ਮੁਹੰਮਦ ਜ਼ਹੂਰ ਖ਼ਯਾਮ ਨੂੰ 'ਬਦਕਿਸਮਤ' ਕਿਉਂ ਕਿਹਾ ਗਿਆ?

ਤਸਵੀਰ ਸਰੋਤ, Getty Images/AFP
ਸੰਗੀਤ ਪ੍ਰੇਮੀਆਂ ਲਈ ਖ਼ਯਾਮ ਦਾ ਨਾਮ ਕਿਸੇ ਪਛਾਣ ਦਾ ਮੋਹਤਾਜ ਨਹੀਂ।
'ਉਮਰਾਵ ਜਾਨ', 'ਬਾਜ਼ਾਰ', 'ਕਭੀ-ਕਭੀ', 'ਨੂਰੀ', 'ਤ੍ਰਿਸ਼ੂਲ' ਵਰਗੀਆਂ ਫ਼ਿਲਮਾਂ ਦੇ ਗੀਤਾਂ ਦੀ ਧੁੰਨ ਬਣਾਉਣ ਵਾਲੇ ਸੰਗੀਤਕਾਰ ਮੁਹੰਮਦ ਜ਼ਹੂਰ ਖ਼ਯਾਮ ਸੰਗੀਤ ਪ੍ਰੇਮੀਆਂ ਦੇ ਕੰਨਾਂ ਵਿੱਚ ਸ਼ਹਿਦ ਘੋਲਦੇ ਰਹੇ ਹਨ।
18 ਫ਼ਰਵਰੀ ਨੂੰ ਮੁਹੰਮਦ ਜ਼ਹੂਰ ਖ਼ਯਾਮ 90 ਸਾਲ ਦੇ ਹੋ ਗਏ ਹਨ।
ਬੀਬੀਸੀ ਲਈ ਮਧੂ ਪਾਲ ਨੇ 2015 ਵਿੱਚ ਖ਼ਯਾਮ ਨਾਲ ਗੱਲਬਾਤ ਕੀਤੀ। ਇਸ ਦੌਰਾਨ ਖ਼ਯਾਮ ਨੇ ਆਪਣੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹੇ।
ਹੀਰੋ ਬਣਨ ਆਏ ਸਨ
ਖ਼ਯਾਮ ਨੇ ਦੱਸਿਆ ਕਿ ਉਹ ਕਿਵੇਂ ਬਚਪਨ ਵਿੱਚ ਲੁੱਕ ਕੇ ਫ਼ਿਲਮਾਂ ਦੇਖਿਆ ਕਰਦੇ ਸੀ।
ਇਸ ਕਾਰਨ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਘਰੋਂ ਕੱਢ ਦਿੱਤਾ ਸੀ।
ਖ਼ਯਾਮ ਆਪਣੇ ਕਰੀਅਰ ਦੀ ਸ਼ੁਰੂਆਤ ਅਦਾਕਾਰ ਦੇ ਤੌਰ 'ਤੇ ਕਰਨਾ ਚਾਹੁੰਦੇ ਸੀ।
ਹੌਲੀ-ਹੌਲੀ ਉਨ੍ਹਾਂ ਦੀ ਦਿਲਚਸਪੀ ਫ਼ਿਲਮੀ ਸੰਗੀਤ ਵਿੱਚ ਵੱਧਦੀ ਗਈ ਅਤੇ ਉਹ ਸੰਗੀਤ ਦੇ ਮੁਰੀਦ ਹੋ ਗਏ।

