ਕਿੰਨਾ ਮੁਸ਼ਕਿਲ ਹੈ ਦਲਿਤਾਂ ਲਈ ਕਿਰਾਏ 'ਤੇ ਰਹਿਣਾ

ਦਲਿਤ

ਮੈਂ 10 ਸਾਲ ਪਹਿਲਾਂ ਦੱਖਣ ਭਾਰਤ ਦੇ ਸ਼ਹਿਰ ਹੈਦਰਾਬਾਦ ਆ ਗਿਆ ਸੀ।

ਆਪਣੇ ਮੌਜੂਦਾ ਰਿਹਾਇਸ਼ੀ ਇਲਾਕੇ ਵਿੱਚ ਆਉਣ ਤੋਂ ਪਹਿਲਾਂ ਮੈਂ ਸੈਂਟਰਲ ਹੈਦਰਾਬਾਦ (ਸ਼ਹਿਰ ਦਾ ਕੇਂਦਰੀ ਖ਼ੇਤਰ) ਵਿੱਚ ਰਹਿੰਦਾ ਸੀ।

ਮੇਰਾ ਮਕਾਨ ਮਾਲਿਕ ਮੁਸਲਮਾਨ ਸੀ।

ਮੇਰੇ ਬਹੁਤੇ ਗੁਆਂਢੀ ਮੇਰੇ ਵਾਂਗ ਹੀ ਮੀਡੀਆ ਖ਼ੇਤਰ ਤੋਂ ਸਨ ਅਤੇ ਉਨ੍ਹਾਂ ਦੇ ਸਾਡੇ ਨਾਲ ਦੋਸਤਾਨਾ ਰਿਸ਼ਤੇ ਸਨ।

ਤਿੰਨ ਸਾਲ ਪਹਿਲਾਂ ਮੈਨੂੰ ਮੌਜੂਦਾ ਇਲਾਕੇ 'ਚ ਸ਼ਿਫ਼ਟ ਹੋਣਾ ਪਿਆ। ਘਰ ਕਿਰਾਏ 'ਤੇ ਲੈਣ ਲਈ ਮੇਰੀ ਤਲਾਸ਼ ਐਲ ਬੀ ਨਗਰ ਇਲਾਕੇ ਦੇ ਆਲੇ-ਦੁਆਲੇ ਤੋਂ ਸ਼ੁਰੂ ਹੋਈ।

ਮਕਾਨ, ਕਿਰਾਇਆ, ਦਲਿਤ

ਤਸਵੀਰ ਸਰੋਤ, Getty Images

ਇਸਦੇ ਨਾਲ ਹੀ ਹੈਦਰਾਬਾਦ-ਵਿਜੇਵਾਡਾ ਨੈਸ਼ਨਲ ਹਾਈਵੇਅ ਦੇ ਨੇੜਲੇ ਇਲਾਕਿਆਂ 'ਚ ਵੀ ਘਰ ਦੀ ਤਲਾਸ਼ ਚੱਲਦੀ ਰਹੀ।

ਮੈਂ ਘਰਾਂ ਦੇ ਬਾਹਰ ਘਰ ਕਿਰਾਏ 'ਤੇ ਦੇਣ ਲਈ ਟੰਗੀਆਂ ਤਖ਼ਤੀਆਂ ਤੇ ਬੋਰਡ ਦੇਖੇ, ਜਿਨ੍ਹਾਂ 'ਤੇ ਲਿਖਿਆ ਸੀ 'ਸਿਰਫ਼ ਸ਼ਾਕਾਹਾਰੀਆਂ ਲਈ।'

