VLOG: 'ਸਿੰਧ ਤੇ ਬਲੋਚਿਸਤਾਨ 'ਚ ਬਗ਼ਾਵਤਾਂ, ਪੰਜਾਬ 'ਚ ਭੰਗੜੇ'

ਤਸਵੀਰ ਸਰੋਤ, Getty Images
- ਲੇਖਕ, ਮੁਹੰਮਦ ਹਨੀਫ਼
- ਰੋਲ, ਪਾਕਿਸਤਾਨੀ ਲੇਖਕ ਤੇ ਪੱਤਰਕਾਰ
ਪਾਕਿਸਤਾਨ ਦੇ ਉੱਘੇ ਪੱਤਰਕਾਰ ਤੇ ਲੇਖਕ ਮੁਹੰਮਦ ਹਨੀਫ਼ ਨੇ ਪਾਕਿਸਤਾਨ ਦੀ ਸਿਆਸਤ, ਮੀਡੀਆ ਅਤੇ ਫ਼ੌਜ ਬਾਰੇ ਬੇਬਾਕ ਟਿੱਪਣੀਆਂ ਕੀਤੀਆਂ।
ਤਫ਼ਸੀਲ
ਰਾਤ ਦੇ ਘੁੱਪ ਹਨੇਰੇ ਵਿੱਚ ਤੁਸੀਂ ਆਵਾਜ਼ਾ ਸੁਣੀਆਂ ਹੋਣਗੀਆਂ ਕਿ ਚੋਰ ਆ ਗਿਆ ਚੋਰ ਆ ਗਿਆ।
ਕਦੀ ਚੋਰ ਫੜ੍ਹਿਆ ਜਾਂਦਾ ਹੈ ਕਦੀ ਚੋਰ ਨੱਸ ਜਾਂਦਾ ਹੈ ਤੇ ਕਦੀ ਲੱਗਦਾ ਹੈ ਕਿ ਇਹ ਤਾਂ ਚੋਰ ਹੈ ਹੀ ਨਹੀਂ ਸੀ ਇਹ ਤਾਂ ਘਰ ਦੀ ਬਿੱਲੀ ਸੀ ਜਿਸਨੇ ਦੁੱਧ ਵਾਲੇ ਭਾਂਡੇ ਵਿੱਚ ਮੂੰਹ ਪਾਇਆ ਸੀ।
ਅੱਜ ਕੱਲ੍ਹ ਪਾਕਿਸਤਾਨੀ ਮੀਡੀਆ ਵਿੱਚ ਵੀ ਨਾਅਰੇ ਵੱਜ ਰਹੇ ਹਨ ਕਿ ਫ਼ੌਜ ਆ ਰਹੀ ਹੈ ਫ਼ੌਜ ਆ ਰਹੀ ਹੈ।
ਮੇਰੇ ਵਰਗੇ ਮਹਾਤੜ ਪੁੱਛਦੇ ਹਨ ਕਿ ਫ਼ੌਜ ਗਈ ਕਿੱਥੇ ਸੀ ਜੋ ਫ਼ੌਜ ਆ ਰਹੀ ਹੈ।
ਕਿਸੇ ਜ਼ਮਾਨੇ ਵਿੱਚ ਪਿੰਡਾਂ ਸ਼ਹਿਰਾਂ ਵਿੱਚ ਡੱਬਾ ਪੀਰ ਹੁੰਦੇ ਸਨ। ਲੋਕ ਉਨ੍ਹਾਂ ਕੋਲ ਪੁੱਤਰ ਮੰਗਣ ਜਾਂਦੇ ਸਨ।
ਪੀਰ ਸਾਬ੍ਹ ਨਜ਼ਰਾਨਾ ਵਸੂਲ ਕਰਕੇ ਚਿੱਲ੍ਹਾ ਕਰਦੇ ਸਨ ਫ਼ਿਰ ਡੂੰਘਾ ਸੋਚ ਵਿਚਾਰ ਕਰਕੇ ਦੱਸਦੇ ਸਨ ਕਿ ਬਈ ਮੁੰਡਾ ਹੋਵੇਗਾ ਜੇ ਮੁੰਡਾ ਨਾ ਹੋਇਆ ਤਾਂ ਕੁੜੀ ਤਾਂ ਜ਼ਰੂਰ ਹੋਵੇਗੀ।
