'ਰੋਜ਼ ਇਸੇ ਉਮੀਦ ਨਾਲ ਘਰੋਂ ਨਿਕਲਦੇ ਹਾਂ ਕਿ ਅੱਜ ਦਿਨ ਸੁੱਖੀ-ਸਾਂਦੀ ਲੰਘ ਜਾਵੇ'

- ਲੇਖਕ, ਸ਼ੁਮਾਇਲਾ ਜਾਫਰੀ
- ਰੋਲ, ਬੀਬੀਸੀ ਪੱਤਰਕਾਰ
ਪਾਕਿਸਤਾਨ ਦਾ ਸਭ ਤੋਂ ਗਰੀਬ ਸੂਬਾ ਬਲੋਚਿਸਤਾਨ ਅਕਸਰ ਗਲਤ ਕਾਰਨਾਂ ਲਈ ਖਬਰਾਂ ਵਿੱਚ ਰਹਿੰਦਾ ਹੈ।
ਹਿੰਸਾ ਤੋਂ ਬਾਅਦ ਵੀ ਇੱਥੋਂ ਦੇ ਲੋਕ ਆਮ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰਦੇ ਹਨ। ਕੁਇਟਾ ਵਿੱਚ ਵੱਖ ਵੱਖ ਭਾਈਚਾਰੇ ਅਤੇ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਹਨ।
ਬੀਬੀਸੀ ਪੱਤਰਕਾਰ ਸ਼ੁਮਾਇਲਾ ਜਾਫਰੀ ਬਲੋਚਿਸਤਾਨ ਦੀ ਰਾਜਧਾਨੀ ਕੁਇਟਾ ਵਿੱਚ ਰਹਿਣ ਵਾਲੇ ਕੁਝ ਆਮ ਲੋਕਾਂ ਨੂੰ ਮਿਲੀ ਅਤੇ ਸੁਣੀ ਉਨ੍ਹਾਂ ਦੀ ਕਹਾਣੀ।
ਬੈਂਕ ਮੈਨੇਜਰ ਦੀ ਰਹੱਸਮਈ ਜ਼ਿੰਦਗੀ
ਯਾਸਿਰ ਰੌਕ ਬੈਂਡ ਮਲਹਾਰ ਦੇ ਮੁੱਖ ਗਾਇਕ ਹਨ। ਦਿਨ ਵਿੱਚ ਬੈਂਕ ਮੈਨੇਜਰ ਹੁੰਦੇ ਹਨ ਅਤੇ ਰਾਤ ਵਿੱਚ ਰੌਕਸਟਾਰ ਬਣ ਜਾਂਦੇ ਹਨ। ਉਹ ਇੱਕ ਕੱਟੜ ਮੁਸਲਮਾਨ ਸਮਾਜ ਦਾ ਹਿੱਸਾ ਹਨ ,ਜਿੱਥੇ ਗਾਣੇ ਨੂੰ ਚੰਗਾ ਨਹੀਂ ਮੰਨਿਆ ਜਾਂਦਾ।
ਉਹ ਹਰ ਸ਼ਾਮ ਆਪਣੇ ਦੋਸਤਾਂ ਨਾਲ ਬੇਸਮੈਂਟ ਦੇ ਇੱਕ ਕਮਰੇ ਵਿੱਚ ਰੌਕ ਸੰਗੀਤ ਵਜਾਉਂਦਾ ਹੈ ਅਤੇ ਬਾਲੀਵੁੱਡ ਗਾਣੇ ਗਾਉਂਦਾ ਹੈ। ਗਰੁੱਪ ਵਿੱਚ ਵਧੇਰੇ ਵਿਆਰਥੀ ਹਨ, ਜੋ ਸੰਗੀਤ ਦੇ ਸਾਜ਼ ਖਰੀਦਣ ਲਈ ਪੈਸੇ ਬਚਾਉਂਦੇ ਹਨ।