ਇਨ੍ਹਾਂ ਘਰਾਂ ਦੇ ਦਰਵਾਜ਼ੇ ਇਸ ਲਈ ਨਹੀਂ ਖੜਕਾਏ ਕਿਉਂਕਿ ਮੈਨੂੰ ਪਤਾ ਸੀ ਕਿ 'ਨਾਂਹ' ਹੀ ਹੋਵੇਗੀ।

ਕਈ ਕੋਸ਼ਿਸ਼ਾਂ ਤੋਂ ਬਾਅਦ ਮੈਨੂੰ ਮੇਰੇ ਮਤਲਬ ਦਾ ਘਰ ਮਿਲ ਗਿਆ ਅਤੇ ਜਦੋਂ ਮੈਂ ਉਕਤ ਘਰ ਕਿਰਾਏ 'ਤੇ ਲੈਣ ਲਈ ਆਪਣੀ ਦਿਲਚਸਪੀ ਦਿਖਾਈ ਤਾਂ ਘਰ ਦੇ ਮਾਲਿਕ ਨੇ ਇੱਕ ਆਮ ਜਿਹਾ ਸਵਾਲ ਰੱਖ ਦਿੱਤਾ: "ਤੁਸੀਂ ਕਿਸ ਜਾਤ ਨਾਲ ਸੰਬੰਧ ਰੱਖਦੇ ਹੋ?"

ਘਰ ਦੇ ਮਾਲਿਕ ਦੇ ਇਸ ਸਵਾਲ ਨਾਲ ਨਿਰਾਸ਼ਾ ਅਤੇ ਬੇਬਸੀ ਕਰਕੇ ਮੇਰੇ ਅੰਦਰ ਗੁੱਸਾ ਭਰ ਗਿਆ ਸੀ।

ਮੇਰਾ ਡਰ ਉਦੋਂ ਹੋਰ ਵਧ ਗਿਆ ਜਦੋਂ ਮੇਰੇ ਇੱਕ ਦੋਸਤ ਨੇ ਕਿਹਾ, "ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਦਲਿਤ ਅਤੇ ਮੁਸਲਮਾਨਾਂ ਨੂੰ ਮਕਾਨ ਮਾਲਿਕ ਤਰਜੀਹ ਨਹੀਂ ਦਿੰਦੇ।''

ਚੰਗੀਆਂ ਸਹੂਲਤਾਂ, ਪਾਰਕ, ਕੰਮ-ਕਾਜ ਵਾਲੀ ਥਾਂ 'ਤੇ ਜਾਣ ਲਈ ਆਵਾਜਾਈ ਦੇ ਸਾਧਨ ਅਤੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਮੈਂ ਇਸ ਇਲਾਕੇ ਵਿੱਚ ਹੀ ਘਰ ਲੱਭਣ ਦੀ ਸੋਚੀ।

ਮਕਾਨ, ਕਿਰਾਇਆ, ਦਲਿਤ

ਜਦੋਂ ਮੈਂ ਇੱਕ ਘਰ 'ਚ ਗਿਆ ਤਾਂ ਮਕਾਨ ਮਾਲਕਿਨ ਨੇ ਕਈ ਤਰ੍ਹਾਂ ਦੇ ਸਵਾਲ ਪੁੱਛੇ - ਨੌਕਰੀ ਬਾਰੇ, ਤਨਖ਼ਾਹ, ਮੈਂ ਸ਼ਾਕਾਹਾਰੀ ਹਾਂ ਜਾਂ ਮਾਸਾਹਾਰੀ, ਕਿੰਨੇ ਪਰਿਵਾਰਿਕ ਮੈਂਬਰ ਹਨ, ਮਾਪਿਆਂ ਬਾਰੇ, ਕਿਸ ਸ਼ਹਿਰ ਦਾ ਰਹਿਣ ਵਾਲਾਂ ਹਾਂ ਤੇ ਹੋਰ ਕਈ ਸਵਾਲ।

ਆਖਿਰ 'ਚ ਉਨ੍ਹਾਂ ਨੇ ਆਪਣੀ ਜਾਤ ਬਾਰੇ ਦੱਸਦਿਆਂ ਮੇਰੀ ਜਾਤ ਬਾਰੇ ਪੁੱਛਿਆ। ਮੈਂ ਇਸ ਸਵਾਲ ਦਾ ਜਵਾਬ ਦੇਣ ਤੋਂ ਝਿਜਕ ਰਿਹਾ ਸੀ, ਪਰ ਉਨ੍ਹਾਂ ਜਾਤ ਦੱਸਣ ਬਾਰੇ ਜ਼ੋਰ ਦਿੱਤਾ।