ਤਸਵੀਰ ਸਰੋਤ, Getty Images/AFP
ਉਨ੍ਹਾਂ ਨੇ ਪਹਿਲੀ ਵਾਰੀ ਫ਼ਿਲਮ 'ਹੀਰ-ਰਾਂਝਾ' ਵਿੱਚ ਸੰਗੀਤ ਦਿੱਤਾ ਸੀ।
ਖ਼ਯਾਮ ਨੂੰ ਮੁਹੰਮਦ ਰਫ਼ੀ ਦੇ ਗੀਤ 'ਅਕੇਲੇ ਮੇਂ ਵੋ ਘਬਰਾਤੇ ਹੋਂਗੇ' ਤੋਂ ਪਛਾਣ ਮਿਲੀ।
ਫ਼ਿਲਮ 'ਸ਼ੋਲਾ ਅਤੇ ਸ਼ਬਮਨ' ਨੇ ਉਨ੍ਹਾਂ ਨੂੰ ਸੰਗੀਤਕਾਰ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ।
ਉਮਰਾਵ ਜਾਨ ਵੇਲੇ ਕਿਉਂ ਡਰੇ ਖ਼ਯਾਮ?
ਖ਼ਯਾਮ ਨੇ ਦੱਸਿਆ ਕਿ 'ਪਾਕੀਜ਼ਾ' ਦੀ ਜ਼ਬਰਦਸਤ ਕਾਮਯਾਬੀ ਤੋਂ ਬਾਅਦ 'ਉਮਰਾਵ ਜਾਨ' ਦਾ ਸੰਗੀਤ ਬਣਾਉਦੇ ਹੋਏ ਉਨ੍ਹਾਂ ਨੂੰ ਕਾਫ਼ੀ ਡਰ ਲੱਗ ਰਿਹਾ ਸੀ।

ਤਸਵੀਰ ਸਰੋਤ, Alamy
ਉਨ੍ਹਾਂ ਨੇ ਕਿਹਾ, "ਪਾਕੀਜ਼ਾ ਅਤੇ ਉਮਰਾਵ ਜਾਨ ਦਾ ਪਿਛੋਕੜ ਇੱਕੋ ਜਿਹਾ ਸੀ। 'ਪਾਕੀਜ਼ਾ' ਕਮਾਲ ਅਮਰੋਹੀ ਸਾਹਿਬ ਨੇ ਬਣਾਈ ਸੀ ਜਿਸ ਵਿੱਚ ਮੀਨਾ ਕੁਮਾਰੀ, ਅਸ਼ੋਕ ਕੁਮਾਰ, ਰਾਜ ਕੁਮਾਰ ਸਨ।
"ਇਸ ਦਾ ਸੰਗੀਤ ਗੁਲਾਮ ਮੁਹੰਮਦ ਨੇ ਦਿੱਤਾ ਸੀ ਅਤੇ ਇਹ ਵੱਡੀ ਹਿੱਟ ਫ਼ਿਲਮ ਸੀ। ਅਜਿਹੇ ਵਿੱਚ 'ਉਮਰਾਵ ਜਾਨ' ਦਾ ਸੰਗੀਤ ਬਣਾਉਂਦੇ ਹੋਏ ਮੈਂ ਕਾਫ਼ੀ ਡਰਿਆ ਹੋਇਆ ਸੀ ਅਤੇ ਉਹ ਮੇਰੇ ਲਈ ਕਾਫ਼ੀ ਵੱਡੀ ਚੁਣੌਤੀ ਸੀ।"

