ਭਾਰਤ ਦੀ ਪਹਿਲੀ ਜੀਨ-ਐਡੀਟਿਡ ਭੇਡ ਇੱਕ ਸਾਲ ਦੀ ਹੋ ਗਈ ਹੈ, ਅਜਿਹਾ ਕਰਨ ਪਿੱਛੇ ਉਦੇਸ਼ ਕੀ ਸੀ ਤੇ ਇਸਦੀ ਸੰਭਾਲ ਕਿਵੇਂ ਹੋ ਰਹੀ ਹੈ

ਪਹਿਲੀ ਜੀਨ ਐਡੀਟਿਡ ਭੇਡ

ਤਸਵੀਰ ਸਰੋਤ, Abid Bhat/BBC

ਤਸਵੀਰ ਕੈਪਸ਼ਨ, ਭਾਰਤ ਦੀ ਪਹਿਲੀ ਜੀਨ-ਐਡੀਟਿਡ ਭੇਡ ਜੰਮੂ-ਕਸ਼ਮੀਰ ਦੇ ਸ੍ਰੀਨਗਰ ਵਿੱਚ ਵਿਕਸਿਤ ਕੀਤੀ ਗਈ ਸੀ
    • ਲੇਖਕ, ਗੀਤਾ ਪਾਂਡੇ
    • ਰੋਲ, ਬੀਬੀਸੀ ਪੱਤਰਕਾਰ
    • ...ਤੋਂ, ਸ੍ਰੀਨਗਰ

ਭਾਰਤ ਦੀ ਪਹਿਲੀ ਜੀਨ-ਐਡੀਟਿਡ ਭੇਡ ਹਾਲ ਹੀ ਵਿੱਚ ਇੱਕ ਸਾਲ ਦੀ ਹੋਈ ਹੈ ਅਤੇ ਇਸ ਨੂੰ ਬਣਾਉਣ ਵਾਲੇ ਖੋਜਕਾਰ ਕਹਿੰਦੇ ਹਨ ਕਿ ਉਹ ਠੀਕ ਹੈ।

ਪਿਛਲੇ ਸਾਲ 16 ਦਸੰਬਰ ਨੂੰ ਜੰਮੂ- ਕਸ਼ਮੀਰ ਵਿੱਚ ਜੰਮੀ ਇਸ ਭੇਡ ਦਾ ਨਾਮ ਤਰਮੀਮ ਰੱਖਿਆ ਗਿਆ ਹੈ, ਜੋ ਸੋਧ ਜਾਂ ਸੰਪਾਦਨ ਲਈ ਅਰਬੀ ਭਾਸ਼ਾ ਦਾ ਸ਼ਬਦ ਹੈ।

ਤਰਮੀਮ ਨੂੰ ਖੇਤਰ ਦੇ ਮੁੱਖ ਸ਼ਹਿਰ ਸ੍ਰੀਨਗਰ ਵਿੱਚ ਸ਼ੇਰ-ਏ-ਕਸ਼ਮੀਰ ਖੇਤੀਬਾੜੀ ਯੂਨੀਵਰਸਿਟੀ ਵਿੱਚ ਇੱਕ ਨਿੱਜੀ ਵਾੜੇ ਵਿੱਚ ਇਸ ਦੀ ਬਿਨ੍ਹਾਂ-ਐਡੀਟਿਡ ਜੌੜੀ ਭੈਣ ਦੇ ਨਾਲ ਰੱਖਿਆ ਗਿਆ ਹੈ।

ਯੂਨੀਵਰਸਿਟੀ ਦੇ ਖੋਜਕਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਇਸ ਨੂੰ ਬਣਾਉਣ ਲਈ ਸੀਆਰਆਈਐੱਸਪੀਆਰ ਤਕਨਾਲੋਜੀ, ਡੀਐੱਨਏ ਨੂੰ ਬਦਲਣ ਲਈ ਵਰਤੀ ਜਾਣ ਵਾਲੀ ਇੱਕ ਜੈਵਿਕ ਪ੍ਰਣਾਲੀ, ਦੀ ਵਰਤੋਂ ਕੀਤੀ।

