ਇਨਕਲਾਬ ਤੇ ਲੁੱਟ-ਖਸੁੱਟ ਬਾਰੇ ਭਗਤ ਸਿੰਘ ਨੇ ਕੀ ਕਿਹਾ?

ਤਸਵੀਰ ਸਰੋਤ, Elvis
ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਇਨਕਲਾਬੀ ਲਹਿਰ ਦਾ ਵੱਡਾ ਯੋਗਦਾਨ ਹੈ ਅਤੇ ਭਗਤ ਸਿੰਘ ਇਸ ਦਾ ਮੋਹਰੀ ਨਾਮ ਹੈ। ਭਗਤ ਸਿੰਘ ਸਿਰਫ਼ ਆਜ਼ਾਦੀ ਘੁਲਾਟੀਆ ਹੀ ਨਹੀਂ ਬਲਕਿ ਇੱਕ ਰੌਸ਼ਨ ਦਿਮਾਗ ਨੌਜਵਾਨ ਸੀ।
ਜਿਸ ਨੇ ਛੋਟੀ ਜਿਹੀ ਉਮਰ ਵਿੱਚ ਨਾ ਸਿਰਫ ਆਜ਼ਾਦੀ ਦੀ ਲੜਾਈ ਲਈ ਵੱਡੀ ਭੂਮਿਕਾ ਨਿਭਾਈ ਬਲਕਿ ਮਨੁੱਖ ਦੀ ਮਨੁੱਖ ਹੱਥੋਂ ਹੁੰਦੀ ਲੁੱਟ ਖਿਲਾਫ਼ ਲੋਕਾਂ ਨੂੰ ਇੱਕ ਫਸਲਫ਼ਾ ਵੀ ਦਿੱਤਾ।
ਭਗਤ ਸਿੰਘ ਕਿਤਾਬਾਂ ਦੇ ਰਸੀਆ ਸਨ ਅਤੇ ਉਨ੍ਹਾਂ ਨੇ ਦਰਜਨਾਂ ਕਿਤਾਬਾਂ ਪੜ੍ਹੀਆਂ ਅਤੇ ਦੁਨੀਆਂ ਦੇ ਮਹਾਨ ਵਿਦਵਾਨਾਂ ਅਤੇ ਲੇਖਕਾਂ ਦੇ ਪ੍ਰਮੁੱਖ ਵਿਚਾਰਾਂ ਨੂੰ ਆਪਣੀ ਡਾਇਰੀ ਵਿੱਚ ਦਰਜ ਕੀਤਾ।
ਉਨ੍ਹਾਂ ਜੇਲ੍ਹ ਵਿੱਚ ਰਹਿੰਦਿਆਂ ਜਿਹੜੀ ਡਾਇਰੀ ਲਿਖੀ, ਉਸਨੂੰ ਭਗਤ ਸਿੰਘ ਦੀ ਜੇਲ੍ਹ ਡਾਇਰੀ ਵਜੋਂ ਜਾਣਿਆ ਜਾਂਦਾ ਹੈ। ਇਸੇ ਨੂੰ ਆਧਾਰ ਬਣਾ ਕੇ ਬਹੁਤ ਸਾਰੇ ਲੇਖਕਾਂ ਨੇ ਉਨ੍ਹਾਂ ਬਾਰੇ ਕਿਤਾਬਾਂ ਲਿਖੀਆਂ ਹਨ।
ਉਨ੍ਹਾਂ ਵਿੱਚੋਂ ਇੱਕ ਉੱਘੇ ਇਤਿਹਾਸਕਾਰ ਮਾਲਵਿੰਦਰਜੀਤ ਸਿੰਘ ਵੜੈਚ ਵੀ ਹਨ ਜਿਨ੍ਹਾਂ ਨੇ ਭਗਤ ਸਿੰਘ ਦੀ ਜੀਵਨੀ ਲਿਖੀ ਹੈ। ਉਨ੍ਹਾਂ ਬੀਬੀਸੀ ਦੇ ਅਵਤਾਰ ਸਿੰਘ ਭੰਵਰਾ ਨੂੰ ਜੀਵਨੀ ਦੇ ਕੁਝ ਅਹਿਮ ਅੰਸ਼ ਦੱਸੇ।
ਹਿੰਸਾ-ਅਹਿੰਸਾ ਬਾਰੇ ਕੀ ਕਿਹਾ?
ਭਗਤ ਸਿੰਘ ਨੇ ਹਿੰਸਾ-ਅਹਿੰਸਾ ਬਾਰੇ ਲਿਖਿਆ ਹੈ, ''ਮਨੁੱਖਤਾ ਨੂੰ ਪਿਆਰ ਕਰਨ ਦੇ ਮਾਮਲੇ ਵਿੱਚ ਅਸੀਂ ਕਿਸੇ ਤੋਂ ਪਿੱਛੇ ਨਹੀਂ। ਕਿਸੇ ਵਿਅਕਤੀ ਪ੍ਰਤੀ ਕਿਸੇ ਪ੍ਰਕਾਰ ਦੀ ਮੰਦਭਾਵਨਾ ਦੇ ਉਲਟ ਅਸੀਂ ਮਨੁੱਖਤਾ ਦੇ ਮਤਵਾਲੇ ਹਾਂ।''