ਯਾਸਿਰ ਨੇ ਕਿਹਾ, ''ਬੈਂਕ ਵਿੱਚ ਮੇਰੇ ਗਾਹਕ ਇਹ ਪਸੰਦ ਨਹੀਂ ਕਰਨਗੇ। ਇਸ ਲਈ ਮੈਂ ਸੋਸ਼ਲ ਮੀਡੀਆ 'ਤੇ ਆਪਣਾ ਸੰਗੀਤ ਸਾਂਝਾ ਨਹੀਂ ਕਰਦਾ, ਇਸ ਡਰ ਨਾਲ ਕਿ ਮੇਰੇ ਗਾਹਕ ਨਾਰਾਜ਼ ਹੋਕੇ ਚਲੇ ਜਾਣਗੇ।''

ਯਾਸਿਰ ਨੇ ਸੰਗੀਤ ਲਈ ਆਪਣੇ ਜਜ਼ਬੇ ਬਾਰੇ ਦੱਸਿਆ। ਉਨ੍ਹਾਂ ਕਿਹਾ, ''ਅਸੀਂ ਲੋਕਾਂ ਦੇ ਮਨੋਰੰਜਨ ਲਈ ਸੰਗੀਤ ਗਾਉਂਦੇ ਹਾਂ।''
ਮਲਹਾਰ ਦੇ ਪਰਫੌਰਮ ਕਰਨ ਲਈ ਕੋਈ ਜਨਤਕ ਥਾਂ ਨਹੀਂ ਹੈ। ਉਨ੍ਹਾਂ ਨੂੰ ਕਈ ਯੂਨੀਵਰਸਿਟੀਆਂ ਸੱਦ ਚੁੱਕਿਆਂ ਹਨ ਪਰ ਸੱਜੇ ਪੱਖੀ ਗਰੁੱਪ ਇਹ ਹੋਣ ਨਹੀਂ ਦਿੰਦੇ।
ਯਾਸਿਰ ਨੇ ਦੱਸਿਆ, ''ਨੌਜਵਾਨਾਂ ਲਈ ਮਾਹੌਲ ਚੰਗਾ ਨਹੀਂ ਹੈ। ਉਨ੍ਹਾਂ ਨੂੰ ਆਪਣੇ ਪਹਿਰਾਵੇ ਦਾ ਵੀ ਧਿਆਨ ਰੱਖਣਾ ਪੈਂਦਾ ਹੈ। ਮੌਡਰਨ ਕੱਪੜੇ ਅਤੇ ਲੰਮੀ ਦਾੜੀ ਨਾ ਰੱਖਣ ਦਾ ਮਤਲਬ ਮੁਸੀਬਤ ਹੋ ਸਕਦਾ ਹੈ।''
ਇਨ੍ਹਾਂ ਦੇ ਹੱਥ ਵਿੱਚ ਜ਼ਿੰਦਗੀ ਤੇ ਮੌਤ
ਅਗਸਤ 2016 ਵਿੱਚ ਕੁਇਟਾ ਦੇ ਸਿਵਿਲ ਹਸਪਤਾਲ ਦੇ ਬਾਹਰ ਹੋਏ ਬੰਬ ਧਮਾਕੇ ਤੋਂ ਬਾਅਦ ਲੋਕਾਂ ਦੀ ਮਦਦ ਲਈ ਭੱਜਣ ਵਾਲੀ ਸ਼ਹਿਲਾ ਸਾਮੀ ਕਾਕਰ ਸਭ ਤੋਂ ਪਹਿਲੀ ਡਾਕਟਰ ਸੀ।
ਉਸ ਦਿਨ ਸੱਤਰ ਲੋਕਾਂ ਦੀ ਮੌਤ ਹੋਈ ਸੀ, ਜਿਸ ਵਿੱਚ ਵਧੇਰੇ ਵਕੀਲ ਸਨ। ਉਨ੍ਹਾਂ ਕਿਹਾ, ''ਹਰ ਪਾਸੇ ਖੂਨ ਸੀ, ਦਰਜਨਾਂ ਮਰਦ, ਕਾਲੇ ਅਤੇ ਚਿੱਟੇ ਕੱਪੜਿਆਂ ਵਿੱਚ ਜ਼ਮੀਨ 'ਤੇ ਪਏ ਸਨ।''
ਗਾਇਨਾਕੌਲਜਿਸਟ ਸਾਮੀ ਨਹੀਂ ਜਾਣਦੀ ਸੀ ਕਿ ਕਰਨਾ ਕੀ ਹੈ।
ਉਹ ਹੁਣ ਕੁਇਟਾ ਦੇ ਬੋਲਨ ਮੈਡੀਕਲ ਕੰਪਲੈਕਸ ਵਿੱਚ ਕੰਮ ਕਰਦੀ ਹੈ। ਧਮਾਕੇ ਤੋਂ ਬਾਅਦ ਉਨ੍ਹਾਂ ਨੂੰ ਪੋਸਟ ਟਰੌਮੈਟਿਕ ਸਟ੍ਰੈਸ ਡਿਸੌਰਡਰ ਹੋ ਗਿਆ ਸੀ।