ਅਸਲ ਵਿੱਚ, ਇਹ ਵਿਗਿਆਨੀਆਂ ਲਈ ਕੈਂਚੀਆਂ ਵਾਂਗ ਕੰਮ ਕਰਦਾ ਹੈ ਭਾਵ, ਵਿਗਿਆਨੀ ਜੀਨ ਦੇ ਉਸ ਹਿੱਸੇ ਕੱਟ ਸਕਦੇ ਹਨ ਜੋ ਕਮਜ਼ੋਰੀਆਂ ਜਾਂ ਬਿਮਾਰੀਆਂ ਦਾ ਕਾਰਨ ਬਣਦੇ ਹਨ।

ਖੋਜਕਾਰ ਡਾ. ਸੁਹੇਲ ਮਗਰੇ ਨੇ ਬੀਬੀਸੀ ਨੂੰ ਦੱਸਿਆ "ਅਸੀਂ ਗਰਭਵਤੀ ਭੇਡਾਂ ਤੋਂ ਕਈ ਭਰੂਣ ਕੱਢੇ ਅਤੇ ਇੱਕ ਖ਼ਾਸ ਜੀਨ, ਜਿਸ ਨੂੰ ਮਾਇਓਸਟੇਟਿਨ ਜੀਨ ਕਿਹਾ ਜਾਂਦਾ ਹੈ, ਨੂੰ ਐਡੀਟਿਡ ਕੀਤਾ, ਜੋ ਮਾਸਪੇਸ਼ੀਆਂ ਦੇ ਵਿਕਾਸ 'ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ।"

ਭਰੂਣਾਂ ਜਾਂ ਫਰਟੀਲਾਇਜ਼ ਆਂਡਿਆਂ ਨੂੰ ਦੋ ਤੋਂ ਤਿੰਨ ਦਿਨਾਂ ਲਈ ਕੰਟਰੋਲ ਵਾਲੇ ਲੈਬੋਰਟਰੀ ਹਾਲਾਤਾਂ ਵਿੱਚ ਰੱਖਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਮਾਦਾ ਭੇਡ, ਜਿਸ ਨੂੰ ਫੋਸਟਰ ਰਿਸੀਪੀਐਂਟ ਕਿਹਾ ਜਾਂਦਾ ਹੈ, ਉਸ ਵਿੱਚ ਟਰਾਂਸਫਰ ਕੀਤਾ ਗਿਆ।

ਉਨ੍ਹਾਂ ਕਿਹਾ, "ਫਿਰ ਕੁਦਰਤ ਨੇ ਆਪਣਾ ਕੰਮ ਕੀਤਾ। 150 ਦਿਨਾਂ ਬਾਅਦ ਮੇਮਣੇ ਜੰਮੇ। ਸਾਡਾ ਮਕਸਦ ਭੇਡਾਂ ਵਿੱਚ ਮਾਸਪੇਸ਼ੀਆਂ ਦੀ ਮਾਤਰਾ ਵਧਾਉਣਾ ਸੀ ਅਤੇ ਮਾਇਓਸਟੇਟਿਨ ਜੀਨ ਨੂੰ ਖ਼ਤਮ ਕਰਕੇ ਅਸੀਂ ਇਹ ਸਫ਼ਲਤਾਪੂਰਵਕ ਕਰ ਲਿਆ।"

ਇਸ ਮਹੀਨੇ ਦੀ ਸ਼ੁਰੂਆਤ ਵਿੱਚ ਤਰਮੀਮ ਦੇ ਇੱਕ ਸਾਲ ਦੀ ਹੋਣ ਤੋਂ ਬਾਅਦ, ਵੈਟਰਨਰੀ ਸਾਇੰਸਜ਼ ਫੈਕਲਟੀ ਦੇ ਡੀਨ ਅਤੇ ਇਸ ਪ੍ਰੋਜੈਕਟ ਦੇ ਮੁੱਖ ਜਾਂਚਕਰਤਾ ਪ੍ਰੋਫੈਸਰ ਰਿਆਜ਼ ਸ਼ਾਹ ਨੇ ਬੀਬੀਸੀ ਨੂੰ ਇਸ ਦੀ ਸਥਿਤੀ ਬਾਰੇ ਜਾਣਕਾਰੀ ਦਿੱਤੀ।

