VLOG: ‘... ਤੇ ਤੁਸੀਂ ਆਪਣੀ ਆਸ਼ਾ ਭੌਂਸਲੇ ਦੀ ਆਵਾਜ਼ ’ਤੇ ਪਿੰਜਰਾ ਲਾ ਦਿਉ’

ਭਾਰਤ-ਪਾਕਿਸਤਾਨ

ਤਸਵੀਰ ਸਰੋਤ, Getty Images

    • ਲੇਖਕ, ਮੁਹੰਮਦ ਹਨੀਫ਼
    • ਰੋਲ, ਸੀਨੀਅਰ ਪੱਤਰਕਾਰ, ਪਾਕਿਸਤਾਨ ਤੋਂ

ਦਿੱਲੀ ਦੇ ਇੱਕ ਘਰ ਵਿੱਚ ਰਾਤ ਦੇ ਤਿੰਨ ਵਜੇ ਇੱਕ ਘੰਟੀ ਵੱਜਦੀ ਹੈ। ਘਰ ਵਾਲੇ ਉੱਠ ਕੇ ਬੂਹਾ ਖੋਲ੍ਹਦੇ ਨੇ ਤੇ ਬਾਹਰ ਨਾ ਕੋਈ ਬੰਦਾ ਨਾ ਬੰਦੇ ਦੀ ਜ਼ਾਤ।

ਇਹ ਘਰ ਦਿੱਲੀ ਵਿੱਚ ਪਾਕਿਸਤਾਨੀ ਅੰਬੈਸੀ ਦੇ ਇੱਕ ਅਫ਼ਸਰ ਦਾ ਹੈ ਤੇ ਘੰਟੀ ਵਜਾਉਣ ਵਾਲੇ ਉਹ ਜਵਾਨ ਨੇ, ਜਿਨ੍ਹਾਂ ਦੀ ਭਾਰਤ ਸਰਕਾਰ ਨੇ ਡਿਊਟੀ ਲਾਈ ਹੋਈ ਹੈ ਕਿ ਸਾਨੂੰ ਪਾਕਿਸਤਾਨ ਅਤੇ ਪਾਕਿਸਤਾਨੀਆਂ ਤੋਂ ਬਚਾਓ।

ਉੱਧਰ ਇਸਲਾਮਾਬਾਦ ਵਿੱਚ ਇੰਡੀਅਨ ਅੰਬੈਸੀ ਆਪਣੇ ਕਾਮਿਆਂ ਲਈ ਇੱਕ ਨਵਾਂ ਘਰ ਬਣਵਾ ਰਹੀ ਹੈ। ਉੱਥੇ ਰਾਤ ਨੂੰ ਮਜ਼ਦੂਰ ਦਿਹਾੜੀ 'ਤੇ ਜਾਂਦੇ ਹਨ ਤੇ ਪਾਕਿਸਤਾਨੀ ਜਵਾਨ ਉਨ੍ਹਾਂ ਨੂੰ ਫੈਂਟੀ ਲਾ ਛੱਡਦੇ ਹਨ।

ਵੀਡੀਓ ਕੈਪਸ਼ਨ, BBC VLOG: ‘ਬੱਚਿਆਂ ਨੂੰ ਆਪਣੀ ਦੁਸ਼ਮਣੀ ਦੇ ਜ਼ਹਿਰ ਦੇ ਟੀਕੇ ਨਾ ਲਾਓ’

ਇਹ ਜਵਾਨ ਉਹ ਨੇ ਜਿਨ੍ਹਾਂ ਦੀ ਪਾਕਿਸਤਾਨ ਸਰਕਾਰ ਨੇ ਡਿਊਟੀ ਲਾਈ ਹੈ ਕਿ ਤੁਸੀਂ ਇਸਲਾਮਾਬਾਦ ਵਿੱਚ ਕਿਸੇ ਭਾਰਤੀ ਨੂੰ ਇੱਥੇ ਸੁੱਖ ਦਾ ਸਾਹ ਨਹੀਂ ਲੈਣ ਦੇਣਾ।

