'ਜੱਜ ਸਾਹਮਣੇ ਹਨੀਪ੍ਰੀਤ ਦੇ ਵੀ ਨਿਕਲੇ ਹੰਝੂ'

ਤਸਵੀਰ ਸਰੋਤ, Honeypreetinsan.me
ਗੁਰਮੀਤ ਰਾਮ ਰਹੀਮ ਦੀ ਗੋਦ ਲਈ ਕੁੜੀ ਹਨੀਪ੍ਰੀਤ ਨੂੰ 6 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਗਿਆ ਹੈ।
ਹਰਿਆਣਾ ਪੁਲਿਸ ਵੱਲੋਂ 14 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ।
ਪੁਲਿਸ ਵੱਲੋਂ ਹਨੀਪ੍ਰੀਤ ਦੇ ਨਾਲ ਇੱਕ ਹੋਰ ਮਹਿਲਾ ਸੁਖਦੀਪ ਕੌਰ ਨੂੰ ਵੀ ਗਿਰਫ਼ਤਾਰ ਕੀਤਾ ਗਿਆ। ਹਨਪ੍ਰੀਤ ਦੀ ਸਹਿਯੋਗੀ ਸੁਖਦੀਪ ਕੌਰ ਨੂੰ ਵੀ ਕੋਰਟ ਲਿਆਂਦਾ ਗਿਆ।
ਪੁਲਿਸ ਨੇ ਕਿਹਾ ਇਹ ਮਹਿਲਾ ਕੋਣ ਹੈ ਤੇ ਹਿੰਸਾ ਭੜਕਾਉਣ ਵਿੱਚ ਇਸ ਦੀ ਕੀ ਭੂਮਿਕਾ ਹੈ ਇਸਦੀ ਜਾਂਚ ਕੀਤੀ ਜਾ ਰਹੀ ਹੈ।

ਤਸਵੀਰ ਸਰੋਤ, Honeypreetinsan.me
ਸਰਕਾਰੀ ਵਕੀਲ ਪਕੰਜ ਗਰਗ ਨੇ ਦੱਸਿਆ ਹਿੰਸਾ ਭੜਕਾਉਣ ਵਿੱਚ ਹਨੀਪ੍ਰੀਤ ਦੀ ਕੀ ਭੂਮਿਕਾ ਸੀ ਇਸਦੇ ਲਈ ਉਨ੍ਹਾਂ ਨੂੰ ਉਸਦੀ ਕਸਟਡੀ ਦੀ ਜ਼ਰੂਰਤ ਹੈ।
ਜਿਸ ਦਿਨ ਰਾਮ ਰਹੀਮ ਨੂੰ ਬਲਾਤਕਾਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ, ਉਹ ਉਸ ਦਿਨ ਵਰਤਿਆ ਜਾਣ ਵਾਲਾ ਹਨੀਪ੍ਰੀਤ ਦਾ ਫੋਨ ਟਰੇਸ ਕਰਵਾਉਣਾ ਚਾਹੁੰਦੇ ਹਨ , ਤਾਂ ਜੋ ਕੋਈ ਪੁਖ਼ਤਾ ਸਬੂਤ ਮਿਲ ਸਕਣ।
ਹਨੀਪ੍ਰੀਤ ਨੇ ਕੋਰਟ ਦੇ ਅੰਦਰ ਕੀ ਕਿਹਾ?
ਹਨੀਪ੍ਰੀਤ ਦੇ ਵਕੀਲ ਨੇ ਦੱਸਿਆ ਹਨੀਪ੍ਰੀਤ ਨੇ ਕੋਰਟ ਦੇ ਅੰਦਰ ਕਿਹਾ ਉਸਦਾ ਹਿੰਸਾ ਭੜਕਾਉਣ 'ਚ ਕੋਈ ਹਥ ਨਹੀਂ ਹੈ।
ਹਨੀਪ੍ਰੀਤ ਅਦਾਲਤ ਦੇ ਅੰਦਰ ਹਥ ਜੋੜ ਕੇ ਖੜ੍ਹੀ ਰਹੀ ਤੇ ਰੋਣ ਲੱਗੀ। ਉਸਨੇ ਕਿਹਾ ਮੇਰੀ ਕੋਈ ਗਲਤੀ ਨਹੀਂ ਹੈ।
ਵਕੀਲ ਨੇ ਦੱਸਿਆ ਹਨੀਪ੍ਰੀਤ ਨੇ ਕੋਰਟ ਨੂੰ ਕਿਹਾ ਮੈਂ ਬਿਲਕੁਲ ਬੇਕਸੂਰ ਹਾਂ। ਉਸਦੇ ਵਕੀਲ ਮੁਤਾਬਕ ਹਨੀਪ੍ਰੀਤ ਡਿਪਰੈਸ਼ਨ 'ਚ ਹੈ।