'ਹਕੂਮਤ ਜਿਹੜੀ ਹੈ ਕਿ ਹਿੱਲਣ ਦਾ ਨਾਂ ਨਹੀਂ ਲੈ ਰਹੀ'
ਪਾਕਿਸਤਾਨ ਦੇ ਮੀਡੀਆ ਵਿੱਚ ਵੀ ਅੱਜ ਕੱਲ ਡੱਬਾ ਪੀਰ ਬੈਠੇ ਹਨ ਜਿਹੜੇ ਹਰ ਸ਼ਾਮ ਸਾਨੂੰ ਦੱਸਦੇ ਹਨ ਕਿ ਹਕੂਮਤ ਚੱਲੀ ਹੈ ਹਕੂਮਤ ਚੱਲੀ ਹੈ। ਜੇ ਕੱਲ੍ਹ ਨਾ ਗਈ ਤਾਂ ਪਰਸੋਂ ਤਾਂ ਜ਼ਰੂਰ ਹੀ ਜਾਵੇਗੀ।
ਚਾਰ ਸਾਲ ਤੋਂ ਉੱਤੇ ਹੋ ਗਏ ਹਨ ਚੋਣਾਂ ਸਿਰ 'ਤੇ ਆ ਖੜ੍ਹੀਆਂ ਹਨ।
ਇੱਕ ਵਜ਼ੀਰੇ ਆਜ਼ਮ ਨੂੰ ਘਰ ਭੇਜ ਦਿੱਤਾ ਗਿਆ ਪਰ ਹਕੂਮਤ ਜਿਹੜੀ ਹੈ ਕਿ ਹਿੱਲਣ ਦਾ ਨਾਂ ਨਹੀਂ ਲੈ ਰਹੀ।
ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਹਕੂਮਤ ਨੂੰ ਫ਼ਾਰਿਗ ਕਰਾਉਣ ਦੀ ਇੰਨੀ ਕਾਹਲੀ ਕਿਉਂ?
ਇੱਕ ਤਾਂ ਇਹ ਡਰ ਕਿ ਜੇਕਰ ਚੋਣਾਂ ਤੱਕ ਇਹ ਡਿੱਗਦੀ ਢਹਿੰਡੀ ਹਕੂਮਤ ਚੱਲਦੀ ਰਹੀ ਤਾਂ ਇਸਨੂੰ ਹਰਾਉਣਾ ਔਖਾ ਹੋ ਜਾਵੇਗਾ।
ਪੰਜਾਬ ਵਿੱਚ ਇੱਕ ਮਾਹੌਲ ਬਣਾਉਣਾ ਪਵੇਗਾ ਕਿ ਸਿਰਫ਼ ਨਵਾਜ਼ ਸ਼ਰੀਫ਼ ਹੀ ਫ਼ਾਰਿਗ ਨਹੀਂ ਇਸ ਦੀ ਪੂਰੀ ਪਾਰਟੀ ਫ਼ਾਰਿਗ ਹੈ ਅਤੇ ਦੁਬਾਰਾ ਹਕੂਮਤ ਵਿੱਚ ਨਹੀਂ ਆਉਣ ਲੱਗੀ।
ਪਾਕਿਸਤਾਨ ਦੇ ਵੱਡੇ ਸਿਆਸੀ ਫ਼ੈਸਲੇ ਹਮੇਸ਼ਾ ਪੰਜਾਬ ਵਿੱਚ ਹੀ ਹੁੰਦੇ ਹਨ।
