ਲੋਕ ਸਭਾ ਸਪੀਕਰ ਤੋਂ ਪੰਜਾਬ ਦੇ ਸੰਸਦ ਮੈਂਬਰਾਂ ਨੇ ਕੀ ਕੀਤੀ ਇੱਕਜੁਟ ਹੋ ਕੇ ਮੰਗ?

ਤਸਵੀਰ ਸਰੋਤ, Getty Images
ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ 'ਸ਼ਹੀਦ' ਦਾ ਦਰਜਾ ਦਿੱਤੇ ਜਾਣ ਦਾ ਮੁੱਦਾ ਇੱਕ ਵਾਰ ਫੇਰ ਭਖ਼ ਗਿਆ ਹੈ। ਅਕਾਲੀ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਦਨ ਵਿੱਚ ਇਨ੍ਹਾਂ ਨੂੰ ਸ਼ਹੀਦ ਦਾ ਦਰਜਾ ਦਿੱਤੇ ਜਾਣ ਦੀ ਮੰਗ ਕੀਤੀ।
ਉਨ੍ਹਾਂ ਨੇ ਕਿਹਾ, "ਭਗਤ ਸਿੰਘ ਤੇ ਬੀ.ਕੇ.ਦੱਤ ਵੱਲੋਂ ਜਿਨ੍ਹਾਂ ਕੁਰਸੀਆਂ 'ਤੇ ਬੈਠ ਕੇ ਪਾਰਲੀਮੈਂਟ ਅੰਦਰ ਬੰਬ ਸੁੱਟਿਆ ਗਿਆ ਸੀ, ਉਸ ਥਾਂ 'ਤੇ ਕੁਰਸੀਆਂ ਈਅਰ-ਮਾਰਕ ਕਰਕੇ ਪਲੇਟ ਲਗਾਈ ਜਾਵੇ ਤਾਂ ਕਿ ਸਾਡੀ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਕਿੰਨਾ ਜੋਖ਼ਮ ਚੁੱਕ ਕੇ ਅਤੇ ਜਾਨ ਤਲੀ 'ਤੇ ਰੱਖ ਕੇ ਸਾਡੇ ਆਜ਼ਾਦੀ ਘੁਲਾਟੀਆਂ ਨੇ ਦੇਸ ਨੂੰ ਆਜ਼ਾਦ ਕਰਾਉਣ ਲਈ ਕੁਰਬਾਨੀਆਂ ਦਿੱਤੀਆਂ।"

ਤਸਵੀਰ ਸਰੋਤ, Prof. Prem singh chandumajra
ਇਸ ਦੇ ਨਾਲ ਹੀ ਪੰਜਾਬ ਦੇ ਸੰਸਦ ਮੈਂਬਰਾਂ ਵੱਲੋਂ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੂੰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਕੌਮੀ ਛੁੱਟੀ ਐਲਾਨਣ ਦੀ ਮੰਗ ਕੀਤੀ ਗਈ ਹੈ ਅਤੇ ਪਾਰਲੀਮੈਂਟ ਕੈਂਪਸ ਵਿੱਚ ਵੀ ਭਗਤ ਸਿੰਘ ਦੇ ਬੁੱਤ 'ਤੇ ਸ਼ਰਧਾਂਜਲੀ ਸਮਾਗਮ ਕਰਵਾਉਣ ਲਈ ਕਿਹਾ।
ਇਸ ਤੋਂ ਇਲਾਵਾ ਚੰਦੂਮਾਜਰਾ, ਸੁਖਦੇਵ ਸਿੰਘ ਢੀਂਡਸਾ, ਨਰੇਸ਼ ਗੁਜਰਾਲ, ਰਣਜੀਤ ਸਿੰਘ ਬ੍ਰਹਮਪੁਰਾ ਤੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨਾਲ ਮੁਲਾਕਾਤ ਕਰਕੇ ਵੀ ਆਪਣੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਕਰਨ ਲਈ ਆਖਿਆ।
ਪੰਜਾਬ ਤੋਂ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਭਗਤ ਸਿੰਘ ਨੂੰ ਉਨ੍ਹਾਂ ਦੀ ਬਣਦੀ ਥਾਂ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦਾਂ ਦਾ ਸਨਮਾਨ ਉਨ੍ਹਾਂ ਦੇ ਸੁਨੇਹੇ ਨੂੰ ਦਿਲ ਦਿਮਾਗ ਵਿੱਚ ਵਸਾ ਕੇ ਹੀ ਹੁੰਦਾ ਹੈ।
ਭਗਵੰਤ ਮਾਨ ਦੀ ਚਿੱਠੀ
ਸਮਿਤਰਾ ਮਹਾਜਨ ਨੂੰ ਮਿਲੇ ਵਫ਼ਦ ਵਿੱਚ ਆਮ ਆਦਮੀ ਪਾਰਟੀ ਵਲੋਂ ਭਗਵੰਤ ਮਾਨ ਤੇ ਧਰਮਵੀਰ ਗਾਂਧੀ ਅਤੇ ਕਾਂਗਰਸ ਦੇ ਸੁਨੀਲ ਜਾਖੜ ਤੇ ਰਵਨੀਤ ਬਿੱਟੂ ਸ਼ਾਮਲ ਸਨ। ਭਗਵੰਤ ਮਾਨ ਨੇ ਲੋਕ ਸਭਾ ਸਪੀਕਰ ਨੂੰ ਲਿਖੇ ਇੱਕ ਪੱਤਰ ਵਿੱਚ ਮੰਗ ਕੀਤੀ ਕਿ ਸੰਸਦ ਵਿੱਚ ਭਗਤ ਸਿੰਘ ਦੇ ਬੁੱਤ ਅੱਗੇ ਸੰਸਦ ਵਲੋਂ ਸ਼ਰਧਾਜਲੀ ਦਿੱਤੀ ਜਾਵੇ।
ਉਨ੍ਹਾਂ ਬਾਅਦ ਵਿੱਚ ਫੇਸਬੁੱਕ ਉੱਤੇ ਲਾਇਵ ਹੋ ਕੇ ਇਸ ਚਿੱਠੀ ਦੀ ਪੁਸ਼ਟੀ ਕੀਤੀ ਅਤੇ ਐਲਾਨ ਕੀਤਾ ਕਿ ਉਹ 23 ਮਾਰਚ ਨੂੰ ਸੰਸਦ ਵਿੱਚ ਭਗਤ ਸਿੰਘ ਦੇ ਬੁੱਤ ਅੱਗੇ ਫੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਸ਼ਰਧਾਜਲੀ ਦੇਣਗੇ। ਉਨ੍ਹਾਂ ਦੂਜੇ ਸੰਸਦ ਮੈਂਬਰਾਂ ਨੂੰ ਵੀ ਇਸ ਲਈ ਸੱਦਾ ਦਿੱਤਾ ਹੈ।