ਭਾਰਤੀ ਅੰਬੈਸੀ ਵਾਲੇ ਘਰੋਂ ਦੁੱਧ ਦਹੀਂ ਲੈਣ ਲਈ ਨਿਕਲਦੇ ਹਨ ਤਾਂ ਪਾਕਿਸਤਾਨੀ ਜਾਸੂਸ ਉਨ੍ਹਾਂ ਦੀ ਗੱਡੀ 'ਤੇ ਗੱਡੀ ਚੜ੍ਹਾ ਛੱਡਦੇ ਹਨ।

ਦਿੱਲੀ ਵਿੱਚ ਪਾਕਿਸਤਾਨੀ ਅੰਬੈਸੀ ਵਾਲਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂਦਾ ਹੈ ਤਾਂ ਉਨ੍ਹਾਂ ਦੀ ਗੱਡੀ ਨੂੰ ਘੇਰ ਲੈਂਦੇ ਹਨ ਤੇ ਬੱਚਿਆਂ ਦੀਆਂ ਫ਼ੋਟੋਆਂ ਖਿੱਚਣੀਆਂ ਸ਼ੁਰੂ ਕਰ ਦਿੰਦੇ ਹਨ।

'ਹੁਣ ਬੱਚੇ ਨਹੀਂ ਰਹੇ ਭਾਰਤ-ਪਾਕ'

ਇਹ ਸਾਡੇ ਰਾਖੇ ਇੱਕ ਦੂਜੇ ਦੇ ਡਿਪਲੋਮੈਟਾਂ ਨਾਲ ਕਰਦੇ ਕੀ ਪਏ ਨੇ।

ਪਾਕਿਸਤਾਨ ਸਫਾਰਤਖਾਨਾ

ਤਸਵੀਰ ਸਰੋਤ, Getty Images

ਤੁਸੀਂ ਵੀ ਛੋਟੇ ਹੁੰਦਿਆਂ ਮੁਹੱਲੇ ਵਿੱਚ ਕਿਸੇ ਦੇ ਘਰ ਦੀ ਬੈੱਲ ਮਾਰ ਕੇ ਨੱਸੇ ਹੋਵੋਗੇ। ਕਦੀ ਕਿਸੇ ਦੇ ਘਰ ਲੱਗੀ ਬੇਰੀ 'ਤੇ ਵੱਟਾ ਮਾਰਿਆ ਹੋਵੇਗਾ। ਇਹ ਛੋਟੀਆਂ ਛੋਟੀਆਂ ਸ਼ਰਾਰਤਾਂ ਸਾਰੇ ਬੱਚੇ ਕਰਦੇ ਨੇ। ਲੇਕਿਨ ਇੰਡੀਆ ਪਾਕਿਸਤਾਨ ਹੁਣ ਬੱਚੇ ਨਹੀਂ ਰਹੇ।

70 ਵਰ੍ਹਿਆਂ ਦੇ ਹੋ ਗਏ ਨੇ। ਚਾਰ ਪੰਜ ਜੰਗਾਂ ਲੜ ਚੁੱਕੇ ਨੇ ਤੇ ਇੱਕ ਜੰਗ ਮੁਸਲਸਲ (ਲਗਾਤਾਰ) ਸਵੇਰ-ਸ਼ਾਮ ਮੀਡੀਆ ਦੇ ਐੱਲਓਸੀ 'ਤੇ ਲੱਗੀ ਰਹਿੰਦੀ ਹੈ। ਬਾਰਡਰ 'ਤੇ ਬਿਜਲੀ ਦੇ ਕਰੰਟ ਵਾਲੀਆਂ ਤਾਰਾਂ ਸੁੱਟ ਦਿੱਤੀਆਂ ਹਨ।

ਜੇ ਕੋਈ ਭਾਈਬੰਦੀ ਦੀ ਗੱਲ ਕਰੇ ਵੀ ਤਾਂ ਉਨ੍ਹਾਂ ਨੂੰ ਘਰੋਂ ਹੀ ਇੰਨੀਆਂ ਗਾਲ਼ਾਂ ਪੈਂਦੀਆਂ ਨੇ ਤੇ ਹੁਣ ਪਾਕ-ਭਾਰਤ ਦੀ ਦੋਸਤੀ ਦਾ ਨਾਮ ਲੈਣ ਵਾਲਾ ਵੀ ਕੋਈ ਟਾਂਵਾ ਟਾਂਵਾ ਹੀ ਬੰਦਾ ਬਚਿਆ ਹੈ।