ਤਸਵੀਰ ਸਰੋਤ, Getty Images
ਖ਼ਯਾਮ ਨੇ ਅੱਗੇ ਕਿਹਾ, "ਲੋਕ 'ਪਾਕੀਜ਼ਾ' ਵਿੱਚ ਸਭ ਕੁਝ ਦੇਖ ਸੁਣ ਚੁੱਕੇ ਸਨ। ਅਜਿਹੇ ਵਿੱਚ ਉਮਰਾਵ ਜਾਨ ਦੇ ਸੰਗੀਤ ਨੂੰ ਖਾਸ ਬਣਾਉਣ ਲਈ ਮੈਂ ਇਤਿਹਾਸ ਪੜ੍ਹਣਾ ਸ਼ੁਰੂ ਕੀਤਾ।"
ਅਖੀਰ ਖ਼ਯਾਮ ਦੀ ਮਿਹਨਤ ਰੰਗ ਲਿਆਈ ਅਤੇ 1982 ਵਿੱਚ ਰਿਲੀਜ਼ ਹੋਈ ਮੁਜ਼ੱਫ਼ਰ ਅਲੀ ਦੀ 'ਉਮਰਾਵ ਜਾਨ' ਨੇ ਕਾਮਯਾਬੀ ਦੇ ਝੰਡੇ ਗੱਡ ਦਿੱਤੇ।
ਖ਼ਯਾਮ ਕਹਿੰਦੇ ਹਨ, "ਰੇਖਾ ਨੇ ਮੇਰੇ ਸੰਗੀਤ ਵਿੱਚ ਜਾਨ ਪਾ ਦਿੱਤੀ। ਉਨ੍ਹਾਂ ਦੀ ਅਦਾਕਾਰੀ ਦੇਖ ਕੇ ਲੱਗਦਾ ਹੈ ਕਿ ਰੇਖਾ ਪਿਛਲੇ ਜਨਮ ਵਿੱਚ ਉਮਰਾਵ ਜਾਨ ਹੀ ਸੀ।"
'ਬਹੁਤ ਬਦਕਿਸਮਤ'
ਖ਼ਯਾਮ ਦੀਆਂ ਸਾਰੀਆਂ ਫ਼ਿਲਮਾਂ ਦਾ ਮਿਊਜ਼ਿਕ ਹਿੱਟ ਹੋਇਆ ਪਰ ਕਦੇ ਸਿਲਵਰ ਜੁਬਲੀ ਨਹੀਂ ਕਰ ਸਕਿਆ ਸੀ।
ਇਸ ਗੱਲ ਦਾ ਅਹਿਸਾਸ ਖ਼ਯਾਮ ਨੂੰ ਯਸ਼ ਚੋਪੜਾ ਨੇ ਦਿਵਾਇਆ।

ਤਸਵੀਰ ਸਰੋਤ, Getty Images/AFP
ਖ਼ਯਾਮ ਕਹਿੰਦੇ ਹਨ, "ਯਸ਼ ਚੋਪੜਾ ਆਪਣੀ ਇੱਕ ਫ਼ਿਲਮ ਦਾ ਮਿਊਜ਼ਿਕ ਮੇਰੇ ਤੋਂ ਕਰਵਾਉਣਾ ਚਾਹੁੰਦੇ ਸਨ ਪਰ ਸਾਰੇ ਉਨ੍ਹਾਂ ਨੂੰ ਮੇਰੇ ਨਾਲ ਕੰਮ ਕਰਨ ਤੋਂ ਮਨ੍ਹਾ ਕਰ ਰਹੇ ਸਨ।"
"ਉਨ੍ਹਾਂ ਨੇ ਮੈਨੂੰ ਕਿਹਾ ਵੀ ਸੀ ਕਿ ਇੰਡਸਟਰੀ ਵਿੱਚ ਕਈ ਲੋਕ ਕਹਿੰਦੇ ਹਨ ਕਿ ਖ਼ਯਾਮ ਕਾਫ਼ੀ ਬਦਕਿਮਸਤ ਸਨ ਅਤੇ ਉਨ੍ਹਾਂ ਦਾ ਮਿਊਜ਼ਿਕ ਹਿੱਟ ਤਾਂ ਹੁੰਦਾ ਸੀ ਪਰ ਜੁਬਲੀ ਨਹੀਂ ਕਰਦਾ।"
ਉਹ ਅੱਗੇ ਕਹਿੰਦੇ ਹਨ, "ਇਨ੍ਹਾਂ ਸਭ ਗੱਲਾਂ ਦੇ ਬਾਵਜੂਦ ਮੈਂ ਯਸ਼ ਚੋਪੜਾ ਦੀ ਫ਼ਿਲਮ ਦਾ ਮਿਊਜ਼ਿਕ ਦਿੱਤਾ ਅਤੇ ਉਸ ਫ਼ਿਲਮ ਨੇ ਡਬਲ ਜੁਬਲੀ ਕਰ ਲਈ ਅਤੇ ਸਭ ਦਾ ਮੂੰਹ ਬੰਦ ਕਰ ਦਿੱਤਾ।"
'ਇੱਕ ਪਟਰਾਣੀ...'
ਖ਼ਯਾਮ ਨੇ ਲਤਾ ਮੰਗੇਸ਼ਕਰ, ਆਸ਼ਾ ਭੋਂਸਲੇ, ਕਿਸ਼ੋਰ ਕੁਮਾਰ, ਅਨਵਰ ਅਲੀ, ਮੁਕੇਸ਼, ਸ਼ਮਸ਼ਾਦ ਬੇਗਮ, ਮੁਹੰਮਦ ਰਫ਼ੀ ਵਰਗੇ ਗਾਇਕਾਂ ਨਾਲ ਕੰਮ ਕੀਤਾ।

