ਡੇਰਾ ਸੱਚਾ ਸੌਦਾ ਸਕੂਲਾਂ ਤੋਂ ਮਾਪਿਆਂ ਦਾ ਉੱਠਿਆ ਭਰੋਸਾ ?

ਤਸਵੀਰ ਸਰੋਤ, AFP/GETTY IMAGES
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਸਿਰਸਾ ਦੇ ਡੇਰੇ 'ਚ ਬੰਦ ਪਏ ਵਿਦਿਅਕ ਅਦਾਰਿਆਂ ਨੂੰ ਕਰੀਬ ਇੱਕ ਮਹੀਨੇ ਬਾਅਦ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਖੋਲ੍ਹ ਦਿੱਤਾ ਗਿਆ ਹੈ।
ਹੁਣ ਸਕੂਲ ਕਾਲਜ ਤਾਂ ਖੁੱਲ੍ਹ ਗਏ ਪਰ ਇਸ ਦੌਰਾਨ ਵਿਦਿਆਰਥੀਆਂ ਦੀ ਗਿਣਤੀ ਬਹੁਤ ਘਟ ਗਈ ਹੈ।
25 ਅਗਸਤ ਨੂੰ ਪੰਚਕੂਲਾ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਜਿਨਸੀ ਸ਼ੋਸ਼ਣ ਸੰਬੰਧੀ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸੂਬੇ 'ਚ ਹਿੰਸਾ ਹੋਈ।
ਜਿਸ ਵਿੱਚ ਕਈ ਲੋਕ ਮਾਰੇ ਗਏ, ਇਸੇ ਵਿਵਾਦ ਦੌਰਾਨ ਲੱਗੇ ਕਰਫ਼ਿਊ ਕਾਰਨ ਸਿਰਸਾ 'ਚ ਵੀ ਸਭ ਕੁਝ ਠੱਪ ਹੋ ਗਿਆ।
ਉਸ ਤੋਂ ਪਹਿਲਾਂ 24 ਅਗਸਤ ਤੋਂ ਹੀ ਇਹ ਵਿਦਿਅਕ ਅਦਾਰੇ ਬੰਦ ਸਨ।
ਡੇਰੇ ਵਿੱਚ ਦੋ ਕਾਲਜ ਅਤੇ ਪੰਜ ਸਕੂਲ ਹਨ, ਜਿੰਨ੍ਹਾਂ ਵਿੱਚ ਕਰੀਬ 7 ਹਜ਼ਾਰ ਵਿਦਿਆਰਥੀ ਪੜ੍ਹਦੇ ਹਨ।

ਤਸਵੀਰ ਸਰੋਤ, AFP/Getty Images
ਕਰਫ਼ਿਊ ਨੂੰ ਹਟਾਏ ਜਾਣ ਦੇ ਬਾਵਜੂਦ ਵੀ ਡੇਰੇ ਵਿਚਲੇ ਸਕੂਲ-ਕਾਲਜ ਨਹੀਂ ਖੋਲ੍ਹੇ ਗਏ ਸਨ।
ਹੁਣ ਜਦ ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਕੁਝ ਮਾਪੇ ਬੱਚਿਆਂ ਨੂੰ ਸਕੂਲ ਤਾਂ ਛੱਡ ਆਏ, ਪਰ ਉਨ੍ਹਾਂ ਨੂੰ ਸਾਰਾ ਦਿਨ ਬੱਚਿਆਂ ਦੀ ਚਿੰਤਾ ਸਤਾਉਂਦੀ ਰਹੀ।
ਪਿੰਡ ਰਸੂਲਪੁਰ ਦੇ ਵਾਸੀ ਹਰਨੇਕ ਚੰਦ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਡੇਰੇ ਦੇ ਸਕੂਲ 'ਚ ਪੜ੍ਹਦੀ ਸੀ। ਡੇਰਾ ਵਿਵਾਦ ਦੌਰਾਨ ਸਕੂਲ ਬੰਦ ਕਰ ਦਿੱਤੇ ਗਏ ਸਨ, ਜਿਸ ਕਾਰਨ ਪੜ੍ਹਾਈ ਪੂਰੀ ਤਰ੍ਹਾਂ ਰੁੱਕ ਗਈ ਸੀ।
ਇਸ ਦੇ ਨਾਲ ਹੀ ਡੇਰੇ 'ਚ ਸ਼ੁਰੂ ਹੋਏ ਵਿਵਾਦ ਕਾਰਨ, ਉਨ੍ਹਾਂ ਨੇ ਸਕੂਲ ਬਦਲਣ ਦਾ ਫ਼ੈਸਲਾ ਕੀਤਾ ਤੇ ਕਿਸੇ ਹੋਰ ਸਕੂਲ ਵਿੱਚ ਬੱਚੀ ਨੂੰ ਦਾਖ਼ਲ ਕਰਵਾ ਦਿੱਤਾ।
ਅਲੀਕਾਂ ਪਿੰਡ ਦੇ ਸਾਹਿਬ ਰਾਮ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਰਾ ਡੇਰੇ ਦੇ ਸਕੂਲ 'ਚ ਪੜ੍ਹਦਾ ਹੈ। ਹੁਣ ਉਨ੍ਹਾਂ ਨੇ ਵੀ ਸਕੂਲ ਬਦਲਣ ਦਾ ਫ਼ੈਸਲਾ ਕਰ ਲਿਆ ਹੈ।
ਰਤੀਆ ਦੀ ਕ੍ਰਿਸ਼ਨਾ ਕੰਬੋਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਡੇਰੇ ਦੇ ਸਕੂਲ 'ਚ ਪੜ੍ਹਦਾ ਹੈ ਅਤੇ ਉੱਥੇ ਹੀ ਹੋਸਟਲ 'ਚ ਸੀ। ਘਟਨਾਕ੍ਰਮ ਤੋਂ ਬਾਅਦ ਉਹ ਰੋਜ਼ ਘਰੋਂ ਹੀ ਸਕੂਲ ਜਾਂਦਾ ਹੈ।