'ਭਾਰਤ ਵਿੱਚ ਵਧੀਆ ਇਲਾਜ'

ਪਹਿਲਾਂ ਜਿਹੜੇ ਫ਼ਨਕਾਰਾਂ ਨੂੰ ਵੀਜ਼ੇ ਦਿੱਤੇ ਜਾਂਦੇ ਸਨ, ਹੁਣ ਉਹ ਵੀ ਬੰਦ ਨੇ।

ਮੇਰੀ ਇੱਕ ਦੋਸਤ ਨੇ ਆਪਣੇ ਛੇ ਸਾਲ ਦੇ ਪੁੱਤਰ ਨੂੰ ਇੰਡੀਆ ਲੈ ਕੇ ਜਾਣਾ ਸੀ ਪਿਓ ਨੂੰ ਮਿਲਾਉਣ।

ਇਸਲਾਮਾਬਾਦ ਵਿੱਚ ਭਾਰਤੀ ਹਾਈ ਕਮਿਸ਼ਨ

ਤਸਵੀਰ ਸਰੋਤ, Getty Images

ਉਸ ਨੂੰ ਵੀ ਵੀਜ਼ਾ ਨਹੀਂ ਦਿੱਤਾ ਅਤੇ ਨਾਲ ਕੁਝ ਇਸ ਤਰ੍ਹਾਂ ਦੀ ਵੀ ਗੱਲ ਕੀਤੀ ਕਿ ਜੰਮਣ ਤੋਂ ਪਹਿਲਾਂ ਹੀ ਸੋਚ ਲੈਣਾ ਸੀ।

ਸੁਣਿਆ ਇੰਡੀਆ ਵਿੱਚ ਇਲਾਜ ਵਧੀਆ ਤੇ ਸਸਤਾ ਹੁੰਦਾ ਹੈ।

ਕਦੇ ਕਦੇ ਟਵਿੱਟਰ 'ਤੇ ਵੇਖਿਆ ਹੈ ਬਈ ਕੋਈ ਖ਼ੂਨ ਦੇ ਕੈਂਸਰ ਦਾ ਮਰੀਜ਼ ਤੇ ਕਿਸੇ ਬੱਚੇ ਦੇ ਦਿਲ ਵਿੱਚ ਸੁਰਾਖ਼।

ਇਹ ਲੋਕ ਇੰਡੀਆ ਦੀ ਵਿਦੇਸ਼ ਮੰਤਰੀ ਦੀ ਮਿੰਨਤ ਕਰਦੇ ਨੇ। ਜੇ ਉਨ੍ਹਾਂ ਦਾ ਮੂਡ ਚੰਗਾ ਹੋਵੇ ਤਾਂ ਉਹ ਮਿਹਰਬਾਨੀ ਕਰ ਕੇ ਵੀਜ਼ਾ ਦੇ ਦਿੰਦੇ ਹਨ। ਨਾ ਵੀ ਦੇਣ 'ਤੇ ਮਾੜਾ ਬੰਦਾ ਕੀ ਕਰ ਸਕਦਾ ਏ।

ਲੇਕਿਨ ਮੈਂ ਇੱਕ ਵਾਰ ਦਿੱਲੀ ਤੋਂ ਵਾਪਸੀ 'ਤੇ ਪਾਕਿਸਤਾਨੀ ਮਰੀਜ਼ਾਂ ਨਾਲ ਭਰਿਆ ਇੱਕ ਜਹਾਜ਼ ਵੇਖਿਆ। ਸਾਰੇ ਇਲਾਜ ਕਰਾਉਣ ਭਾਰਤ ਗਏ ਸਨ।

