ਪ੍ਰਿਅੰਕਾ ਤਨੇਜਾ ਕਿਵੇਂ ਬਣੀ ਹਨੀਪ੍ਰੀਤ ਇੰਸਾ?

ਤਸਵੀਰ ਸਰੋਤ, COURTESY: HONEYPREET INSAN
ਗੁਰਮੀਤ ਰਾਮ ਰਹੀਮ ਦੀ ਕਰੀਬੀ ਹਨੀਪ੍ਰੀਤ ਨੂੰ ਹਰਿਆਣਾ ਪੁਲਿਸ ਵੱਲੋਂ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।
ਪੰਚਕੂਲਾ ਦੇ ਪੁਲਿਸ ਕਮਿਸ਼ਨਰ ਪੀ ਐੱਸ ਚਾਵਲਾ ਮੁਤਾਬਕ ਉਸ ਦੀ ਮੰਗਲਵਾਰ ਦੁਪਹਿਰ 3 ਵਜੇ ਗ੍ਰਿਫ਼ਤਾਰੀ ਹੋਈ।
ਪੁਲਿਸ ਦਾ ਦਾਅਵਾ ਹੈ ਕਿ ਹਨੀਪ੍ਰੀਤ ਨੂੰ ਪਟਿਆਲਾ-ਜ਼ੀਰਕਪੁਰ ਰੋਡ ਉੱਤੇ ਪਟਿਆਲਾ ਵੱਲ ਜਾਂਦੇ ਸਮੇਂ ਕਾਬੂ ਕੀਤਾ ਗਿਆ।

ਤਸਵੀਰ ਸਰੋਤ, TWITTER
ਉਸ ਨੂੰ ਬੁੱਧਵਾਰ ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਨੀਪ੍ਰੀਤ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਫ਼ਰਾਰ ਸੀ।
ਪੁਲਿਸ ਵੱਲੋਂ ਹਨੀਪ੍ਰੀਤ ਦੀ ਭਾਲ ਲਈ ਕਈ ਸੂਬਿਆਂ ਸਮੇਤ ਨੇਪਾਲ 'ਚ ਵੀ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ਸੀ।
ਹਨੀਪ੍ਰੀਤ 'ਤੇ ਦੇਸ਼ਧ੍ਰੋਹ ਦਾ ਮਾਮਲਾ
ਹਰਿਆਣਾ ਪੁਲਿਸ ਵੱਲੋਂ ਹਨੀਪ੍ਰੀਤ ਖ਼ਿਲਾਫ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਸੀ।
ਇਲਜ਼ਾਮ ਹੈ ਕਿ 25 ਅਗਸਤ ਨੂੰ ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ ਰੇਪ ਦੇ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਤਾਂ ਹਨੀਪ੍ਰੀਤ ਨੇ ਫ਼ੈਸਲੇ ਖ਼ਿਲਾਫ ਲੋਕਾਂ ਨੂੰ ਹਿੰਸਾ ਕਰਨ ਲਈ ਭੜਕਾਇਆ ਸੀ।
ਹਨੀਪ੍ਰੀਤ ਸਾਧਵੀਆਂ ਦੇ ਬਲਾਤਕਾਰ ਮਾਮਲੇ 'ਚ ਜੇਲ੍ਹ 'ਚ ਬੰਦ ਡੇਰਾ ਸੱਚਾ ਸੌਦਾ ਮੁਖੀ ਦੀ ਗੋਦ ਲਈ ਹੋਈ ਧੀ ਹੈ।
ਬਲਾਤਕਾਰ ਮਾਮਲੇ 'ਚ ਰਾਮ ਰਹੀਮ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਤਸਵੀਰ ਸਰੋਤ, TWITTER
ਇਸ ਤੋਂ ਪਹਿਲਾਂ ਹਨੀਪ੍ਰੀਤ ਨੇ ਦਿੱਲੀ ਹਾਈਕੋਰਟ 'ਚ ਅਗਾਉਂ ਜ਼ਮਾਨਤ ਲਈ ਅਰਜ਼ੀ ਦਿੱਤੀ, ਪਰ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਅਦਾਲਤ ਨੇ ਉਸ ਨੂੰ ਸਰੰਡਰ ਕਰਨ ਦਾ ਹੁਕਮ ਦਿੱਤਾ ਸੀ।
ਹਨੀਪ੍ਰੀਤ ਤੇ ਰਾਮ ਰਹੀਮ ਦਾ ਕੀ ਰਿਸ਼ਤਾ?
ਡੇਰਾ ਸੱਚਾ ਸੌਦਾ 'ਚ ਹਨੀਪ੍ਰੀਤ ਦੀ ਹੈਸੀਅਤ ਬਹੁਤ ਵੱਡੀ ਸੀ। ਹਨੀਪ੍ਰੀਤ ਦੇ ਤਲਾਕਸ਼ੁਦਾ ਪਤੀ ਵਿਸ਼ਵਾਸ ਗੁਪਤਾ ਨੇ ਮੀਡੀਆ ਸਾਹਮਣੇ ਕਿਹਾ ਸੀ ਕਿ ਰਾਮ ਰਹੀਮ ਹਨੀਪ੍ਰੀਤ ਨਾਲ ਧੀ ਵਾਂਗ ਨਹੀਂ ਸਗੋਂ ਪਤਨੀ ਵਾਂਗ ਪੇਸ਼ ਆਉਂਦਾ ਸੀ।
ਹਾਲਾਂਕਿ, ਹਨੀਪ੍ਰੀਤ ਨੇ ਸਾਰੇ ਦਾਅਵਿਆਂ ਨੂੰ ਖ਼ਾਰਿਜ ਕਰ ਦਿੱਤਾ ਸੀ।

ਤਸਵੀਰ ਸਰੋਤ, HONEYPREETINSAN.ME
ਪ੍ਰਿਅੰਕਾ ਤਨੇਜਾ ਤੋਂ ਹਨੀਪ੍ਰੀਤ
- ਹਨੀਪ੍ਰੀਤ ਦੇ ਮਾਪਿਆਂ ਨੇ ਉਸ ਦਾ ਨਾਂ ਪ੍ਰਿਅੰਕਾ ਤਨੇਜਾ ਰੱਖਿਆ ਸੀ।
- ਉਸ ਦਾ ਜਨਮ 1975 'ਚ ਹਰਿਆਣਾ ਦੇ ਫਤੇਹਾਬਾਦ 'ਚ ਹੋਇਆ।
- ਰਾਮ ਰਹੀਮ ਨੇ ਹਨੀਪ੍ਰੀਤ ਨੂੰ 2009 'ਚ ਗੋਦ ਲਿਆ।
- ਹਨੀਪ੍ਰੀਤ ਦਾ ਅਸਲ ਨਾਮ ਪ੍ਰਿਅੰਕਾ ਤਨੇਜਾ ਸੀ।
- ਵਿਸ਼ਵਾਸ ਗੁਪਤਾ ਨਾਲ ਹਨੀਪ੍ਰੀਤ ਦਾ ਵਿਆਹ ਸਾਲ 1999 'ਚ ਹੋਇਆ।
- ਦੋਹਾਂ ਦੇ ਪਰਿਵਾਰ ਡੇਰੇ ਨਾਲ ਲੰਬੇ ਸਮੇਂ ਤੋਂ ਜੁੜੇਆ ਹੋਏ ਸੀ।
- 2011 'ਚ ਤਲਾਕ ਲਈ ਵਿਸ਼ਵਾਸ ਗੁਪਤਾ ਨੇ ਅਰਜ਼ੀ ਦਾਖ਼ਲ ਕੀਤੀ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