ਤਸਵੀਰ ਸਰੋਤ, British Library
''ਅਸੀਂ ਮਨੁੱਖੀ ਜੀਵਨ ਨੂੰ ਇੰਨਾ ਵੱਡਮੁੱਲਾ ਸਮਝਦੇ ਹਾਂ ਕਿ ਇਸਦਾ ਮਹੱਤਵ ਬਿਆਨ ਕਰਨ ਲਈ ਸਾਡੇ ਕੋਲ ਢੁੱਕਵੇਂ ਸ਼ਬਦ ਵੀ ਨਹੀਂ ਹਨ।''
ਫਾਂਸੀ ਨਹੀਂ ਗੋਲੀ
''ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਹੀ ਇੱਕ ਅਦਾਲਤ ਦੇ ਫੈਸਲੇ ਅਨੁਸਾਰ ਸਾਡੇ ਉੱਤੇ ਯੁੱਧ ਵਿੱਢਣ ਦਾ ਦੋਸ਼ ਹੈ... ਇਹ ਜੰਗ ਨਾ ਅਸਾਂ ਤੋਂ ਸ਼ੁਰੂ ਹੋਈ ਹੈ ਅਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗੀ।''
''ਜਦ ਤੱਕ ਸਮਾਜਵਾਦੀ ਲੋਕਰਾਜ ਸਥਾਪਤ ਨਹੀਂ ਹੋ ਜਾਂਦਾ ਅਤੇ ਸਮਾਜ ਦਾ ਵਰਤਮਾਨ ਢਾਂਚਾ ਖਤਮ ਕਰਕੇ ਉਸ ਦੀ ਥਾਂ ਸਮਾਜਿਕ ਖੁਸ਼ਹਾਲੀ 'ਤੇ ਆਧਾਰਿਤ ਨਵਾਂ ਸਮਾਜਿਕ ਢਾਂਚਾ ਨਹੀਂ ਉਸਰ ਜਾਂਦਾ, ਜਦ ਤਕ ਹਰ ਕਿਸਮ ਦੀ ਲੁੱਟ-ਖਸੁੱਟ ਅਸੰਭਵ ਬਣਾ ਕੇ ਮਨੁੱਖਤਾ 'ਤੇ ਅਸਲ ਤੇ ਸਥਾਈ ਅਮਨ ਦੀ ਛਾਂ ਨਹੀਂ ਹੁੰਦੀ, ਤਦ ਤਕ ਇਹ ਜੰਗ ਹੋਰ ਨਵੇਂ ਜੋਸ਼, ਹੋਰ ਵਧੇਰੀ ਨਿਡਰਤਾ, ਬਹਾਦਰੀ ਅਤੇ ਅਟੱਲ ਇਰਾਦੇ ਨਾਲ ਲੜੀ ਜਾਂਦੀ ਰਹੇਗੀ।''
''ਨਿਕਟ ਭਵਿੱਖ ਵਿੱਚ ਆਖਰੀ ਯੁੱਧ ਲੜਿਆ ਜਾਵੇਗਾ ਤੇ ਉਹ ਫੈਸਲਾਕੁਨ ਹੋਵੇਗਾ। ਸਾਮਰਾਜੀ ਤੇ ਪੂੰਜੀਵਾਦੀ ਲੁੱਟ ਕੁਝ ਦਿਨਾਂ ਦੀ ਖੇਡ ਹੈ।''

ਤਸਵੀਰ ਸਰੋਤ, WWW.SUPREMECOURTOFINDIA.NIC.IN
ਇਨਕਲਾਬ 'ਤੇ ਵਿਚਾਰ
''ਇਨਕਲਾਬ ਦੇ ਰਾਹ 'ਤੇ ਕਦਮ ਰੱਖਦਿਆਂ ਮੈਂ ਸੋਚਿਆ ਸੀ ਕਿ ਜੇ ਮੈਂ ਆਪਣਾ ਜੀਵਨ ਦੇ ਕੇ ਦੇਸ਼ ਦੇ ਕੋਨੇ-ਕੋਨੇ ਤੱਕ 'ਇਨਕਲਾਬ-ਜ਼ਿੰਦਾਬਾਦ' ਦਾ ਨਾਅਰਾ ਪਹੁੰਚਾ ਸਕਾਂ ਤਾਂ ਮੈਂ ਸਮਝਾਂਗਾ ਕਿ ਮੈਨੂੰ ਆਪਣੇ ਜੀਵਨ ਦਾ ਮੁੱਲ ਮਿਲ ਗਿਆ ਹੈ।''
''ਅੱਜ ਫਾਂਸੀ ਦੀ ਇਸ ਕੋਠੜੀ ਵਿੱਚ ਲੋਹੇ ਦੀਆਂ ਸੀਖਾਂ ਪਿੱਛੇ ਬੈਠ ਕੇ ਵੀ ਮੈਂ ਕਰੋੜਾਂ ਦੇਸ਼ਵਾਸੀਆਂ ਦੇ ਮੂੰਹੋਂ ਗੂੰਜਦੀ ਉਸ ਨਾਅਰੇ ਦੀ ਆਵਾਜ਼ ਸੁਣ ਸਕਦਾ ਹਾਂ।''
''ਮੈਨੂੰ ਯਕੀਨ ਹੈ ਕਿ ਸਾਡਾ ਇਹ ਨਾਅਰਾ ਆਜਾ਼ਦੀ ਸੰਗਰਾਮ ਦੀ ਚਾਲਕ-ਸ਼ਕਤੀ ਦੇ ਰੂਪ ਵਿੱਚ ਸਾਮਰਾਜੀਆਂ ਉਪਰ ਅੰਤ ਤੱਕ ਵਾਰ ਕਰਦਾ ਰਹੇਗਾ।''












