕਾਇਤ ਦਰਜ ਕਰ ਸਕਦੀ ਹੈ।

ਉਨ੍ਹਾਂ ਨੇ ਕਿਹਾ, "ਸਬੰਧਿਤ ਕੇਸ ਵਿੱਚ ਢੁਕਵੀਂ ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।"

ਉਨ੍ਹਾਂ ਕਿਹਾ ਕਿ ਸੁਨਾਰੀਆ ਜੇਲ੍ਹ ਦੇ ਬਾਹਰ ਅਮਨ-ਕਾਨੂੰਨ ਨੂੰ ਦੇਖਦੇ ਹੋਏ ਲੋਕਾਂ ਦੇ ਇਕਠੇ ਹੋਣ 'ਤੇ ਪਾਬੰਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)