ਪਾਕਿਸਤਾਨ ਦੇ 'ਗ਼ਾਇਬ' ਹੋਏ ਸ਼ੀਆ ਮੁਸਲਮਾਨਾਂ ਦੀ ਕਹਾਣੀ

ਸੀਸੀਟੀਵੀ ਦੀਆਂ ਤਸਵੀਰਾਂ
ਤਸਵੀਰ ਕੈਪਸ਼ਨ, ਨਈਮ ਹੈਦਰ ਨੂੰ 16 ਨਵੰਬਰ 2016 ਦੀ ਰਾਤ ਘਰੋਂ ਲਿਜਾਇਆ ਗਿਆ ਸੀ
    • ਲੇਖਕ, ਸਿਕੰਦਰ ਕਿਰਮਾਨੀ
    • ਰੋਲ, ਬੀਬੀਸੀ ਨਿਊਜ਼, ਕਰਾਚੀ

ਪਾਕਿਸਤਾਨ ਦੀ ਇੱਕ ਮਸਜਿਦ ਦੇ ਸੀਸੀਟੀਵੀ ਕੈਮਰੇ ਦੀਆਂ ਤਸਵੀਰਾਂ ਵਿੱਚ ਦਰਜਨਾਂ ਬੰਦੂਕਧਾਰੀ ਵਿਅਕਤੀ 30 ਸਾਲਾ ਨਈਮ ਹੈਦਰ ਨੂੰ ਹੱਥਕੜੀ ਲਗਾ ਕੇ ਲਿਜਾਂਦੇ ਦਿਖ ਰਹੇ ਹਨ।

ਇਨ੍ਹਾਂ ਬੰਦੂਕਧਾਰੀ ਵਿਅਕਤੀਆ ਵਿੱਚੋਂ ਕਈ ਨਕਾਬਪੋਸ਼ ਹਨ ਤੇ ਕਈ ਪੁਲਿਸ ਦੀ ਵਰਦੀ ਵਿੱਚ ਹਨ। 16 ਨਵੰਬਰ 2016 ਦੀ ਉਸ ਰਾਤ ਤੋਂ ਬਾਅਦ ਹੈਦਰ ਕਦੇ ਦਿਖਾਈ ਨਹੀਂ ਦਿੱਤੇ।

ਇਸ ਦੇ ਬਾਵਜੂਦ ਪੁਲਿਸ ਅਤੇ ਖੂਫ਼ੀਆ ਏਜੰਸੀਆਂ ਅਦਾਲਤ ਵਿੱਚ ਇਸ ਗੱਲ ਨੂੰ ਖਾਰਿਜ ਕਰਦੀਆਂ ਰਹੀਆਂ ਹਨ ਕਿ ਹੈਦਰ ਉਨ੍ਹਾਂ ਦੀ ਹਿਰਾਸਤ ਵਿੱਚ ਹੈ।

ਸ਼ੀਆ ਭਾਈਚਾਰੇ ਦੇ ਕਾਰਕੁਨਾਂ ਦਾ ਕਹਿਣਾ ਹੈ ਕਿ ਬੀਤੇ ਦੋ ਸਾਲਾਂ ਵਿੱਚ 140 ਪਾਕਿਸਤਾਨੀ ਸ਼ੀਆ ਕਥਿਤ ਤੌਰ 'ਤੇ ਗਾਇਬ ਹੋਏ ਹਨ। ਜਿਨ੍ਹਾਂ ਵਿੱਚੋਂ ਹੈਦਰ ਵੀ ਇੱਕ ਹੈ।

ਉਨ੍ਹਾਂ ਦੇ ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਖੁਫ਼ੀਆ ਏਜੰਸੀਆਂ ਨੇ ਹਿਰਾਸਤ ਵਿੱਚ ਲਿਆ ਸੀ। ਹੈਦਰ ਸਮੇਤ ਗਾਇਬ ਹੋਏ 25 ਲੋਕ ਪਾਕਿਸਤਾਨ ਦੇ ਸਭ ਤੋਂ ਵੱਡੇ ਸ਼ਹਿਰ ਕਰਾਚੀ ਦੇ ਵਸਨੀਕ ਸੀ।