ਤਸਵੀਰ ਸਰੋਤ, Honeypreetinsan.me
ਪੰਚਕੂਲਾ ਦੇ ਪੁਲਿਸ ਕਮਿਸ਼ਨਰ ਪੀ.ਐੱਸ ਚਾਵਲਾ ਮੁਤਾਬਕ ਉਸ ਦੀ ਮੰਗਲਵਾਰ ਯਾਨਿ ਕਿ 3 ਅਕਤੂਬਰ ਦੁਪਹਿਰ 3 ਵਜੇ ਗਿਰਫ਼ਤਾਰੀ ਹੋਈ।
ਪੁਲਿਸ ਦਾ ਦਾਅਵਾ ਹੈ ਕਿ ਹਨੀਪ੍ਰੀਤ ਨੂੰ ਪਟਿਆਲਾ-ਜ਼ੀਰਕਪੁਰ ਰੋਡ ਉੱਤੇ ਪਟਿਆਲਾ ਵੱਲ ਜਾਂਦੇ ਸਮੇਂ ਕਾਬੂ ਕੀਤਾ ਗਿਆ।
ਹਨੀਪ੍ਰੀਤ 'ਤੇ ਦੇਸ਼ਧ੍ਰੋਹ ਦਾ ਮਾਮਲਾ
ਹਰਿਆਣਾ ਪੁਲਿਸ ਵੱਲੋਂ ਹਨੀਪ੍ਰੀਤ ਖ਼ਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਲਜ਼ਾਮ ਹੈ ਕਿ 25 ਅਗਸਤ ਨੂੰ ਜਦੋਂ ਰਾਮ ਰਹੀਮ ਨੂੰ ਸੀਬੀਆਈ ਕੋਰਟ ਨੇ ਰੇਪ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ, ਤਾਂ ਹਨੀਪ੍ਰੀਤ ਨੇ ਲੋਕਾਂ ਨੂੰ ਹਿੰਸਾ ਭੜਕਾਉਣ ਲਈ ਉਕਸਾਇਆ ਸੀ।

ਤਸਵੀਰ ਸਰੋਤ, PUNIT PARANJPE/AFP/Getty Images
ਬਲਾਤਕਾਰ ਮਾਮਲੇ 'ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਸੀ।
ਟੀਵੀ ਇੰਟਰਵਿਊ
ਹਨੀਪ੍ਰੀਤ 38 ਦਿਨਾਂ ਦੀ ਲੁਕਣ-ਮਿਟੀ ਤੋਂ ਬਾਅਦ ਪੁਲਿਸ ਦੇ ਹੱਥੇ ਚੜ੍ਹੀ। ਗਿਰਫ਼ਤਾਰੀ ਤੋਂ ਪਹਿਲਾਂ ਹਨੀਪ੍ਰੀਤ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਇੰਟਰਵਿਊ ਦਿੱਤਾ।
ਜਿਸ ਵਿੱਚ ਹਨੀਪ੍ਰੀਤ ਨੇ ਕਿਹਾ ਕਿ ਉਹ ਹਿੰਸਾ ਭੜਕਾਉਣ ਦੇ ਇਲਜ਼ਾਮਾਂ ਨਾਲ 'ਸਦਮੇ' ਵਿੱਚ ਚਲੀ ਗਈ ਸੀ।
ਹਨੀਪ੍ਰੀਤ ਨੇ ਪੁੱਛਿਆ, "ਕੀ ਮੈਂ ਅੱਗ ਲਾਉਣ ਵਾਲੇ ਲੋਕਾਂ ਨਾਲ ਮੌਜੂਦ ਸੀ? ਉਹ ਇਸ ਤਰ੍ਹਾਂ ਦੇ ਇਲਜ਼ਾਮ ਕਿਵੇਂ ਲਾ ਸਕਦੇ ਹਨ?"
ਇਸ ਤੋਂ ਇਲਾਵਾ ਹਨੀਪ੍ਰੀਤ ਨੇ ਦੇਸ਼ ਛੱਡਣ ਦੇ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਉਹ ਕਦੇ ਵੀ ਦੇਸ਼ ਛੱਡ ਕੇ ਨਹੀਂ ਗਈ।
ਹਨੀਪ੍ਰੀਤ ਨੇ ਕਿਹਾ ਕਿ ਉਸ ਦੇ 'ਪਿਤਾ' ਰਾਮ ਰਹੀਮ ਬੇਗੁਨਾਹ ਹਨ ।