'ਸਿੰਧ ਤੇ ਬਲੋਚਿਸਤਾਨ 'ਚ ਬਗ਼ਾਵਤਾਂ ਤੇ ਪੰਜਾਬ 'ਚ ਭੰਗੜੇ'
ਉੱਤੋਂ ਜਿਹੜੀ ਫ਼ੌਜ ਨੂੰ ਅਸੀਂ ਸੱਦੇ ਭੇਜ ਰਹੇ ਹਾਂ ਉਸ ਵਿੱਚ ਹੈ ਤਾਂ ਸਿੰਧੀ, ਬਲੋਚ ਤੇ ਪਸ਼ਤੂਨ ਵੀ ਟੇਂਵੇਂ ਟੇਂਵੇਂ ਪਰ ਠੱਪਾ ਉਸ 'ਤੇ ਵੀ ਪੰਜਾਬੀ ਹੋਣ ਦਾ ਲੱਗਾ ਹੈ।
ਪਹਿਲਾਂ ਵੀ ਤਿੰਨ ਵਾਰ ਮੁਲਕ ਵਿੱਚ ਮਾਰਸ਼ਲ ਲਾਅ ਲੱਗ ਚੁੱਕਿਆ ਹੈ।
ਜਦੋਂ ਵੀ ਮਾਰਸ਼ਲ ਲਾਅ ਲੱਗਦਾ ਹੈ ਸਿੰਧ ਤੇ ਬਲੋਚਿਸਤਾਨ ਵਿੱਚ ਬਗ਼ਾਵਤਾਂ ਹੁੰਦੀਆਂ ਹਨ ਤੇ ਪੰਜਾਬ ਵਿੱਚ ਭੰਗੜੇ ਪੈਂਦੇ ਹਨ।
ਹੁਣ ਇਸਲਾਮਾਬਾਦ ਵਿੱਚ ਵੀ ਸ਼ਰੀਫ਼ਾਂ ਦੀ ਢਿੱਲੀ-ਮੱਠੀ ਹਕੂਮਤ ਹੈ ਤੇ ਪੰਜਾਬ 'ਤੇ ਵੀ ਪੂਰਾ ਤੇ ਪੁਰਾਣਾ ਕਬਜ਼ਾ ਹੈ।
ਹੁਣ ਇਹ ਸਮਝੋ ਕਿ ਪੰਜਾਬੀਆਂ ਦੇ ਘਰ ਵਿੱਚ ਇਕ ਲੜਾਈ ਜਿਹੀ ਪੈ ਗਈ ਹੈ।
ਇਸ ਲੜਾਈ ਨੂੰ ਚੋਣਾਂ ਤੋਂ ਪਹਿਲਾਂ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਜਿਹੜੀ ਫੱਟੜ ਜਿਹੀ ਜਮਹੂਰੀਅਤ ਸਾਡੇ ਕੋਲ ਹੈ ਇਸ ਦਾ ਵੀ ਨੁਕਸਾਨ ਹੋਵੇਗਾ ਤੇ ਪੰਜਾਬ ਦਾ ਵੀ ਕੋਈ ਫ਼ਾਇਦਾ ਨਹੀਂ ਹੋਣ ਲੱਗਾ।
ਜਿਹੜੇ ਬੇਸਬਰੇ ਇਹ ਕਹਿੰਦੇ ਹਨ ਕਿ ਹਕੂਮਤ ਨੂੰ ਘਰ ਭੇਜੋ ਤੇ ਕੁਝ ਬਾਬੂਆਂ ਵਾਲਾ ਸੈੱਟਅਪ ਬਣਾਓ ਜਿਹੜਾ ਇਹ ਸਾਰਾ ਗੰਦ ਸਾਫ਼ ਕਰੇ।