ਇੱਕੋ ਤਰੀਕੇ ਨਾਲ ਸਭ ਨੂੰ ਚੁੱਕਿਆ ਗਿਆ

ਹੈਦਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਾਇਬ ਹੋਣ ਦੇ ਦੋ ਦਿਨ ਪਹਿਲਾਂ ਹੀ ਉਹ ਆਪਣੀ ਗਰਭਵਤੀ ਪਤਨੀ ਨਾਲ ਕਰਬਲਾ (ਇਰਾਕ) ਦੀ ਜ਼ਿਆਰਤ (ਧਾਰਮਿਕ ਯਾਤਰਾ) ਕਰਕੇ ਵਾਪਿਸ ਪਰਤੇ ਸਨ।

ਉਜ਼ਮਾ ਹੈਦਰ
ਤਸਵੀਰ ਕੈਪਸ਼ਨ, ਉਜ਼ਮਾ ਹੈਦਰ ਕਹਿੰਦੀ ਹੈ ਉਨ੍ਹਾਂ ਦੇ ਬੱਚੇ ਆਪਣੇ ਪਿਤਾ ਬਾਰੇ ਪੁੱਛਦੇ ਹਨ

ਇਸ ਤੋਂ ਬਾਅਦ ਉਨ੍ਹਾਂ ਦੀ ਪਤਨੀ ਉਜ਼ਮਾ ਹੈਦਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਜਿਸ ਨੇ ਅੱਜ ਤੱਕ ਆਪਣੇ ਪਿਤਾ ਨੂੰ ਨਹੀਂ ਦੇਖਿਆ।

ਉਜ਼ਮਾ ਬੀਬੀਸੀ ਨਾਲ ਗੱਲਬਾਤ ਦੌਰਾਨ ਕਹਿੰਦੇ ਹਨ,''ਮੇਰੇ ਬੱਚੇ ਹਮੇਸ਼ਾ ਮੈਨੂੰ ਪੁੱਛਦੇ ਹਨ ਕਿ ਉਨ੍ਹਾਂ ਦੇ ਪਿਤਾ ਘਰ ਕਦੋਂ ਪਰਤਣਗੇ?''

ਉਹ ਕਹਿੰਦੇ ਹਨ,''ਮੈਂ ਉਨ੍ਹਾਂ ਨੂੰ ਕੀ ਜਵਾਬ ਦੇ ਸਕਦੀ ਹਾਂ? ਕੋਈ ਵੀ ਸਾਨੂੰ ਇਹ ਨਹੀਂ ਦੱਸਦਾ ਕਿ ਉਹ ਕਿੱਥੇ ਹਨ ਜਾਂ ਕਿਵੇਂ ਹਨ। ਘੱਟੋ-ਘੱਟ ਸਾਨੂੰ ਇਹੀ ਦੱਸ ਦੇਣ ਕਿ ਉਨ੍ਹਾਂ 'ਤੇ ਕੀ ਇਲਜ਼ਾਮ ਹਨ।''

'ਗਾਇਬ' ਹੋਏ ਅਤੇ ਦੂਜੇ ਸ਼ੀਆ ਮੁੰਡਿਆਂ ਦੇ ਪਰਿਵਾਰਾਂ ਦੀ ਵੀ ਅਜਿਹੀ ਹੀ ਕਹਾਣੀ ਹੈ। ਉਨ੍ਹਾਂ ਨੂੰ ਸੁਰੱਖਿਆ ਦਸਤਿਆਂ ਵੱਲੋਂ ਰਾਤ ਨੂੰ ਉਨ੍ਹਾਂ ਦੇ ਘਰੋਂ ਚੁੱਕ ਲਿਆ ਗਿਆ ਸੀ।