ਉਨ੍ਹਾਂ ਕਿਹਾ, "ਇਹ ਚੰਗੀ ਤਰ੍ਹਾਂ ਵੱਧ ਰਹੀ ਹੈ ਅਤੇ ਆਮ ਸਰੀਰਕ, ਬਾਇਓਕੈਮੀਕਲ ਅਤੇ ਫਿਜ਼ੀਕਲ ਮਾਪਦੰਡ ਦਰਸਾ ਰਹੀ ਹੈ। ਤਰਮੀਮ ਦੀ ਮਾਸਪੇਸ਼ੀ ਦਾ ਵਿਕਾਸ ਉਮੀਦ ਮੁਤਾਬਕ ਇਸ ਦੀ ਬਿਨ੍ਹਾਂ ਐਡੀਟਿਡ ਜੌੜੀ ਭੈਣ ਦੇ ਮੁਕਾਬਲੇ ਲਗਭਗ 10% ਵੱਧ ਹੈ। ਮੈਨੂੰ ਲੱਗਦਾ ਹੈ ਕਿ ਉਮਰ ਦੇ ਨਾਲ ਇਹ ਹੋਰ ਵੀ ਵਧੇਗਾ।"

ਖੋਜਕਾਰ

ਤਸਵੀਰ ਸਰੋਤ, Abid Bhat/BBC

ਤਸਵੀਰ ਕੈਪਸ਼ਨ, ਪ੍ਰੋਫੈਸਰ ਰਿਆਜ਼ ਸ਼ਾਹ (ਸੱਜੇ) ਕਹਿੰਦੇ ਹਨ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਜੀਨ-ਐਡੀਟਿਡ ਭੇਡਾਂ ਨੂੰ ਜਨਮ ਦੇਣ ਵਿੱਚ ਸਫ਼ਲਤਾ ਦਰ ਉੱਚੀ ਹੋਵੇਗੀ

ਸਖ਼ਤ ਨਿਗਰਾਨੀ ਹੇਠ ਭੇਡ

ਪ੍ਰੋਫੈਸਰ ਸ਼ਾਹ ਨੇ ਕਿਹਾ ਕਿ ਇਸਦੀ ਸਿਹਤ ਅਤੇ ਜਿਉਂਦੇ ਰਹਿਣ ਦਾ ਮੁਲਾਂਕਣ ਕਰਨ ਲਈ ਪ੍ਰਯੋਗ ਚੱਲ ਰਹੇ ਹਨ ਅਤੇ ਭੇਡਾਂ ਨੂੰ ਸਖਤ ਨਿਗਰਾਨੀ ਹੇਠ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਰੱਖਿਆ ਗਿਆ ਹੈ, ਉਨ੍ਹਾਂ ਨੇ ਅੱਗੇ ਕਿਹਾ ਕਿ ਉਨ੍ਹਾਂ ਨੇ ਫੰਡਿੰਗ ਸਹਾਇਤਾ ਲਈ ਸਰਕਾਰ ਨੂੰ ਇੱਕ ਖੋਜ ਪ੍ਰੋਜੈਕਟ ਸੌਂਪਿਆ ਹੈ।

ਪ੍ਰੋਫੈਸਰ ਸ਼ਾਹ ਨੇ ਕਿਹਾ ਕਿ ਇਸ ਦੀ ਸਿਹਤ ਅਤੇ ਜੀਵਨਸ਼ੀਲਤਾ ਦਾ ਮੁਲਾਂਕਣ ਕਰਨ ਲਈ ਪ੍ਰਯੋਗ ਜਾਰੀ ਹਨ ਅਤੇ ਭੇਡ ਨੂੰ ਸਖ਼ਤ ਨਿਗਰਾਨੀ ਹੇਠ ਇੱਕ ਸੁਰੱਖਿਅਤ ਵਾਤਾਵਰਣ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਵਿੱਤੀ ਸਹਾਇਤਾ ਲਈ ਸਰਕਾਰ ਨੂੰ ਇੱਕ ਖੋਜ ਪ੍ਰੋਜੈਕਟ ਜਮ੍ਹਾਂ ਕਰਵਾਇਆ ਹੈ।

ਭੇਡਾਂ ਨੂੰ ਕਈ ਦਹਾਕਿਆਂ ਤੋਂ ਜੈਨੇਟਿਕ ਤੌਰ 'ਤੇ ਸੋਧਿਆ ਅਤੇ ਜੀਨ-ਐਡੀਟਿਡ ਕੀਤਾ ਜਾ ਰਿਹਾ ਹੈ, ਮੁੱਖ ਤੌਰ 'ਤੇ ਖੋਜ ਅਤੇ ਡਾਕਟਰੀ ਉਦੇਸ਼ਾਂ ਲਈ।