ਮੈਂ ਉਨ੍ਹਾਂ ਨੂੰ ਕਿਹਾ ਮੈਨੂੰ ਘਰ ਨਹੀਂ ਚਾਹੀਦਾ ਅਤੇ ਉੱਥੋਂ ਚਲਾ ਗਿਆ।

ਇਹ ਜਾਇਜ਼ ਹੈ ਜੇ ਕੋਈ ਕਿਰਾਏ ਦੀ ਅਦਾਇਗੀ, ਕਿਰਾਇਆ ਦੇਣ ਦਾ ਸਮਾਂ, ਅਦਾਇਗੀ ਦਾ ਤਰੀਕਾ, ਅਪਰਾਧਿਕ ਰਿਕਾਰਡ ਬਾਰੇ, ਮਕਾਨ ਦੀ ਸਾਂਭ-ਸੰਭਾਲ, ਪਾਣੀ ਦੀ ਵਰਤੋਂ ਆਦਿ ਬਾਰੇ ਜਾਂ ਆਧਾਰ ਤੇ ਪੈਨ ਕਾਰਡ ਦੇਣ ਬਾਰੇ ਕਹੇ, ਪਰ ਕੀ ਇਹ ਜਾਇਜ਼ ਹੈ ਕਿ ਜਾਤ ਦੇ ਆਧਾਰ 'ਤੇ ਫ਼ੈਸਲਾ ਲਿਆ ਜਾਵੇ?

ਇਸ ਤਰ੍ਹਾਂ ਦੇ ਸਿਲਸਿਲੇਵਾਰ ਤਜਰਬੇ ਤੋਂ ਬਾਅਦ, ਮੈਨੂੰ ਇੱਕ ਘਰ ਮਿਲਿਆ ਜਿਸ ਦੇ ਮਾਲਿਕ ਨੂੰ ਮੇਰੇ ਜੱਦੀ ਸ਼ਹਿਰ ਬਾਰੇ ਪਤਾ ਲੱਗਣ 'ਤੇ ਉਸਦਾ ਮੇਰੇ ਪ੍ਰਤੀ ਮੋਹ ਦੇਖਣ ਨੂੰ ਮਿਲਿਆ।

ਉਸਨੇ ਮੈਨੂੰ ਦੱਸਿਆ ਕਿ ਉਸਦਾ ਪਰਿਵਾਰ ਮੇਰੇ ਜੱਦੀ ਸ਼ਹਿਰ 10 ਸਾਲ ਤੱਕ ਰਿਹਾ। ਖਾਣਾ ਖਾਦੇ ਬਗੈਰ ਉਸਨੇ ਮੈਨੂੰ ਆਪਣੇ ਘਰੋਂ ਜਾਣ ਹੀ ਨਹੀਂ ਦਿੱਤਾ।

ਬਾਅਦ ਵਿੱਚ ਮੈਂ ਉਨ੍ਹਾਂ ਦੇ ਘਰ ਹੀ ਕਿਰਾਏ 'ਤੇ ਰਹਿਣ ਲਈ ਸ਼ਿਫ਼ਟ ਹੋ ਗਿਆ।

ਮਕਾਨ, ਕਿਰਾਇਆ, ਦਲਿਤ

ਉਦੋਂ ਤੱਕ ਦਿਨ ਚੰਗੇ ਲੰਗਦੇ ਰਹੇ ਜਦੋਂ ਤੱਕ ਆਲੇ-ਦੁਆਲੇ ਦੇ ਲੋਕਾਂ ਨੂੰ ਸਾਡੀ ਜਾਤ ਬਾਰੇ ਪਤਾ ਨਾ ਲੱਗਿਆ।

