ਪ੍ਰੈੱਸ ਰਿਵੀਊ : ਮੇਰੇ ਪੁੱਤਰ ਦੀ ਮੌਤ ਦਾ ਬਦਲਾ ਨਾ ਲਿਆ ਜਾਵੇ - ਇਮਾਮ

ਤਸਵੀਰ ਸਰੋਤ, Sanjay Das
ਪੱਛਮੀ ਬੰਗਾਲ ਦੇ ਆਸਨਸੋਲ ਵਿੱਚ ਸਥਾਨਕ ਇਮਾਮ ਦੇ ਪੁੱਤਰ ਦੀ ਮੌਤ ਤੋਂ ਬਾਅਦ, ਇਮਾਮ ਨੇ ਲੋਕਾਂ ਨੂੰ ਕਿਹਾ ਹੈ ਕਿ ਜੇ ਉਨ੍ਹਾਂ ਨੇ ਉਸਦੇ ਪੁੱਤਰ ਦੀ ਮੌਤ ਦਾ ਬਦਲਾ ਲਿਆ ਤਾਂ ਉਹ ਮਸਜਿਦ ਤੇ ਸ਼ਹਿਰ ਛੱਡ ਕੇ ਚਲੇ ਜਾਣਗੇ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ ਆਸਨਸੋਲ ਵਿੱਚ 16 ਸਾਲਾ ਇਮਾਮ ਦਾ ਪੁੱਤਰ ਰਾਮ ਨੌਮੀ ਦੇ ਜਲੂਸ ਦੌਰਾਨ ਹੋਈ ਹਿੰਸਾ ਦਾ ਚੌਥਾ ਪੀੜਤ ਵਿਅਕਤੀ ਹੈ।
ਮ੍ਰਿਤਕ ਸਿਬਤੁੱਲਾ ਰਸ਼ੀਦੀ ਦਸਵੀਂ ਵਿੱਚ ਪੜ੍ਹਦਾ ਸੀ ਅਤੇ ਆਸਨਸੋਲ ਵਿੱਚ ਹੁੰਦੀ ਫਿਰਕੂ ਹਿੰਸਾ ਤੋਂ ਬਾਅਦ ਲਾਪਤਾ ਹੋ ਗਿਆ ਸੀ।
ਇੱਕ ਆਰਟੀਆਈ ਰਾਹੀਂ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਨੂੰ ਕੈਂਸਰ ਤੋਂ ਪੀੜਤ ਲੋਕਾਂ ਦੀ ਗਿਣਤੀ ਬਾਰੇ ਸਹੀ ਜਾਣਕਾਰੀ ਨਹੀਂ ਹੈ।
ਹਿੰਦੁਸਤਾਨ ਟਾਈਮਜ਼ ਵਿੱਚ ਛਪੀ ਖ਼ਬਰ ਅਨੁਸਾਰ ਪੰਜਾਬ ਸਰਕਾਰ ਨੂੰ ਇਸ ਬਾਰੇ ਵੀ ਜਾਣਕਾਰੀ ਨਹੀਂ ਹੈ ਕਿ ਕਿੰਨੇ ਲੋਕਾਂ ਦੀ ਮੌਤ ਕੈਂਸਰ ਦੀ ਬਿਮਾਰੀ ਕਾਰਨ ਹੋਈ ਹੈ।
ਸਰਕਾਰ ਨੇ ਆਰਟੀਆਈ ਦੇ ਜਵਾਬ ਵਿੱਚ ਕਿਹਾ ਕਿ ਉਨ੍ਹਾਂ ਕੋਲ ਮ੍ਰਿਤਕਾਂ ਦੀ ਜਾਣਕਾਰੀ ਨਹੀਂ ਹੈ ਸਿਰਫ ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਸਕੀਮ ਤਹਿਤ ਰਜਿਸਟਰਡ ਮਰੀਜਾਂ ਬਾਰੇ ਜਾਣਕਾਰੀ ਹੈ।

