'ਗਾਇਕ ਜੋ ਪਰੋਸ ਰਹੇ ਨੇ ਉਹੀ ਸੁਣਿਆ ਜਾ ਰਿਹੈ'

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਪੱਤਰਕਾਰ, ਬੀਬੀਸੀ
ਸ਼ਰਾਬ, ਬੰਦੂਕਾਂ ਅਤੇ ਹਿੰਸਕ ਗਾਇਕੀ ਨੂੰ ਲੈ ਕੇ ਪੰਜਾਬ ਪੁਲਿਸ ਨੇ ਗਾਇਕਾਂ ਨੂੰ ਰੋਕਣ ਲਈ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ।
ਸੂਬੇ ਦੇ ਡੀਜੀਪੀ ਸੁਰੇਸ਼ ਅਰੋੜਾ ਦੇ ਹੁਕਮਾਂ 'ਤੇ ਪੰਜਾਬ ਦੇ ਸਾਰੇ ਐੱਸਐੱਸਪੀ ਆਪੋ-ਆਪਣੇ ਇਲਾਕਿਆਂ ਵਿੱਚ ਰਹਿ ਰਹੇ ਗਾਇਕਾਂ ਨੂੰ ਇਹ ਅਪੀਲ ਕਰ ਰਹੇ ਹਨ ਕਿ ਉਹ ਅਜਿਹੇ ਗੀਤ ਨਾ ਗਾਉਣ।
ਇਸ ਮੁੱਦੇ ਉੱਤੇ ਬੀਬੀਸੀ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੀ ਨੁੰਮਾਇਦਗੀ ਕਰਨ ਵਾਲੇ ਕੁਝ ਕੁੜੀਆਂ ਤੇ ਮੁੰਡਿਆਂ ਨਾਲ ਗੱਲਬਾਤ ਕੀਤੀ।
ਵਿਦਿਆਰਥੀਆਂ ਦਾ ਕੀ ਕਹਿਣਾ ਹੈ?
ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥਣ ਅਮਨਦੀਪ ਕੌਰ ਦਾ ਕਹਿਣਾ ਹੈ ਕਿ ਪੁਲਿਸ ਦੀ ਅਪੀਲ ਉਦੋਂ ਤੱਕ ਕੰਮ ਨਹੀਂ ਕਰੇਗੀ ਜਦੋਂ ਤੱਕ ਜ਼ਮੀਨੀ ਹਾਲਾਤ ਨਹੀਂ ਬਦਲਦੇ। ਯੂਨੀਵਰਸਿਟੀ ਵਿੱਚ ਸਟੂਡੈਂਟ ਸੈਂਟਰ ਵਿਖੇ ਹਫ਼ਤੇ ਵਿੱਚ ਦੋ ਤਿੰਨ ਵਾਰੀ ਡੀਜੇ ਲੱਗਦਾ ਹੈ ਅਤੇ ਵਿਦਿਆਰਥੀ ਇਹਨਾਂ ਗਾਣਿਆਂ ਉੱਤੇ ਨੱਚਦੇ ਹਨ।
ਅਮਨਦੀਪ ਕੌਰ ਦਾ ਕਹਿਣਾ ਹੈ,'ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨਾ ਜ਼ਰੂਰੀ ਹੈ ਗਾਇਕਾਂ ਨੂੰ ਅਪੀਲਾਂ ਕਰਨ ਨਾਲ ਕੁਝ ਨਹੀਂ ਹੋਣ ਵਾਲਾ'।
ਯੂਨੀਵਰਸਿਟੀ ਦੀ ਇੱਕ ਹੋਰ ਵਿਦਿਆਰਥਣ ਸਤਵਿੰਦਰ ਕੌਰ ਦਾ ਕਹਿਣਾ ਸੀ ਕਿ ਅੱਜ ਪੰਜਾਬ ਦੀ ਜ਼ਮੀਨੀ ਹਾਲਤ ਠੀਕ ਨਹੀਂ ਹੈ। ਨੌਜਵਾਨ ਬੇਰੁਜ਼ਗਾਰੀ ਕਾਰਨ ਪਰੇਸ਼ਾਨ ਹਨ ।