ਰਾਤੋ ਰਾਤ ਭਾਰਤ-ਪਾਕਿਸਤਾਨ ਸਰਹੱਦ 'ਤੇ ਟੈਂਸ਼ਨਾਂ ਹੋ ਗਈਆਂ। ਵੀਜ਼ੇ ਕੈਂਸਲ ਹੋਣੇ ਸ਼ੁਰੂ ਹੋ ਗਏ ਤੇ ਇਹ ਸਾਰੇ ਮਰੀਜ਼ ਪਾਕਿਸਤਾਨ ਵਾਪਸ ਨੱਸੇ।

ਕਈਆਂ ਨੇ ਹਸਪਤਾਲ ਵਾਲੇ ਕੱਪੜੇ ਹੀ ਪਾਏ ਹੋਏ ਸਨ। ਇੱਕ ਦੀ ਬਾਂਹ 'ਤੇ ਅਜੇ ਡਰਿੱਪ ਵੀ ਲੱਗੀ ਹੋਈ ਸੀ।

ਪਾਕਿਸਤਾਨੀ ਮਰੀਜ਼

ਤਸਵੀਰ ਸਰੋਤ, Getty Images

ਭਾਰਤ-ਪਾਕਿਸਤਾਨ ਦੀ ਦੁਸ਼ਮਣੀ ਪੱਕੀ ਹੈ, ਅਸੀਂ ਭਰਾ-ਭਰੂ ਕੁਝ ਨਹੀਂ। ਲੇਕਿਨ ਬੰਦੇ ਦੇ ਪੁੱਤ ਤਾਂ ਬਣ ਸਕਦੇ ਹਾਂ, ਘੱਟੋ ਘੱਟ ਆਪਣੇ ਬੱਚਿਆਂ ਨੂੰ ਆਪਣੀ ਦੁਸ਼ਮਣੀ ਦੇ ਜ਼ਹਿਰ ਦੇ ਟੀਕੇ ਤਾਂ ਨਾ ਲਾਈਏ।

ਕਈ ਸਾਲ ਪਹਿਲਾਂ ਮੈਨੂੰ ਲੰਡਨ ਵਿੱਚ ਇੱਕ ਭਾਰਤੀ ਨੌਜਵਾਨ ਮਿਲਿਆ, ਮੇਰੇ ਹੱਥ ਵਿੱਚ ਗੋਲਡ ਲੀਫ਼ ਦੀ ਡੱਬੀ ਵੇਖ ਕੇ ਕੋਲ ਆਇਆ ਤੇ ਆਖਦਾ ਹੈ ਕਿ ਪਾਕਿਸਤਾਨੀ ਲਗਦੇ ਹੋ, ਇੱਕ ਸਿਗਰਟ ਤਾਂ ਪਿਆਉ।

ਮੈਂ ਪੁੱਛਿਆ ਕਿ ਜਵਾਨਾਂ ਕਦੇ ਗਿਆ ਪਾਕਿਸਤਾਨ, ਉਸ ਨੇ ਕਿਹਾ 8 ਸਾਲ ਦਾ ਸੀ ਅਤੇ ਮੇਰੀ ਮਾਂ ਇਸਲਾਮਾਬਾਦ ਭਾਰਤੀ ਅੰਬੈਸੀ 'ਚ ਕੰਮ ਕਰਦੀ ਸੀ।

ਮੈਂ ਇੱਕ ਦੋਸਤ ਨਾਲ ਇਸਲਾਮਾਬਾਦ ਦੀ ਇੱਕ ਪਾਰਕ ਵਿੱਚ ਖੇਡ ਰਿਹਾ ਸੀ, ਤੁਹਾਡੇ ਜਾਸੂਸਾਂ ਨੇ ਫੜ ਲਿਆ ਤੇ ਚੰਗਾ ਕੁੱਟਿਆ।

ਫੇਰ ਉਸ ਨੇ ਆਖਿਆ ਕੇ ਇਸਲਾਮਾਬਾਦ ਬੜਾ ਸੋਹਣਾ ਸ਼ਹਿਰ ਸੀ, ਅਜੇ ਤੱਕ ਨਹੀਂ ਭੁੱਲਿਆ ਪਰ ਉਹ ਫੈਂਟੀ ਵੀ ਨਹੀਂ ਭੁੱਲੀ।