ਸ਼ੁਰੂਆਤੀ ਪ੍ਰਯੋਗਾਂ, ਜਿਵੇਂ ਕਿ 1990 ਦੇ ਦਹਾਕੇ ਦੀ ਯੂਕੇ ਦੀ ਭੇਡ "ਟ੍ਰੇਸੀ," ਵਿੱਚ ਦੁੱਧ ਵਿੱਚ ਔਸ਼ਧੀ ਪ੍ਰੋਟੀਨ ਤਿਆਰ ਕੀਤੇ ਗਏ। ਅੱਜ, ਸੀਆਰਆਈਐੱਸਪੀਆਰ ਦੀ ਵਰਤੋਂ ਮਾਸਪੇਸ਼ੀ ਵਿਕਾਸ, ਬਿਮਾਰੀ ਪ੍ਰਤੀ ਰੋਧ ਅਤੇ ਉਤਪਾਦਨ ਸਮਰਥਾ ਵਰਗੇ ਲੱਛਣਾਂ ਦਾ ਅਧਿਐਨ ਕਰਨ ਲਈ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ-

ਭਾਰਤ ਦੀ ਪਹਿਲੀ ਜੀਨ-ਐਡੀਟਿਡ ਭੇਡ ਨੂੰ ਵਿਕਸਤ ਕਰਨ 'ਤੇ ਕੰਮ ਕਰਨ ਵਾਲੀ ਅੱਠ ਮੈਂਬਰੀ ਟੀਮ ਸੱਤ ਸਾਲਾਂ ਤੋਂ ਇਸ 'ਤੇ ਕੰਮ ਕਰ ਰਹੀ ਸੀ।

ਪ੍ਰੋਫੈਸਰ ਸ਼ਾਹ ਨੇ ਕਿਹਾ, "ਕੁਝ ਗ਼ਲਤ ਸ਼ੁਰੂਆਤਾਂ ਹੋਈਆਂ। ਅਸੀਂ ਕਈ ਰਣਨੀਤੀਆਂ ਅਜ਼ਮਾਈਆਂ ਅਤੇ ਅੰਤ ਵਿੱਚ ਸਫ਼ਲਤਾ ਦਸੰਬਰ 2024 ਵਿੱਚ ਮਿਲੀ। ਅਸੀਂ ਸੱਤ ਆਈਵੀਐੱਫ ਪ੍ਰਕਿਰਿਆਵਾਂ ਕੀਤੀਆਂ, ਸਾਡੇ ਪੰਜ ਜੀਵਤ ਜਨਮ ਅਤੇ ਦੋ ਗਰਭਪਾਤ ਹੋਏ। ਜੀਨ-ਐਡੀਟਿੰਗ ਸਿਰਫ਼ ਇੱਕ ਵਾਰ ਵਿੱਚ ਹੀ ਸਫ਼ਲ ਰਿਹਾ।"

"ਅਸੀਂ ਜ਼ੀਰੋ ਤੋਂ ਸ਼ੁਰੂਆਤ ਕੀਤੀ। ਪਰ ਅਸੀਂ ਹੁਣ ਅਭਿਆਸ ਨੂੰ ਮਿਆਰੀ ਬਣਾ ਦਿੱਤਾ ਹੈ ਅਤੇ ਮੈਨੂੰ ਲੱਗਦਾ ਹੈ ਕਿ ਭਵਿੱਖ ਵਿੱਚ ਸਫ਼ਲਤਾ ਦਰ ਉੱਚੀ ਹੋਵੇਗੀ।"

ਡੀਨ-ਐਡੀਟਿਡ ਭੇਡ

ਵਿਗਿਆਨੀ ਪ੍ਰਯੋਗ ਦੀ ਸਫ਼ਲਤਾ ਤੋਂ ਉਤਸ਼ਾਹਿਤ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਸ਼ਮੀਰ ਘਾਟੀ ਵਿੱਚ ਟਿਕਾਊ ਮਟਨ ਉਤਪਾਦਨ ਨੂੰ ਸੁਰੱਖਿਅਤ ਕਰਨ ਵਿੱਚ ਮਦਦ ਕਰ ਸਕਦਾ ਹੈ, ਜੋ ਸਾਲਾਨਾ ਲਗਭਗ 60,000 ਟਨ ਦੀ ਖਪਤ ਕਰਦਾ ਹੈ ਪਰ ਉਸ ਦਾ ਉਤਪਾਦਨ ਅੱਧਾ ਹੀ ਹੁੰਦਾ ਹੈ।