ਉਨ੍ਹਾਂ ਕਿਹਾ, ''ਅਸੀਂ ਰੋਜ਼ ਇਸ ਉਮੀਦ ਵਿੱਚ ਜਿਉਂਦੇ ਹਾਂ ਕਿ ਅੱਜ ਦਾ ਦਿਨ ਨੌਰਮਲ ਹੋਵੇਗਾ।''
ਉਨ੍ਹਾਂ ਮੁਤਾਬਕ ਸਿਰਫ਼ ਕੁਇਟਾ ਹੀ ਨਹੀਂ ਬਲਕਿ ਪਾਕਿਸਤਾਨ ਦੇ ਹਰ ਵੱਡੇ ਸ਼ਹਿਰ ਨੇ ਹਿੰਸਾ ਵੇਖੀ ਹੈ। ਉਨ੍ਹਾਂ ਕਿਹਾ, ''ਬਾਹਰ ਵਾਲਿਆਂ ਨੂੰ ਲੱਗਦਾ ਹੈ ਕਿ ਅਸੀਂ ਬਹੁਤ ਔਖੀ ਜ਼ਿੰਦਗੀ ਜੀ ਰਹੇ ਹਾਂ ਪਰ ਮੈਂ ਇਸ ਨਾਲ ਸਹਿਮਤ ਨਹੀਂ । ਇਸ ਸ਼ਹਿਰ ਦਾ ਅਨੁਸ਼ਾਸਤ ਨਾ ਹੋਣਾ, ਮੈਨੂੰ ਸਭ ਤੋਂ ਵੱਧ ਚਿੰਤਤ ਕਰਦਾ ਹੈ।''

ਉਨ੍ਹਾਂ ਦੱਸਿਆ ਕਿ ਬਲੋਚਿਸਤਾਨ ਦੀਆਂ ਔਰਤਾਂ ਸਿੱਖਿਆ ਅਤੇ ਆਜ਼ਾਦੀ ਦੀ ਘਾਟ ਮਹਿਸੂਸ ਕਰਦੀਆਂ ਹਨ।
ਉਨ੍ਹਾਂ ਕਿਹਾ, ''ਪਰਿਵਾਰ ਦੇ ਮਰਦ ਔਰਤਾਂ 'ਤੇ ਬਹੁਤ ਪਾਬੰਦੀਆਂ ਲਗਾਉਂਦੇ ਹਨ, ਉਨ੍ਹਾਂ ਦੇ ਇਲਾਜ ਲਈ ਵੀ।''
ਬਲੋਚਿਸਤਾਨ ਵਿੱਚ ਵੱਖ ਵੱਖ ਭਾਈਚਾਰਿਆਂ ਦਾ ਹੋਣਾ, ਉਨ੍ਹਾਂ ਦਾ ਕੰਮ ਮੁਸ਼ਕਿਲ ਬਣਾਉਂਦਾ ਹੈ। ਉਨ੍ਹਾਂ ਕਿਹਾ, ''ਹਜ਼ਾਰਾ, ਬਲੋਚ, ਪਾਸ਼ਤੁਨ, ਪੰਜਾਬੀ, ਉਰਦੂ ਅਤੇ ਫਾਰਸੀ ਬੋਲਣ ਵਾਲੇ ਭਾਈਚਾਰੇ ਰਹਿੰਦੇ ਹਨ। ਹਰ ਕਿਸੇ ਦੀ ਵੱਖ ਵੱਖ ਪਰੰਪਰਾਵਾਂ ਹਨ, ਸੋ ਉਨ੍ਹਾਂ ਦਾ ਧਿਆਨ ਰੱਖਣਾ ਪੈਂਦਾ ਹੈ।''
ਉਹ ਪੱਤਰਕਾਰ ਜਿਸਨੂੰ ਗੋਲੀ ਲੱਗਣ ਦਾ ਖਤਰਾ ਹੈ
ਖਲਿਲ ਅਹਿਮਦ ਬਲੋਚਿਸਤਾਨ ਯੂਨੀਅਨ ਆਫ ਜਰਨਲਿਸਟਸ ਦੇ ਪ੍ਰਧਾਨ ਹਨ। ਕੁਇਟਾ ਦੇ ਪ੍ਰੈੱਸ ਕਲੱਬ ਵਿੱਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਹਰ ਵੇਲੇ ਗਾਰਡ ਡਿਊਟੀ 'ਤੇ ਰਹਿੰਦੇ ਹਨ।