ਮੇਰੀ ਪਤਨੀ ਦੇ ਗੁਆਂਢੀਆਂ ਨੂੰ ਜਾਤ ਬਾਰੇ ਦੱਸਣ ਤੋਂ ਬਾਅਦ ਉਨ੍ਹਾਂ ਆਪਣੀ ਧੀ ਨੂੰ ਸਾਡੀ ਧੀ ਨਾਲ ਖੇਡਣ ਤੋਂ ਰੋਕ ਦਿੱਤਾ। ਹਾਲਾਂਕਿ ਸਾਡੀ ਧੀ ਖੇਡਣ ਲਈ ਉਨ੍ਹਾਂ ਦੇ ਘਰ ਜਾਣ 'ਤੇ ਜ਼ੋਰ ਦਿੰਦੀ ਰਹੀ, ਪਰ ਉਨ੍ਹਾਂ ਨੇ ਸਾਡੀ ਧੀ ਨੂੰ ਘਰ ਆਉਣ ਲਈ ਦਰਵਾਜ਼ੇ ਹੀ ਨਾਂ ਖੋਲ੍ਹੋ।

ਹੌਲੀ-ਹੌਲੀ ਸਾਡੇ ਸਾਰੇ ਗੁਆਂਢ ਨੂੰ ਸਾਡੇ ਦਲਿਤ ਹੋਣ ਬਾਰੇ ਪਤਾ ਲੱਗਿਆ।

ਸਾਡੇ ਮਕਾਨ ਮਾਲਿਕ ਦੀ ਨੂੰਹ ਨੇ ਇਲਾਕੇ ਦੇ ਹੋਰ ਲੋਕਾਂ ਨੂੰ ਕਿਹਾ ਕਿ ਜਦੋਂ ਇਹ ਘਰ ਕਿਰਾਏ 'ਤੇ ਲੈਣ ਲਈ ਆਇਆ ਸੀ ਤਾਂ ਆਪਣੀ ਜਾਤ ਬਾਰੇ ਨਹੀਂ ਦੱਸਿਆ। ਮੈਨੂੰ ਇਨ੍ਹਾਂ ਗੱਲਾਂ ਨਾਲ ਬੇਇੱਜ਼ਤੀ ਮਹਿਸੂਸ ਹੋਈ।

ਇਸ ਵਤੀਰੇ ਨੇ ਸਾਨੂੰ ਅਜਿਹੇ ਹਾਲਾਤ 'ਚ ਖੜਾ ਕਰ ਦਿੱਤਾ ਕਿ ਸਾਨੂੰ ਐਮਰਜੈਂਸੀ ਸਮੇਂ ਵਿੱਚ ਵੀ ਮਦਦ ਲੈਣ 'ਚ ਮੁਸ਼ਕਿਲ ਆਉਂਦੀ ਹੈ।

ਜਿਨ੍ਹਾਂ ਨਾਲ ਕਦੇ ਅਜਿਹਾ ਹੋਇਆ ਹੈ, ਸਿਰਫ਼ ਉਹੀ ਇਸ ਦਰਦ ਨੂੰ ਸਮਝ ਸਕਦੇ ਹਨ।

ਸਾਰੇ ਸ਼ਾਇਦ ਨਾ ਜਾਣਦੇ ਹੋਣ ਕਿ ਇਹ ਵਿਤਕਰਾ ਕਾਨੂੰਨ ਦੇ ਵਿਰੁੱਧ ਹੈ, ਪਰ ਕੁਝ ਜਾਣਦੇ ਹੋਏ ਵੀ ਜਾਣਬੁੱਝ ਕੇ ਅਜਿਹਾ ਕਰਦੇ ਹਨ।

ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਕਾਨੂੰਨ ਦਾ ਧਿਆਨ ਨਹੀਂ ਖਿੱਚਣਗੀਆਂ। ਮੇਰੀਆਂ ਨਿੱਜੀ ਸੀਮਾਵਾਂ ਨੇ ਮੈਨੂੰ ਕੋਈ ਕਾਨੂੰਨੀ ਕਦਮ ਚੁੱਕਣ ਤੋਂ ਰੋਕੀ ਰੱਖਿਆ।