ਪੁਲਿਸ ਨਸ਼ਿਆਂ ਨੂੰ ਠੱਲ੍ਹ ਪਾਉਣ ਵਿੱਚ ਕਾਮਯਾਬ ਨਹੀਂ ਹੋ ਰਹੀ।
ਅਜਿਹੇ ਵਿੱਚ ਗਾਇਕਾਂ ਨੂੰ ਅਪੀਲ ਕਰਨ ਦਾ ਕਦਮ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਹੈ।
ਕੁਲਦੀਪ ਕੌਰ ਦਾ ਕਹਿਣਾ ਹੈ ਕਿ ਜ਼ਬਰਦਸਤੀ ਤੁਸੀਂ ਕਿਸੇ ਵੀ ਚੀਜ਼ ਨੂੰ ਨਹੀਂ ਰੋਕ ਸਕਦੇ ਭਾਵੇ ਉਹ ਗਾਣੇ ਹੀ ਕਿਉਂ ਨਾ ਹੋਣ।
ਕੁਲਦੀਪ ਕੌਰ ਮੁਤਾਬਕ, "ਸਭਿਆਚਾਰ ਪ੍ਰਦੂਸ਼ਿਤ ਹੋ ਚੁੱਕਾ ਹੈ ਸਾਨੂੰ ਅਜੋਕੇ ਗਾਣੇ ਪਰੋਸ ਕੇ ਦਿੱਤੇ ਜਾ ਰਹੇ ਹਨ ਅਤੇ ਅਸੀਂ ਅਤੇ ਸਾਡੇ ਮਾਪੇ , ਰਿਸ਼ਤੇਦਾਰ ਇਹਨਾਂ ਹੀ ਗਾਣਿਆਂ ਉੱਤੇ ਨੱਚਦੇ ਹਨ।"
ਕੁਲਦੀਪ ਨੇ ਦੱਸਿਆ ਕਿ ਉਹ ਨਿੱਜੀ ਤੌਰ ਉੱਤੇ ਇਹਨਾਂ ਗਾਣਿਆਂ ਨੂੰ ਪਸੰਦ ਨਹੀਂ ਕਰਦੀ ਪਰ ਉਸ ਦੇ ਜ਼ਿਆਦਾਤਰ ਸਾਥੀ ਇਹਨਾਂ ਨੂੰ ਪਸੰਦ ਕਰਦੇ ਹਨ।
ਅਮਨਦੀਪ ਸਿੰਘ ਨੇ ਕਿਹਾ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਹੁਣ ਤਾਂ ਡੀਜੇ ਨਾਈਟਸ ਹੋਣ ਲੱਗੀਆਂ ਹਨ ਜਿੱਥੇ ਨੌਜਵਾਨ ਗਾਣਿਆਂ ਉੱਤੇ ਨੱਚਦੇ ਹਨ ਅਤੇ ਮਸਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਨੌਜਵਾਨ ਪੀੜ੍ਹੀ ਉੱਤੇ ਅਜੋਕੇ ਗਾਇਕਾਂ ਦਾ ਪੂਰਾ ਅਸਰ ਹੈ।
ਪ੍ਰੋਫੈੱਸਰ ਬਲਵਿੰਦਰ ਸਿੰਘ ਦਾ ਕੀ ਕਹਿਣਾ?
ਇਸ ਮੁੱਦੇ 'ਤੇ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਅਧਿਆਪਕ ਅਤੇ ਸੂਫ਼ੀਵਾਦ ਉੱਤੇ ਪੀਐੱਚ. ਡੀ. ਕਰਨ ਵਾਲੇ ਪ੍ਰੋਫੈੱਸਰ ਬਲਵਿੰਦਰ ਦਾ ਕਹਿਣਾ ਹੈ, "ਵਿਦਿਆਰਥੀਆਂ ਉੱਤੇ ਅਜੋਕੀ ਗਾਇਕੀ ਦਾ ਇੰਨਾ ਜ਼ਿਆਦਾ ਅਸਰ ਹੈ ਕਿ ਉਨ੍ਹਾਂ ਨੂੰ ਮਿਰਜ਼ਾ ਗ਼ਾਲਿਬ ਪਸੰਦ ਨਹੀਂ ਹੈ ਪਰ ਜੇ ਮਾਰਕੀਟ ਵਿੱਚ ਚੱਲ ਰਹੇ ਗਾਣਿਆਂ ਬਾਰੇ ਪੁੱਛਿਆ ਜਾਂਦਾ ਹੈ ਤਾਂ ਉਹ ਝੱਟ ਦੱਸਦੇ ਹਨ।"

ਪ੍ਰੋਫੈਸਰ ਬਲਵਿੰਦਰ ਅੱਗੇ ਕਹਿੰਦੇ ਹਨ, "ਇਸ ਤੋਂ ਸਪਸ਼ਟ ਹੈ ਕਿ ਨੌਜਵਾਨ ਪੀੜ੍ਹੀ ਉੱਤੇ ਅੱਜ ਦੀ ਗਾਇਕੀ ਪੂਰੀ ਤਰਾਂ ਭਾਰੂ ਹੈ ਅਤੇ ਗਾਇਕ ਵੀ ਉਹ ਗਾਣੇ ਗਾ ਰਹੇ ਹਨ ਜੋ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ। ਅਜੋਕੀ ਗਾਇਕੀ ਲਈ ਸਰਕਾਰਾਂ, ਕਲਾਕਾਰਾਂ ਨੂੰ ਕਸੂਰਵਾਰ ਦੱਸਣਾ ਠੀਕ ਨਹੀਂ ਹੈ ਬਲਕਿ ਸਿਸਟਮ ਠੀਕ ਕਰਨ ਦੀ ਲੋੜ ਹੈ।"