ਆਸ਼ਾ ਭੌਂਸਲੇ ਅਤੇ ਆਤਿਫ ਅਸਲਮ

ਤਸਵੀਰ ਸਰੋਤ, Getty Images

ਭਾਰਤ-ਪਾਕਿਸਤਾਨ ਜੋ ਇੱਕ-ਦੂਜੇ ਦਾ ਬੰਦ ਕਰ ਸਕਦੇ ਸਨ ਉਹ ਕਰ ਚੁੱਕੇ ਹਨ ਅਤੇ ਹੁਣ ਇਹੀ ਹੋ ਸਕਦਾ ਹੈ ਕਿ ਅਸੀਂ ਆਪਣਾ ਆਤਿਫ ਅਸਲਮ ਆਪਣੇ ਕੋਲ ਰੱਖੀਏ ਦੇ ਤੁਸੀਂ ਆਪਣੀ ਆਸ਼ਾ ਭੌਂਸਲੇ ਦੀ ਆਵਾਜ਼ 'ਤੇ ਪਿੰਜਰਾ ਬਣਾ ਲਿਉ।

ਜਿਸ ਬੱਚੇ ਦੇ ਦਿਲ 'ਚ ਸੁਰਾਖ ਹੈ, ਉਸ ਨੂੰ ਅੱਲ੍ਹਾ 'ਤੇ ਛੱਡ ਦਿਉ। ਸਾਨੂੰ ਉਸ ਦੀ ਕੋਈ ਪ੍ਰਵਾਹ ਨਹੀਂ।

ਪਰ ਇਹ ਗੱਲ ਯਾਦ ਰੱਖਿਓ ਕਿ ਸਰਦੀਆਂ ਵਿੱਚ ਜਿਹੜੀ ਕਾਲੀ ਜ਼ਹਿਰੀਲੀ ਹਵਾ ਚਲਦੀ ਹੈ, ਜਿਸ ਨੂੰ ਅਸੀਂ ਫੌਗ ਆਖਦੇ ਹਾਂ। ਉਹ ਇਹ ਨਹੀਂ ਪੁੱਛਦੀ ਕਿ ਉਹ ਭਾਰਤੀ ਪੰਜਾਬ ਹੈ ਜਾਂ ਪਾਕਿਸਤਾਨੀ।

ਜਦੋਂ ਜ਼ਲਜ਼ਲਾ ਆਵੇਗਾ ਤਾਂ ਉਸ ਨੇ ਵੀਜ਼ੇ ਦਾ ਫਾਰਮ ਨਹੀਂ ਭਰਨਾ। ਜਦੋਂ ਸੋਕਾ ਪਵੇਗਾ ਜਾਂ ਹੜ੍ਹ ਆਵੇਗਾ ਤਾਂ ਉਸ ਨੇ ਵਾਹਗਾ ਬਾਰਡਰ 'ਤੇ ਲਾਈਨ 'ਚ ਨਹੀਂ ਲੱਗਣਾ।

ਗੁਆਂਢੀ ਚੰਗਾ ਹੋਵੇ ਜਾਂ ਭੈੜਾ, ਉਸ ਦੀ ਕਦੇ ਕਦੇ ਲੋੜ ਪੈ ਹੀ ਜਾਂਦੀ ਹੈ। ਇਹ ਨਾ ਹੋਵੇ ਕਿ ਅਸੀਂ ਕਿਸੇ ਮੁਸੀਬਤ 'ਚ ਰਾਤ ਨੂੰ 3 ਵਜੇ ਬੈੱਲ ਮਾਰੀਏ ਤੇ ਬੂਹਾ ਖੋਲ੍ਹਣ ਵਾਲਾ ਹੀ ਕੋਈ ਨਾ ਹੋਵੇ।

(ਸੀਨੀਅਰ ਪਾਕਿਸਤਾਨੀ ਪੱਤਰਕਾਰ ਮੁਹੰਮਦ ਹਨੀਫ਼ ਦੇ ਬੀਬੀਸੀ ਪੰਜਾਬੀ ਲਈ ਕੀਤੇ ਗਏ ਵੀਡੀਓ ਬਲੌਗ ਉੱਤੇ ਆਧਾਰਿਤ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)