ਸ਼ੀਆ ਮੁੰਡਿਆਂ 'ਤੇ ਇਲਜ਼ਾਮ

ਕਰਾਚੀ ਦੇ ਇੱਕ ਸ਼ੀਆ ਇਲਾਕੇ ਦੇ ਇੱਕ ਘਰ ਵਿੱਚ ਵਿਲਕਦੀ ਹੋਈ ਮਹਿਲਾ ਨੇ ਮੈਨੂੰ ਕਿਹਾ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਕਦੇ ਵੀ ਕੋਈ ਸੂਚਨਾ ਨਹੀਂ ਦਿੱਤੀ ਕਿ ਉਨ੍ਹਾਂ ਦੇ ਰਿਸ਼ਤੇਦਾਰ ਕਿੱਥੇ ਹਨ ਅਤੇ ਉਨ੍ਹਾਂ 'ਤੇ ਕੀ ਇਲਜ਼ਾਮ ਹਨ।

ਕਰਾਚੀ ਪਾਕਿਸਤਾਨ ਦਾ ਇੱਕ ਬੰਦਰਗਾਹ ਸ਼ਹਿਰ ਹੈ

ਤਸਵੀਰ ਸਰੋਤ, ASIF HASSAN/AFP/GETTY IMAGES

ਹਾਲਾਂਕਿ, ਸ਼ੀਆ ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਮੁੰਡਿਆਂ ਦੇ ਕਥਿਤ ਤੌਰ 'ਤੇ ਸੀਰੀਆ ਦੇ ਗੁਪਤ ਮਿਲਸ਼ੀਆ ਸੰਗਠਨ 'ਜ਼ੈਨਬੀਊਨ ਬ੍ਰਿਗੇਡ' ਨਾਲ ਸਬੰਧ ਸੀ।

ਮੰਨਿਆ ਜਾਂਦਾ ਹੈ ਕਿ 1000 ਪਾਕਿਸਤਾਨੀ ਸ਼ੀਆਵਾਂ ਦੇ ਨਾਲ ਮਿਲ ਕੇ ਇਹ ਸੰਗਠਨ ਬਣਿਆ ਸੀ ਜਿਹੜਾ ਰਾਸ਼ਟਰਪਤੀ ਬਸ਼ਰ ਅਲ ਅਸਦ ਸ਼ਾਸਨ ਵੱਲੋਂ ਲੜ ਰਿਹਾ ਹੈ।

ਇਸ ਬ੍ਰਿਗੇਡ ਦਾ ਨਾਂ ਪੈਗੰਬਰ ਮੁਹਮੰਦ ਦੀ ਦੋਹਤੀ ਦੇ ਨਾਂ 'ਤੇ ਰੱਖਿਆ ਗਿਆ ਹੈ ਜਿਨ੍ਹਾਂ ਦੀ ਸ਼ੀਆ ਫ਼ਿਰਕੇ ਵਿੱਚ ਕਾਫ਼ੀ ਸਤਿਕਾਰ ਹੈ।

ਜ਼ੈਨਬ ਬਿੰਤ ਅਲੀ ਦੀ ਮਜ਼ਾਰ ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਹੈ।

ਅੰਦੋਲਨਾਂ ਦੀ ਅਗਵਾਈ

ਕਿਹਾ ਜਾਂਦਾ ਹੈ ਕਿ ਇਸ ਬ੍ਰਿਗੇਡ ਦਾ ਮਕਸਦ ਮਜ਼ਾਰ ਨੂੰ ਇਸਲਾਮਿਕ ਸਟੇਟ ਵਰਗੇ ਸੁੰਨੀ ਕੱਟੜਪੰਥੀ ਸਮੂਹਾਂ ਦੇ ਕਹਿਰ ਤੋਂ ਬਚਾਉਣਾ ਸੀ। ਸੁੰਨੀ ਮੁਸਲਮਾਲ ਮੰਨਦੇ ਹਨ ਕਿ ਸ਼ੀਆ ਧਰਮ ਵਿਰੋਧੀ ਹਨ।

ਨਈਮ ਹੈਦਰ
ਤਸਵੀਰ ਕੈਪਸ਼ਨ, 16 ਨਵੰਬਰ 2016 ਦੀ ਰਾਤ ਤੋਂ ਬਾਅਦ ਹੈਦਰ ਕਦੇ ਦਿਖਾਈ ਨਹੀਂ ਦਿੱਤੇ

ਅਸਲ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਜ਼ੈਨਬਿਊਨ ਨੇ ਅਲੇਪੋ ਸਮੇਤ ਸੀਰੀਆ ਵਿੱਚ ਕਈ ਮਹੱਤਵਪੂਰਨ ਲੜਾਈਆਂ ਲੜੀਆਂ।