ਖਤਰਿਆਂ ਬਾਰੇ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਜਾਣਕਾਰੀ ਹੈ। ਉਨ੍ਹਾਂ ਕਿਹਾ, ''ਅਗਵਾ ਕਰਨਾ ਇੱਥੇ ਦੀ ਪਰੰਪਰਾ ਨਹੀਂ ਹੈ। ਤੁਹਾਨੂੰ ਸਿੱਧਾ ਗੋਲੀ ਮਾਰੀ ਜਾਂਦੀ ਹੈ।''
ਪਿਛਲੇ ਦਸ ਸਾਲਾਂ ਵਿੱਚ 38 ਪੱਤਰਕਾਰ ਮਾਰੇ ਗਏ ਹਨ। ਉਹ ਤਾਲੀਬਾਨ, ਅਲ-ਕਾਇਦਾ ਅਤੇ ਬਲੋਚ ਵੱਖਵਾਦੀਆਂ ਦੇ ਨਿਸ਼ਾਨੇ 'ਤੇ ਸਨ। ਫੌਜ ਅਤੇ ਸੂਬਾ ਸਰਕਾਰ ਵੱਲੋਂ ਵੀ ਪੱਤਰਕਾਰਾਂ ਦੀ ਗੈਰ ਕਾਨੂੰਨੀ ਹੱਤਿਆ ਦੀਆਂ ਖਬਰਾਂ ਹਨ।

''ਪਾਕਿਸਤਾਨ ਦਾ ਵਿਰੋਧ ਕਰਨ ਵਾਲੇ ਬਲੋਚ ਵੱਖਵਾਦੀਆਂ ਬਾਰੇ ਲਿਖਣ ਕਰਕੇ ਵੀ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ। ਸੂਬੇ ਦੇ 18 ਪੱਤਰਕਾਰ ਐਂਟੀ-ਟੈਰਰਿਜ਼ਮ ਕਾਨੂੰਨਾਂ ਦੇ ਤਹਿਤ ਕੇਸਾਂ ਵਿੱਚ ਫਸੇ ਹਨ।''
ਖਲਿਲ ਨੇ ਕਿਹਾ, ''ਵੱਖਵਾਦੀ ਅਤੇ ਅੱਤਵਾਦੀ ਸਾਨੂੰ ਕਹਿੰਦੇ ਹਨ ਕਿ ਉਨ੍ਹਾਂ ਕੋਲ ਸਾਡੇ ਬੱਚਿਆਂ ਬਾਰੇ ਸਾਰੀ ਜਾਣਕਾਰੀ ਹੈ ਅਤੇ ਉਹ ਕਿਸੇ ਵੀ ਵੇਲੇ ਉਨ੍ਹਾਂ ਨੂੰ ਮਾਰ ਸਕਦੇ ਹਨ।''
ਉਹ ਪਿਛਲੇ 18 ਸਾਲਾਂ ਤੋਂ ਪੱਤਰਕਾਰ ਹਨ ਅਤੇ ਅੱਗੇ ਵੀ ਇਹੀ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ, ''ਇਹ ਸਾਡਾ ਕੰਮ ਹੈ। ਜਦੋਂ ਅਸੀਂ ਮਰਨਾ ਹੈ ਤਾਂ ਮਰ ਹੀ ਜਾਣਾ ਹੈ, ਫੇਰ ਇਸ ਬਾਰੇ ਸੋਚਣਾ ਕਿਉਂ?''