ਇਨ੍ਹਾਂ ਸਾਰੇ ਤਜਰਬਿਆਂ ਤੋਂ ਬਾਅਦ, ਮੈਂ ਤੇ ਮੇਰੀ ਪਤਨੀ ਨੇ ਸੋਚਿਆ ਕਿ ਅਸੀਂ ਉਹ ਘਰ ਲੱਭਾਂਗੇ ਜਿਸ ਦਾ ਮਕਾਨ ਮਾਲਿਕ ਮੁਸਲਮਾਨ ਹੋਵੇ, ਜਿਸਨੂੰ ਸਾਡੀ ਜਾਤ ਦੋ ਕੋਈ ਫ਼ਰਕ ਨਾ ਪੈਂਦਾ ਹੋਵੇ।

ਮਕਾਨ, ਕਿਰਾਇਆ, ਦਲਿਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਸਾਨੂੰ ਘਰ ਮਿਲ ਗਿਆ, ਹਾਲਾਂਕਿ ਸਾਨੂੰ ਉਹ ਪਸੰਦ ਨਹੀਂ ਆਇਆ। ਅਸੀਂ ਇੱਕ ਵਧੀਆ ਘਰ ਦੀ ਕਾਮਨਾ ਕਰਦੇ ਰਹੇ ਜਿੱਥੇ ਮਕਾਨ ਮਾਲਿਕ ਦੀ ਜਾਤ ਪ੍ਰਤੀ ਕੋਈ ਫ਼ਿਕਰਮੰਦੀ ਨਾ ਹੋਵੇ, ਚੰਗੇ ਗੁਆਂਢੀ ਹੋਣ ਅਤੇ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਾ ਹੋਵੇ।

ਹਾਲਾਂਕਿ, ਸਾਨੂੰ ਮਹਿਸੂਸ ਹੋਇਆ ਕਿ ਉਸ ਤਰ੍ਹਾਂ ਦਾ ਘਰ ਲੱਭਣਾ ਮੁਸ਼ਕਿਲ ਹੈ ਜਿਸ ਤਰ੍ਹਾਂ ਦੀ ਅਸੀਂ ਕਾਮਨਾ ਕਰਦੇ ਹਾਂ ਅਤੇ ਜਿਸ ਲਈ ਅਸੀਂ ਆਪਣੀ ਜਾਤ ਬਾਰੇ ਝੂਠ ਬੋਲਣ ਦਾ ਫ਼ੈਸਲਾ ਲਿਆ, ਹਾਲਾਂਕਿ ਅਸੀਂ ਆਪਣੀ ਪਛਾਣ ਲੁਕਾਉਣਾ ਨਹੀਂ ਚਾਹੁੰਦੇ ਹਾਂ।

ਸਾਨੂੰ ਇੱਕ ਘਰ ਪਸੰਦ ਆਇਆ ਜਿਨ੍ਹਾਂ ਦੇ ਮਾਲਿਕ ਪਤੀ-ਪਤਨੀ ਸਰਕਾਰੀ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਸਾਨੂੰ ਸਾਡੀ ਜਾਤ ਬਾਰੇ ਨਹੀਂ ਪੁੱਛਿਆ ਤੇ ਅਸੀਂ ਉਸ ਘਰ ਸ਼ਿਫ਼ਟ ਹੋ ਗਏ ਪਰ ਇਸ ਨਾਲ ਸਾਡੀ ਸਮੱਸਿਆ ਦਾ ਹੱਲ ਨਹੀਂ ਹੋਇਆ।

ਸਾਡੇ ਮਕਾਨ ਮਾਲਿਕ ਦੇ ਇੱਕ ਰਿਸ਼ਤੇਦਾਰ ਘਰ ਅੰਦਰ ਆਉਣ ਤੋਂ ਪਹਿਲਾਂ ਸਾਡੇ ਘਰ ਦੇ ਬੂਹੇ 'ਤੇ ਰੁਕੇ ਅਤੇ ਸਾਡੀ ਜਾਤ ਬਾਰੇ ਪੁੱਛਿਆ।

ਅਸੀਂ ਉਸਨੂੰ ਜਾਤ ਬਾਰੇ ਦੱਸਿਆ ਜਿਸ ਨਾਲ ਅਸੀਂ ਸਬੰਧਿਤ ਨਹੀਂ ਸੀ, ਸਾਡੇ ਜਵਾਬ ਤੋਂ ਸੰਤੁਸ਼ਟ ਹੋ ਕੇ ਉਹ ਸਾਡੇ ਘਰ ਅੰਦਰ ਆ ਗਏ।