ਤਸਵੀਰ ਸਰੋਤ, Getty Images
ਆਸ਼ਾ ਅਤੇ ਲਤਾ ਦੋਵੇਂ ਭੈਣਾਂ ਦੀ ਆਵਾਜ਼ ਦੇ ਨਾਲ ਉਨ੍ਹਾਂ ਦਾ ਸੰਗੀਤ ਕਾਫ਼ੀ ਕਾਮਯਾਬ ਰਿਹਾ।
ਖ਼ਯਾਮ ਕਹਿੰਦੇ ਹਨ, "ਮੈਂ ਇਨ੍ਹਾਂ ਦੋਵਾਂ ਭੈਣਾਂ ਦੇ ਲਈ ਕਹਾਂਗਾ ਕਿ ਇੱਕ ਸੰਗੀਤ ਦੀ ਪਟਰਾਣੀ ਹੈ ਤਾਂ ਦੂਜੀ ਮਹਾਰਾਣੀ। ਮੈਂ ਜਦੋਂ ਵੀ ਇਨ੍ਹਾਂ ਨੂੰ ਮਿਲਦਾ ਹਾਂ ਤਾਂ ਅਸੀਂ ਬੱਸ ਇਹੀ ਗੱਲ ਕਰਦੇ ਹਾਂ ਕਿ ਜ਼ਮਾਨਾ ਕਿੰਨਾ ਬਦਲ ਗਿਆ ਹੈ।"
ਪੁੱਤਰ ਦੇ ਦੇਹਾਂਤ ਦਾ ਦੁੱਖ
ਖ਼ਯਾਮ ਦੀ ਪਤਨੀ ਜਗਜੀਤ ਕੌਰ ਵੀ ਚੰਗੀ ਗਾਇਕਾ ਹੈ। ਉਨ੍ਹਾਂ ਨੇ ਖ਼ਯਾਮ ਨਾਲ ਕੁਝ ਫ਼ਿਲਮਾਂ ਜਿਵੇਂ 'ਬਾਜ਼ਾਰ', 'ਸ਼ਗੁਨ', 'ਉਮਰਾਵ ਜਾਨ' ਵਿੱਚ ਵੀ ਕੰਮ ਕੀਤਾ।

ਤਸਵੀਰ ਸਰੋਤ, Getty Images/AFP
ਉਮਰ ਦੇ ਇਸ ਪੜਾਅ 'ਤੇ ਆ ਕੇ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਮੌਤ ਨੇ ਝੰਜੋੜ ਕੇ ਰੱਖ ਦਿੱਤਾ।
ਦਿਲ ਦਾ ਦੌਰਾ ਪੈਣ ਕਰਕੇ ਉਨ੍ਹਾਂ ਦੇ ਪੁੱਤਰ ਦੀ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਉਹ ਸਾਰਿਆਂ ਤੋਂ ਦੂਰ-ਦੂਰ ਰਹਿਣ ਲੱਗੇ।
ਬੀਬੀਸੀ ਨਾਲ ਗੱਲਬਾਤ ਕਰਦਿਆਂ ਖ਼ਯਾਮ ਨੇ ਦੱਸਿਆ ਕਿ ਪੁੱਤਰ ਦੇ ਦੇਹਾਂਤ ਤੋਂ ਬਾਅਦ ਕੋਈ ਇੱਛਾ ਨਹੀਂ ਬਚੀ।
ਉਨ੍ਹਾਂ ਦੀ ਪਤਨੀ ਲੋੜਵੰਦਾਂ ਲਈ ਇੱਕ ਟਰੱਸਟ ਖੋਲ੍ਹਣ ਵਾਲੀ ਹੈ।