ਇਹ, ਬੇਸ਼ੱਕ, ਖੇਤੀ ਜਾਂ ਖਪਤ ਲਈ ਸਰਕਾਰੀ ਪ੍ਰਵਾਨਗੀ 'ਤੇ ਨਿਰਭਰ ਕਰਦਾ ਹੈ।

ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਨਜ਼ੀਰ ਅਹਿਮਦ ਗਨਾਈ ਕਹਿੰਦੇ ਹਨ, "ਜ਼ਮੀਨ ਸੁੰਗੜ ਰਹੀ ਹੈ, ਪਾਣੀ ਘੱਟ ਰਿਹਾ ਹੈ, ਆਬਾਦੀ ਵਧ ਰਹੀ ਹੈ ਪਰ ਭੋਜਨ ਉਗਾਉਣ ਲਈ ਉਪਲਬਧ ਜਗ੍ਹਾ ਘਟ ਰਹੀ ਹੈ।"

ਉਹ ਕਹਿੰਦੇ ਹਨ, "ਸਾਡੇ ਸੂਬੇ ਵਿੱਚ ਮਟਨ ਦੀ ਘਾਟ ਹੈ, ਪਰ ਜੀਨ-ਐਡੀਟਿਡ ਭੇਡ ਦੇ ਸਰੀਰ ਦੇ ਭਾਰ ਨੂੰ 30 ਫੀਸਦ ਵਧਾ ਸਕਦਾ ਹੈ। ਇਹ ਟਿਕਾਊ ਭੋਜਨ ਉਤਪਾਦਨ ਲਈ ਬਹੁਤ ਲਾਭਦਾਇਕ ਹੋਵੇਗਾ ਕਿਉਂਕਿ ਇਸਦਾ ਮਤਲਬ ਹੋਵੇਗਾ ਕਿ ਘੱਟ ਜਾਨਵਰ ਜ਼ਿਆਦਾ ਮਾਸ ਪ੍ਰਦਾਨ ਕਰ ਸਕਦੇ ਹਨ।"

ਜੇਕਰ ਸਰਕਾਰ ਇਸ ਤਕਨਾਲੋਜੀ ਨੂੰ ਵੱਡੇ ਝੁੰਡਾਂ ਵਿੱਚ ਦੁਹਰਾਉਣ ਦੀ ਇਜਾਜ਼ਤ ਦਿੰਦੀ ਹੈ, ਤਾਂ ਪ੍ਰੋਫੈਸਰ ਗਨਾਈ ਕਹਿੰਦੇ ਹਨ, ਉਹ ਇਸ ਦੀ ਵਰਤੋਂ ਭੇਡਾਂ ਅਤੇ ਬਾਅਦ ਵਿੱਚ ਹੋਰ ਜਾਨਵਰਾਂ ਨੂੰ ਪਾਲਣ ਲਈ ਵੀ ਕੀਤੀ ਜਾ ਸਕਦੀ ਹੈ।

ਉਹ ਆਖਦੇ ਹਨ, "ਭਾਰਤ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸੂਰਾਂ, ਬੱਕਰੀਆਂ ਅਤੇ ਪੋਲਟਰੀ 'ਤੇ ਕੰਮ ਕਰ ਰਹੀਆਂ ਹਨ। ਭਵਿੱਖ ਉੱਜਵਲ ਹੈ।"

2012 ਵਿੱਚ ਖੋਜੀ ਗਈ, ਜੀਨ-ਐਡੀਟਿਡ ਤਕਨਾਲੋਜੀ ਨੇ ਆਪਣੇ ਸਹਿ-ਖੋਜਕਾਰ ਇਮੈਨੁਏਲ ਚਾਰਪੈਂਟੀਅਰ ਅਤੇ ਜੈਨੀਫਰ ਡੌਡਨਾ ਨੂੰ 2020 ਦਾ ਨੋਬਲ ਪੁਰਸਕਾਰ ਦਵਾਇਆ ਅਤੇ ਡਾਕਟਰੀ ਖੋਜ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ।