ਹਾਲਾਂਕਿ, ਪਾਕਿਸਤਾਨੀ, ਗ੍ਰਹਿ ਮੰਤਰਾਲੇ ਦੀ ਬਲੈਕ ਲਿਸਟ ਵਿੱਚ ਇਸ ਸੰਗਠਨ ਦਾ ਨਾਮ ਹੀ ਨਹੀਂ ਹੈ ਅਤੇ ਨਾ ਹੀ 'ਗਾਇਬ' ਹੋਏ ਇਨ੍ਹਾਂ ਲੋਕਾਂ 'ਤੇ ਕਿਸੇ ਜੁਰਮ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਕਰਾਚੀ ਵਿੱਚ 'ਸ਼ੀਆ ਲਾਪਤਾ ਵਿਅਕਤੀ ਸਮਿਤੀ' ਦੇ ਪ੍ਰਮੁੱਖ ਰਾਸ਼ਿਦ ਰਿਜ਼ਵੀ ਹਨ। ਲੋਕਾਂ ਨੂੰ ਰਿਹਾਅ ਕਰਨ ਜਾਂ ਅਦਾਲਤ ਵਿੱਚ ਪੇਸ਼ ਕਰਨ ਨੂੰ ਲੈ ਕੇ ਉਨ੍ਹਾਂ ਨੇ ਸ਼ਹਿਰ ਵਿੱਚ ਕਈ ਅੰਦੋਲਨਾਂ ਦੀ ਅਗਵਾਈ ਕੀਤੀ ਹੈ।

ਉਹ ਕਹਿੰਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਉਨ੍ਹਾਂ ਵਿੱਚੋਂ ਵਧੇਰੇ ਮੱਧ-ਪੂਰਬ ਦੀ ਧਾਰਮਿਕ ਯਾਤਰਾ ਤੋਂ ਪਰਤੇ ਸੀ।

'ਗੁੰਮਸ਼ੁਦਾ ਲੋਕਾਂ' ਦਾ ਮੁੱਦਾ

ਰਾਸ਼ਿਦ ਰਿਜ਼ਵੀ ਨੇ ਬੀਬੀਸੀ ਨੂੰ ਦੱਸਿਆ,''ਕੌਮੀ ਸੰਸਥਾਨਾਂ ਦੇ ਕੁਝ ਨੁਮਾਂਇੰਦੇ ਮੈਨੂੰ ਮਿਲਣ ਆਏ ਸੀ। ਉਨ੍ਹਾਂ ਨੇ ਸਾਨੂੰ ਪ੍ਰਦਰਸ਼ਨ ਖ਼ਤਮ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ।''

ਸ਼ੀਆ ਮੁਸਲਮਾਨ

ਤਸਵੀਰ ਸਰੋਤ, ASIF HASSAN/AFP/GETTY IMAGES

"ਮੈਂ ਉਨ੍ਹਾਂ ਨੂੰ ਪੁੱਛਿਆ ਸੀ ਕਿ ਉਨ੍ਹਾਂ ਨੇ ਇਨ੍ਹਾਂ ਮੁੰਡਿਆਂ ਨੂੰ ਕਿਉਂ ਚੁੱਕਿਆ? ਉਨ੍ਹਾਂ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਲਗਦਾ ਸੀ ਕਿ ਸੀਰੀਆ ਵਿੱਚ ਦਾਏਸ਼ (ਆਈਐਸ) ਅਤੇ ਅਲਕਾਇਦਾ ਖ਼ਿਲਾਫ਼ ਲੜਨ ਗਏ ਹਨ।''

ਰਿਜ਼ਵੀ ਅੱਗੇ ਦੱਸਦੇ ਹਨ,''ਮੈਂ ਉਨ੍ਹਾਂ ਨੂੰ ਕਿਹਾ ਜੇਕਰ ਇਹ ਮਾਮਲਾ ਹੈ ਤਾਂ ਉਨ੍ਹਾਂ ਦਾ ਮਾਮਲਾ ਕਿਉਂ ਨਹੀਂ ਸ਼ੁਰੂ ਕਰਦੇ ਹਨ। ਨਹੀਂ ਤਾਂ ਜੱਜਾਂ ਅਤੇ ਕੋਰਟ ਦੇ ਹੋਣ ਦਾ ਕੀ ਤਰਕ ਹੈ?''