ਤਸਵੀਰ ਸਰੋਤ, honeypreet insan
ਹਨੀਪ੍ਰੀਤ ਦਾ ਜਨਮ 1975 'ਚ ਹਰਿਆਣਾ ਦੇ ਫਤੇਹਾਬਾਦ 'ਚ ਹੋਇਆ। ਹਨੀਪ੍ਰੀਤ ਦੇ ਮਾਪਿਆਂ ਨੇ ਉਸ ਦਾ ਨਾਂ ਪ੍ਰੀਅੰਕਾ ਰੱਖਿਆ ਸੀ।
ਹਨੀਪ੍ਰੀਤ ਦਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਕਈ ਸਾਲਾਂ ਤੋਂ ਜੁੜਿਆ ਹੋਇਆ ਸੀ। ਹਾਲਾਂਕਿ ਰਾਮ ਰਹੀਮ ਨੇ ਹਨੀਪ੍ਰੀਤ ਨੂੰ 2009 'ਚ ਗੋਦ ਲਿਆ ਸੀ।
ਵਿਆਹ ਅਤੇ ਤਲਾਕ
ਹਨੀਪ੍ਰੀਤ ਦਾ ਵਿਆਹ ਵਿਸ਼ਵਾਸ ਗੁਪਤਾ ਨਾਲ 1999 'ਚ ਹੋਇਆ। ਦੋਹਾਂ ਦੇ ਪਰਿਵਾਰ ਡੇਰੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਸਨ।
2011 'ਚ ਤਲਾਕ ਲਈ ਵਿਸ਼ਵਾਸ ਗੁਪਤਾ ਨੇ ਅਰਜ਼ੀ ਦਾਖ਼ਲ ਕੀਤੀ। ਵਿਸ਼ਵਾਸ ਗੁਪਤਾ ਨੇ ਕਈ ਵਾਰੀ ਜਨਤਕ ਤੌਰ 'ਤੇ ਹਨੀਪ੍ਰੀਤ ਅਤੇ ਰਾਮ-ਰਹੀਮ ਦੇ ਸਬੰਧਾਂ 'ਤੇ ਸਵਾਲ ਖੜ੍ਹੇ ਕੀਤੇ।
ਫ਼ਿਲਮਾਂ ਵਿੱਚ ਹਨੀਪ੍ਰੀਤ
ਹਨੀਪ੍ਰੀਤ ਕੋਈ ਬਾਲੀਵੁੱਡ ਅਦਾਕਾਰਾ ਤਾਂ ਨਹੀਂ, ਪਰ ਉਸ ਨੇ ਰਾਮ ਰਹੀਮ ਦੀ ਫ਼ਿਲਮ 'ਐਮਐਸਜੀ-2 ਦ ਮੈਸੈਂਜਰ' ਵਿੱਚ ਡੇਬਿਊ ਕੀਤਾ। ਫਿਰ ਉਹ 'ਐਮਐਸਜੀ-ਦਾ ਵਾਰਅੀਅਰ ਲਾਇਨ ਹਾਰਟ' ਵਿੱਚ ਵੀ ਨਜ਼ਰ ਆਈ।
ਹਨੀਪ੍ਰੀਤ ਦੇ ਪੇਜ https://www.honeypreetinsan.me/ ਤੇ ਦਾਅਵਾ ਕੀਤਾ ਗਿਆ ਹੈ ਕਿ ਜਲਦੀ ਹੀ ਮੁੱਖ ਸਹਾਇਕ ਕਲਾਕਾਰ ਦੇ ਤੌਰ 'ਤੇ ਪਿਤਾ ਰਾਮ-ਰਹੀਮ ਨਾਲ ਉਸ ਨੂੰ 'ਔਨਲਾਈਨ ਗੁਰੂਕੁਲ' ਫ਼ਿਲਮ ਵਿੱਚ ਦੇਖਿਆ ਜਾਵੇਗਾ।
ਹਨੀਪ੍ਰੀਤ ਦੇ ਪੇਜ 'ਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ ਇੱਕ ਐਡੀਟਰ ਅਤੇ ਡਾਇਰੈਕਟਰ ਵੀ ਹੈ।
ਹਨੀਪ੍ਰੀਤ ਨੇ 'ਐਮਐਸਜੀ-ਦ ਮੈਸੈਂਜਰ' ਅਤੇ 'ਐਮਐਸਜੀ-2 ਦ ਮੈਸੈਂਜਰ' ਫ਼ਿਲਮਾਂ ਦੀ ਐਡੀਟਿੰਗ ਕੀਤੀ ਅਤੇ 'ਐਮਐਸਜੀ-2 ਦ ਮੈਸੈਂਜਰ' ਦੇ ਡਾਇਰੈਕਟਰ ਵਜੋਂ ਡੈਬਿਊ ਕੀਤਾ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