ਮੌਤ ਦੇ ਸਾਏ ਹੇਠ
ਨਸੀਮ ਜਾਵੇਦ ਇੱਕ ਖਾਸ ਭਾਈਚਾਰੇ ਦੇ ਮੁਹੱਲੇ ਵਿੱਚ ਰਹਿਣ ਲਈ ਮਜਬੂਰ ਹੈ। ਇੱਕ ਹਜ਼ਾਰਾ ਅਤੇ ਸ਼ੀਆ ਹੋਣ ਦੇ ਨਾਤੇ ਉਹ ਘੱਟਗਿਣਤੀ ਹਨ। ਉਨ੍ਹਾਂ ਦੇ ਭਾਈਚਾਰੇ ਦੇ ਕਈ ਲੋਕ ਧਮਾਕਿਆਂ ਅਤੇ ਆਤਮਘਾਤੀ ਹਮਲਿਆਂ ਵਿੱਚ ਜਾਨਾਂ ਗਵਾ ਚੁਕੇ ਹਨ।
ਉਹ ਮਰੀਆਬਾਦ ਇਲਾਕੇ ਵਿੱਚ ਰਹਿੰਦੇ ਹਨ। ਅੰਦਰ ਜਾਣ ਦੀ ਇੱਕੋ ਥਾਂ ਹੈ ਜਿੱਥੇ ਹਮੇਸ਼ਾ ਸੁਰੱਖਿਆ ਕਰਮੀ ਰਹਿੰਦਾ ਹੈ। ਇਸ ਦੇ ਬਾਵਜੂਦ ਉਨ੍ਹਾਂ ਦਾ ਕਤਲ ਰੁਕਿਆ ਨਹੀਂ ਹੈ।
ਨਸੀਮ ਨੇ ਕਿਹਾ, ''ਸਿਨੇਮਾਘਰ ਤਬਾਹ ਹੋ ਗਏ ਅਤੇ ਬਾਜ਼ਾਰਾਂ ਬੰਦ ਹਨ, ਇਸ ਮਾਹੌਲ ਵਿੱਚ ਸਾਹ ਲੈਣਾ ਵੀ ਔਖਾ ਹੈ।''

ਕਬਰਿਸਤਾਨ ਦੇ ਕੋਲ ਸਭ ਲੋਕ ਇਕੱਠਾ ਹੋਕੇ ਫਾਰਸੀ ਵਿੱਚ ਧਾਰਮਿਕ ਕਵਿਤਾ ਸੁਣਦੇ ਹਨ। ਨਸੀਮ ਜਾਵੇਦ ਵੀ ਉੱਥੇ ਜਾਂਦੇ ਹਨ।
ਉਨ੍ਹਾਂ ਕਿਹਾ, ''ਅਸੀਂ ਮੌਤ ਦੇ ਸਾਏ ਹੇਠ ਰਹਿੰਦੇ ਹਨ। ਜੋ ਇੱਥੋਂ ਜਾ ਸਕਦੇ ਸੀ, ਪਹਿਲਾਂ ਹੀ ਚਲੇ ਗਏ। ਨੌਜਵਾਨਾਂ ਨੂੰ ਭਵਿੱਖ ਮਾੜਾ ਲੱਗਦਾ ਹੈ ਅਤੇ ਉਹ ਇੱਥੋਂ ਭੱਜਣਾ ਚਾਹੁੰਦੇ ਹਨ।''
ਉਨ੍ਹਾਂ ਕਿਹਾ ਕਿ ਹਿੰਸਾ ਰੁਕਣ 'ਤੇ ਉਨ੍ਹਾਂ ਦੀਆਂ ਉਮੀਦਾਂ ਜਾਗਦੀਆਂ ਹਨ ਪਰ ਫੇਰ ਤੋਂ ਮਰ ਜਾਂਦੀਆਂ ਹਨ। ਉਨ੍ਹਾਂ ਕਿਹਾ, ''ਲੋਕ ਸੋਚਦੇ ਹਨ ਕਿ ਸ਼ਾਇਦ ਸਭ ਕੁਝ ਠੀਕ ਹੋ ਜਾਵੇ ਪਰ ਇੱਕ ਹੋਰ ਹੱਤਿਆ ਨਾਲ ਸਭ ਦੀ ਉਮੀਦ ਮਰ ਜਾਂਦੀ ਹੈ।''
ਉਮੀਦ ਵਿੱਚ ਸਕਾਰਾਤਮਕ ਸੋਚ ਵਾਲੀ ਵਿਦਿਆਰਥਣ