ਤਸਵੀਰ ਸਰੋਤ, AFP
ਪਟਿਆਲਾ ਦੇ ਰਹਿਣ ਵਾਲੇ ਅਮਰਿੰਦਰ ਸਿੰਘ ਦਾ ਨਸ਼ਾ ਮੁਕਤੀ ਕੇਂਦਰ ਵਿੱਚ ਇਲਾਜ ਪੂਰਾ ਹੋ ਚੁੱਕਾ ਹੈ ਪਰ ਉਹ ਠੀਕ ਹੋਣ ਦੇ ਬਾਵਜੂਦ ਆਪਣੇ ਸ਼ਹਿਰ ਪਟਿਆਲਾ ਨਹੀਂ ਜਾਣਾ ਚਾਹੁੰਦੇ ਹਨ।
ਦਿ ਟ੍ਰੀਬਿਊਨ ਦੀ ਖ਼ਬਰ ਅਨੁਸਾਰ ਪੀੜਤ ਅਮਰਿੰਦਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਸ਼ਾਹੀ ਸ਼ਹਿਰ ਪਟਿਆਲਾ ਵਿੱਚ ਹਰਿਆਣਾ ਤੋਂ ਲਿਆਈ ਜਾ ਰਹੀ ਸ਼ਰਾਬ ਦੀ ਗੈਰ-ਕਾਨੂੰਨੀ ਵਿਕਰੀ ਹੋ ਰਹੀ ਹੈ ਜਿਸ ਨਾਲ ਉਸ ਨੂੰ ਡਰ ਹੈ ਕਿ ਉਸ ਨੂੰ ਫਿਰ ਤੋਂ ਸ਼ਰਾਬ ਦੀ ਆਦਤ ਪੈ ਸਕਦੀ ਹੈ।
ਅਮਰਿੰਦਰ ਦਾ ਕਹਿਣਾ ਹੈ ਕਿ ਹਰਿਆਣਾ ਤੋਂ ਆਉਂਦੀ ਸ਼ਰਾਬ ਦੂਜੀ ਸ਼ਰਾਬ ਦੇ ਮੁਕਾਬਲੇ ਪਟਿਆਲਾ ਵਿੱਚ ਅੱਧੀ ਕੀਮਤ 'ਤੇ ਮਿਲਦੀ ਹੈ ਅਤੇ ਉਸ ਸ਼ਰਾਬ ਦੀ ਹੋਮ ਡਿਲੀਵਰੀ ਵੀ ਹੁੰਦੀ ਹੈ। ਇਸ ਲਈ ਅਮਰਿੰਦਰ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਗੈਰ ਕਾਨੂੰਨੀ ਸ਼ਰਾਬ ਦੀ ਵਿਕਰੀ 'ਤੇ ਠੱਲ੍ਹ ਪਾਉਣ ਦੀ ਗੱਲ ਕੀਤੀ ਹੈ।

ਤਸਵੀਰ ਸਰੋਤ, NIGHAT DAD/AFP/Getty Images
ਆਪਣੀ ਪਾਕਿਸਤਾਨ ਫੇਰੀ ਦੌਰਾਨ, ਮਲਾਲਾ ਯੂਸਫ਼ਜ਼ਈ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਅੱਬਾਸੀ ਦੇ ਘਰ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਇੱਕ ਭਾਵੁਕ ਭਾਸ਼ਣ ਦਿੱਤਾ।
ਪਾਕਿਸਤਾਨ ਦੇ ਡਾਅਖ਼ਬਾਰ ਮੁਤਾਬਕ ਉਨ੍ਹਾਂ ਕਿਹਾ, "ਮੈਨੂੰ ਆਪਣੀ ਵਾਪਸੀ ਦਾ ਯਕੀਨ ਨਹੀਂ ਹੋ ਰਿਹਾ ਹੈ।"
ਉਨ੍ਹਾਂ ਕਿਹਾ, "ਮੈਂ ਘਰ ਵਾਪਸ ਆਉਣ ਦੇ ਸੁਫ਼ਨੇ ਪਿਛਲੇ ਪੰਜ ਸਾਲ ਤੋਂ ਵੇਖ ਰਹੀ ਸੀ। ਜਦੋਂ ਵੀ ਲੰਡਨ ਜਾਂ ਨਿਊ ਯਾਰਕ ਯਾਤਰਾ ਕਰਦੀ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਮੈਂ ਇਸਲਾਮਾਬਾਦ ਜਾਂ ਕਰਾਚੀ ਵਿੱਚ ਹੀ ਘੁੰਮ ਰਹੀ ਹਾਂ।"
ਮਲਾਲਾ ਨੇ ਕਿਹਾ ਕਿ ਪਾਕਿਸਤਾਨ ਵਿੱਚ ਮੁੜ ਇੱਕ ਸ਼ਾਂਤਮਈ ਅਤੇ ਆਧੁਨਿਕ ਦੇਸ ਬਣਨ ਦੀ ਕਾਬਲੀਅਤ ਹੈ।"