ਤਸਵੀਰ ਸਰੋਤ, PrABHU DAYAL
ਅਲੀਕਾਂ ਪਿੰਡ ਦੇ ਪਰਮਜੀਤ ਸਿੰਘ ਨੇ ਵੀ ਆਪਣੇ ਬੇਟੇ ਨੂੰ ਹੋਸਟਲ ਤੋਂ ਵਾਪਸ ਬੁਲਾ ਲਿਆ ਹੈ ਕਿਉਂਕਿ ਹੋਸਟਲ ਦੇ ਨਿਯਮ ਸਖ਼ਤ ਕਰ ਦਿੱਤੇ ਗਏ ਹਨ।
ਜਿਸ ਦੇ ਤਹਿਤ ਪਰਿਵਾਰ ਦੇ ਕੇਵਲ ਉਨ੍ਹਾਂ ਮੈਂਬਰਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਨ੍ਹਾਂ ਦੀਆਂ ਫੋਟੋਆਂ ਸੰਸਥਾ ਕੋਲ ਹਨ।
ਉਨ੍ਹਾਂ ਨੇ ਦੱਸਿਆ ਕਿ ਸਕੂਲ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੈ ਕਿ ਪਿਛਲੇ ਦਿਨੀਂ ਵਿਦਿਆਰਥੀਆਂ ਦਾ ਸਿੱਖਿਆ ਸੰਬੰਧੀ ਜੋ ਵੀ ਨੁਕਸਾਨ ਹੋਇਆ ਹੈ, ਉਸ ਨੂੰ ਵਾਧੂ ਕਲਾਸਾਂ ਲਗਾ ਕੇ ਪੂਰਾ ਕਰ ਲਿਆ ਜਾਵੇਗਾ।
ਡੇਰੇ ਦੇ ਵਿਦਿਅਕ ਅਦਾਰਿਆਂ ਦੇ ਖੁੱਲ੍ਹਣ ਤੋਂ ਬਾਅਦ ਹਾਲਾਤ ਇਹ ਹਨ ਕਿ ਸਿਰਫ਼ ਇੱਕ ਜਮਾਤ ਦੇ ਇੱਕ ਤਿਹਾਈ ਵਿਦਿਆਰਥੀ ਹੀ ਸਕੂਲ ਪਹੁੰਚੇ ਸਨ।
ਕਈ ਮਾਪਿਆਂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਉਨ੍ਹਾਂ ਦਾ ਵਿਸ਼ਵਾਸ ਹੁਣ ਡੇਰੇ ਦੇ ਸਕੂਲਾਂ ਤੋਂ ਉੱਠ ਗਿਆ ਹੈ ।
ਹੁਣ ਉਹ ਆਪਣੇ ਬੱਚਿਆਂ ਦਾ ਦਾਖ਼ਲਾ ਦੂਜੇ ਸਕੂਲਾਂ 'ਚ ਕਰਾਉਣ ਲਈ ਸੋਚ ਰਹੇ ਹਨ।

ਤਸਵੀਰ ਸਰੋਤ, NARENDER KAUSHIK
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਕੂਲ ਪ੍ਰਸ਼ਾਸਨ ਨੂੰ ਫੀਸ ਵਜੋਂ ਵੱਡੀ ਰਕਮ ਵੀ ਦਿੱਤੀ ਸੀ।
ਜਦੋਂ ਤੋਂ ਡੇਰਾ ਵਿਵਾਦ ਵਧਿਆ ਹੈ, ਕਰੀਬ ਇੱਕ ਮਹੀਨੇ ਲਈ ਸਕੂਲ ਬੰਦ ਰਹੇ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋਈ ਹੈ।
ਹੁਣ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਇਹ ਸਕੂਲ ਹਮੇਸ਼ਾ ਲਈ ਬੰਦ ਨਾ ਹੋ ਜਾਣ ਅਤੇ ਬੱਚਿਆਂ ਦਾ ਭਵਿੱਖ ਬਰਬਾਦ ਹੋ ਜਾਵੇ।
ਇਸ ਸੰਬੰਧੀ ਜਦੋਂ ਡੇਰੇ ਵਿੱਚ ਸਕੂਲ ਪ੍ਰਬੰਧਕ ਕਮੇਟੀ ਅਤੇ ਸਕੂਲ ਪ੍ਰਿੰਸੀਪਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)