ਪੱਤਰਕਾਰਿਤਾ ਦੀ ਪੜ੍ਹਾਈ ਕਰ ਰਹੀ 23 ਸਾਲਾਂ ਦੀ ਸਹਿਨੀਲਾ ਮਨਜ਼ੂਰ ਬੇਹੱਦ ਕਾਨਫੀਡੈਂਟ ਹੈ ਅਤੇ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਦੱਸਿਆ, ''ਚੀਜ਼ਾਂ ਬਿਹਤਰ ਹੋ ਰਹੀਆਂ ਹਨ। ਜੇ ਮੈਂ ਇੱਥੇ ਬੈਠੀ ਹਾਂ ਅਤੇ ਮੇਰੇ ਕਈ ਦੋਸਤ ਪੜ੍ਹਾਈ ਕਰਕੇ ਨੌਕਰੀਆਂ ਕਰ ਰਹੇ ਹਨ ਤਾਂ ਇਸ ਦਾ ਮਤਲਬ ਹੈ ਕਿ ਬਦਲਾਅ ਹੋ ਰਿਹਾ ਹੈ।''
ਬਲੋਚਿਸਤਾਨ ਯੂਨੀਵਰਸਿਟੀ ਵਿੱਚ ਪੜ੍ਹਣ ਵਾਲੀ ਸਹਿਨੀਲਾ ਨੂੰ ਖਤਰਿਆਂ ਬਾਰੇ ਜਾਣਕਾਰੀ ਹੈ ਪਰ ਉਹ ਡਰਨ ਤੋਂ ਇਨਕਾਰ ਕਰਦੀ ਹੈ। ਉਸਨੇ ਕਿਹਾ, ''ਜੇ ਕੋਈ ਚੀਜ਼ ਵਾਰ ਵਾਰ ਹੁੰਦੀ ਹੈ ਤਾਂ ਲੋਕ ਉਸ ਦੇ ਨਾਲ ਜਿਊਣਾ ਸਿੱਖ ਲੈਂਦੇ ਹਨ।''
''ਜੇ ਅਸੀਂ ਖੁਦ ਨੂੰ ਦੂਜੇ ਸੂਬਿਆਂ ਦੇ ਵਿਦਿਆਰਥੀਆਂ ਦੇ ਮੁਕਾਬਲੇ ਵਿੱਚ ਵੇਖੀਏ ਤਾਂ ਉਨ੍ਹਾਂ ਨਾਲ ਨੌਕਰੀ ਲਈ ਮੁਕਾਬਲਾ ਕਰਨਾ ਬਹੁਤ ਔਖਾ ਹੈ।''

ਸਹਿਨੀਲਾ ਮੁਤਾਬਕ ਰੂੜੀਵਾਦੀ ਸੋਚ ਔਰਤਾਂ ਦੀ ਤਰੱਕੀ ਦਾ ਸਭ ਤੋਂ ਵੱਡਾ ਰੋੜਾ ਹੈ।ਉਸਨੂੰ ਹਾਲੇ ਵੀ ਉਮੀਦ ਹੈ, ਬਾਵਜੂਦ ਇਸਦੇ ਕਿ ਕਈ ਨੌਜਵਾਨ ਹੁਨਰ ਦਾ ਸਹੀ ਇਸਤੇਮਾਲ ਕਰਨ ਲਈ ਬਲੋਚਿਸਤਾਨ ਛੱਡ ਰਹੇ ਹਨ।
ਉਸਨੇ ਕਿਹਾ, ''ਚੀਨ-ਪਾਕਿਸਤਾਨ ਆਰਥਕ ਕੌਰੀਡੋਰ ਹੈ, ਨਵੇਂ ਕਾਰੋਬਾਰ ਬਣ ਰਹੇ ਹਨ, ਕਾਫੀ ਕੰਸਟ੍ਰਕਸ਼ਨ ਹੋ ਰਿਹਾ ਹੈ ਅਤੇ ਸਿੱਖਿਆ ਦਾ ਨਵਾਂ ਸਿਸਟਮ ਵੀ ਆਉਣ ਵਾਲਾ ਹੈ।''
ਉਸਨੂੰ ਉਮੀਦ ਹੈ ਕਿ ਇਸ ਨਾਲ ਫਾਇਦਾ ਹੋਵੇਗਾ ਅਤੇ ਲੋਕਾਂ ਨੂੰ ਸੂਬਾ ਛੱਡ ਕੇ ਜਾਣ ਦੀ ਲੋੜ ਨਹੀਂ ਪਵੇਗੀ।