ਇਸ ਤੋਂ ਬਾਅਦ ਜਾਤ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਪੁੱਛੇ ਗਏ ਅਤੇ ਸਾਰਿਆਂ ਸਵਾਲਾਂ ਦਾ ਮਕਸਦ ਸਾਨੂੰ 'ਟੈਸਟ' ਕਰਨਾ ਸੀ।

ਜਦੋਂ ਮੇਰੇ ਮਾਪੇ ਸਾਡੇ ਕੋਲ ਘਰ ਆਏ ਤਾਂ ਮਕਾਨ ਮਾਲਿਕ ਤੇ ਗੁਆਂਢੀਆਂ ਨੇ ਉਨ੍ਹਾਂ ਵੱਲ ਸ਼ੱਕੀ ਨਜ਼ਰ ਨਾਲ ਦੇਖਿਆ, ਹੋ ਸਕਦਾ ਹੈ ਉਨ੍ਹਾਂ ਦੇ ਬੋਲਣ ਦੇ ਤਰੀਕੇ ਕਰਕੇ ਅਜਿਹਾ ਹੋਇਆ ਹੋਵੇ।

ਮਕਾਨ, ਕਿਰਾਇਆ, ਦਲਿਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਹਾਲ ਹੀ 'ਚ ਘਰ ਦੇ ਮਾਲਕੀਅਤ ਬਦਲ ਗਈ ਹੈ ਅਤੇ ਅਸੀਂ ਅਜੇ ਵੀ ਜਾਤ ਨੂੰ ਲੈ ਕੇ ਝੂਠ ਬੋਲ ਰਹੇ ਹਾਂ।

ਅਸੀਂ ਆਪਣੀ ਭਾਸ਼ਾ ਅਤੇ ਬੋਲਣ ਦੇ ਤਰੀਕੇ ਲੁਕੋ ਰਹੇ ਹਾਂ, ਸਾਨੂੰ ਨਹੀਂ ਪਤਾ ਅਸੀਂ ਇਸ ਡਰ ਨਾਲ ਕਦੋਂ ਤੱਕ ਰਹਾਂਗੇ ਅਤੇ ਇਸ ਨਾਲ ਕਿਸ ਤਰ੍ਹਾਂ ਦਾ ਅਸਰ ਸਾਡੇ ਬੱਚੇ 'ਤੇ ਹੋਵੇਗਾ।

ਇੱਕ ਮਕਬੂਲ ਤੇਲਗੂ ਲੇਖਕ ਅਰੁਦਰਾ ਕਹਿੰਦੇ ਹਨ, ''ਮਕਾਨ ਖਰੀਦਣਾ ਪਾਗਲਪਨ ਹੈ, ਇਹ ਵੱਧ ਚੰਗਾ ਹੈ ਕਿ ਇੱਕ ਕਿਰਾਏ ਦੇ ਵਧੀਆ ਘਰ ਵਿੱਚ ਰਹੋ ਅਤੇ ਮਕਾਨ ਮਾਲਿਕ ਚੰਗੇ ਹੋਣ।''

ਉਹ 25 ਸਾਲਾਂ ਤੱਕ ਚੇਨਈ 'ਚ ਪਾਨਾਗਲ ਪਾਰਤ ਦੇ ਨੇੜੇ ਕਿਰਾਏ ਦੇ ਮਕਾਨ ਵਿੱਚ ਰਹੇ। ਪਰ ਇਸ ਤਰ੍ਹਾਂ ਦੇ ਚੰਗੇ ਮਕਾਨ ਮਾਲਿਕ ਕਿੰਨੇ ਕੁ ਲੋਕਾਂ ਨੂੰ ਮਿਲਦੇ ਹਨ?