ਪਰ ਇਹ ਵਿਵਾਦਪੂਰਨ ਬਣਿਆ ਹੋਇਆ ਹੈ, ਜੈਨੇਟਿਕ ਸੋਧ (ਜੀਐੱਮ) ਨਾਲ ਇਸਦੀ ਸਮਾਨਤਾ ਦੁਆਰਾ ਨੈਤਿਕ ਬਹਿਸਾਂ ਨੂੰ ਹਵਾ ਮਿਲੀ ਹੈ।

ਵਿਗਿਆਨੀ ਇਸ ਗੱਲ 'ਤੇ ਜ਼ੋਰ ਦਿੰਦੇ ਹਨ ਕਿ ਜੀਨ ਐਡੀਟਿੰਗ ਅਤੇ ਜੀਐੱਮ ਬੁਨਿਆਦੀ ਤੌਰ 'ਤੇ ਵੱਖਰੇ ਹੁੰਦੇ ਹਨ। ਜੀਨ ਐਡੀਟਿੰਗ ਇੱਕ ਪੌਦੇ, ਜਾਨਵਰ ਜਾਂ ਮਨੁੱਖ ਦੇ ਅੰਦਰ ਮੌਜੂਦਾ ਜੀਨਾਂ ਨੂੰ ਬਦਲਦੀ ਹੈ, ਜਦਕਿ ਜੀਐੱਮ ਵਿੱਚ ਵਿਦੇਸ਼ੀ ਜੀਨਾਂ ਨੂੰ ਪੇਸ਼ ਕਰਨਾ ਸ਼ਾਮਲ ਹੈ।

ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੋਲੰਬੀਆ ਅਤੇ ਜਾਪਾਨ ਵਰਗੇ ਦੇਸ਼ ਕੁਝ ਜੀਨ-ਐਡੀਟਿਡ ਮੱਛੀਆਂ, ਪਸ਼ੂਆਂ ਅਤੇ ਸੂਰਾਂ ਨੂੰ ਕੁਦਰਤੀ ਮੰਨਦੇ ਹਨ, ਉਨ੍ਹਾਂ ਦੀ ਖਪਤ ਲਈ ਮਨਜ਼ੂਰੀ ਹੈ।

India's first gene-edited sheep (right) with its twin

ਤਸਵੀਰ ਸਰੋਤ, Abid Bhat/BBC

ਤਸਵੀਰ ਕੈਪਸ਼ਨ, ਭਾਰਤ ਦੀ ਪਹਿਲੀ ਜੀਨ-ਐਡੀਟਿਡ ਭੇਡ (ਸੱਜੇ) ਬਿਨ੍ਹਾਂ ਐਡੀਟਿਡ ਜੌੜੀ ਭੈਣ ਨਾਲ ਇੱਕ ਸੁਰੱਖਿਅਤ ਵਾੜੇ ਵਿੱਚ ਰਹਿੰਦੀ ਹੈ

ਅਮਰੀਕਾ ਅਤੇ ਚੀਨ ਤਕਨਾਲੋਜੀ ਦੀ ਵਰਤੋਂ ਵਧੇਰੇ ਉਤਪਾਦਕ, ਬਿਮਾਰੀ-ਰੋਧਕ ਫ਼ਸਲਾਂ ਅਤੇ ਜਾਨਵਰਾਂ ਨੂੰ ਬਣਾਉਣ ਲਈ ਕਰਦੇ ਹਨ। ਯੂਐੱਸ ਐੱਫਡੀਏ ਨੇ ਹਾਲ ਹੀ ਵਿੱਚ ਇੱਕ ਜੈਨੇਟਿਕ ਤੌਰ 'ਤੇ ਪਲ਼ੇ ਹੋਏ ਸੂਰ ਨੂੰ ਮਨਜ਼ੂਰੀ ਦਿੱਤੀ ਹੈ ਅਤੇ ਯੂਕੇ ਅਗਲੇ ਸਾਲ ਜੀਨ-ਐਡੀਟਿਡ ਭੋਜਨ ਦੀ ਮਨਜ਼ੂਰੀ ਦੇ ਦੇਵੇਗਾ।