ਇਸ 'ਤੇ ਟਿੱਪਣੀ ਕਰਨ ਲਈ ਬੀਬੀਸੀ ਨੇ ਜਦੋਂ ਪਾਕਿਸਤਾਨੀ ਸੁਰੱਖਿਆ ਬਲਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਇਸਦਾ ਜਵਾਬ ਨਹੀਂ ਦਿੱਤਾ।

ਪਾਕਿਸਤਾਨ ਵਿੱਚ 'ਗੁੰਮਸ਼ੁਦਾ ਲੋਕ' ਇੱਕ ਸੰਵੇਦਨਸ਼ੀਲ ਮੁੱਦਾ ਹੈ।

ਤਸ਼ੱਦਦ ਢਾਹਿਆ ਜਾਂਦਾ ਸੀ

ਅਧਿਕਾਰਕ ਅੰਕੜਿਆਂ ਮੁਤਾਬਕ ਦੇਸ ਵਿੱਚ ਕਥਿਤ ਤੌਰ 'ਤੇ ਜ਼ਬਰਦਸਤੀ ਗਾਇਬ ਕੀਤੇ ਗਏ 1500 ਤੋਂ ਵੱਧ ਮਾਮਲੇ ਹਾਲੇ ਤੱਕ ਅਣਸੁਲਝੇ ਹਨ।

ਕਰਾਚੀ

ਤਸਵੀਰ ਸਰੋਤ, BANARAS KHAN/AFP/GETTY IMAGES

ਜਿਹੜੇ ਦੂਜੇ ਲੋਕ ਹਿਰਾਸਤ ਵਿੱਚ ਲਏ ਗਏ ਸੀ, ਉਨ੍ਹਾਂ ਵਿੱਚ ਸ਼ੱਕੀ ਸੁੰਨੀ ਜਿਹਾਦੀ, ਜਾਤੀ ਰਾਸ਼ਟਰਵਾਦੀ ਕਾਰਕੁਨ ਅਤੇ ਪਾਕਿਸਤਾਨੀ ਫੌਜ ਦੇ ਧਰਮ ਨਿਰਪੱਖ ਆਲੋਚਕ ਹਨ।

ਪਾਕਿਸਤਾਨ ਅਕਸਰ ਕਹਿੰਦਾ ਰਿਹਾ ਹੈ ਕਿ ਗੁਆਚੇ ਲੋਕਾਂ ਲਈ ਗ਼ਲਤ ਤਰੀਕੇ ਨਾਲ ਸੁਰੱਖਿਆ ਏਜੰਸੀਆਂ ਨੂੰ ਦੋਸ਼ੀ ਠਹਿਰਾਇਆ ਜਾਂਦਾ ਰਿਹਾ ਹੈ ਅਤੇ ਗ਼ਾਇਬ ਲੋਕਾਂ ਦੀ ਗਿਣਤੀ ਵਧਾ ਕੇ ਦੱਸੀ ਗਈ ਹੈ।

ਹਿਰਾਸਤ ਵਿੱਚ ਲਏ ਗਏ ਅਤੇ ਫਿਰ ਰਿਹਾਅ ਹੋ ਕੇ ਆਏ ਇੱਕ ਸ਼ਖ਼ਸ ਨੇ ਪਛਾਣ ਨਾ ਜ਼ਾਹਰ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਉਸ ਨੂੰ ਇੱਕ ਛੋਟੇ ਜਿਹੇ ਅਤੇ ਹਨਰੇ ਸੈੱਲ' 'ਚ ਰੱਖਿਆ ਗਿਆ ਸੀ। ਜਿੱਥੇ ਉਨ੍ਹਾਂ ਨੂੰ ਖੁਫ਼ੀਆ ਏਜੰਸੀਆਂ ਵੱਲੋਂ ਬਿਜਲੀ ਦੇ ਝਟਕਿਆਂ ਸਮੇਤ ਹੋਰ ਵੀ ਤਸੀਹੇ ਦਿੱਤੇ ਜਾਂਦੇ ਸਨ।