ਕਰਜ਼ਾ ਚੁੱਕ ਕੇ ਘਰ ਖਰੀਦਣ ਨੂੰ ਮੈਂ ਕਦੇ ਸਿਆਣਪ ਨਹੀਂ ਸਮਝਦਾ।

ਮੈਨੂੰ ਆਖਿਰਕਾਰ ਮਹਿਸੂਸ ਹੋਇਆ ਕਿ ਜਾਤ ਬਾਰੇ ਝੂਠ ਬੋਲਣ ਅਤੇ ਪਛਾਣ ਨੂੰ ਲੈ ਕੇ ਨਿਰਾਸ਼ਾ ਤੇ ਬੇਬਸੀ ਦਾ ਸਾਹਮਣਾ ਕਰਨ ਨਾਲੋਂ ਆਪਣਾ ਮਕਾਨ ਖਰੀਦਣਾ ਵਧੀਆ ਵਿਕਲਪ ਹੈ।

ਕਈ ਸਾਲਾਂ ਦੇ ਆਰਥਿਕ ਸੰਘਰਸ਼ ਤੋਂ ਬਾਅਦ, ਦੋਸਤਾਂ ਤੋਂ ਕੁਝ ਕਰਜ਼ਾ ਲਿਆ, ਬੈਂਕ ਤੋਂ ਹੋਮ ਲੋਨ ਲਿਆ ਅਤੇ ਆਖ਼ਿਰ ਘਰ ਲਈ ਜ਼ਮੀਨ ਖ਼ਰੀਦ ਹੀ ਲਈ।

ਘਰ ਅਜੇ ਵੀ ਉਸਾਰੀ ਅਧੀਨ ਹੈ ਅਤੇ ਨਵੇਂ ਘਰ ਜਾਣ ਵਿੱਚ ਥੋੜ੍ਹਾ ਸਮਾਂ ਲੱਗੇਗਾ, ਉਦੋਂ ਤੱਕ ਮੈਨੂੰ ਵਿਤਕਰੇ ਦਾ ਸਾਹਮਣਾ ਕਰਨਾ ਪਵੇਗਾ।

ਇਸ ਵਿਤਕਰੇ ਵਿੱਚ ਗੁਆਂਢੀ ਮਕਾਨ ਮਾਲਿਕਾਂ ਤੋਂ ਘੱਟ ਨਹੀਂ ਹਨ।

ਮਕਾਨ, ਕਿਰਾਇਆ, ਦਲਿਤ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ

ਇਹ ਕਿਹਾ ਜਾਂਦਾ ਹੈ, ''ਗੁਆਂਢੀ ਚੁਣੇ ਨਹੀਂ ਜਾਂਦੇ।'', ਪਰ ਮੇਰਾ ਅਨੁਭਵ ਕਹਿੰਦਾ ਹੈ ਕਿ ਕੁਝ ਲੋਕ ਜਾਤ ਦੇ ਆਧਾਰ 'ਤੇ ਆਪਣੇ ਗੁਆਂਢੀਆਂ ਦੀ ਚੋਣ ਕਰਦੇ ਹਨ।

ਸਾਨੂੰ ਜਾਤ ਕਰਕੇ ਸਮਾਜ ਵਿੱਚ ਵਿਤਕਰਾ ਸਹਿਣਾ ਪਿਆ ਅਤੇ ਰੱਦ ਕੀਤਾ ਅਤੇ ਅਜੇ ਵੀ ਇਹ ਬਰਕਰਾਕ ਹੈ।

(ਇਹ ਨਿੱਜੀ ਅਨੁਭਵ ਹੈਦਰਾਬਾਦ ਰਹਿੰਦੇ ਇੱਕ ਵਿਅਕਤੀ ਨੇ ਬੀਬੀਸੀ ਪੱਤਰਕਾਰ ਰਵੀਸ਼ੰਕਰ ਲਿੰਗੁਤਲਾ ਨਾਲ ਸਾਂਝੇ ਕੀਤੇ ਹਨ। ਵਿਅਕਤੀ ਦੀ ਗੁਜ਼ਾਰਿਸ਼ 'ਤੇ ਉਸਦੀ ਪਛਾਣ ਗੁਪਤ ਰੱਖੀ ਗਈ ਹੈ।)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)