ਦੁਕਾਨਦਾਰ ਜੋ ਸ਼ਾਇਦ ਨਿਕਲ ਜਾਵੇ
ਕੁਇਟਾ ਦੇ ਪੁਰਾਣੇ ਇਲਾਕੇ ਵਿੱਚ ਅਸਮਾਤੁੱਲਾਹ ਖਾਨ ਬੂਟਾਂ ਦੀ ਦੁਕਾਨ ਚਲਾਉਂਦੇ ਹਨ। 1982 ਤੋਂ ਉਨ੍ਹਾਂ ਦਾ ਪਰਿਵਾਰ ਇਹ ਦੁਕਾਨ ਚਲਾ ਰਿਹਾ ਹੈ।
ਪਿਤਾ ਦੀ ਮੌਤ ਤੋਂ ਬਾਅਦ ਉਹ ਹੀ ਇਸਨੂੰ ਵੇਖਦੇ ਹਨ।
ਉਨ੍ਹਾਂ ਕਿਹਾ, ''ਗਾਹਕ ਬਹੁਤ ਘੱਟ ਹਨ ਅਤੇ ਕਾਰੋਬਾਰ ਮਾੜਾ। ਪਹਿਲਾਂ ਦੁਕਾਨਦਾਰ ਅਤੇ ਗਾਹਕ ਡਰਦੇ ਨਹੀਂ ਸਨ।''

ਪੰਜਾਬ ਅਤੇ ਸਿੰਧ ਦੇ ਸੂਬਿਆਂ ਤੋਂ ਸੈਲਾਨੀਆਂ ਲਈ ਖਰੀਦਾਰੀ ਲਈ ਹਾਸ਼ਮੀ ਮਾਰਕੀਟ ਪਸੰਦੀਦਾ ਥਾਂ ਹੁੰਦੀ ਸੀ।
ਕੁਇਟਾ ਵਿੱਚ ਫੌਜੀ ਅਫਸਰਾਂ ਦੇ ਪਰਿਵਾਰ ਵੀ ਆਉਂਦੇ ਸਨ। ਪਰ ਹਿੰਸਾ ਕਰਕੇ ਇਹ ਸਭ ਬੰਦ ਹੋ ਗਿਆ।
ਉਨ੍ਹਾਂ ਕਿਹਾ, ''ਅਸੀਂ ਇੱਕ ਦਿਨ ਵਿੱਚ 90,000 ਪਾਕਿਸਤਾਨੀ ਰੁਪਏ ਕਮਾ ਲੈਂਦੇ ਸਨ ਪਰ ਹੁਣ ਸਿਰਫ 10,000 ਰੁਪਏ ਕਮਾਉਂਦੇ ਹਾਂ।''

ਅਸਮਾਤੁੱਲਾਹ ਨੇ ਕਿਹਾ ਕਿ ਹੁਣ ਧਮਾਕੇ ਘਟੇ ਹਨ ਪਰ ਲੋਕਾਂ ਵਿੱਚ ਵਿਸ਼ਵਾਸ ਨਹੀਂ ਰਿਹਾ।
ਉਨ੍ਹਾਂ ਕਿਹਾ, ''ਰੋਜ਼ ਸਵੇਰੇ ਘਰ ਤੋਂ ਜਾਂਦੇ ਸਮੇਂ ਮੇਰੀ ਮਾਂ ਕੁਰਾਨ ਸ਼ਰੀਫ ਤੋਂ ਪਾਠ ਪੜ੍ਹਦੀ ਹੈ ਤਾਂ ਜੋ ਮੈਂ ਸੁਰੱਖਿਅਤ ਮੁੜ ਸਕਾਂ।''
''ਮੈਂ ਆਪਣੇ ਬੱਚਿਆਂ ਦੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਵੀ ਪੂਰੀ ਨਹੀਂ ਕਰ ਸਕਦਾ। ਜੇ ਹਾਲਾਤ ਬਿਹਤਰ ਨਾ ਹੋਏ ਤਾਂ ਮੈਂ ਸਾਰਾ ਕੁਝ ਛੱਡਕੇ ਦੁਬਈ ਚਲਾ ਜਾਵਾਂਗਾ। ਮੇਰੇ ਕੋਲ ਕੋਈ ਹੋਰ ਰਾਹ ਨਹੀਂ ਹੈ।''