ਕੈਣ ਹੈ ਜ਼ੈਨਬਿਊਨ ਬ੍ਰਿਗੇਡ?

ਜ਼ੈਨਬਿਊਨ, ਸੀਰੀਆ ਵਿੱਚ ਲੜ ਰਹੇ ਸ਼ੀਆ ਵਿਦੇਸ਼ੀ ਲੜਾਕਿਆਂ ਦੀ ਇੱਕ ਬ੍ਰਿਗੇਡ ਦਾ ਹਿੱਸਾ ਹੈ ਜਿਸਦੇ ਸਬੰਧ ਇਰਾਨ ਨਾਲ ਹਨ।

ਸੀਰੀਆ

ਤਸਵੀਰ ਸਰੋਤ, EPA

ਤਸਵੀਰ ਕੈਪਸ਼ਨ, ਇਹ ਸੀਰੀਆ ਵਿੱਚ ਗ੍ਰਹਿ ਯੁੱਧ ਦਾ ਸਤਵਾਂ ਸਾਲ ਹੈ

ਇਸ ਵਿੱਚ ਇਰਾਕੀ ਲੜਾਕੇ, ਲੈਬਨਾਨ ਦੇ ਹਿਜ਼ਬੁੱਲਾ ਅਤੇ ਫ਼ਾਤੋਮਿਊਨ ਬ੍ਰਿਗੇਡ ਹੈ, ਜਿਸ ਵਿੱਚ ਅਫ਼ਗਾਨ ਲੜਾਕੇ ਹਨ।

ਹਾਲਾਂਕਿ, ਇਸਦੇ ਸਮਰਥਕ ਕੁਝ ਤਸਵੀਰਾਂ ਅਤੇ ਬ੍ਰਿਗੇਡ ਦੇ 'ਸ਼ਹੀਦਾਂ' ਦੇ ਵੀਡੀਓ ਅਪਲੋਡ ਕਰਦੇ ਰਹੇ ਹਨ ਪਰ ਜ਼ੈਨਬਿਊਨ ਇਨ੍ਹਾਂ ਵਿੱਚੋਂ ਸਭ ਤੋਂ ਗੁਪਤ ਸੰਗਠਨ ਹੈ।

ਇਨ੍ਹਾਂ ਵਿੱਚੋਂ ਜ਼ਿਆਦਾਤਰ ਲੜਾਕਿਆਂ ਦੇ ਪਾਕਿਸਤਾਨ ਦੇ ਉੱਤਰ-ਪੱਛਮੀ ਅਰਧ-ਸੁਤੰਤਰ ਆਦਿਵਾਸੀ ਖੇਤਰ ਦੇ ਸ਼ਹਿਰ ਪਾਰਾਚਿਨਾਰ ਨਾਲ ਸਬੰਧ ਹੋਣ ਦਾ ਖ਼ਦਸ਼ਾ ਹੈ।

ਪਾਰਾਚਿਨਾਰ ਵਿੱਚ ਕਾਫ਼ੀ ਸ਼ੀਆ ਆਬਾਦੀ ਹੈ ਜੋ ਕਿ ਲਗਾਤਾਰ ਸੁੰਨੀ ਜਿਹਾਦੀਆਂ ਦੇ ਨਿਸ਼ਾਨੇ 'ਤੇ ਰਹਿੰਦੀ ਹੈ।

ਖੋਜਕਾਰਾਂ ਦਾ ਮੰਨਣਾ ਹੈ ਕਿ ਸੀਰੀਆ ਵਿੱਚ 100 ਤੋਂ ਵੱਧ ਪਾਕਿਸਤਾਨੀ ਲੜਾਕੇ ਮਾਰੇ ਗਏ ਹਨ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਰਾਨ ਵੱਲੋਂ ਆਰਥਿਕ ਮਦਦ ਮਿਲੀ ਹੈ।