ਵਿਗਿਆਨੀ ਮਨੁੱਖੀ ਰੋਗ ਕੰਟਰੋਲ ਲਈ ਸੀਆਰਆਈਐੱਸਪੀਆਰ ਦੇ ਉਪਯੋਗਾਂ 'ਤੇ ਵੀ ਹੈਰਾਨ ਹਨ।

ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਵਿੱਚ ਡਾਕਟਰ ਪਹਿਲਾਂ ਹੀ ਥੈਲੇਸੀਮੀਆ ਅਤੇ ਸਿਕਲ ਸੈੱਲ ਅਨੀਮੀਆ ਵਰਗੇ ਦੁਰਲੱਭ ਖੂਨ ਦੇ ਵਿਕਾਰਾਂ ਦੇ ਇਲਾਜ ਲਈ ਜੀਨ-ਐਡੀਟਿਡ ਦੀ ਵਰਤੋਂ ਕਰ ਰਹੇ ਹਨ।

ਇਸ ਸਾਲ, ਇਸਦੀ ਵਰਤੋਂ ਅਮਰੀਕਾ ਵਿੱਚ ਇੱਕ ਦੁਰਲੱਭ ਜੈਨੇਟਿਕ ਵਿਕਾਰ ਨਾਲ ਪੈਦਾ ਹੋਏ ਬੱਚੇ ਅਤੇ ਯੂਕੇ ਵਿੱਚ ਹੰਟਰ ਸਿੰਡਰੋਮ ਵਾਲੇ ਇੱਕ ਛੋਟੇ ਬੱਚੇ ਦੇ ਇਲਾਜ ਲਈ ਸਫਲਤਾਪੂਰਵਕ ਕੀਤੀ ਗਈ ਸੀ।

ਪਰ ਯੂਰਪੀ ਸੰਘ ਸਣੇ ਦੁਨੀਆ ਦੇ ਕਈ ਹਿੱਸਿਆਂ ਵਿੱਚ ਪਾਬੰਦੀਆਂ ਸਖ਼ਤ ਹਨ ਹਾਲਾਂਕਿ ਪਿਛਲੇ ਸਾਲ ਯੂਰਪੀ ਸੰਸਦ ਨੇ ਜੀਨ ਐਡੀਟਿਡ ਰਾਹੀਂ ਪੈਦਾ ਕੀਤੀਆਂ ਗਈਆਂ ਫ਼ਸਲਾਂ ਦੀ ਰੈਗੂਲੇਟਰੀ ਨਿਗਰਾਨੀ ਨੂੰ ਘਟਾਉਣ ਲਈ ਵੋਟ ਦਿੱਤੀ ਸੀ।

ਭਾਰਤੀ ਖੇਤੀਬਾੜੀ ਮੰਤਰਾਲੇ ਨੇ ਇਸ ਸਾਲ ਵੀ ਦੋ ਜੀਨ-ਐਡੀਟਿਡ ਚੌਲਾਂ ਦੀਆਂ ਕਿਸਮਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਨ੍ਹਾਂ ਤੋਂ ਉਪਜ ਵਧਾਉਣ ਦੀ ਉਮੀਦ ਹੈ। ਪਰ ਇਹ ਕਹਿਣਾ ਬਹੁਤ ਜਲਦੀ ਹੈ ਕਿ ਕੀ ਭਾਰਤ ਵਿੱਚ ਤਰਮੀਮ ਭੇਡ ਨੂੰ ਇੱਕ ਕੁਦਰਤੀ ਜੈਨੇਟਿਕ ਰੂਪ ਮੰਨਿਆ ਜਾਵੇਗਾ।

ਪ੍ਰੋਫੈਸਰ ਗਨਾਈ ਆਸ਼ਾਵਾਦੀ ਹਨ। ਉਹ ਕਹਿੰਦੇ ਹਨ, "ਭਾਰਤ ਵਿਗਿਆਨ ਦੀ ਮਦਦ ਨਾਲ ਖ਼ਾਸ ਕਰਕੇ 1960 ਦੇ ਦਹਾਕੇ ਵਿੱਚ ਵਿਕਸਤ ਉੱਚ-ਉਪਜ ਵਾਲੀਆਂ ਫਸਲਾਂ ਨਾਲ ਭੋਜਨ ਸਬੰਧ ਆਤਮ-ਨਿਰਭਰ ਬਣ ਗਿਆ ਹੈ। ਜੀਨ-ਐਡੀਟਿਡ ਭੇਡਾਂ ਅਤੇ ਹੋਰ ਜਾਨਵਰਾਂ ਦੇ ਨਾਲ ਭਾਰਤ ਮੀਟ ਉਦਯੋਗ ਲਈ ਵੀ ਅਜਿਹਾ ਹੀ ਕਰ ਸਕਦਾ ਹੈ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)