ਉਹ ਇਹ ਯਾਦ ਰੱਖਣ ਕਿ ਇਸ ਤਰ੍ਹਾਂ ਦੇ ਬਾਬੂ ਵਜ਼ੀਰੇ ਆਜ਼ਮ ਅਸੀਂ ਪਹਿਲਾਂ ਵੀ ਇੰਪੋਰਟ ਕਰ ਚੁੱਕੇ ਹਾਂ ਅੱਜ-ਕੱਲ੍ਹ ਉਨ੍ਹਾਂ ਦਾ ਕੋਈ ਨਾਂ ਵੀ ਨਹੀਂ ਜਾਣਦਾ।
ਜਿਹੜੇ ਫ਼ੌਜ ਨੂੰ ਆਵਾਜ਼ਾਂ ਮਾਰਦੇ ਹਨ ਉਹ ਵੀ ਯਾਦ ਰੱਖਣ ਕਿ ਫ਼ੌਜ ਕੋਈ ਚੋਰ ਤਾਂ ਹੈ ਨਹੀਂ ਜੋ ਸੰਨ੍ਹ ਲਾ ਕੇ ਆਵੇਗੀ।
ਉਸਦਾ ਜਦੋਂ ਦਿਲ ਕਰੇਗਾ ਸਾਹਮਣੇ ਵਾਲਾ ਬੂਹਾ ਤੋੜ ਕੇ ਆ ਵੜ੍ਹੇਗੀ।

ਤਸਵੀਰ ਸਰੋਤ, BBC/MONA RANA
ਫ਼ੌਜ ਵੀ ਇੱਥੋਂ ਦੀ ਹੀ ਜੰਮਪਲ ਹੈ ਇਹ ਸਮਝੋ ਕਿ ਤੁਹਾਡਾ ਵੱਡਾ ਭਰਾ ਟੈਂਕ 'ਤੇ ਬੈਹਿ ਕੇ ਵਿਹੜੇ ਵਿੱਚ ਆ ਜਾਵੇ ਤੇ ਬੰਦਾ ਕੀ ਕਰ ਸਕਦਾ ਹੈ।
ਜੀ ਆਇਆਂ ਨੂੰ ਹੀ ਆਖ ਸਕਦਾ ਹੈ। ਇਹ ਵੀ ਨਹੀਂ ਪੁੱਛ ਸਕਦਾ ਕਿ ਭਾਈਜਾਨ ਕਿਵੇਂ ਆਏ ਹੋ ਤੇ ਕਦੋਂ ਜਾਵੋਗੇ।
ਤੁਹਾਡੇ ਨਾਲ ਗੱਲਬਾਤ ਕਰਨ ਦੀ ਸੋਚ ਹੀ ਰਿਹਾ ਸੀ ਕਿ ਖ਼ਬਰ ਆਈ ਕਿ ਪੰਜਾਬੀ ਦੇ ਸ਼ਾਇਰ 'ਤੇ ਵੱਡੇ ਡਰਾਮਾ ਨਿਗਾਰ ਮੁਨੂੰ ਭਾਈ ਇੱਕ ਬੜੀ ਭਰਵੀਂ ਜ਼ਿੰਦਗੀ ਗੁਜ਼ਾਰ ਕੇ ਪੂਰੇ ਹੋ ਗਏ ਹਨ।
ਉਨ੍ਹਾਂ ਨੇ ਇੱਕ ਦਫ਼ਾ ਆਖਿਆ ਸੀ, ''ਜਿਨ੍ਹਾਂ ਸਾਨੂੰ ਧੋਖੇ ਦਿੱਤੇ ਉਨ੍ਹਾਂ ਕੋਲੋਂ ਨਵੀਆਂ ਆਸਾਂ ਲਾ ਬੈਠੇ ਹਾਂ।''
ਅੱਲਾਹ ਮੁਨੂੰ ਭਾਈ ਨੂੰ ਜੰਨਤ ਨਸੀਬ ਕਰੇ ਤੇ ਸਾਨੂੰ ਅਕਲ ਦੇਵੇ। ਰੱਬ ਰਾਖਾ