ਸੁੰਨੀ ਦੇਸ ਵਿੱਚ ਫਿਰਕੂ ਤਣਾਅ

ਸੁੰਨੀ ਭਾਈਚਾਰੇ ਦੇ ਲੀਡਰਾਂ ਨੇ ਬੀਬੀਸੀ ਨੂੰ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਪਾਕਿਸਤਾਨ ਦੀਆਂ ਖ਼ੁਫੀਆਂ ਏਜੰਸੀਆਂ ਵਿੱਚ ਜ਼ੈਨਬਿਊਨ ਮੈਂਬਰਾਂ ਦੀ ਵਾਪਸੀ ਦਾ ਡਰ ਹੈ।

ਸ਼ਮੀਮ ਆਰਾ
ਤਸਵੀਰ ਕੈਪਸ਼ਨ, ਇੱਕ ਸਾਲ ਤੋਂ ਵਧੇਰੇ ਸਮੇਂ ਤੋਂ ਸ਼ਮੀਮ ਆਰਾ ਨੂੰ ਆਪਣੇ ਛੋਟੇ ਮੁੰਡੇ ਦੀ ਕੋਈ ਖ਼ਬਰ ਨਹੀਂ ਹੈ

ਗੁਆਚੇ ਲੋਕਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਸਾਧਾਰਣ ਹਨ।

65 ਸਾਲਾ ਸ਼ਮੀਮ ਆਰਾ ਹੁਸੈਨ ਕਹਿੰਦੇ ਹਨ,''ਖ਼ੁਦਾ ਲਈ ਦੱਸ ਦਿਓ ਕਿ ਮੇਰਾ ਬੱਚਾ ਕਿੱਥੇ ਹੈ।''

ਸੁਰੱਖਿਆ ਦਸਤੇ ਉਨ੍ਹਾਂ ਦੇ ਮੁੰਡੇ ਆਰਿਫ਼ ਹੁਸੈਨ ਨੂੰ ਲੈ ਗਏ ਸਨ। ਉਹ ਹੁਣ ਵੀ ਉਸ ਸਮੇਂ ਨੂੰ ਨੂੰ ਯਾਦ ਕਰਕੇ ਰੋ ਪੈਂਦੇ ਹਨ।

''ਉਨ੍ਹਾਂ ਨੇ ਮੈਨੂੰ ਕਿਹਾ ਕਿ ਅਸੀਂ ਇਨ੍ਹਾਂ ਨੂੰ ਕੁਝ ਸਵਾਲ ਪੁੱਛਣ ਲਈ ਲਿਜਾ ਰਹੇ ਹਾਂ ਅਤੇ ਫਿਰ ਛੱਡ ਦਿਆਂਗੇ। ਹੁਣ ਢੇਡ ਸਾਲ ਹੋ ਗਿਆ ਹੈ ਤੇ ਸਾਡੇ ਕੋਲ ਉਸ ਦੀ ਕੋਈ ਖ਼ਬਰ ਨਹੀਂ।''

''ਉਨ੍ਹਾਂ ਨੇ ਉਸ ਨੂੰ ਮਾਰ ਦਿੱਤਾ ਹੈ ਜਾਂ ਉਹ ਜ਼ਿੰਦਾ ਹੈ ਤਾਂ ਉਹ ਮੈਨੂੰ ਕੁਝ ਤਾਂ ਦੱਸਣ। ਮੈਂ ਉਸ ਨੂੰ ਪੂਰੇ ਸ਼ਹਿਰ ਵਿੱਚ ਲੱਭਣ ਦੀ ਕੋਸ਼ਿਸ਼ ਕੀਤੀ। ਰੋ-ਰੋ ਥੱਕ ਗਈ ਹਾਂ। ਦੁਆਵਾਂ ਮੰਗਦੀ-ਮੰਗਦੀ ਥੱਕ ਗਈ ਹਾਂ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)